ਉੱਤਰ ਖੇਤਰੀ ਸੂਬਿਆਂ ਦੀਆਂ ਮੰਡੀਆਂ ਵਿਚ ਹੁਣ ਤੱਕ 28.26 ਲੱਖ ਗੰਢ ਕਪਾਹ ਦੀ ਆਮਦ

Monday, Jan 03, 2022 - 11:39 AM (IST)

ਉੱਤਰ ਖੇਤਰੀ ਸੂਬਿਆਂ ਦੀਆਂ ਮੰਡੀਆਂ ਵਿਚ ਹੁਣ ਤੱਕ 28.26 ਲੱਖ ਗੰਢ ਕਪਾਹ ਦੀ ਆਮਦ

ਜੈਤੋ (ਪਰਾਸ਼ਰ) - ਦੇਸ਼ ਦੇ ਉੱਤਰੀ ਖੇਤਰੀ ਪ੍ਰਮੁੱਖ ਕਪਾਹ ਉਤਪਾਦਕ ਸੂਬਿਆਂ, ਜਿਨ੍ਹਾਂ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸ਼ਾਮਲ ਹਨ, ਵਿਚ ਹੁਣ ਤੱਕ ਲੱਗਭੱਗ 28.26 ਲੱਖ ਗੰਢ ਕਪਾਹ ਆਮਦ ਹੋਣ ਦੀ ਸੂਚਨਾ ਹੈ। ਉੱਤਰ ਖੇਤਰੀ ਸੂਬਿਆਂ ਵਿਚ ਆਈ ਕੁਲ ਆਮਦ ਵਿਚ ਪੰਜਾਬ ਦੀਆਂ ਮੰਡੀਆਂ ਵਿਚ 4.20 ਲੱਖ ਗੰਢ, ਹਰਿਆਣਾ 7.88 ਲੱਖ ਗੰਢ, ਸ਼੍ਰੀਗੰਗਾਨਗਰ ਸਰਕਲ 923 ਲੱਖ ਗੰਢ ਅਤੇ ਲੋਅਰ ਰਾਜਸਥਾਨ ਭੀਲਵਾੜਾ ਸਮੇਤ 6.95 ਲੱਖ ਗੰਢ ਸ਼ਾਮਲ ਹਨ। ਦੇਸ਼ ਵਿਚ ਅੱਜਕੱਲ 170-172 ਲੱਖ ਗੰਢ ਦੀ ਆਮਦ ਚੱਲ ਰਹੀ ਹੈ, ਜਿਨ੍ਹਾਂ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ 29000-29000 ਗੰਢ ਸ਼ਾਮਲ ਹੈ।

ਸੂਤਰਾਂ ਅਨੁਸਾਰ ਚਾਲੂ ਕਪਾਹ ਸੀਜ਼ਨ ਦੌਰਾਨ ਉਕਤ ਉੱਤਰ ਖੇਤਰੀ ਸੂਬਿਆਂ ਵਿਚ ਸਭ ਤੋਂ ਜ਼ਿਆਦਾ ਰੂੰ ਕੀਮਤਾਂ ਪੰਜਾਬ ਵਿਚ ਚੱਲ ਰਹੀਆਂ ਹਨ, ਜਦੋਂਕਿ ਦੂਜਾ ਸਥਾਨ ਰਾਜਸਥਾਨ ਅਤੇ ਤੀਜਾ ਸਥਾਨ ਹਰਿਆਣਾ ਦਾ ਹੈ। ਹਰਿਆਣਾ ਦੀ ਰੂੰ ਪੰਜਾਬ ਤੋਂ ਲੱਗਭੱਗ 75-150 ਰੁਪਏ ਪ੍ਰਤੀ ਮਣ ਹੇਠਾਂ ਵਿਕ ਰਹੀ ਹੈ। ਇਸ ਦਾ ਮੁੱਖ ਕਾਰਨ ਇਸ ਸਾਲ ਹਰਿਆਣਾ ਦੀ ਕਪਾਹ ਕੁਆਲਿਟੀ ਵਿਚ (ਆਰ. ਡੀ. ਅਤੇ ਸਟਰੈਂਥ) ਬਹੁਤ ਕਮਜ਼ੋਰ ਹੈ।

ਸੂਤਰਾਂ ਅਨੁਸਾਰ ਹਰਿਆਣਾ ਵਿਚ ਬੇਮੌਸਮੀ ਮੀਂਹ ਹੋਣ ਕਾਰਨ ਕਪਾਹ ਦੀ ਕੁਆਲਿਟੀ ਖਰਾਬ ਹੋ ਗਈ ਹੈ, ਜਿਸ ਕਾਰਨ ਰੂੰ ਤੋਂ ਯਾਰਨ ਠੀਕ ਢੰਗ ਨਾਲ ਤਿਆਰ ਨਹੀਂ ਹੋ ਰਿਹਾ ਹੈ। ਚਾਲੂ ਸੀਜ਼ਨ ਦੌਰਾਨ ਹਰਿਆਣਾ ਵਿਚ ਇਸ ਕਾਰਨ ਹੀ ਰੂੰ ਦੀ ਡਿਮਾਂਡ ਬਹੁਤ ਕਮਜ਼ੋਰ ਬਣੀ ਹੋਈ ਹੈ।

ਉਥੇ ਹੀ, ਨਵੇਂ ਸਾਲ ਦੇ ਪਹਿਲੇ ਦਿਨ ਹਾਜ਼ਰ ਰੂੰ ਬਾਜ਼ਾਰ 50-55 ਰੁਪਏ ਪ੍ਰਤੀ ਮਣ ਮੰਦਾ ਰਿਹਾ। ਸ਼ਨੀਵਾਰ ਨੂੰ ਹਾਜ਼ਰ ਰੂੰ ਮਲੋਟ 7061 ਰੁਪਏ ਪ੍ਰਤੀ ਮਣ, ਫਾਜ਼ਿਲਕਾ 7055 ਰੁਪਏ, ਡਬਵਾਲੀ 6955 ਰੁਪਏ, ਅਬੋਹਰ 7075 ਰੁਪਏ, ਮੁਕਤਸਰ 7051 ਰੁਪਏ, ਸਿਰਸਾ 6950 ਰੁਪਏ, ਹਨੂਮਾਨਗੜ੍ਹ 7080 ਰੁਪਏ ਪ੍ਰਤੀ ਮਣ ਛਿਟਪੁੱਟ ਹੀ ਕਾਰੋਬਾਰ ਦਰਜ ਹੋਇਆ, ਜਦੋਂਕਿ 31 ਦਸੰਬਰ ਨੂੰ ਹਾਜ਼ਰ ਰੂੰ ਏਲਨਾਬਾਦ 7030-7050 ਰੁਪਏ ਪ੍ਰਤੀ ਮਣ, ਗਿੱਦੜਬਾਹਾ 7070 ਰੁਪਏ, ਫਤਿਹਾਬਾਦ 6900 ਰੁਪਏ ਅਤੇ ਹਨੂਮਾਨਗੜ੍ਹ 7090-7115 ਰੁਪ‌‌ਏ ਪ੍ਰਤੀ ਮਣ ਬਹੁਤ ਘੱਟ ਕਾਰੋਬਾਰ ਰਿਹਾ।

ਰੂੰ ਬਾਜ਼ਾਰ ਦੇ ਮੰਦੜੀਆਂ ਦਾ ਕਹਿਣਾ ਹੈ ਕਿ ਬਾਜ਼ਾਰ ਵਿਚ ਜੋ ਤੇਜ਼ੀ ਆਉਣੀ ਸੀ, ਉਹ ਹੁਣ ਆ ਚੁੱਕੀ ਹੈ। ਹੁਣ ਬਾਜ਼ਾਰ ਵਿਚ 300-400 ਰੁਪਏ ਪ੍ਰਤੀ ਮਣ ਮੰਦੀ ਦਾ ਬੈਕ ਗੇਅਰ ਲੱਗ ਸਕਦਾ ਹੈ। ਦੂਜੇ ਪਾਸੇ ਰੂੰ ਤੇਜੜੀਆਂ ਦਾ ਕਹਿਣਾ ਹੈ ਕਿ ਕੁਲ ਮਿਲਾ ਕੇ ਹਾਜ਼ਰ ਰੂੰ ਵਿਚ ਮੰਦਾ ਨਹੀਂ ਹੈ। ਤੇਜੜੀਆਂ ਦਾ ਕਹਿਣਾ ਹੈ ਕਿ ਚਾਲੂ ਕਪਾਹ ਸੀਜ਼ਨ ਸਾਲ 2021-22 ਦੌਰਾਨ ਕਪਾਹ ਉਤਪਾਦਨ 3.25-3.30 ਕਰੋਡ਼ ਗੰਢ ਰਹੇਗਾ, ਜਿਸ ਨਾਲ ਰੂੰ ਬਾਜ਼ਾਰ ਵਿਚ ਮੰਦਾ ਨਹੀਂ ਹੈ, ਉਥੇ ਹੀ ਰੂੰ ਦੇ ਮੰਦੜੀਆਂ ਦਾ ਕਹਿਣਾ ਹੈ ਕਿ ਦੇਸ਼ ਵਿਚ ਕਪਾਹ ਉਤਪਾਦਨ 3.55-3.60 ਕਰੋਡ਼ ਗੰਢ ਰਹੇਗਾ। ਦੇਸ਼ ਵਿਚ 31 ਦਸੰਬਰ 2021 ਤੱਕ ਕਪਾਹ ਆਮਦ 1.33-1.35 ਕਰੋਡ਼ ਗੰਢ ਪੁੱਜਣ ਦੀ ਸੂਚਨਾ ਹੈ।


author

Harinder Kaur

Content Editor

Related News