TDSAT ਨੇ ਏਅਰਟੈੱਲ, VIL ਜੁਰਮਾਨਾ ਮਾਮਲੇ ’ਚ ਬੈਂਕ ਗਾਰੰਟੀ ’ਤੇ ਅਗਲੀ ਸੁਣਵਾਈ ਤੱਕ ਲਗਾਈ ਰੋਕ

Wednesday, Oct 13, 2021 - 10:58 AM (IST)

TDSAT ਨੇ ਏਅਰਟੈੱਲ, VIL ਜੁਰਮਾਨਾ ਮਾਮਲੇ ’ਚ ਬੈਂਕ ਗਾਰੰਟੀ ’ਤੇ ਅਗਲੀ ਸੁਣਵਾਈ ਤੱਕ ਲਗਾਈ ਰੋਕ

ਨਵੀਂ ਦਿੱਲੀ, (ਭਾਸ਼ਾ)– ਦੂਰਸੰਚਾਰ ਟ੍ਰਿਬਿਊਨਲ ਟੀ. ਡੀ. ਸੈਟ ਨੇ ਦੂਰਸੰਚਾਰ ਵਿਭਾਗ ਨੂੰ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਲਿਮ. (ਵੀ. ਆਈ. ਐੱਲ.) ਦੇ ਜੁਰਮਾਨੇ ਦੇ ਮਾਮਲੇ ’ਚ ਬੈਂਕ ਗਾਰੰਟੀ ’ਤੇ ਸੁਣਵਾਈ ਦੀ ਅਗਲੀ ਮਿਤੀ ਤੱਕ ਰੋਕ ਲਗਾਉਣ ਨੂੰ ਕਿਹਾ ਹੈ। ਜਸਟਿਸ ਸ਼ਿਵ ਕੀਰਤੀ ਸਿੰਘ ਦੀ ਪ੍ਰਧਾਨਗੀ ਵਾਲੀ ਦੂਰਸੰਚਾਰ ਵਿਵਾਦ ਨਿਪਟਾਰਾ ਅਤੇ ਅਪੀਲ ਟ੍ਰਿਬਿਊਨਲ (ਟੀ. ਡੀ. ਸੈਟ) ਦੀ ਬੈਂਚ ਨੇ ਮਾਮਲੇ ’ਚ ਅਗਲੀ ਸੁਣਵਾਈ 26 ਅਕਤੂਬਰ ਨੂੰ ਤੈਅ ਕੀਤੀ ਹੈ।

ਜਸਟਿਸ ਸਿੰਘ ਨੇ ਕਿਹਾ ਅਗਲੀ ਮਿਤੀ ਤੱਕ ਬੈਂਕ ਗਾਰੰਟੀ ਨੂੰ ਕੈਸ਼ ਨਹੀਂ ਕੀਤਾ ਜਾ ਸਕੇਗਾ। ਦੂਰਸੰਚਾਰ ਵਿਭਾਗ ਮੁਤਾਬਕ ਕੰਪਨੀਆਂ ਨੂੰ 21 ਅਕਤੂਬਰ ਤੱਕ ਜੁਰਮਾਨਾ ਭਰਨਾ ਹੋਵੇਗਾ। ਟੀ. ਡੀ. ਸੈਟ ਨੇ ਜੁਰਮਾਨੇ ਦੇ ਨੋਟਿਸ ’ਤੇ ਰੋਕ ਨਹੀਂ ਲਗਾਈ ਹੈ। ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਇੰਟਰਕਨੈਕਟ ਪੁਆਇੰਟਸ ਦੇ ਮਾਮਲੇ ’ਚ 3050 ਕਰੋੜ ਰੁਪਏ ਦੇ ਜੁਰਮਾਨੇ ਦੇ ਭੁਗਤਾਨ ਦੀ ਮੰਗ ਨਾਲ ਜੁੜੇ ਦੂਰਸੰਚਾਰ ਵਿਭਾਗ ਦੇ ਨੋਟਿਸ ਨੂੰ ਦੂਰਸੰਚਾਰ ਟ੍ਰਿਬਿਊਨਲ ’ਚ ਚੁਣੌਤੀ ਦਿੱਤੀ ਹੈ। ਦੂਰਸੰਚਾਰ ਵਿਭਾਗ ਨੇ 5 ਸਾਲ ਪਹਿਲਾਂ ਖੇਤਰ ਦੇ ਰੈਗੂਲੇਟਰ ਟ੍ਰਾਈ ਵਲੋਂ ਕੀਤੀ ਗਈ ਸਿਫਾਰਿਸ਼ ਦੇ ਆਧਾਰ ’ਤੇ ਵੋਡਾਫੋਨ ਆਈਡੀਆ ’ਤੇ 2000 ਕਰੋੜ ਅਤੇ ਭਾਰਤੀ ਏਅਰਟੈੱਲ ’ਤੇ 1,050 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਦੋਵੇਂ ਕੰਪਨੀਆਂ ’ਤੇ ਜੁਰਮਾਨਾ ਰਿਲਾਇੰਸ ਜੀਓ ਨੂੰ ਪੁਆਇੰਟਸ ਆਫ ਇੰਟਰਕਨੈਕਟ (ਪੀ. ਓ. ਆਈ.) ਨਾ ਦੇ ਕੇ ਮਾਪਦੰਡਾਂ ਦੀ ਉਲੰਘਣਾ ਕਰਨ ਲਈ ਲਗਾਇਆ ਗਿਆ ਸੀ। ਦੂਰਸੰਚਾਰ ਸੇਵਾ ਪ੍ਰੋਵਾਈਡਰਾਂ ਦੇ ਨੈੱਟਵਰਕ ਨੂੰ ਆਪਸ ’ਚ ਜੋੜਨ ਲਈ ਪੀ. ਓ. ਆਈ. ਦੀ ਲੋੜ ਹੁੰਦੀ ਹੈ।


author

Rakesh

Content Editor

Related News