ਏਅਰ ਇੰਡੀਆ ਦੀਆਂ ਵਧੀਆਂ ਮੁਸ਼ਕਲਾਂ , ਦੇਸ਼-ਵਿਦੇਸ਼ ਤੋਂ ਮਿਲ ਰਹੇ ਡਿਫਾਲਟ ਦੇ ਨੋਟਿਸ
Monday, Jul 30, 2018 - 03:11 PM (IST)
ਨਵੀਂ ਦਿੱਲੀ — ਜਨਤਕ ਖੇਤਰ ਦੀ ਹਵਾਈ ਜਹਾਜ਼ ਕੰਪਨੀ ਏਅਰ ਇੰਡੀਆ ਸਰਕਾਰੀ ਗਾਰੰਟੀ ਵਾਲੇ ਕਰਜ਼ੇ ਦਾ ਭੁਗਤਾਨ ਨਹੀਂ ਕਰ ਰਹੀ, ਇਸ ਦੇ ਨਾਲ ਹੀ ਪੱਟੇ 'ਤੇ ਲਏ ਗਏ ਜਹਾਜ਼ਾਂ ਦਾ ਵੀ ਲੰਮੇ ਸਮੇਂ 'ਤੇ ਭੁਗਤਾਨ ਨਹੀਂ ਹੋ ਰਿਹਾ। ਇਸ ਕਾਰਨ ਏਅਰ ਇੰਡੀਆ ਦੀ ਵਿੱਤੀ ਸਥਿਤੀ ਅਤੇ ਉਧਾਰ ਸਮਰੱਥਾ ਨੂੰ ਲੈ ਕੇ ਚਿੰਤਾ ਖੜ੍ਹੀ ਹੋ ਗਈ ਹੈ। ਏਅਰ ਲਾਈਨ 'ਤੇ ਦਬਾਅ ਹੋਰ ਵੀ ਵਧ ਗਿਆ ਹੈ ਕਿਉਂਕਿ ਉਹ ਆਪਣੇ 500 ਅਰਬ ਰੁਪਏ ਦੇ ਕਰਜ਼ੇ ਦੇ ਵਿਆਜ਼ ਦਾ ਭੁਗਤਾਨ ਕਰਨ ਜਿੰਨਾ ਮੁਨਾਫਾ ਵੀ ਨਹੀਂ ਕਮਾ ਰਹੀ । ਨਿੱਜੀਕਰਨ ਦੀਆਂ ਕੋਸ਼ਿਸ਼ਾਂ ਅਸਫਲ ਰਹਿਣ ਤੋਂ ਬਾਅਦ ਸਰਕਾਰ ਵਲੋਂ ਏਅਰ ਇੰਡੀਆ ਨੂੰ ਪੈਸੇ ਦੇਣ ਬਾਰੇ ਕੋਈ ਭਰੋਸਾ ਨਹੀਂ ਦਿੱਤਾ ਗਿਆ ਜਿਸ ਕਾਰਨ ਕੰਪਨੀਆਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। 2017-18 'ਚ ਏਅਰ ਇੰਡੀਆ ਨੂੰ 18 ਅਰਬ ਰੁਪਏ ਦੇਣ ਦਾ ਭਰੋਸਾ ਦਿੱਤਾ ਗਿਆ , ਜਿਸ ਵਿਚੋਂ ਹੁਣ ਤੱਕ ਸਿਰਫ 6.5 ਅਰਬ ਰੁਪਏ ਹੀ ਜਾਰੀ ਕੀਤੇ ਗਏ ਇਸ ਤੋਂ ਬਾਅਦ ਕੰਪਨੀ ਵਲੋਂ 31 ਅਰਬ ਰੁਪਏ ਦੀ ਮੰਗ 'ਤੇ ਅਜੇ ਤੱਕ ਵਿੱਤ ਮੰਤਰਾਲੇ ਨੇ ਕੋਈ ਫੈਸਲਾ ਨਹੀਂ ਕੀਤਾ ਹੈ।
ਕੰਪਨੀਆਂ ਨੇ ਭੇਜਿਆ ਨੋਟਿਸ
ਸੂਤਰਾਂ ਨੇ ਕਿਹਾ ਕਿ ਪਿਛਲੇ ਕੁਝ ਹਫਤਿਆਂ 'ਚ ਤਿੰਨ ਬੈਂਕਾਂ ਅਤੇ ਜਹਾਜ਼ ਪੱਟੇ 'ਤੇ ਦੇਣ ਵਾਲੀਆਂ ਦੋ ਫਰਮਾਂ ਨੇ ਏਅਰ ਇੰਡੀਆ ਨੂੰ ਡਿਫਾਲਟ ਦਾ ਨੋਟਿਸ ਜਾਰੀ ਕੀਤਾ ਹੈ ਅਤੇ ਬਕਾਇਆ ਨਾ ਚੁਕਾਉਣ ਦੀ ਸਥਿਤੀ 'ਚ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ।
ਵਿਦੇਸ਼ੀ ਕੰਪਨੀਆਂ ਵਲੋਂ ਮਿਲ ਰਹੇ ਡਿਫਾਲਟ ਦੇ ਨੋਟਿਸ
- ਸੈਨ-ਫਰਾਂਸਿਸਕੋ ਦੀ ਕੰਪਨੀ ਵੇਲਜ਼ ਫਾਰਗੋ ਟਰੱਸਟ ਸਰਵਿਸਿਜ਼ ਨੇ ਏਅਰ ਇੰਡੀਆ ਨੂੰ ਭੇਜੇ ਮੰਗ ਪੱਤਰ ਵਿਚ ਕਿਹਾ ਹੈ ਕਿ ਜਹਾਜ਼ ਕੰਪਨੀ ਨੇ ਤਿੰਨ ਬੋਇੰਗ 787 ਡ੍ਰੀਮਲਾਈਨਰ ਜਹਾਜ਼ਾਂ ਦਾ ਪਿਛਲੇ ਦੋ ਮਹੀਨਿਆਂ ਤੋਂ ਕਿਰਾਏ ਦਾ ਭੁਗਤਾਨ ਨਹੀਂ ਕੀਤਾ ਹੈ।
- ਸੰਯੁਕਤ ਅਰਬ ਅਮੀਰਾਤ ਦੀ ਸਰਕਾਰੀ ਕੰਪਨੀ ਦੁਬਈ ਏਰੋਸਪੇਸ ਐਂਟਰਪ੍ਰਾਈਜ਼ ਨੇ ਵੀ ਏਅਰ ਇੰਡੀਆ ਦੀ ਇਕਾਈ ਅਲਾਇੰਸ ਏਅਰ ਨੂੰ ਇਸ ਤਰ੍ਹਾਂ ਦਾ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿਚ ਚਾਰ ਏ.ਟੀ.ਆਰ. 72 ਜਹਾਜ਼ਾਂ ਦੇ ਕਿਰਾਏ ਦਾ ਬਕਾਇਆ ਨਾ ਚੁਕਾਉਣ ਬਾਰੇ ਕਿਹਾ ਗਿਆ ਹੈ। ਬਕਾਇਆ ਰਕਮ ਇਕ ਕਰੋੜ ਡਾਲਰ ਤੋਂ ਜ਼ਿਆਦਾ ਹੈ। ਵਿੱਤੀ ਮਾਮਲਿਆਂ ਦੇ ਮਾਹਰਾਂ ਅਨੁਸਾਰ ਇਸ ਤਰ੍ਹਾਂ ਦੇ ਨੋਟਿਸ ਉਸ ਸਮੇਂ ਦਿੱਤੇ ਜਾਂਦੇ ਹਨ ਜਦੋਂ ਬਕਾਇਆ ਵਸੂਲਣ ਦੇ ਸਾਰੇ ਵਿਕਲਪਾਂ ਨੂੰ ਅਜ਼ਮਾਇਆ ਜਾ ਚੁੱਕਾ ਹੋਵੇ।

ਏਅਰ ਇੰਡੀਆ ਨੇ ਦੱਸੀ ਵਜ੍ਹਾ
ਏਅਰ ਇੰਡੀਆ ਨੇ ਆਪਣੀ ਬੇਬੱਸੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਬਕਾਇਆ ਤਾਂ ਹੀ ਚੁਕਾ ਸਕਦੀ ਹੈ ਜੇਕਰ ਸਰਕਾਰ ਕੋਲੋਂ ਉਸਨੂੰ ਪੈਸੇ ਮਿਲਣਗੇ। ਏਅਰ ਇੰਡੀਆ ਲਈ ਕੰਮ ਕਰਨ ਵਾਲੇ ਇਕ ਅਧਿਕਾਰੀ ਨੇ ਕਿਹਾ,'ਏਅਰ ਇੰਡੀਆ ਨੇ ਦੱਸਿਆ ਹੈ ਕਿ ਅਗਸਤ ਦੇ ਅੰਤ ਤੱਕ ਇੰਤਜ਼ਾਰ ਕਰੋ। ਸਰਕਾਰ ਸਾਨੂੰ ਪੈਸੇ ਦੇਵੇਗੀ ਅਤੇ ਫਿਰ ਅਸੀਂ ਤੁਹਾਡਾ ਬਕਾਇਆ ਅਦਾ ਕਰ ਦੇਵਾਂਗੇ। ਕਿਰਪਾ ਕਰਕੇ ਉਸ ਸਮੇਂ ਤੱਕ ਕੋਈ ਕਾਰਵਾਈ ਨਾ ਕੀਤੀ ਜਾਵੇ।'
ਸੂਤਰਾਂ ਨੇ ਦੱਸਿਆ ਕਿ 22 ਬੈਂਕਾਂ ਦੇ ਕਨਸੋਰਟੀਅਮ ਦੇ ਤਿੰਨ ਉਧਾਰ ਦੇਣ ਵਾਲਿਆਂ ਨੇ ਏਅਰ ਇੰਡੀਆ ਨੂੰ ਵੀ ਲਿਖਿਆ ਹੈ, ਜਿਸ ਨਾਲ ਕੰਪਨੀ ਦੇ ਗੈਰ-ਲਾਗੂ ਜਾਇਦਾਦ(ਐੱਨ.ਪੀ.ਏ.) 'ਚ ਤਬਦੀਲ ਹੋਣ ਦੀ ਚਿੰਤਾ ਜ਼ਾਹਰ ਕੀਤੀ ਹੈ। ਮਾਮਲੇ ਦੇ ਜਾਣਕਾਰ ਇਕ ਵਿਅਕਤੀ ਨੇ ਦੱਸਿਆ,'ਸਟੈਂਡਰਡ ਚਾਰਟਰਡ, ਦੇਨਾ ਬੈਂਕ ਅਤੇ ਬੈਂਕ ਆਫ ਇੰਡੀਆ ਨੇ ਪਿਛਲੇ ਦੋ ਮਹੀਨਿਆਂ ਵਿਚ 8 ਬਿਲੀਅਨ ਤੋਂ ਜ਼ਿਆਦਾ ਦੇ ਬਕਾਇਆ ਵਿਆਜ ਦਾ ਭੁਗਤਾਨ ਨਾ ਕੀਤੇ ਜਾਣ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ।'
ਕੀ ਕਹਿੰਦਾ ਹੈ ਕਾਨੂੰਨ
ਨਿਯਮਾਂ ਅਨੁਸਾਰ ਕੋਈ ਕੰਪਨੀ ਲਗਾਤਾਰ ਤਿੰਨ ਕਿਸ਼ਤਾਂ ਦਾ ਭੁਗਤਾਨ ਕਰਨ 'ਚ ਅਸਫਲ ਰਹਿੰਦੀ ਹੈ ਤਾਂ ਉਧਾਰ ਦੇਣ ਵਾਲੇ ਨੂੰ ਅਧਿਕਾਰ ਹੁੰਦਾ ਹੈ ਕਿ ਉਹ ਕਰਜ਼ੇ ਨੂੰ ਐੱਨ.ਪੀ.ਏ. 'ਚ ਵਰਗੀਕ੍ਰਿਤ ਕਰੇ। ਹਾਲਾਂਕਿ ਸਟੈਂਡਰਡ ਚਾਰਟਰਡ ਨੇ ਐੱਨ.ਪੀ.ਏ. 'ਚ ਵਰਗੀਕ੍ਰਿਤ ਕਰਨ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਆਰ.ਬੀ.ਆਈ. ਦੇ ਸਰਕੂਲਰ ਵਿਚ ਕਿਹਾ ਗਿਆ ਹੈ ਕਿ ਵਿਆਜ ਭੁਗਤਾਨ ਵਿਚ ਇਕ ਦਿਨ ਦੀ ਵੀ ਦੇਰ ਹੋਣ 'ਤੇ ਬੈਂਕ ਨੂੰ ਗਲਤੀ ਦਾ ਖੁਲਾਸਾ ਕਰਨਾ ਹੋਵੇਗਾ ਅਤੇ 180 ਦਿਨ ਦੇ ਅੰਦਰ ਹੱਲ ਯੋਜਨਾ ਲਾਗੂ ਕਰਨੀ ਹੋਵੇਗੀ।
