ਦੁਨੀਆ ’ਚ ਸਭ ਤੋਂ ਤੇਜ਼ੀ ਨਾਲ 5-ਜੀ ਦੀ ਸ਼ੁਰੂਆਤ ਭਾਰਤ ’ਚ ਹੋਵੇਗੀ : ਅਮਿਤ ਮਾਰਵਾਹ

11/27/2022 11:09:59 AM

ਨਵੀਂ ਦਿੱਲੀ (ਭਾਸ਼ਾ) - ਮੋਬਾਇਲ ਨਿਰਮਾਤਾ ਕੰਪਨੀ ਨੋਕੀਆ ਇੰਡੀਆ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਦੁਨੀਆ ’ਚ 5-ਜੀ ਦੀ ਸਭ ਤੋਂ ਤੇਜ਼ੀ ਨਾਲ ਸ਼ੁਰੂਆਤ ਭਾਰਤ ’ਚ ਹੋਵੇਗੀ ਅਤੇ ਸਰਕਾਰ ਦੇ ਸਮਰਥਨ ਨਾਲ ਅਗਲੀ ਪੀੜ੍ਹੀ ਦੀਆਂ ਦੂਰਸੰਚਾਰ ਸੇਵਾਵਾਂ ਦੀ ਇਹ ਸਭ ਤੋਂ ਵੱਡੀ ਸਫਲਤਾ ਵੀ ਹੋਵੇਗੀ। ‘ਫਾਰੇਨ ਕਾਰੈਸਪਾਂਡੈਂਟ ਕਲੱਬ’ ਵੱਲੋਂ ਆਯੋਜਿਤ ਇਕ ਪ੍ਰੋਗਰਾਮ ’ਚ ਨੋਕੀਆ ਇੰਡੀਆ ਦੇ ਮਾਰਕੀਟਿੰਗ ਅਤੇ ਕਾਰਪੋਰੇਟ ਮਾਮਲਿਆਂ ਦੇ ਮੁਖੀ ਅਮਿਤ ਮਾਰਵਾਹ ਨੇ ਚੀਨ ਦਾ ਨਾਂ ਲਏ ਬਿਨਾਂ ਕਿਹਾ ਕਿ ਦੂਰਸੰਚਾਰ ਖੇਤਰ ’ਚ ਗੁਆਂਢੀ ਦੇਸ਼ਾਂ ਦੇ ‘ਉਪਕਰਨਾਂ ਦੀ ਘੁਪਪੈਠ’ ਚਿੰਤਾ ਦਾ ਵਿਸ਼ਾ ਹੈ। ਮਾਰਵਾਹ ਨੇ ਕਿਹਾ, “ਸਾਡੇ ਕੋਲ 5-ਜੀ ਲਈ ਵਾਤਾਵਰਣ ਤਿਆਰ ਹੈ। ਭਾਰਤ ’ਚ 10 ਫੀਸਦੀ ਸਮਾਰਟਫ਼ੋਨ 5-ਜੀ ਦੇ ਅਨੁਕੂਲ ਹਨ। 5-ਜੀ ਦੀ ਸਭ ਤੋਂ ਤੇਜ਼ ਰਫਤਾਰ ਨਾਲ ਸ਼ੁਰੂਆਤ ਭਾਰਤ ’ਚ ਹੋਵੇਗੀ ਅਤੇ ਇਹ 4-ਜੀ ਦੀ ਸ਼ੁਰੂਆਤ ਦੇ ਮੁਕਾਬਲੇ ਘੱਟ ਤੋਂ ਘੱਟ ਤਿੰਨ ਗੁਣਾ ਤੇਜ਼ੀ ਨਾਲ ਹੋਵੇਗੀ।’’ ਅਗਲੇ ਕੁਝ ਸਾਲਾਂ ’ਚ ਪੂਰੇ ਦੇਸ਼ ’ਚ 5-ਜੀ ਸੇਵਾ ਸ਼ੁਰੂ ਹੋ ਜਾਵੇਗੀ। ਦੂਰਸੰਚਾਰ ਸੇਵਾਦਾਤਾ ਕੰਪਨੀ ਜੀਓ ਨੇ ਦਸੰਬਰ 2023 ਅਤੇ ਭਾਰਤੀ ਏਅਰਟੈੱਲ ਨੇ ਮਾਰਚ 2024 ਦੀ ਸਮਾਂ ਹੱਦ ਤੈਅ ਕੀਤੀ ਹੈ।

ਇੱਕੋ-ਇਕ ਚੁਣੌਤੀ ਸੈਮੀਕੰਡਕਟਰਾਂ ਦੀ ਉਪਲਬਧਤਾ

ਮਾਰਵਾਹ ਨੇ ਕਿਹਾ ਕਿ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀ. ਐੱਲ. ਆਈ.) ਦੇ ਕਾਰਨ ਦੇਸ਼ ’ਚ ਦੂਰਸੰਚਾਰ ਨਿਰਮਾਣ ਨੂੰ ਵੀ ਹੁਲਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ’ਚ ਅਤੇ ਖਾਸ ਕਰ ਕੇ ਦੂਰਸੰਚਾਰ ’ਚ ਵਿਨਿਰਮਾਣ ਬਹੁਤ ਸਕਾਰਾਤਮਕ ਢੰਗ ਨਾਲ ਹੋ ਰਿਹਾ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਸ ਸਮੇਂ ਇੱਕੋ-ਇਕ ਚੁਣੌਤੀ ਸੈਮੀਕੰਡਕਟਰਾਂ ਦੀ ਉਪਲਬਧਤਾ ਦੀ ਹੈ। ਮਾਰਵਾਹ ਨੇ ਕਿਹਾ, “ਅਸੀਂ ਜੋ ਵੀ ਵਿਨਿਰਮਾਣ ਕਰਦੇ ਹਾਂ, ਉਸ ’ਚੋਂ 60-80 ਫੀਸਦੀ ਵਸਤਾਂ ’ਚ ਸੈਮੀਕੰਡਕਟਰਾਂ ਦੀ ਲੋੜ ਹੁੰਦੀ ਹੈ। ਇਸ ਖੇਤਰ ’ਚ ਸਾਨੂੰ ਅਜੇ ਕੰਮ ਕਰਨ ਦੀ ਲੋੜ ਹੈ। ਦੂਰਸੰਚਾਰ ਖੇਤਰ ’ਚ ਅਜੇ ਵੀ ਗੁਆਂਢੀ ਦੇਸ਼ਾਂ ਤੋਂ ਇਕ ਤਰ੍ਹਾਂ ਦੇ ਉਪਕਰਨਾਂ ਦੀ ਘੁਸਪੈਠ ਹੋ ਰਹੀ ਹੈ, ਇਸ ਲਈ ਸਾਨੂੰ ਹੋਰ ਚੌਕਸ ਰਹਿਣ ਦੀ ਲੋੜ ਹੈ।’’


Harinder Kaur

Content Editor

Related News