ਏਅਰ ਏਸ਼ੀਆ ਇੰਡੀਆ ਨੂੰ ਅਕਤੂਬਰ-ਦਸੰਬਰ ਤਿਮਾਹੀ ’ਚ 123.35 ਕਰੋਡ਼ ਰੁਪਏ ਦਾ ਘਾਟਾ
Sunday, Mar 01, 2020 - 09:59 PM (IST)
ਮੁੰਬਈ (ਭਾਸ਼ਾ)-ਸਸਤੀ ਹਵਾਬਾਜ਼ੀ ਸੇਵਾ ਦੇਣ ਵਾਲੀ ਏਅਰ ਏਸ਼ੀਆ ਇੰਡੀਆ ਨੂੰ ਅਕਤੂਬਰ-ਦਸੰਬਰ ਤਿਮਾਹੀ ’ਚ 123.35 ਕਰੋਡ਼ ਰੁਪਏ ਦਾ ਘਾਟਾ ਹੋਇਆ ਹੈ। ਸਾਲ 2018 ਦੀ ਇਸੇ ਮਿਆਦ ’ਚ ਕੰਪਨੀ ਦਾ ਨੁਕਸਾਨ 166.15 ਕਰੋਡ਼ ਰੁਪਏ ਸੀ। ਕੰਪਨੀ ਜਨਵਰੀ-ਦਸੰਬਰ ਨੂੰ ਆਪਣਾ ਵਿੱਤ ਸਾਲ ਮੰਨਦੀ ਹੈ।
ਏਅਰ ਏਸ਼ੀਆ ਇੰਡੀਆ, ਟਾਟਾ ਸਮੂਹ ਅਤੇ ਮਲੇਸ਼ੀਆ ਦੀ ਹਵਾਬਾਜ਼ੀ ਕੰਪਨੀ ਏਅਰ ਏਸ਼ੀਆ ਦੀ ਨਿਵੇਸ਼ ਇਕਾਈ ਏਅਰ ਏਸ਼ੀਆ ਇਨਵੈਸਟਮੈਂਟ ਲਿਮਟਿਡ ਦਾ ਸੰਯੁਕਤ ਅਦਾਰਾ ਹੈ। ਕੰਪਨੀ ਦੇ ਬਿਆਨ ਮੁਤਾਬਕ ਸਮੀਖਿਆ ਮਿਆਦ ’ਚ ਕੰਪਨੀ ਦੀ ਕੁਲ ਕਮਾਈ 65 ਫੀਸਦੀ ਵਧ ਕੇ 1,057.55 ਕਰੋਡ਼ ਰੁਪਏ ਰਹੀ। 2018 ਦੀ ਇਸੇ ਮਿਆਦ ’ਚ ਇਹ 641.17 ਕਰੋਡ਼ ਰੁਪਏ ਸੀ। ਪੂਰੇ ਵਿੱਤੀ ਸਾਲ ’ਚ ਕੰਪਨੀ ਨੂੰ 597 ਕਰੋਡ਼ ਰੁਪਏ ਦਾ ਨੁਕਸਾਨ ਹੋਇਆ ਜੋ 2018 ’ਚ 633.61 ਕਰੋਡ਼ ਰੁਪਏ ਸੀ। ਸਮੀਖਿਆ ਤਿਮਾਹੀ ’ਚ ਕੰਪਨੀ ਦੀਆਂ ਉਡਾਣਾਂ ’ਚ ਉਪਲੱਬਧ ਸੀਟਾਂ ਦੇ ਮੁਕਾਬਲੇ ਸੀਟਾਂ ਭਰਨ ਦੀ ਸਥਿਤੀ ਵੀ ਸੁਧਰੀ ਹੈ।