ਸ਼ੇਅਰਚੈਟ ’ਚੋਂ ਕੱਢੇ ਗਏ 600 ਕਰਮਚਾਰੀ, ਛਾਂਟੀ ਕਰਨ ਵਾਲੀਆਂ ਕੰਪਨੀਆਂ ’ਚ ਇਕ ਭਾਰਤੀ ਨਾਂ ਸ਼ਾਮਲ
Tuesday, Jan 17, 2023 - 10:46 AM (IST)
ਨਵੀਂ ਦਿੱਲੀ–ਦੇਸ਼ ਦੇ ਸੋਸ਼ਲ ਮੀਡੀਆ ਪਲੇਟਫਾਰਮ ਸ਼ੇਅਰਚੈਟ ਨੇ ਇਕ ਵਾਰ ਮੁੜ ਛਾਂਟੀ ਕੀਤੀ ਹੈ। ਇਸ ਵਾਰ ਸ਼ੇਅਰਚੈਟ ਨੇ 600 ਕਰਮਚਾਰੀਆਂ ਨੂੰ ਕੱਢਿਆ ਹੈ। ਇਸ ਤੋਂ ਪਹਿਲਾਂ ਵੀ ਕੰਪਨੀ ਨੇ ਆਪਣੇ ਫੈਂਟੇਸੀ ਗੇਮਿੰਗ ਪਲੇਟਫਾਰਮ ਜੀਤ11 ਨੂੰ ਬੰਦ ਕਰ ਦਿੱਤਾ ਸੀ, ਉਸ ਸਮੇਂ 5 ਫੀਸਦੀ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਸੀ। ਜੀਤ11 ਨੂੰ ਬੰਦ ਕਰ ਕੇ ਕੰਪਨੀ ਨੇ 100 ਲੋਕਾਂ ਨੂੰ ਨੌਕਰੀ ਤੋਂ ਕੱਢਿਆ ਸੀ। ਰਿਪੋਰਟਸ ਦੀ ਮੰਨੀਏ ਤਾਂ ਇਸ ਛਾਂਟੀ ਨੂੰ ਲੈ ਕੇ ਕੰਪਨੀ ਦਾ ਕਹਿਣਾ ਹੈ ਕਿ ਇਸ ਵਾਰ ਕੰਪਨੀ ਤੋਂ ਨਾਨ-ਪ੍ਰਫਾਰਮਰ ਇੰਪਲਾਈ ਨੂੰ ਕੱਢਣ ਦਾ ਐਲਾਨ ਕੀਤਾ ਗਿਆ ਹੈ।
ਸ਼ੇਅਰਚੈਟ ਅਤੇ ਮੌਜ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਪੇਰੈਂਟ ਕੰਪਨੀ ਮੁਹੱਲਾ ਟੈੱਕ ਪ੍ਰਾਈਵੇਟ ਲਿਮਟਿਡ ਨੇ ਆਪਣੇ ਕਰਮਚਾਰੀਆਂ ’ਚੋਂ 20 ਫੀਸਦੀ ਦੀ ਕਟੌਤੀ ਕੀਤੀ ਹੈ। ਇਹ ਛਾਂਟੀ ਕੰਪਨੀ ਦੇ ਕਿਸ ਵਿਭਾਗ ’ਚੋਂ ਕੀਤੀ ਗਈ ਹੈ, ਇਸ ਨੂੰ ਲੈ ਕੇ ਹਾਲੇ ਸਥਿਤੀ ਸਪੱਸ਼ਟ ਨਹੀਂ ਹੈ।
ਛਾਂਟੀ ਨੂੰ ਲੈ ਕੇ ਸ਼ੇਅਰਚੈਟ ਦੇ ਬੁਲਾਰੇ ਨੇ ਇਕ ਬਿਆਨ ’ਚ ਕਿਹਾ ਕਿ ਸਾਨੂੰ ਇਕ ਕੰਪਨੀ ਦੇ ਤੌਰ ’ਤੇ ਆਪਣੇ ਇਤਿਹਾਸ ਦੇ ਕੁੱਝ ਸਭ ਤੋਂ ਔਖੇ ਅਤੇ ਦਰਦਨਾਕ ਫੈਸਲੇ ਲੈਣੇ ਪਏ ਹਨ ਅਤ ਆਪਣੇ ਅਵਿਸ਼ਵਾਸਯੋਗ ਟੈਲੇਂਟੇਡ ਕਰਮਚਾਰੀਆਂ ’ਚੋਂ ਲਗਭਗ 20 ਫੀਸਦੀ ਨੂੰ ਜਾਣ ਦੇਣਾ ਪਿਆ ਹੈ, ਜੋ ਇਸ ਸਟਾਰਟਅਪ ਯਾਤਰਾ ’ਚ ਸਾਡੇ ਨਾਲ ਰਹੇ। ਉਨ੍ਹਾਂ ਨੇ ਕਿਹਾ ਕਿ ਇਸ ਛਾਂਟੀ ਦਾ ਫੈਸਲਾ ਕੰਪਨੀ ਦੇ ਕਈ ਪਹਿਲੂਆਂ ਨੂੰ ਸੋਚ-ਸਮਝ ਕੇ ਲਿਆ ਹੈ।
ਕਰਮਚਾਰੀਆਂ ਨੂੰ ਮਿਲੇਗਾ ਪੂਰਾ ਭੁਗਤਾਨ
ਕੰਪਨੀ ਲਾਈਵ ਸਟ੍ਰੀਮਿੰਗ ਅਤੇ ਵਿਗਿਆਪਨ ਰਾਹੀਂ ਦੁੱਗਣੀ ਕਮਾਈ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਉੱਥੇ ਹੀ ਇਸ ਕੰਪਨੀ ’ਚ ਜਿਨ੍ਹਾਂ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਹੈ, ਉਨ੍ਹਾਂ ਦੇ ਨੋਟਿਸ ਪੀਰੀਅਡ ਦੀ ਪੂਰੀ ਸੈਲਰੀ, ਕੰਪਨੀ ਨਾਲ ਜੁੜੇ ਹਰ ਸਾਲ ਲਈ ਦੋ ਹਫਤੇ ਦੀ ਸੈਲਰੀ ਅਤੇ ਦਸੰਬਰ 2022 ਤੱਕ ਦੇ ਵੇਰੀਏਬਲ ਪੇਅ ਦਾ ਪੂਰਾ ਭੁਗਤਾਨ ਕਰੇਗੀ। ਇਸ ਤੋਂ ਇਲਾਵਾ ਕੱਢੇ ਗਏ ਕਰਮਚਾਰੀਆਂ ਦੀਆਂ ਬਾਕੀ ਬਚੀਆਂ ਛੁੱਟੀਆਂ ਦੇ ਬਦਲੇ 45 ਦਿਨ ਤੱਕ ਦੀ ਸੈਲਰੀ ਦੀ ਵੀ ਪੇਮੈਂਟ ਕੀਤੀ ਜਾਵੇਗੀ।
ਦੱਸ ਦਈਏ ਕਿ ਸ਼ੇਅਰਚੈਟ ਇੰਡੀਆ ਭਾਰਤ ਦੇ ਲੋਕਪ੍ਰਿਯ ਘਰੇਲੂ ਸੋਸ਼ਲ ਮੀਡੀਆ ਪਲੇਟਫਾਰਮ ’ਚੋਂ ਇਕ ਹੈ। ਭਾਰਤ ’ਚ ਇਸ ਦੇ ਮਹੀਨੇ ’ਚ ਐਕਟਿਵ ਯੂਜ਼ਰਸ ਦੀ ਗਿਣਤੀ 40 ਕਰੋੜ ਹੈ। ਸਾਲ 2015 ’ਚ ਅੰਕੁਸ਼ ਸਚਦੇਵਾ, ਭਾਨੂ ਪ੍ਰਤਾਪ ਸਿੰਘ ਅਤੇ ਫਰੀਦ ਅਹਿਸਾਨ ਨੇ ਮਿਲ ਕੇ ਸ਼ੇਅਰਚੈਟ ਦੀ ਸ਼ੁਰੂਆਤ ਕੀਤੀ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।