ਯਾਤਰੀ ਵਾਹਨ ਦੀ ਪ੍ਰਚੂਨ ਵਿਕਰੀ ’ਚ ਅਗਸਤ ’ਚ 5 ਫੀਸਦੀ ਦੀ ਗਿਰਾਵਟ
Friday, Sep 06, 2024 - 10:02 AM (IST)
ਨਵੀਂ ਦਿੱਲੀ (ਭਾਸ਼ਾ) - ਗਾਹਕ ਖਰੀਦ ’ਚ ਦੇਰੀ, ਖਰਾਬ ਖਪਤਕਾਰ ਧਾਰਨਾ ਅਤੇ ਲਗਾਤਾਰ ਭਾਰੀ ਬਾਰਿਸ਼ ਕਾਰਨ ਭਾਰਤ ’ਚ ਯਾਤਰੀ ਵਾਹਨ ਦੀ ਪ੍ਰਚੂਨ ਵਿਕਰੀ ’ਚ ਅਗਸਤ ’ਚ ਸਾਲਾਨਾ ਆਧਾਰ ’ਤੇ 5 ਫੀਸਦੀ ਦੀ ਗਿਰਾਵਟ ਆਈ ਹੈ। ਉਦਯੋਗ ਸੰਗਠਨ ਫਾਡਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਗਸਤ ’ਚ ਕੁਲ 3,09,053 ਯਾਤਰੀ ਵਾਹਨ (ਪੀ ਵੀ) ਦੀ ਰਜਿਸਟ੍ਰੇਸ਼ਨ ਹੋਈ, ਜਦੋਂਕਿ ਅਗਸਤ 2023 ’ਚ ਇਹ ਅੰਕੜਾ 3,23,720 ਸੀ।
ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਸ ਐਸੋਸੀਏਸ਼ਨ (ਫਾਡਾ) ਦੇ ਪ੍ਰਧਾਨ ਮਨੀਸ਼ ਰਾਜ ਸਿੰਘਾਨੀਆ ਨੇ ਬਿਆਨ ’ਚ ਕਿਹਾ,‘‘ਤਿਉਹਾਰੀ ਮੌਸਮ ਦੇ ਬਾਵਜੂਦ ਬਾਜ਼ਾਰ ਦਾ ਕਾਫੀ ਦਬਾਅ ਬਣਿਆ ਹੋਇਆ ਹੈ। ਵਾਹਨ ਹੁਣ 70-75 ਦਿਨਾਂ ਤਕ ਗੋਦਾਮ ’ਚ ਰੱਖੇ ਰਹਿੰਦੇ ਹਨ ਅਤੇ ‘ਇਨਵੈਂਟਰੀ’ ਕੁਲ 7.8 ਲੱਖ ਵਾਹਨਾਂ ਦੀ ਹੈ, ਜਿਸ ਦਾ ਮੁੱਲ 77,800 ਕਰੋੜ ਰੁਪਏ ਹੈ।’’
ਉਨ੍ਹਾਂ ਕਿਹਾ ਕਿ ਸਥਿਤੀ ’ਤੇ ਪ੍ਰਤੀਕਿਰਿਆ ਦੇਣ ਦੀ ਬਜਾਏ ਪੀ. ਵੀ. ਮੂਲ ਉਪਕਰਣ ਨਿਰਮਾਤਾ (ਓ. ਈ. ਐੱਮ.) ਮਹੀਨਾਵਾਰ ਆਧਾਰ ’ਤੇ ਡੀਲਰ ਨੂੰ ਭੇਜੇ ਜਾਣ ਵਾਲੇ ਸਾਮਾਨ ਦੀ ਗਿਣਤੀ ’ਚ ਵਾਧਾ ਕਰ ਰਹੇ ਹਾਂ, ਜਿਸ ਨਾਲ ਸਮੱਸਿਆ ਹੋਰ ਵੀ ਗੰਭੀਰ ਹੋ ਰਹੀ ਹੈ। ਸਿੰਘਾਨੀਆ ਨੇ ਕਿਹਾ,‘‘ਫਾਡਾ ਸਾਰੇ ਬੈਂਕਾਂ ਅਤੇ ਐੱਨ. ਬੀ. ਐੱਫ. ਸੀ. ਨੂੰ ਤੁਰੰਤ ਦਖਲ ਦੇਣ ਅਤੇ ਬਹੁਤ ਜ਼ਿਆਦਾ ‘ਸਟਾਕ’ ਰੱਖਣ ਵਾਲੇ ਡੀਲਰਾਂ ਨੂੰ ਦਿੱਤੇ ਜਾਣ ਵਾਲੀ ਫੰਡਿੰਗ ਨੂੰ ਕੰਟਰੋਲ ਕਰਨ ਦੀ ਅਪੀਲ ਕਰਦਾ ਹੈ।’’ ਉਨ੍ਹਾਂ ਕਿਹਾ ਕਿ ਇਨ੍ਹਾਂ ਡੀਲਰਾਂ ਨੂੰ ਵੀ ਆਪਣੀ ਵਿੱਤੀ ਸਥਿਤੀ ਦੀ ਰੱਖਿਆ ਲਈ ਜ਼ਿਆਦਾ ‘ਸਟਾਕ’ ਰੱਖਣਾ ਬੰਦ ਕਰਨ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।