ਰੇਲਵੇ ਦੀ ਮਾਲ ਢੁਆਈ ’ਚ ਪਿਛਲੇ ਵਿੱਤੀ ਵਰ੍ਹੇ ਦੇ ਮੁਕਾਬਲੇ ਮਾਲੀਏ ਵਿਚ 64 ਫ਼ੀਸਦੀ ਦਾ ਵਾਧਾ
Thursday, Nov 05, 2026 - 10:46 PM (IST)
ਜਲੰਧਰ (ਪੁਨੀਤ) - ਫਿਰੋਜ਼ਪੁਰ ਰੇਲ ਡਵੀਜ਼ਨ ਨੇ ਅਕਤੂਬਰ 2026 ਵਿਚ ਮਾਲ ਢੁਆਈ ਤੋਂ 140 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਇਕੱਠਾ ਕੀਤਾ ਹੈ। ਇਹ ਰੇਲਵੇ ਹੈੱਡਕੁਆਰਟਰ ਵੱਲੋਂ ਤੈਅ ਕੀਤੇ ਟੀਚੇ ਤੋਂ 104 ਫ਼ੀਸਦੀ ਵੱਧ ਰਿਹਾ, ਜਦਕਿ ਪਿਛਲੇ ਵਿੱਤੀ ਵਰ੍ਹੇ ਦੇ ਅਕਤੂਬਰ ਮਹੀਨੇ ਦੀ ਤੁਲਨਾ ਵਿਚ ਮਾਲੀਏ ਵਿਚ 64 ਫ਼ੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ। ਚਾਲੂ ਵਿੱਤੀ ਵਰ੍ਹੇ 2026-27 ਵਿਚ ਅਪ੍ਰੈਲ ਤੋਂ ਅਕਤੂਬਰ ਤੱਕ ਡਵੀਜ਼ਨ ਦਾ ਮਾਲ ਆਮਦਨ ਵਿਚ ਅਨਾਜ ਦਾ ਸਭ ਤੋਂ ਵੱਧ ਯੋਗਦਾਨ ਰਿਹਾ। ਅਨਾਜ ਦੀ ਲੋਡਿੰਗ ਤੋਂ ਡਵੀਜ਼ਨ ਨੂੰ 87.86 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ, ਜਦਕਿ ਪੀ. ਐੱਫ. ਜੀ. ਲੋਡਿੰਗ ਤੋਂ 38 ਕਰੋੜ ਰੁਪਏ ਦੀ ਆਮਦਨ ਹੋਈ। ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਅਨਾਜ ਦੀ ਲੋਡਿੰਗ ਵਿਚ 34 ਫ਼ੀਸਦੀ ਅਤੇ ਪੀ. ਐੱਫ. ਜੀ. ਲੋਡਿੰਗ ਵਿਚ 100 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਮਾਲ ਢੁਆਈ ਤੋਂ ਆਮਦਨ ਵਧਾਉਣ ਲਈ ਡਵੀਜ਼ਨ ਵੱਲੋਂ ਈ-ਨੀਲਾਮੀ ਰਾਹੀਂ ਐੱਸ. ਐੱਲ. ਆਰ. ਦੀ ਲੀਜ਼ਿੰਗ ਅਤੇ ਮਾਲ ਗੋਦਾਮਾਂ ਵਿਚ ਡਿਜੀਟਲ ਵੀਡੀਓ ਵਾਲ ਇਸ਼ਤਿਹਾਰਬਾਜ਼ੀ ਵਰਗੀਆਂ ਸਰਗਰਮੀਆਂ ਵੀ ਸ਼ੁਰੂ ਕੀਤੀਆਂ ਗਈਆਂ। ਇਨ੍ਹਾਂ ਤੋਂ 8.741 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਅਕਤੂਬਰ ਮਹੀਨੇ ਵਿਚ ਬੰਗਲਾਦੇਸ਼ ਨੂੰ ਆਰ. ਸੀ. ਐੱਫ. ਕੋਚਾਂ ਦੀ ਬਰਾਮਦ (ਐਕਸਪੋਰਟ) ਅਤੇ ਲੁਧਿਆਣਾ ਤੋਂ ਹੌਜ਼ਰੀ ਦੇ ਸਾਮਾਨ ਦੀ ਢੁਆਈ ਵੀ ਡਵੀਜ਼ਨ ਦੀਆਂ ਮਾਲ ਢੁਆਈ ਸਰਗਰਮੀਆਂ ਵਿਚ ਸ਼ਾਮਲ ਰਹੀ। ਇਸ ਤੋਂ ਇਲਾਵਾ ਜਲਦੀ ਖ਼ਰਾਬ ਹੋਣ ਵਾਲੀਆਂ ਵਸਤੂਆਂ ਦੀ ਰਿਕਾਰਡ ਲੋਡਿੰਗ ਅਤੇ ਸਾਹਨੇਵਾਲ ਤੋਂ ਮੁੰਡੀਆਮਪੱਕਮ ਤੱਕ ਪੀ. ਸੀ. ਈ. ਟੀ. ਸੇਵਾ ਸ਼ੁਰੂ ਕੀਤੀ ਗਈ।
