ਏਅਰੋਫਲੋਟ ਨੇ ਸ਼੍ਰੀਲੰਕਾ ਜਾਣ ਵਾਲੀਆਂ ਆਪਣੀਆਂ ਉਡਾਣਾਂ ਨੂੰ ਕੀਤਾ ਰੱਦ
Saturday, Jun 04, 2022 - 11:13 PM (IST)
ਕੋਲੰਬੋ (ਭਾਸ਼ਾ)–ਰੂਸ ਦੀ ਹਵਾਬਾਜ਼ੀ ਕੰਪਨੀ ਏਅਰੋਫਲੋਟ ਨੇ ਸ਼੍ਰੀਲੰਕਾ ਜਾਣ ਵਾਲੀਆਂ ਆਪਣੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਸ਼੍ਰੀਲੰਕਾ ਦੀ ਏਅਰਪੋਰਟ ਅਥਾਰਿਟੀ ਨੇ ਅਦਾਲਤ ਦੇ ਹੁਕਮ ਤੋਂ ਬਾਅਦ ਵੀਰਵਾਰ ਨੂੰ ਕੋਲੰਬੋ ਹਵਾਈ ਅੱਡੇ ਤੋਂ ਰੂਸ ਦੀ ਏਅਰਲਾਈਨ ਦੀਆਂ ਉਡਾਣਾਂ ’ਤੇ ਰੋਕ ਲਗਾ ਦਿੱਤੀ ਸੀ। ਹਵਾਈ ਅੱਡਾ ਅਤੇ ਹਵਾਬਾਜ਼ੀ ਸੇਵਾਵਾਂ ਨੇ ਇਕ ਬਿਆਨ ’ਚ ਕਿਹਾ ਕਿ 191 ਮੁਸਾਫਰਾਂ ਅਤੇ ਚਾਲਕ ਦਲ ਦੇ 13 ਮੈਂਬਰਾਂ ਨਾਲ ਦੋ ਜੂਨ ਨੂੰ ਕੋਲੰਬੋ ਹਵਾਈ ਅੱਡੇ ਤੋਂ ਮਾਸਕੋ ਲਈ ਇਕ ਉਡਾਣ ਰਵਾਨਾ ਹੋਣ ਵਾਲੀ ਸੀ। ਇਸ ਨੂੰ ਕੋਲੰਬੋ ਦੀ ਕਮਰਸ਼ੀਅਲ ਹਾਈਕੋਰਟ ਦੇ ਹੁਕਮ ਕਾਰਨ ਰਵਾਨਾ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ : ਰੂਸੀ ਫੌਜੀਆਂ ਨੇ ਪੂਰਬੀ ਯੂਕ੍ਰੇਨ 'ਚ ਕੀਤੇ ਹਵਾਈ ਹਮਲੇ
ਆਇਰਲੈਂਡ ਦੇ ਸੇਲੇਸਟੀਅਲ ਏਵੀਏਸ਼ਨ ਦੇ ਮਾਲਕ ਨੇ ਏਅਰੋਫਲੋਟ ਖਿਲਾਫ ਲੰਡਨ ’ਚ ਏਅਰਬੱਸ ਏ330 ਜਹਾਜ਼ ਦੇ ਲੀਜ਼ ’ਤੇ ਪੈਂਡਿੰਗ ਆਰਬਿਟ੍ਰੇਸ਼ਨ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ। ਬਿਆਨ ’ਚ ਕਿਹਾ ਗਿਆ ਕਿ ਸੁਣਵਾਈ ਦੌਰਾਨ ਇਹ ਪਾਇਆ ਗਿਆ ਕਿ ਏਅਰੋਫਲੋਟ ਅਤੇ ਸੇਲੇਸਟੀਅਲ ਏਵੀਏਸ਼ਨ ਦਰਮਿਆਨ ਇਕ ਕਾਰੋਬਾਰੀ ਵਿਵਾਦ ਹੈ, ਜਿਸ ਨੂੰ ਉਕਤ ਦੋਹਾਂ ਪੱਖਾਂ ਦਰਮਿਆਨ ਨਿਪਟਾਇਆ ਜਾਣਾ ਚਾਹੀਦਾ ਹੈ। ਉੱਥੇ ਹੀ ਉਡਾਣ ’ਤੇ ਰੋਕ ਲਗਾਉਣ ਤੋਂ ਬਾਅਦ ਰੂਸ ਦੀ ਸਰਕਾਰ ਨੇ ਸਪੱਸ਼ਟੀਕਰਨ ਲਈ ਮਾਸਕੋ ’ਚ ਸ਼੍ਰੀਲੰਕਾਈ ਰਾਜਦੂਤ ਨੂੰ ਤਲਬ ਕੀਤਾ। ਜਹਾਜ਼ ਦੇ ਮਾਲਕ ਕੰਪਨੀ ਨੇ ਅਦਾਲਤ ’ਚ ਦਲੀਲ ਦਿੱਤੀ ਸੀ ਕਿ ਮਾਰਚ ’ਚ ਜਹਾਜ਼ ਦੀ ਲੀਜ਼ ਦਾ ਸਮਝੌਤਾ ਖਤਮ ਹੋਣ ਤੋਂ ਬਾਅਦ ਏਅਰੋਫਲੋਟ ਨੂੰ ਜਹਾਜ਼ ਨਾ ਉਡਾਉਣ ਲਈ ਕਿਹਾ ਗਿਆ ਸੀ। ਹਾਲਾਂਕਿ ਹਵਾਬਾਜ਼ੀ ਕੰਪਨੀ ਨੇ ਮਾਸਕੋ ਅਤੇ ਕੋਲੰਬੋ ਦਰਮਿਆਨ ਉਡਾਣਾਂ ਦਾ ਸੰਚਾਲਨ ਜਾਰੀ ਰੱਖਿਆ।
ਇਹ ਵੀ ਪੜ੍ਹੋ : NDP ਨੇਤਾ ਜਗਮੀਤ ਸਿੰਘ ਨੂੰ ਝਟਕਾ, ਓਂਟਾਰੀਓ ਦੀਆਂ ਸੂਬਾਈ ਚੋਣਾਂ 'ਚ ਭਰਾ ਗੁਰਰਤਨ ਸਿੰਘ ਨੂੰ ਮਿਲੀ ਹਾਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ