ਏਅਰ ਇੰਡੀਆ ਨੇ ਫਿਰ ਦਿੱਤਾ VRS ਦਾ ਆਫ਼ਰ, 2100 ਕਰਮਚਾਰੀਆਂ ਨੂੰ ਮਿਲੇਗਾ ਮੌਕਾ

Saturday, Mar 18, 2023 - 10:55 AM (IST)

ਨਵੀਂ ਦਿੱਲੀ- ਏਅਰ ਇੰਡੀਆ ਨੇ ਆਪਣੇ ਗੈਰ-ਉਡਾਣ ਕਾਰਜਾਂ ਦੇ ਕਰਮਚਾਰੀਆਂ ਲਈ ਸ਼ੁੱਕਰਵਾਰ ਨੂੰ ਵਾਲੰਟੀਅਰ ਰਿਟਾਇਰਮੈਂਟ ਸਕੀਮ (ਵੀ. ਆਰ. ਐੱਸ.) ਦੀ ਪੇਸ਼ਕਸ਼ ਕੀਤੀ। ਬੀਤੇ ਸਾਲ ਜਨਵਰੀ ’ਚ ਏਅਰਲਾਈਨ ਦੀ ਐਕਵਾਇਰਮੈਂਟ ਕਰਨ ਤੋਂ ਬਾਅਦ ਟਾਟਾ ਸਮੂਹ ਦੂਜੀ ਵਾਰ ਅਜਿਹੀ ਪੇਸ਼ਕਸ਼ ਲਿਆਇਆ ਹੈ। ਇਹ ਆਫਰ ਸਥਾਈ ਸਾਧਾਰਣ ਕੇਡਰ ਦੇ ਅਧਿਕਾਰੀਆਂ ਲਈ ਹੈ, ਜੋ 40 ਸਾਲ ਜਾਂ ਵੱਧ ਉਮਰ ਦੇ ਹਨ ਅਤੇ ਏਅਰਲਾਈਨ ’ਚ ਘੱਟੋ-ਘੱਟ 5 ਸਾਲ ਦੀ ਲਗਾਤਾਰ ਸੇਵਾ ਮਿਆਦ ਪੂਰੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕਲਰਕ ਜਾਂ ਗੈਰ-ਹੁਨਰਮੰਦ ਸ਼੍ਰੇਣੀ ਦੇ ਕਰਮਚਾਰੀ ਜੋ ਘੱਟੋ-ਘੱਟ 5 ਸਾਲ ਦੀ ਲਗਾਤਾਰ ਸੇਵਾ ਪੂਰੀ ਕਰ ਚੁੱਕੇ ਹਨ, ਉਹ ਵੀ ਇਸ ਦੇ ਲਈ ਪਾਤਰ ਹਨ। ਇਹ ਆਫਰ 30 ਅਪ੍ਰੈਲ ਤੱਕ ਖੁੱਲ੍ਹੀ ਰਹੇਗੀ।

ਇਹ ਵੀ ਪੜ੍ਹੋ- ਯਾਤਰੀਆਂ ਨੂੰ ਨਾ ਲੁੱਟੇ ਏਅਰਲਾਈਨ, ਤੈਅ ਕੀਤੀ ਜਾਵੇ ਟਿਕਟ ਦਰਾਂ ਦੀ ਸੀਮਾ
2,100 ਕਰਮਚਾਰੀ ਵੀ. ਆਰ. ਐੱਸ. ਲਈ ਪਾਤਰ
ਸੂਤਰਾਂ ਨੇ ਦੱਸਿਆ ਕਿ ਲਗਭਗ 2100 ਕਰਮਚਾਰੀ ਇਸ ਸਵੈ-ਇੱਛੁਕ ਸੇਵਾ-ਮੁਕਤੀ ਯੋਜਨਾ (ਵਾਲੰਟੀਅਰ ਰਿਟਾਇਰਮੈਂਟ ਸਕੀਮ) ਪੇਸ਼ਕਸ਼ ਲਈ ਪਾਤਰ ਹਨ। ਇਸ ਤੋਂ ਪਹਿਲਾਂ ਏਅਰ ਇੰਡੀਆ ਜੂਨ 2022 ’ਚ ਇਸ ਦੇ ਵਰਗਾ ਪ੍ਰਸਤਾਵ ਲਿਆਈ ਸੀ। ਇਕ ਆਧਿਕਾਰਿਕ ਜਾਣਕਾਰੀ ’ਚ ਕਿਹਾ ਗਿਆ ਕਿ ਇਸ ਦੇ ਲਈ 17 ਮਾਰਚ ਤੋਂ 30 ਅਪ੍ਰੈਲ ਤੱਕ ਅਪਲਾਈ ਕੀਤਾ ਜਾ ਸਕੇਗਾ। 31 ਮਾਰਚ ਤੱਕ ਅਪਲਾਈ ਕਰਨ ਵਾਲੇ ਯੋਗ ਕਰਮਚਾਰੀਆਂ ਨੂੰ ਐਕਸ-ਗ੍ਰੇਸ਼ੀਆ ਰਾਸ਼ੀ ਤੋਂ ਇਲਾਵਾ 1 ਲੱਖ ਰੁਪਏ ਮਿਲਣਗੇ। ਪਹਿਲੀ ਵਾਰ ਜਦੋਂ ਇਹ ਪੇਸ਼ਕਸ਼ ਲਿਆਂਦੀ ਗਈ ਸੀ, ਉਦੋਂ ਲਗਭਗ 4,200 ਪਾਤਰ ਕਰਮਚਾਰੀਆਂ ’ਚੋਂ ਲਗਭਗ 1,500 ਨੇ ਇਸ ਦਾ ਲਾਭ ਲਿਆ ਸੀ।

ਇਹ ਵੀ ਪੜ੍ਹੋ- ਮਹਿੰਗਾਈ ਦੇ ਮੋਰਚੇ 'ਤੇ ਮਾਮੂਲੀ ਰਾਹਤ, 6.44 ਫ਼ੀਸਦੀ 'ਤੇ ਆਈ ਪ੍ਰਚੂਨ ਮਹਿੰਗਾਈ
5100 ਪਾਇਲਟ, ਚਾਲਕ ਦਲ ਕਰਮਚਾਰੀਆਂ ਦੀ ਭਰਤੀ ਦੀ ਵੀ ਤਿਆਰੀ
ਇਕ ਪਾਸੇ ਏਅਰ ਇੰਡੀਆ ਪੁਰਾਣੇ ਕਰਮਚਾਰੀਆਂ ਨੂੰ ਵੀ. ਆਰ. ਐੱਸ. ਦੇ ਰਹੀ ਹੈ। ਉੱਥੇ ਹੀ ਦੂਜੇ ਪਾਸੇ ਵੱਡੀ ਗਿਣਤੀ ’ਚ ਭਰਤੀ ਦੀ ਵੀ ਤਿਆਰੀ ਕਰ ਰਹੀ ਹੈ। ਟਾਟਾ ਸਮੂਹ ਦੀ ਏਅਰਲਾਈਨ ਏਅਰ ਇੰਡੀਆ ਆਪਣੇ ਬੇੜੇ ਅਤੇ ਸੰਚਾਲਨ ਦਾ ਵਿਸਥਾਰ ਕਰ ਰਹੀ ਹੈ ਅਤੇ ਇਸ ਨੂੰ ਵੇਖਦੇ ਹੋਏ ਕੰਪਨੀ ਇਸ ਸਾਲ 4,200 ਚਾਲਕ ਦਲ ਦੇ ਮੈਂਬਰਾਂ (ਕੈਬਿਨ ਕਰੂ) ਅਤੇ 900 ਪਾਇਲਟਾਂ ਦੀ ਭਰਤੀ ਕਰੇਗੀ। ਏਅਰਲਾਈਨ ਨੇ ਕੁਝ ਦਿਨ ਪਹਿਲਾਂ ਬੋਇੰਗ ਅਤੇ ਏਅਰਬਸ ਨੂੰ 470 ਜਹਾਜ਼ ਖਰੀਦਣ ਲਈ ਆਰਡਰ ਦਿੱਤਾ ਸੀ। ਇਨ੍ਹਾਂ ’ਚ 70 ਵੱਡੇ ਜਹਾਜ਼ ਵੀ ਹਨ। ਟਾਟਾ ਸਮੂਹ ਨੇ ਏਅਰ ਇੰਡੀਆ ਦੀ ਜਨਵਰੀ 2022 ’ਚ ਐਕਵਾਇਰਮੈਂਟ ਕੀਤੀ ਸੀ।

ਇਹ ਵੀ ਪੜ੍ਹੋ- IDBI ਬੈਂਕ ਨੂੰ ਵੇਚਣ ਦੀ ਤਿਆਰੀ ’ਚ ਸਰਕਾਰ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News