ਮਹਿੰਗਾ ਹੋ ਸਕਦੈ ਹਵਾਈ ਸਫਰ, ਮੁਸਾਫਰਾਂ ਦੀ ਜੇਬ ’ਤੇ ਪਵੇਗੀ ਵਾਧੂ ਬੋਝ
Thursday, Oct 30, 2025 - 04:58 AM (IST)
ਨਵੀਂ ਦਿੱਲੀ - ਭਾਰਤ ’ਚ ਹਵਾਈ ਯਾਤਰਾ ਕਰਨ ਵਾਲਿਆਂ ਲਈ ਆਉਣ ਵਾਲੇ ਦਿਨਾਂ ’ਚ ਸਫਰ ਮਹਿੰਗਾ ਹੋ ਸਕਦਾ ਹੈ। ਦੇਸ਼ ਦੀਆਂ ਏਅਰਲਾਈਨਜ਼ ਕੰਪਨੀਆਂ ਫਿਲਹਾਲ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੀਆਂ ਹਨ। ਤਾਜ਼ਾ ਰਿਪੋਰਟਾਂ ਅਨੁਸਾਰ ਏਅਰਲਾਈਨਜ਼ ਕੰਪਨੀਆਂ ਨੂੰ ਕਰੀਬ 105 ਅਰਬ ਰੁਪਏ ਦੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਈਂਧਨ ਦੀਆਂ ਵੱਧਦੀਆਂ ਕੀਮਤਾਂ, ਮੁਕਾਬਲੇਬਾਜ਼ੀ ਅਤੇ ਸੰਚਾਲਨ ਲਾਗਤ ’ਚ ਵਾਧੇ ਨੇ ਏਅਰਲਾਈਨਜ਼ ਦੀ ਮੁਨਾਫਾਖੋਰੀ ’ਤੇ ਡੂੰਘਾ ਅਸਰ ਪਾਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਘਾਟੇ ਦੀ ਪੂਰਤੀ ਲਈ ਕੰਪਨੀਆਂ ਟਿਕਟ ਦਰਾਂ ’ਚ ਵਾਧਾ ਕਰ ਸਕਦੀਆਂ ਹਨ, ਜਿਸ ਨਾਲ ਆਮ ਮੁਸਾਫਰਾਂ ਦੀ ਜੇਬ ’ਤੇ ਵਾਧੂ ਬੋਝ ਪੈਣ ਦਾ ਖਦਸ਼ਾ ਹੈ।
ਰੇਟਿੰਗ ਏਜੰਸੀ ਇਕਰਾ ਨੇ ਆਪਣੀ ਹਾਲੀਆ ਰਿਪੋਰਟ ’ਚ ਵਿੱਤੀ ਸਾਲ 2026 ’ਚ ਭਾਰਤੀ ਏਅਰਲਾਈਨਜ਼ ਦੇ ਘਾਟੇ ਦਾ ਅੰਕੜਾ ਪੇਸ਼ ਕੀਤਾ ਹੈ। ਇਨ੍ਹਾਂ ਅੰਕੜਿਆਂ ਤੋਂ ਪਤਾ ਚੱਲ ਰਿਹਾ ਹੈ ਕਿ ਅਗਲਾ ਸਾਲ ਏਅਰਲਾਈਨਜ਼ ਕੰਪਨੀਆਂ ਲਈ ਚੰਗਾ ਨਹੀਂ ਰਹਿਣ ਵਾਲਾ ਹੈ। ਰਿਪੋਰਟ ’ਚ ਭਾਰਤੀ ਏਅਰਲਾਈਨਜ਼ ਕੰਪਨੀਆਂ ਦਾ ਸ਼ੁੱਧ ਵਿੱਤੀ ਘਾਟਾ 95 ਤੋਂ 105 ਅਰਬ ਰੁਪਏ ਦੇ ਵਿਚਕਾਰ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ। ਵਿੱਤੀ ਸਾਲ 2025 ਦੀ ਗੱਲ ਕਰੀਏ ਤਾਂ ਏਅਰਲਾਈਨਜ਼ ਕੰਪਨੀਆਂ ਦਾ ਘਾਟਾ 55 ਅਰਬ ਰੁਪਏ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਸੀ। ਉਥੇ ਅਗਲੇ ਹੀ ਸਾਲ ਇਸ ’ਚ ਦੁੱਗਣਾ ਵਾਧਾ ਕੀਤਾ ਗਿਆ ਹੈ।
ਘਰੇਲੂ ਉਡਾਣਾਂ ਵੀ ਹੋ ਰਹੀਆਂ ਘੱਟ
ਘਰੇਲੂ ਯਾਤਰਾ ਕਰਨ ਵਾਲਿਆਂ ਦੀ ਗਿਣਤੀ ’ਚ ਕਮੀ ਵੇਖੀ ਜਾ ਰਹੀ ਹੈ। ਪਿਛਲੇ ਸਾਲ ਦੇ ਸਤੰਬਰ ਮਹੀਨੇ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਘਰੇਲੂ ਹਵਾਈ ਯਾਤਰਾ ਦੀ ਗਿਣਤੀ 130.3 ਲੱਖ ਸੀ, ਜੋ ਸਤੰਬਰ 2025 ’ਚ ਡਿੱਗ ਕੇ 128.5 ਲੱਖ ਰਹਿ ਗਈ ਹੈ। ਭਾਵ ਕਿ ਇਸ ’ਚ 1.4 ਫੀਸਦੀ ਦੀ ਗਿਰਾਵਟ ਹੈ। ਨਾਲ ਹੀ ਅਗਸਤ ਮਹੀਨੇ ’ਚ ਵੀ ਇਸ ’ਚ ਕਮੀ ਵੇਖੀ ਗਈ ਸੀ।
ਹਾਲਾਂਕਿ ਘਰੇਲੂ ਉਡਾਣਾਂ ਦੀ ਸੁਸਤ ਰਫਤਾਰ ਦੇ ਬਾਵਜੂਦ ਵੀ ਅੰਤਰਰਾਸ਼ਟਰੀ ਰੂਟਸ ’ਤੇ ਭਾਰਤੀ ਏਅਰਲਾਈਨਜ਼ ਲਈ ਹਾਲਾਤ ਬਿਹਤਰ ਨਜ਼ਰ ਆ ਰਹੇ ਹਨ। ਅਗਸਤ 2025 ’ਚ ਕਰੀਬ 29.9 ਲੱਖ ਲੋਕਾਂ ਨੇ ਅੰਤਰਰਾਸ਼ਟਰੀ ਯਾਤਰਾ ਕੀਤੀ ਸੀ, ਜੋ ਪਿਛਲੇ ਸਾਲ ਦੀ ਤੁਲਨਾ ’ਚ ਲੱਗਭਗ 7.8 ਫੀਸਦੀ ਵੱਧ ਹੈ।
ਫਿਊਲ ਦੀਆਂ ਕੀਮਤਾਂ ਨੇ ਵਧਾਈ ਚਿੰਤਾ
ਰਿਪੋਰਟ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਏਅਰਲਾਈਨਜ਼ ਕੰਪਨੀਆਂ ਦੇ ਵਧਦੇ ਘਾਟੇ ਦੀ ਵੱਡੀ ਵਜ੍ਹਾ ਉਨ੍ਹਾਂ ਦੀ ਵਧਦੀ ਆਪ੍ਰੇਸ਼ਨਲ ਕਾਸਟ ਹੈ। ਇਸ ’ਚ ਸਭ ਤੋਂ ਵੱਧ ਅਸਰ ਜਹਾਜ਼ ਦੇ ਈਂਧਨ ਭਾਵ ਐਵੀਏਸ਼ਨ ਟ੍ਰਬਾਈਨ ਫਿਊਲ (ਏ. ਟੀ. ਐੱਫ.) ਦਾ ਹੁੰਦਾ ਹੈ। ਸਿਰਫ ਅਕਤੂਬਰ 2025 ’ਚ ਹੀ ਏ. ਟੀ. ਐੱਫ. ਦੀਆਂ ਕੀਮਤਾਂ ’ਚ 3.3 ਫੀਸਦੀ ਦਾ ਉਛਾਲ ਦਰਜ ਕੀਤਾ ਗਿਆ ਹੈ।
ਵਧਦੀਆਂ ਕੀਮਤਾਂ ਨਾਲ ਏਅਰਲਾਈਨਜ਼ ’ਤੇ ਖਰਚ ਦਾ ਬੋਝ ਹੋਰ ਆ ਗਿਆ ਹੈ। ਇਸ ਤੋਂ ਇਲਾਵਾ ਡਾਲਰ ਦੇ ਲਗਾਤਾਰ ਮਜ਼ਬੂਤ ਹੋਣ ਨਾਲ ਏਅਰਲਾਈਨਜ਼ ਕੰਪਨੀਆਂ ਨੂੰ ਵਿੱਤੀ ਬੋਝ ਵੱਧ ਰਿਹਾ ਹੈ। ਜ਼ਰੂਰੀ ਸਾਮਾਨ ਅਤੇ ਕਲਪੁਰਜ਼ੇ, ਜਹਾਜ਼ ਦਾ ਕਿਰਾਇਆ ਇਨ੍ਹਾਂ ਸਾਰਿਆਂ ਦਾ ਭੁਗਤਾਨ ਡਾਲਰ ’ਚ ਕੀਤਾ ਜਾਂਦਾ ਹੈ। ਰੁਪਿਆ ਕਮਜ਼ੋਰ ਹੋਣ ਨਾਲ ਏਅਰਲਾਈਨਜ਼ ਕੰਪਨੀਆਂ ਨੂੰ ਵੱਧ ਪੈਸਿਆਂ ਦਾ ਭੁਗਤਾਨ ਕਰਨਾ ਪੈਂਦਾ ਹੈ।
