Air India 'ਚ ਹੈ ਬੁਕਿੰਗ, ਤਾਂ ਫਲਾਈਟ 2 ਘੰਟੇ ਹੋ ਸਕਦੀ ਹੈ ਲੇਟ
Saturday, Apr 27, 2019 - 03:32 PM (IST)

ਨਵੀਂ ਦਿੱਲੀ— ਸਰਕਾਰੀ ਜਹਾਜ਼ ਕੰਪਨੀ ਦੀ ਫਲਾਈਟ 'ਚ ਤੁਹਾਡਾ ਸਫਰ ਤਕਰੀਬਨ ਦੋ ਘੰਟੇ ਤਕ ਲੇਟ ਹੋ ਸਕਦਾ ਹੈ। ਕੰਪਨੀ ਨੇ ਸ਼ਨੀਵਾਰ ਰਾਤ 8.30 ਵਜੇ ਤਕ 155 ਉਡਾਣਾਂ 'ਚ ਲਗਭਗ 2 ਘੰਟੇ ਦੀ ਦੇਰੀ ਹੋਣ ਦੀ ਸੰਭਾਵਨਾ ਜਤਾਈ ਹੈ। ਸ਼ਨੀਵਾਰ ਸਵੇਰ ਯਾਤਰੀ ਸਰਵਿਸ ਸਿਸਟਮ (ਪੀ. ਐੱਸ. ਐੱਸ.) 'ਚ ਖਰਾਬੀ ਕਾਰਨ ਕਈ ਉਡਾਣਾਂ ਦਾ ਸੰਚਾਲਨ ਤਕਰੀਬਨ 6 ਘੰਟੇ ਠੱਪ ਰਿਹਾ ਸੀ। ਹੁਣ ਰਾਤ ਤਕ ਉਡਾਣਾਂ 'ਚ ਦੇਰੀ ਦਾ ਖਦਸ਼ਾ ਹੈ।
ਕੰਪਨੀ ਨੇ 18 ਘਰੇਲੂ ਫਲਾਈਟਸ ਦਾ ਸਮਾਂ ਬਦਲ ਦਿੱਤਾ ਹੈ। ਕੁਝ ਫਲਾਈਟਸ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ, ਯਾਨੀ ਸਫਰ ਲਈ ਘਰੋਂ ਨਿਕਲਣ ਤੋਂ ਪਹਿਲਾਂ ਇਕ ਵਾਰ ਸ਼ਡਿਊਲ ਜ਼ਰੂਰ ਦੇਖ ਕੇ ਜਾਓ, ਨਹੀਂ ਤਾਂ ਪ੍ਰੇਸ਼ਾਨੀ ਹੋ ਸਕਦੀ ਹੈ। ਸ਼ਨੀਵਾਰ ਤੜਕੇ 3.30 ਵਜੇ ਤੋਂ ਸਵੇਰ 8.45 ਵਜੇ ਤਕ ਪੀ. ਐੱਸ. ਐੱਸ. 'ਚ ਖਰਾਬੀ ਕਾਰਨ ਦੁਨੀਆ ਭਰ 'ਚ ਏਅਰ ਇੰਡੀਆ ਦੇ ਹਜ਼ਾਰਾਂ ਯਾਤਰੀ ਤਕਰੀਬਨ 5 ਘੰਟੇ ਹਵਾਈ ਅੱਡੇ 'ਤੇ ਫਸੇ ਰਹੇ ਸਨ। ਪੀ. ਐੱਸ. ਐੱਸ. 'ਚ ਖਰਾਬੀ ਕਾਰਨ ਚੈੱਕ ਇਨ ਦੇ ਨਾਲ ਰਿਜ਼ਰਵੇਸ਼ਨ ਦਾ ਕੰਮ ਵੀ ਠੱਪ ਰਿਹਾ ਸੀ।