ਵੱਡੀ ਗਿਣਤੀ ’ਚ ਸੂਰਤ ਛੱਡ ਕੇ ਜਾ ਰਹੇ ਹਨ ਹੀਰਾ ਉਦਯੋਗ ’ਚ ਕੰਮ ਕਰਨ ਵਾਲੇ ਮਜ਼ਦੂਰ

Friday, Jul 10, 2020 - 04:24 PM (IST)

ਸੂਰਤ(ਭਾਸ਼ਾ) – ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਦੇ ਮੱਦੇਨਜ਼ਰ ਸੂਰਤ ’ਚ ਹੀਰਾ ਇਕਾਈਆਂ ਦੇ ਬੰਦ ਹੋਣ ਜਾਣ ਨਾਲ ਇਨ੍ਹਾਂ ’ਚ ਕੰਮ ਕਰਨ ਵਾਲੇ ਮਜ਼ਦੂਰ ਹਰ ਰੋਜ਼ ਸ਼ਹਿਰ ਛੱਡ ਕੇ ਜਾ ਰਹੇ ਹਨ। ਹੀਰਾ ਕਾਰੋਬਾਰ ਨਾਲ ਜੁੜੇ ਲੋਕਾਂ ਨੇ ਇਹ ਦਾਅਵਾ ਕੀਤਾ ਹੈ। ਸੂਰਤ ਡਾਇਮੰਡ ਵਰਕਰਜ਼ ਯੂਨੀਅਨ ਦੇ ਪਰਧਾਨ ਜੈਸੁਖ ਗਜੇਰਾ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਸ਼ਹਿਰ ਛੱਡਣ ਵਾਲੇ 70 ਫੀਸਦੀ ਮਜ਼ਦੂਰ ਸ਼ਾਇਦ ਹੀ ਵਾਪਸ ਆਉਣਗੇ।

ਸੂਰਤ ’ਚ ਹੀਰਾ ਤਰਾਸ਼ਣ ਵਾਲੀਆਂ 9000 ਤੋਂ ਵੱਧ ਇਕਾਈਆਂ ’ਚ 6 ਲੱਖ ਤੋਂ ਵੱਧ ਲੋਕ ਕੰਮ ਕਰਦੇ ਹਨ। ਇਹ ਇਕਾਈਆਂ ਮਾਰਚ ਦੇ ਅਖੀਰ ਤੋਂ ਜੂਨ ਦੇ ਪਹਿਲੇ ਹਫਤੇ ਤੱਕ ਬੰਦ ਰਹੀਆਂ ਪਰ ਜੂਨ ਦੇ ਦੂਜੇ ਹਫਤੇ ’ਚ ਕਾਰੋਬਾਰੀ ਸਰਗਰਮੀਆਂ ਫਿਰ ਸ਼ੁਰੂ ਹੋਣ ਤੋਂ ਬਾਅਦ 600 ਤੋਂ ਵੱਧ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਪਾਏ ਗਏ ਹਨ। ਸਾਵਧਾਨੀ ਵਜੋਂ ਸੂਰਤ ਨਗਰ ਨਿਗਮ ਨੇ ਇਸ ਹਫਤੇ ਦੀ ਸ਼ੁਰੂਆਤ ’ਚ ਹੀਰਾ ਤਰਾਸ਼ਣ ਵਾਲੀਆਂ ਇਕਾਈਆਂ ਨੂੰ 13 ਜੁਲਾਈ ਤੱਕ ਬੰਦ ਰੱਖਣ ਦਾ ਆਦੇਸ਼ ਦਿੱਤਾ ਸੀ।

ਰੋਜ਼ਾਨਾ 10000 ਲੋਕ ਛੱਡ ਰਹੇ ਹਨ ਸ਼ਹਿਰ

ਸੂਰਤ ਲਗਜ਼ਰੀ ਬੱਸ ਆਪ੍ਰੇਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਿਨੇਸ਼ ਅੰਧਾਨ ਨੇ ਦਾਅਵਾ ਕੀਤਾ ਹੈ ਕਿ ਹਰ ਰੋਜ਼ ਸੂਰਤ ਤੋਂ ਲਗਭਗ 6000 ਲੋਕਾਂ ਨੂੰ ਲੈ ਕੇ ਔਸਤਨ 300 ਬੱਸਾਂ ਉੱਤਰ ਪ੍ਰਦੇਸ਼ ਲਈ ਰਵਾਨਾ ਹੋ ਰਹੀਆਂ ਹਨ, ਜਿਥੋਂ ਇਹ ਮਜ਼ਦੂਰ ਕੰਮ ਦੀ ਭਾਲ ’ਚ ਇਥੇ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਰੋਜ਼ਾਨਾ ਲਗਭਗ 6000 ਮਜ਼ਦੂਰ ਇਨ੍ਹਾਂ ਬੱਸਾਂ ਰਾਹੀਂ ਸ਼ਹਿਰ ਛੱਡ ਰਹੇ ਹਨ। ਇਸ ਤੋਂ ਇਲਾਵਾ 4000 ਲੋਕ ਰੋਜ਼ਾਨਾ ਕਾਰਾਂ, ਟਰੱਕਾਂ ਅਤੇ ਹੋਰ ਵਾਹਨਾਂ ’ਚ ਜਾ ਰਹੇ ਹਨ। ਕਈ ਆਪਣੇ ਸਾਮਾਨ ਦੇ ਨਾਲ ਜਾ ਰਹੇ ਹਨ।

 


Harinder Kaur

Content Editor

Related News