IPO ਦਸਤਾਵੇਜ਼ਾਂ ਤੋਂ ਮਿਲੀ ਜਾਣਕਾਰੀ, IBDI ਬੈਂਕ ਨੂੰ ਵਾਧੂ ਪੂੰਜੀ LIC ’ਤੇ ਪਾ ਸਕਦੀ ਹੈ ਉਲਟ ਅਸਰ
Wednesday, Feb 16, 2022 - 02:18 PM (IST)

ਨਵੀਂ ਦਿੱਲੀ– ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ.ਸੀ.) ਵਲੋਂ ਆਪਣੀ ਸਹਾਇਕ ਕੰਪਨੀ ਆਈ. ਡੀ. ਬੀ. ਆਈ. ਬੈਂਕ ’ਚ ਕਿਸੇ ਵੀ ਤਰ੍ਹਾਂ ਦਾ ਵਾਧੂ ਨਿਵੇਸ਼ ਬੀਮਾ ਖੇਤਰ ਦੀ ਕੰਪਨੀ ਦੀ ਵਿੱਤੀ ਹਾਲਤ ’ਤੇ ਉਲਟ ਪ੍ਰਭਾਵ ਪਾ ਸਕਦੀ ਹੈ। ਹਾਲ ਹੀ ’ਚ ਦਾਖਲ ਆਈ. ਪੀ. ਓ. ਦਸਤਾਵੇਜ਼ਾਂ ਤੋਂ ਇਹ ਜਾਣਕਾਰੀ ਨਿਕਲ ਕੇ ਆਈ ਹੈ। ਜਨਤਕ ਖੇਤਰ ਦੀ ਬੀਮਾ ਕੰਪਨੀ ਐੱਲ. ਆਈ. ਸੀ. ਨੇ 23 ਅਕਤੂਬਰ 2019 ਨੂੰ ਪਾਲਿਸੀਧਾਰਕਾਂ ਦੇ ਫੰਡ ਦੀ ਵਰਤੋਂ ਕਰ ਕੇ ਆਈ. ਡੀ. ਬੀ. ਆਈ. ਬੈਂਕ ’ਚ 4,743 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਉੱਥੇ ਹੀ ਬੈਂਕ ਨੇ 19 ਦਸੰਬਰ 2020 ਨੂੰ ਯੋਗ ਸੰਸਥਾਗਤ ਪਲੇਸਮੈਂਟ (ਕਿਊ. ਆਈ. ਪੀ.) ਰਾਹੀਂ 1,435.1 ਕਰੋੜ ਰੁਪਏ ਜੁਟਾਏ ਸਨ।
ਦਸਤਾਵੇਜ਼ਾਂ ਮੁਤਾਬਕ ਡੀ. ਆਰ. ਐੱਚ. ਪੀ. ਮੁਤਾਬਕ ਕੁੱਝ ਸ਼ਰਤਾਂ ਦੀ ਪਾਲਣਾ ਤੋਂ ਬਾਅਦ ਆਈ. ਡੀ. ਬੀ. ਆਈ. ਬੈਂਕ 10 ਮਾਰਚ 2021 ਤੋਂ ਤੁਰੰਤ ਸੁਧਾਰਾਤਮਕ ਕਾਰਵਾਈ (ਪੀ. ਸੀ. ਏ.) ਢਾਂਚੇ ਤੋਂ ਬਾਹਰ ਆਇਆ ਸੀ। ਐੱਲ. ਆਈ. ਸੀ. ਦੇ ਦਸਤਾਵੇਜ਼ਾਂ ਦੇ ਖਰੜੇ ਮੁਤਾਬਕ ਵਿੱਤੀ ਸਥਿਤੀ ਅਤੇ ਸੰਚਾਲਨ ਦੇ ਨਤੀਜਿਆਂ ਨੂੰ ਦੇਖਦੇ ਹੋਏ ਸਾਡਾ ਮੰਨਣਾ ਹੈ ਕਿ ਆਈ. ਡੀ. ਬੀ. ਆਈ. ਬੈਂਕ ਨੂੰ ਇਸ ਸਮੇਂ ਹੋਰ ਪੂੰਜੀ ਜੁਟਾਉਣ ਦੀ ਲੋੜ ਨਹੀਂ ਹੈ। ਬੀਮਾ ਕੰਪਨੀ ਦੇ ਦਸਤਾਵੇਜ਼ਾਂ ’ਚ ਕਿਹਾ ਕਿ ਜੇ ਆਈ. ਡੀ. ਬੀ. ਆਈ. ਬੈਂਕ ਨੂੰ ਲਾਗੂ 5 ਸਾਲਾਂ ਦੀ ਮਿਆਦ ਦੀ ਸਮਾਪਤੀ ਤੋਂ ਪਹਿਲਾਂ ਵਾਧੂ ਪੂੰਜੀ ਦੀ ਲੋੜ ਹੁੰਦੀ ਹੈ ਅਤੇ ਇਹ ਪੂੰਜੀ ਜੁਟਾਉਣ ’ਚ ਅਸਮਰੱਥ ਰਹਿੰਦਾ ਹੈ ਤਾਂ ਸਾਨੂੰ ਆਈ. ਡੀ. ਬੀ. ਆਈ. ਬੈਂਕ ’ਚ ਵਾਧੂ ਧਨਰਾਸ਼ੀ ਪਾਉਣ ਦੀ ਲੋੜ ਹੋਵੇਗੀ। ਇਸ ਦਾ ਹਾਲਾਂਕਿ ਸਾਡੀ ਵਿੱਤੀ ਸਥਿਤੀ ਅਤੇ ਆਪ੍ਰੇਟਿੰਗ ਨਤੀਜੇ ’ਤੇ ਉਲਟ ਪ੍ਰਭਾਵ ਪੈ ਸਕਦਾ ਹੈ। ਉੱਥੇ ਹੀ ਆਈ. ਡੀ. ਬੀ. ਆਈ. ਬੈਂਕ ਨੂੰ ਮਿਲੀ 5 ਸਾਲਾਂ ਦੀ ਮਿਆਦ ਨਵੰਬਰ 2023 ’ਚ ਖਤਮ ਹੋ ਜਾਏਗੀ। ਐੱਲ. ਆਈ.ਸੀ. ਨੂੰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ 2 ਨਵੰਬਰ 2018 ਨੂੰ ਆਈ. ਡੀ. ਬੀ. ਆਈ. ’ਚ ਵਾਧੂ ਇਕਵਿਟੀ ਸ਼ੇਅਰਾਂ ਦੀ ਪ੍ਰਾਪਤੀ ਕਰਨ ਲਈ ਮਨਜ਼ੂਰੀ ਪੱਤਰ ਦਿੱਤਾ ਸੀ।