ਚੀਨ ਦੇ ਇਕ ਕਦਮ ਨਾਲ ਐਪਲ ਨੂੰ ਲਗਾ ਝਟਕਾ, ਦੋ ਦਿਨਾਂ 'ਚ 200 ਅਰਬ ਡਾਲਰ ਦਾ ਹੋਇਆ ਨੁਕਸਾਨ

Friday, Sep 08, 2023 - 03:21 PM (IST)

ਚੀਨ ਦੇ ਇਕ ਕਦਮ ਨਾਲ ਐਪਲ ਨੂੰ ਲਗਾ ਝਟਕਾ, ਦੋ ਦਿਨਾਂ 'ਚ 200 ਅਰਬ ਡਾਲਰ ਦਾ ਹੋਇਆ ਨੁਕਸਾਨ

ਬਿਜ਼ਨੈੱਸ ਡੈਸਕ - ਬਾਜ਼ਾਰ ਪੂੰਜੀਕਰਣ ਦੇ ਮਾਮਲੇ 'ਚ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਐਪਲ ਨੂੰ ਦੋ ਦਿਨਾਂ 'ਚ ਕਰੀਬ 200 ਅਰਬ ਡਾਲਰ (16.40 ਲੱਖ ਕਰੋੜ ਰੁਪਏ) ਦਾ ਝਟਕਾ ਲੱਗਾ ਹੈ। ਚੀਨ ਸਰਕਾਰ ਦੇ ਇਸ ਕਦਮ ਕਾਰਨ ਕੰਪਨੀ ਦੇ ਸ਼ੇਅਰ ਡਿੱਗ ਗਏ ਹਨ। ਦਰਅਸਲ, ਚੀਨ ਦੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਕੰਮ ਦੌਰਾਨ ਆਈਫੋਨ ਜਾਂ ਹੋਰ ਵਿਦੇਸ਼ੀ ਬ੍ਰਾਂਡ ਡਿਵਾਈਸਾਂ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਫ਼ੈਸਲੇ ਤੋਂ ਬਾਅਦ ਨਿਊਯਾਰਕ ਸਟਾਕ ਐਕਸਚੇਂਜ 'ਤੇ ਬੁੱਧਵਾਰ ਨੂੰ ਐਪਲ ਦਾ ਸਟਾਕ ਚਾਰ ਫ਼ੀਸਦੀ ਅਤੇ ਵੀਰਵਾਰ ਨੂੰ 3 ਫ਼ੀਸਦੀ ਤੋਂ ਜ਼ਿਆਦਾ ਡਿੱਗ ਗਿਆ। ਇਹ 4 ਅਗਸਤ ਤੋਂ ਬਾਅਦ ਇੱਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਹੈ।

ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ

ਐਪਲ ਦੇ ਲਈ ਚੀਨ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ ਅਤੇ ਕੰਪਨੀ ਆਪਣੇ ਜ਼ਿਆਦਾਤਰ ਆਈਫੋਨ ਉੱਥੇ ਹੀ ਬਣਾਉਂਦੀ ਹੈ। ਇਹੀ ਕਾਰਨ ਹੈ ਕਿ ਕੰਪਨੀ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਵੇਸ਼ਕਾਂ ਨੂੰ ਡਰ ਹੈ ਕਿ ਆਉਣ ਵਾਲੇ ਦਿਨਾਂ 'ਚ ਚੀਨ 'ਚ ਕਾਰੋਬਾਰ ਕਰਨਾ ਐਪਲ ਲਈ ਮਹਿੰਗਾ ਸਾਬਤ ਹੋ ਸਕਦਾ ਹੈ। ਡਾਓ ਜੋਨਸ ਇੰਡਸਟਰੀਅਲ ਔਸਤ 'ਚ ਐਪਲ ਦਾ ਸ਼ੇਅਰ ਇਸ ਸਮੇਂ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਾ ਸ਼ੇਅਰ ਹੈ। ਪਿਛਲੇ ਸਾਲ ਕੰਪਨੀ ਦੇ ਕੁੱਲ ਮਾਲੀਏ ਦਾ ਲਗਭਗ 20 ਫ਼ੀਸਦੀ ਹਿੱਸਾ ਚੀਨ ਦਾ ਸੀ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਖੰਡ ਦੀਆਂ ਕੀਮਤਾਂ 'ਚ ਹੋਇਆ ਵਾਧਾ, 6 ਸਾਲਾਂ ਦੇ ਉੱਚੇ ਪੱਧਰ 'ਤੇ ਪੁੱਜੇ ਭਾਅ

ਐਪਲ ਇਸ ਗੱਲ ਦਾ ਖ਼ੁਲਾਸਾ ਨਹੀਂ ਕਰਦਾ ਕਿ ਕਿਹੜੇ ਦੇਸ਼ 'ਚ ਉਸ ਦੀ ਕਿੰਨੀ ਵਿਕਰੀ ਹੈ ਪਰ ਮਾਹਰਾਂ ਦਾ ਕਹਿਣਾ ਹੈ ਕਿ ਪਿਛਲੀ ਤਿਮਾਹੀ ਵਿੱਚ ਉਸ ਨੇ ਅਮਰੀਕਾ ਦੇ ਮੁਕਾਬਲੇ ਚੀਨ ਵਿੱਚ ਜ਼ਿਆਦਾ ਆਈਫੋਨ ਵੇਚੇ ਹਨ। ਬੈਂਕ ਆਫ ਅਮਰੀਕਾ ਦੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੀਨ 'ਚ ਆਈਫੋਨ 'ਤੇ ਅਜਿਹੇ ਸਮੇਂ ਪਾਬੰਦੀ ਲਗਾਈ ਗਈ ਹੈ, ਜਦੋਂ ਚੀਨੀ ਕੰਪਨੀ ਹੁਆਵੇਈ ਨੇ ਇਕ ਨਵਾਂ ਮਹਿੰਗਾ ਸਮਾਰਟਫੋਨ ਲਾਂਚ ਕੀਤਾ ਹੈ। ਅਮਰੀਕੀ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਸ ਫੋਨ ਦੀ ਜਾਂਚ ਕਰ ਰਹੀ ਹੈ। ਇਸ ਖ਼ਬਰ ਤੋਂ ਬਾਅਦ ਵੀਰਵਾਰ ਨੂੰ ਟੈਕ ਅਤੇ ਸੈਮੀਕੰਡਕਟਰ ਕੰਪਨੀਆਂ ਦੇ ਸ਼ੇਅਰ ਡਿੱਗ ਗਏ। ਇਸ ਗਿਰਾਵਟ ਦੇ ਬਾਵਜੂਦ ਐਪਲ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਬਣੀ ਹੋਈ ਹੈ। ਇਸ ਦੀ ਮਾਰਕੀਟ ਕੈਪ 2.776 ਟ੍ਰਿਲੀਅਨ ਡਾਲਰ ਬਣੀ ਹੋਈ ਹੈ।

ਇਹ ਵੀ ਪੜ੍ਹੋ : ਇੰਡੀਗੋ ਦੇ ਯਾਤਰੀਆਂ ਲਈ ਵੱਡੀ ਖ਼ਬਰ: ਦਿੱਲੀ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਜਾਣੋ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News