ਅਡਾਨੀ ਵਿਲਮਰ ਨੇ IPO ਦਾ ਆਕਾਰ ਘਟਾ ਕੇ 3,600 ਕਰੋੜ ਰੁਪਏ ਕੀਤਾ

Saturday, Jan 15, 2022 - 03:10 PM (IST)

ਨਵੀਂ ਦਿੱਲੀ : ਖਾਣ ਵਾਲੇ ਤੇਲ ਦੀ ਪ੍ਰਮੁੱਖ ਕੰਪਨੀ ਅਦਾਨੀ ਵਿਲਮਰ ਲਿਮਟਿਡ (AWL) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਆਪਣੀ ਸ਼ੁਰੂਆਤੀ ਜਨਤਕ ਪੇਸ਼ਕਸ਼ (IPO) ਦਾ ਆਕਾਰ 4,500 ਕਰੋੜ ਰੁਪਏ ਤੋਂ ਘਟਾ ਕੇ 3,600 ਕਰੋੜ ਰੁਪਏ ਕਰ ਦਿੱਤਾ ਹੈ।  ਇੱਕ ਬਿਆਨ ਅਨੁਸਾਰ ਫਾਰਚਿਊਨ ਬ੍ਰਾਂਡ ਦੇ ਤਹਿਤ ਖਾਣ ਵਾਲੇ ਤੇਲ ਵੇਚਣ ਵਾਲੀ ਕੰਪਨੀ ਦਾ ਆਈਪੀਓ ਇਸ ਮਹੀਨੇ ਆਉਣ ਦੀ ਉਮੀਦ ਹੈ।

AWL ਅਹਿਮਦਾਬਾਦ ਸਥਿਤ ਅਡਾਨੀ ਗਰੁੱਪ ਅਤੇ ਸਿੰਗਾਪੁਰ ਸਥਿਤ ਵਿਲਮਰ ਗਰੁੱਪ ਦੀ ਇੱਕ ਸੰਯੁਕਤ ਉੱਦਮ ਕੰਪਨੀ ਹੈ। ਦੋਵਾਂ ਦੀ ਇਸ 'ਚ 50:50 ਦੀ ਹਿੱਸੇਦਾਰੀ ਹੈ। ਆਈਪੀਓ ਵਿੱਚ ਹੁਣ 3,600 ਕਰੋੜ ਰੁਪਏ ਦੇ ਇਕੁਇਟੀ ਸ਼ੇਅਰਾਂ ਦਾ ਨਵਾਂ ਇਸ਼ੂ ਸ਼ਾਮਲ ਹੋਵੇਗਾ ਅਤੇ ਕੋਈ ਵਿਕਰੀ ਪੇਸ਼ਕਸ਼ ਨਹੀਂ ਹੋਵੇਗੀ। ਪਹਿਲਾਂ ਰੈੱਡ ਹੈਰਿੰਗ ਪ੍ਰਾਸਪੈਕਟਸ ਦੇ ਅਨੁਸਾਰ, ਆਈਪੀਓ ਦੇ ਤਹਿਤ 4,500 ਕਰੋੜ ਰੁਪਏ ਇਕੱਠੇ ਕੀਤੇ ਜਾਣੇ ਸਨ।

ਆਈਪੀਓ ਤੋਂ ਹੋਣ ਵਾਲੀ ਕਮਾਈ ਵਿੱਚੋਂ 1,900 ਕਰੋੜ ਰੁਪਏ ਪੂੰਜੀ ਖਰਚ ਲਈ ਵਰਤੇ ਜਾਣਗੇ। 1,100 ਕਰੋੜ ਰੁਪਏ ਕਰਜ਼ੇ ਦੀ ਅਦਾਇਗੀ ਲਈ ਅਤੇ 500 ਕਰੋੜ ਰੁਪਏ ਰਣਨੀਤਕ ਪ੍ਰਾਪਤੀਆਂ ਅਤੇ ਨਿਵੇਸ਼ਾਂ ਲਈ ਵਰਤੇ ਜਾਣਗੇ। ਜਦੋਂ ਪੁਸ਼ਟੀ ਲਈ ਸੰਪਰਕ ਕੀਤਾ ਗਿਆ, ਤਾਂ ਕੰਪਨੀ ਦੇ ਬੁਲਾਰੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
 


Harinder Kaur

Content Editor

Related News