2019 ਤੋਂ ਹੁਣ ਤੱਕ 36 ਲੱਖ ਕਿਸਾਨਾਂ ਨੂੰ ਨਹੀਂ ਮਿਲਿਆ ਫਸਲ ਬੀਮੇ ਦਾ ਲਾਭ
Tuesday, Jul 16, 2024 - 05:12 PM (IST)
ਭੋਪਾਲ - ਮੱਧ ਪ੍ਰਦੇਸ਼ ਦੇ ਲਗਭਗ 36 ਲੱਖ ਕਿਸਾਨ ਬਾਗਬਾਨੀ ਫਸਲਾਂ ਜ਼ਰੀਏ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਨ। ਬਦਲਦੇ ਮੌਸਮ ਦਾ ਸਭ ਤੋਂ ਵੱਧ ਅਸਰ ਇਨ੍ਹਾਂ ਫ਼ਸਲਾਂ 'ਤੇ ਹੀ ਪੈਂਦਾ ਹੈ। ਇਸ ਦੇ ਬਾਵਜੂਦ ਬਾਗਬਾਨੀ ਫਸਲਾਂ ਉਗਾਉਣ ਵਾਲੇ ਕਿਸਾਨਾਂ ਨੂੰ ਸਾਲ 2019-20 ਤੋਂ ਮੌਸਮ ਆਧਾਰਿਤ ਫਸਲ ਬੀਮੇ ਦਾ ਲਾਭ ਨਹੀਂ ਮਿਲਿਆ ਹੈ। ਸਾਰਾ ਨੁਕਸਾਨ ਕਿਸਾਨ ਖੁਦ ਝੱਲ ਰਹੇ ਹਨ। ਇਸ ਕਾਰਨ ਇਨ੍ਹਾਂ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਸਹਿਣਾ ਪੈ ਰਿਹਾ ਹੈ। ਆਰਥਿਕ ਪੱਖੋਂ ਕਮਜ਼ੋਰ ਕਿਸਾਨ ਬਾਗਬਾਨੀ ਦੀਆਂ ਫਸਲਾਂ ਤੋਂ ਪਰਹੇਜ਼ ਕਰ ਰਹੇ ਹਨ। ਨਤੀਜੇ ਵਜੋਂ ਬਾਗਬਾਨੀ ਦਾ ਰਕਬਾ ਘਟ ਸਕਦਾ ਹੈ।
ਸਰਕਾਰ ਅਜੇ ਇਹ ਦੱਸਣ ਦੀ ਸਥਿਤੀ ਵਿੱਚ ਨਹੀਂ ਹੈ ਕਿ ਇਨ੍ਹਾਂ ਕਿਸਾਨਾਂ ਨੂੰ ਫ਼ਸਲੀ ਬੀਮੇ ਦਾ ਲਾਭ ਕਦੋਂ ਮਿਲੇਗਾ। ਹਾਲ ਹੀ 'ਚ ਵਿਧਾਇਕ ਅਰਚਨਾ ਚਿਟਨਿਸ ਨੇ ਵਿਧਾਨ ਸਭਾ 'ਚ ਇਸ ਸਬੰਧ 'ਚ ਸਵਾਲ ਉਠਾਇਆ ਸੀ। ਇਸਦੇ ਜਵਾਬ ਵਿੱਚ, ਬਾਗਬਾਨੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਨਰਾਇਣ ਸਿੰਘ ਕੁਸ਼ਵਾਹਾ ਨੇ ਕਿਹਾ, ਸਾਉਣੀ ਸਾਲ 2020 ਤੋਂ ਹਾੜੀ 2022-23 ਤੱਕ ਬਾਗਬਾਨੀ ਫਸਲਾਂ ਲਈ 6 ਟੈਂਡਰ ਕੀਤੇ ਗਏ ਸਨ। ਪਰ ਉੱਚ ਦਰਾਂ ਕਾਰਨ ਇਹ ਸਕੀਮ ਲਾਗੂ ਨਹੀਂ ਹੋ ਸਕੀ। ਹਾੜੀ 2022-23 ਤੋਂ 2023-24 ਲਈ ਟੈਂਡਰ ਮੰਗੇ ਗਏ ਸਨ ਪਰ ਸਿਰਫ਼ ਇੱਕ ਟੈਂਡਰ ਪ੍ਰਾਪਤ ਹੋਣ ਕਾਰਨ ਇਸ ਨੂੰ ਖੋਲ੍ਹਿਆ ਨਹੀਂ ਗਿਆ ਸੀ।
2.88 ਲੱਖ ਕਿਸਾਨਾਂ ਨੇ ਲਿਆ ਸੀ ਲਾਭ
ਬਾਗਬਾਨੀ ਵਿਭਾਗ ਦੀ ਜਾਣਕਾਰੀ ਅਨੁਸਾਰ ਸਾਲ 2019-20 ਵਿੱਚ 2 ਲੱਖ 88 ਹਜ਼ਾਰ ਬਾਗਬਾਨੀ ਕਿਸਾਨਾਂ ਨੇ ਫਸਲ ਬੀਮੇ ਦਾ ਲਾਭ ਲਿਆ ਸੀ। ਕਿਸਾਨਾਂ ਨੂੰ 194 ਕਰੋੜ ਰੁਪਏ ਦੀ ਬੀਮੇ ਦੀ ਰਕਮ ਦਾ ਭੁਗਤਾਨ ਕੀਤਾ ਗਿਆ ਹੈ।
ਮੰਤਰੀ ਕੁਸ਼ਵਾਹਾ ਨੇ ਕਿਹਾ, ਕਿਸਾਨਾਂ ਨੂੰ ਲਾਭ ਮਿਲਣ ਦੀ ਸਮਾਂ ਮਿਆਦ ਦੱਸਣਾ ਅਜੇ ਸੰਭਵ ਨਹੀਂ ਹੈ। ਫਿਲਹਾਲ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।
ਬਾਗਬਾਨੀ ਵਿਭਾਗ ਮੁਤਾਬਕ ਮੱਧ ਪ੍ਰਦੇਸ਼ 'ਚ 36 ਲੱਖ 79 ਹਜ਼ਾਰ 935 ਕਿਸਾਨ ਬਾਗਬਾਨੀ ਫਸਲਾਂ ਉਗਾ ਰਹੇ ਹਨ। ਸਭ ਤੋਂ ਵੱਧ 7 ਲੱਖ 84 ਹਜ਼ਾਰ 253 ਕਿਸਾਨ ਉਜੈਨ ਡਿਵੀਜ਼ਨ ਵਿੱਚ ਹਨ। ਇਸ ਤੋਂ ਬਾਅਦ ਸਾਗਰ ਅਤੇ ਇੰਦੌਰ ਡਿਵੀਜ਼ਨਾਂ ਵਿੱਚ ਸਭ ਤੋਂ ਵੱਧ ਬਾਗਬਾਨੀ ਫਸਲਾਂ ਉਗਾਈਆਂ ਜਾ ਰਹੀਆਂ ਹਨ। ਸਿਰਫ਼ ਭੋਪਾਲ ਵਿੱਚ ਹੀ 2.85 ਲੱਖ ਕਿਸਾਨ ਇਹ ਫ਼ਸਲਾਂ ਉਗਾ ਰਹੇ ਹਨ। ਭੋਪਾਲ ਦੇ ਬਾਵਡੀਆ ਫਾਰਮ ਦੇ ਕਿਸਾਨ ਰਾਮਸੇਵਕ ਕੁਸ਼ਵਾਹਾ ਨੇ ਦੱਸਿਆ ਕਿ ਪਿਛਲੇ ਸਾਲ ਗੜਿਆਂ ਕਾਰਨ ਸਬਜ਼ੀਆਂ ਅਤੇ ਫੁੱਲਾਂ ਦੀ ਸਾਰੀ ਫਸਲ ਖਰਾਬ ਹੋ ਗਈ ਸੀ। ਇਸ ਕਾਰਨ ਉਸ ਨੂੰ ਕਾਫੀ ਨੁਕਾਸਨ ਹੋਇਆ ਸੀ। ਉਦੋਂ ਤੋਂ ਫੁੱਲਾਂ ਦੀ ਫਸਲ ਬੰਦ ਕਰ ਦਿੱਤੀ ਹੈ।