ਇਕ ਲਿਟਰ ਪੈਟਰੋਲ ’ਤੇ ਲੱਗਦੈ 275 ਫੀਸਦੀ ਟੈਕਸ

Tuesday, Jun 09, 2020 - 11:19 PM (IST)

ਇਕ ਲਿਟਰ ਪੈਟਰੋਲ ’ਤੇ ਲੱਗਦੈ 275 ਫੀਸਦੀ ਟੈਕਸ

ਨਵੀਂ ਦਿੱਲੀ  (ਇੰਟ)-ਪੈਟਰੋਲ-ਡੀਜ਼ਲ ਦੀ ਕੀਮਤ ’ਚ ਪਿਛਲੇ 3 ਦਿਨਾਂ ਤੋਂ ਲਗਾਤਾਰ ਉਛਾਲ ਆ ਰਿਹਾ ਹੈ। ਲੱਗਭੱਗ 83 ਦਿਨਾਂ ਤੋਂ ਬਾਅਦ 7 ਜੂਨ ਨੂੰ ਕੀਮਤ ’ਚ ਬਦਲਾਅ ਆਇਆ ਸੀ। ਪਿਛਲੇ 3 ਦਿਨਾਂ ’ਚ ਪੈਟਰੋਲ 1.80 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ, ਜਦੋਂਕਿ ਡੀਜ਼ਲ ’ਚ ਵੀ ਲੱਗਭੱਗ ਇੰਨਾ ਹੀ ਵਾਧਾ ਹੋਇਆ ਹੈ। ਕੀ ਤੁਹਾਨੂੰ ਪਤਾ ਹੈ ਕਿ ਪਿਛਲੇ 3 ਮਹੀਨਿਆਂ ’ਚ ਪੈਟਰੋਲ-ਡੀਜ਼ਲ ’ਤੇ ਲੱਗਣ ਵਾਲਾ ਟੈਕਸ 3 ਗੁਣਾ (275 ਫੀਸਦੀ) ਹੋ ਗਿਆ ਹੈ।

ਫਰਵਰੀ ਦੇ ਮਹੀਨੇ ’ਚ ਪੈਟਰੋਲ-ਡੀਜ਼ਲ ’ਤੇ ਸੂਬੇ ਅਤੇ ਕੇਂਦਰ ਨੂੰ ਦਿੱਤੇ ਜਾਣ ਵਾਲਾ ਟੈਕਸ ਕਰੀਬ 107 ਫੀਸਦੀ ਸੀ, ਜੋ ਹੁਣ ਵਧ ਕੇ 275 ਫੀਸਦੀ ਦੇ ਕਰੀਬ ਹੋ ਗਿਆ ਹੈ। ਪੈਟਰੋਲ ਦੀ ਬੇਸਿਕ ਕੀਮਤ 18 ਰੁਪਏ ਦੇ ਆਸ-ਪਾਸ ਹੈ। ਇਸ ’ਤੇ 50 ਰੁਪਏ ਦਾ ਟੈਕਸ ਲੱਗਦਾ ਹੈ ਅਤੇ ਪੈਟਰੋਲ ਪੰਪ ਕੀਮਤ 72 ਰੁਪਏ ਦੇ ਕਰੀਬ ਹੈ, ਐਕਸਾਈਜ਼ ਡਿਊਟੀ ਕਰੀਬ 33 ਰੁਪਏ ਅਤੇ ਵੈਲਿਊ ਐਡਿਡ ਟੈਕਸ (ਵੈਟ) 16 ਰੁਪਏ ਪ੍ਰਤੀ ਲਿਟਰ ਹੈ। ਇਸ ਤਰ੍ਹਾਂ ਪੈਟਰੋਲ ਪੰਪ ਕੀਮਤ ਦਾ 70 ਫੀਸਦੀ ਹਿੱਸਾ ਤਾਂ ਸਿਰਫ ਐਕਸਾਈਜ਼ ਡਿਊਟੀ ਅਤੇ ਵੈਟ ਦੇ ਰੂਪ ’ਚ ਹੈ। ਇਹ ਵਿਸ਼ਵ ’ਚ ਸਭ ਤੋਂ ਜ਼ਿਆਦਾ ਲੱਗਣ ਵਾਲਾ ਟੈਕਸ ਹੈ।

ਅਮਰੀਕਾ ’ਚ ਸਿਰਫ 19 ਫੀਸਦੀ ਟੈਕਸ
ਗੱਲ ਜੇਕਰ ਵਿਕਸਿਤ ਅਰਥਵਿਵਸਥਾ ਦੀ ਕਰੀਏ ਤਾਂ ਅਮਰੀਕਾ ’ਚ ਕੁਲ ਕੀਮਤ ਦਾ 19 ਫੀਸਦੀ, ਜਾਪਾਨ ’ਚ 47 ਫੀਸਦੀ, ਯੂ. ਕੇ. ’ਚ 62 ਅਤੇ ਫਰਾਂਸ ’ਚ 63 ਫੀਸਦੀ ਟੈਕਸ ਦੇ ਰੂਪ ’ਚ ਲੱਗਦਾ ਹੈ। ਰੇਟਿੰਗ ਏਜੰਸੀ ਕੇਅਰ ਰੇਟਿੰਗ ਦਾ ਕਹਿਣਾ ਹੈ ਕਿ ਭਾਰਤ ’ਚ ਕਦੇ ਵੀ ਕਰੂਡ ਦੀ ਕੀਮਤ ਦਾ ਫਾਇਦਾ ਗਾਹਕਾਂ ਨੂੰ ਨਹੀਂ ਦਿੱਤਾ ਗਿਆ ਹੈ। ਅਪ੍ਰੈਲ ਦੇ ਮਹੀਨੇ ’ਚ ਕੱਚੇ ਤੇਲ ਦਾ ਭਾਅ 20 ਡਾਲਰ ਪ੍ਰਤੀ ਬੈਰਲ ਸੀ ਪਰ ਉਸ ਸਮੇਂ ਕੀਮਤ 70 ਰੁਪਏ ਪ੍ਰਤੀ ਲਿਟਰ ਸੀ।


author

Karan Kumar

Content Editor

Related News