IDBI ਬੈਂਕ ’ਚ 60.72 ਫੀਸਦੀ ਹਿੱਸੇਦਾਰੀ ਦੀ ਹੋਵੇਗੀ ਵਿਕਰੀ, ਸਰਕਾਰ ਨੇ ਮੰਗੀਆਂ ਬੋਲੀਆਂ

Saturday, Oct 08, 2022 - 10:56 AM (IST)

ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੇ ਜਨਤਕ ਖੇਤਰ ਦੇ ਆਈ. ਡੀ. ਬੀ. ਆਈ. ਬੈਂਕ ’ਚ ਕੁੱਲ 60.72 ਫੀਸਦੀ ਹਿੱਸੇਦਾਰੀ ਵੇਚ ਕੇ ਬੈਂਕ ਦਾ ਨਿੱਜੀਕਰਨ ਕਰਨ ਲਈ ਸੰਭਾਵਿਤ ਨਿਵੇਸ਼ਕਾਂ ਤੋਂ ਬੋਲੀਆਂ ਮੰਗੀਆਂ ਹਨ। ਬੋਲੀਆਂ ਜਮ੍ਹਾ ਕਰਨ ਜਾਂ ਰੁਚੀ ਪੱਤਰ (ਈ. ਓ. ਆਈ.) ਜਮ੍ਹਾ ਕਰਨ ਦੀ ਆਖਰੀ ਮਿਤੀ 16 ਦਸੰਬਰ ਤੈਅ ਕੀਤੀ ਗਈ ਹੈ। ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਕੋਲ ਮੌਜੂਦਾ ਸਮੇਂ ’ਚ ਆਈ. ਡੀ. ਬੀ. ਆਈ. ਬੈਂਕ ’ਚ 529.41 ਕਰੋੜ ਸ਼ੇਅਰਾਂ ਨਾਲ 45.48 ਫੀਸਦੀ ਹਿੱਸੇਦਾਰੀ ਹੈ।

ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ (ਦੀਪਮ) ਨੇ ਬੋਲੀਆਂ ਦੀ ਮੰਗ ਕਰਦੇ ਹੋਏ ਕਿਹਾ ਕਿ ਇਸ ਪ੍ਰਕਿਰਿਆ ’ਚ ਸਰਕਾਰ ਦੀ 30.48 ਫੀਸਦੀ ਅਤੇ ਐੱਲ. ਆਈ. ਸੀ. ਦੀ 30.24 ਫੀਸਦੀ ਹਿੱਸੇਦਾਰੀ ਨੂੰ ਵੇਚਿਆ ਜਾਵੇਗਾ। ਦੀਪਮ ਨੇ ਕਿਹਾ ਕਿ ਦੋਹਾਂ ਦੀ ਹਿੱਸੇਦਾਰੀ ਮਿਲ ਕੇ ਆਈ. ਡੀ. ਬੀ. ਆਈ. ਬੈਂਕ ਦੀ ਇਕਵਿਟੀ ਸ਼ੇਅਰ ਪੂੰਜੀ ਦਾ 60.72 ਫੀਸਦੀ ਹੈ। ਇਸ ਦੇ ਨਾਲ ਹੀ ਆਈ. ਡੀ. ਬੀ. ਆਈ. ਬੈਂਕ ’ਚ ਕੰਟਰੋਲ ਹਿੱਸੇਦਾਰੀ ਵੀ ਸੰਭਾਵਿਤ ਖਰੀਦਦਾਰ ਨੂੰ ਟ੍ਰਾਂਸਫਰ ਹੋ ਜਾਏਗੀ। ਆਈ. ਡੀ. ਬੀ. ਆਈ. ਬੈਂਕ ਦਾ ਸ਼ੇਅਰ ਬੀ. ਐੱਸ. ਈ. ਸੈਂਸੈਕਸ ’ਤੇ ਪਿਛਲੇ ਬੰਦ ਦੇ ਮੁਕਾਬਲੇ 0.71 ਫੀਸਦੀ ਦੀ ਬੜ੍ਹਤ ਨਾਲ 42.70 ਰੁਪਏ ’ਤੇ ਬੰਦ ਹੋਇਆ। ਮੌਜੂਦਾ ਬਾਜ਼ਾਰ ਮੁੱਲ ’ਤੇ ਇਸ ਬੈਂਕ ’ਚ 60.72 ਫੀਸਦੀ ਹਿੱਸੇਦਾਰੀ ਦਾ ਮੁੱਲ 27,800 ਕਰੋੜ ਰੁਪਏ ਤੋਂ ਵੱਧ ਬਣਦਾ ਹੈ।


Harinder Kaur

Content Editor

Related News