3 ਸਾਲਾਂ ਬਾਅਦ ਚੀਨ ਅਤੇ ਮਿਆਂਮਾਰ ਲਈ ਉਡਾਣ ਬਹਾਲ ਕਰੇਗੀ ਇੰਡੀਗੋ

Sunday, Nov 06, 2022 - 11:00 AM (IST)

ਬਿਜ਼ਨੈੱਸ ਡੈਸਕ–ਤਿੰਨ ਸਾਲਾਂ ਤੱਕ ਕੋਵਿਡ ਕਾਰਨ ਬੰਦ ਪਈ ਉਡਾਣ ਤੋਂ ਬਾਅਦ ਇੰਡੀਗੋ ਨੇ ਅਗਲੇ ਸਾਲ 27 ਮਾਰਚ ਤੋਂ ਭਾਰਤ ਤੋਂ ਚੀਨ ਦੇ ਗਵਾਂਗਝੂ ਅਤੇ ਚੇਂਗਦੂ ਅਤੇ ਮਿਆਂਮਾਰ ਦੇ ਯਾਂਗੂਨ ਲਈ ਰੋਜ਼ਾਨਾ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦਾ ਇੰਡੀਗੋ ਦਾ ਫੈਸਲਾ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਟਾਟਾ ਸਮੂਹ ਦੇ ਤਹਿਤ ਏਅਰ ਇੰਡੀਆ ਆਪਣੀ ਘਰੇਲੂ ਅਤੇ ਕੌਮਾਂਤਰੀ ਆਪ੍ਰੇਟਿੰਗ ਨੂੰ ਤੇਜ਼ੀ ਨਾਲ ਵਧਾਉਣ ਲਈ 30 ਜਹਾਜ਼ਾਂ ਨੂੰ ਲੀਜ਼ ’ਤੇ ਦੇ ਰਹੀ ਹੈ।
ਚੀਨ ਦੀਆਂ ਸਖਤ ਕੋਵਿਡ-19 ਨੀਤੀਆਂ ਅਤੇ ਭਾਰਤ ਨਾਲ ਉਸ ਦੇ ਸਰਹੱਦੀ ਵਿਵਾਦ ਦਰਮਿਆਨ ਮੌਜੂਦਾ ਸਮੇਂ ’ਚ ਦੋਹਾਂ ਦੇਸ਼ਾਂ ਦਰਮਿਆਨ ਕੋਈ ਉਡਾਣ ਸੰਚਾਲਿਤ ਨਹੀਂ ਹੋ ਰਹੀ ਹੈ। ਇਸ ਦਰਮਿਆਨ ਭਾਰਤ-ਮਿਆਂਮਾਰ ਮਾਰਗਾਂ ’ਤੇ ਮੌਜੂਦਾ ਸਮੇਂ ’ਚ ਹਰ ਹਫਤੇ 12 ਉਡਾਣਾਂ ਸੰਚਾਲਿਤ ਹੁੰਦੀਆਂ ਹਨ। ਇਨ੍ਹਾਂ ’ਚੋਂ 10 ਮਿਆਂਮਾਰ ਏਅਰਵੇਜ਼ ਅਤੇ 2 ਏਅਰ ਇੰਡੀਆ ਵਲੋਂ ਸੰਚਾਲਿਤ ਹਨ। ਭਾਰਤ ਦੀ ਸਭ ਤੋਂ ਵੱਡੀ ਏਵੀਏਸ਼ਨ ਕੰਪਨੀ ਇੰਡੀਗੋ ਰਾਹੀਂ ਸਭ ਤੋਂ ਵੱਧ ਮੁਸਾਫਰ ਸਫਰ ਕਰਦੇ ਹਨ। ਹਵਾਬਾਜ਼ੀ ਵਿਸ਼ਲੇਸ਼ਣ ਕੰਪਨੀ ਸੀਰੀਅਮ ਮੁਤਾਬਕ ਮੌਜੂਦਾ ਸਮੇਂ ’ਚ ਇੰਡੀਗੋ ਭਾਰਤ ਅਤੇ 22 ਵਿਦੇਸ਼ੀ ਸ਼ਹਿਰਾਂ ਦਰਮਿਆਨ ਪ੍ਰਤੀ ਹਫਤਾ 1,092 ਕੌਮਾਂਤਰੀ ਉਡਾਣਾਂ ਸੰਚਾਲਿਤ ਕਰਦੀ ਹੈ।
ਇੰਡੀਗੋ 2020 ਦੀ ਸ਼ੁਰੂਆਤ ਤੱਕ ਦਿੱਲੀ-ਚੇਂਗਡੂ, ਕੋਲਕਾਤਾ-ਗਵਾਂਗਝੂ ਅਤੇ ਕੋਲਕਾਤਾ-ਯਾਂਗੂਨ ਮਾਰਗਾਂ ’ਤੇ ਰੋਜ਼ਾਨਾ ਉਡਾਣਾਂ ਸੰਚਾਲਿਤ ਕਰਦੀ ਸੀ। ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀ. ਜੀ. ਸੀ. ਏ.) ਵਲੋਂ ਕੋਵਿਡ-19 ਕਾਰਨ ਸਾਰੀਆਂ ਨਿਰਧਾਰਤ ਕੌਮਾਂਤਰੀ ਉਡਾਣਾਂ ਨੂੰ ਰੱਦ ਕਰਨ ਤੋਂ ਬਾਅਦ ਏਵੀਏਸ਼ਨ ਕੰਪਨੀ ਨੇ 23 ਮਾਰਚ 2020 ਨੂੰ ਆਪਣੀਆਂ ਉਡਾਣਾਂ ਦਾ ਸੰਚਾਲਨ ਬੰਦ ਕਰ ਦਿੱਤਾ ਸੀ। ਭਾਰਤ ਨੇ ਇਸ ਸਾਲ 27 ਮਾਰਚ ਨੂੰ ਨਿਰਧਾਰਤ ਕੌਮਾਂਤਰੀ ਉਡਾਣਾਂ ਮੁੜ ਸ਼ੁਰੂ ਕੀਤੀਆਂ ਹਨ।
ਟਿਕਟਾਂ ਦੀ ਵਿਕਰੀ ਹੋ ਚੁੱਕੀ ਹੈ ਸ਼ੁਰੂ
ਇੰਡੀਗੋ ਦੇ ਅਧਿਕਾਰੀਆਂ ਨੇ ਨਾਂ ਨਾ ਦੱਸਣ ਦੀ ਸ਼ਰਤ ’ਤੇ ਕਿਹਾ ਕਿ ਦਿੱਲੀ-ਚੇਂਗਡੂ, ਕੋਲਕਾਤਾ-ਗਵਾਂਗਝੂ ਅਤੇ ਕੋਲਕਾਤਾ-ਯਾਂਗੂਨ ਮਾਰਗਾਂ ’ਤੇ ਉਡਾਣਾਂ ਅਗਲੇ ਸਾਲ ਮਾਰਚ ਤੋਂ ਮੁੜ ਸ਼ੁਰੂ ਹੋਣਗੀਆਂ ਕਿਉਂਕਿ ਇਨ੍ਹਾਂ ਸੇਵਾਵਾਂ ਦੀ ਮੰਗ ’ਚ ਵਾਧਾ ਹੋ ਰਿਹਾ ਹੈ। ਹਵਾਬਾਜ਼ੀ ਕੰਪਨੀ ਨੇ ਇਨ੍ਹਾਂ ਉਡਾਣਾਂ ਲਈ ਟਿਕਟਾਂ ਦੀ ਵਿਕਰੀ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਇੰਡੀਗੋ ਨੇ ਇਸ ’ਤੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।
ਏਅਰਲਾਈਨ ਦੇ ਅਧਿਕਾਰੀਆਂ ਨੇ ਕਿਹਾ ਕਿ ਦਿੱਲੀ-ਚੇਂਗਡੂ, ਕੋਲਕਾਤਾ-ਗਵਾਂਗਝੂ ਅਤੇ ਕੋਲਕਾਤਾ-ਯਾਂਗੂਨ ਮਾਰਗਾਂ ’ਤੇ ਉਡਾਣਾਂ ਕ੍ਰਮਵਾਰ : ਲਗਭਗ 285 ਮਿੰਟ, 225 ਮਿੰਟ ਅਤੇ 115 ਮਿੰਟ ਲੈਂਦੀਆਂ ਹਨ, ਇਸ ਲਈ ਇੰਡੀਗੋ ਪਹਿਲਾਂ ਵਾਂਗ ਇਨ੍ਹਾਂ ਮਾਰਗਾਂ ’ਤੇ ਏ320ਨੀਓ ਜਹਾਜ਼ਾਂ ਨੂੰ ਸੰਚਾਲਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇੰਡੀਗੋ ਕੋਲ ਮੌਜੂਦਾ ਸਮੇਂ ’ਚ ਘਰੇਲੂ ਯਾਤਰੀ ਬਾਜ਼ਾਰ ’ਚ ਕਰੀਬ 60 ਫੀਸਦੀ ਹਿੱਸੇਦਾਰੀ ਹੈ। ਜੈੱਟ ਏਅਰਵੇਜ਼ ਦੇ ਸੰਚਾਲਨ ਨੂੰ ਮੁੜ ਸ਼ੁਰੂ ਕਰਨ ਦੀ ਯੋਜਨਾ ਨਾਲ ਅਤੇ ਨਵੀਂ ਹਵਾਬਾਜ਼ੀ ਕੰਪਨੀ ਅਕਾਸਾ ਏਅਰ ਦੇ ਆਉਣ ਨਾਲ ਹਰ ਦੋ ਹਫਤਿਆਂ ’ਚ ਇਕ ਨਵਾਂ ਜਹਾਜ਼ ਜੁੜ ਰਿਹਾ ਹੈ, ਜਿਸ ਨਾਲ ਘਰੇਲੂ ਮਾਰਗਾਂ ’ਤੇ ਮੁਕਾਬਲੇਬਾਜ਼ੀ ਵਧਣ ਵਾਲੀ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

 


Aarti dhillon

Content Editor

Related News