2500 ਅਰਬ ਰੁਪਏ ਘੱਟ ਰਹਿ ਸਕਦਾ ਹੈ ਟੈਕਸ ਕੁਲੈਕਸ਼ਨ : ਸੁਭਾਸ਼ ਗਰਗ

01/20/2020 11:18:48 AM

ਨਵੀਂ ਦਿੱਲੀ — ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਨੇ ਐਤਵਾਰ ਨੂੰ ਕਿਹਾ ਕਿ ਮੌਜੂਦਾ ਵਿੱਤੀ ਸਾਲ 'ਚ ਸਰਕਾਰ ਦਾ ਟੈਕਸ ਕੁਲੈਕਸ਼ਨ ਨਿਰਧਾਰਤ ਟੀਚੇ ਤੋਂ  ਲਗਭਗ ਢਾਈ ਲੱਖ ਕਰੋੜ ਰੁਪਏ ਤੋਂ ਘੱਟ ਰਹਿਣ ਦਾ ਅਨੁਮਾਨ ਹੈ। ਇਹ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਦੇ 1.2 ਪ੍ਰਤੀਸ਼ਤ ਦੇ ਬਰਾਬਰ ਹੈ। ਗਰਗ ਨੇ ਇਕ ਬਲਾਗ 'ਚ ਕਿਹਾ ਕਿ ਵਿੱਤੀ ਸਾਲ 2019-20 ਟੈਕਸ ਮਾਲੀਏ ਦੇ ਨਜ਼ਰੀਏ ਤੋਂ ਇਕ ਮਾੜਾ ਵਿੱਤੀ ਸਾਲ ਸਾਬਤ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਆਪਣੇ ਲੇਖ ਵਿਚ ਲਾਭਅੰਸ਼ ਵੰਡ ਟੈਕਸ(Dividend Distribution Tax ) ਹਟਾਉਣ ਦੀ ਵੀ ਮੰਗ ਕੀਤੀ ਹੈ।

2500 ਅਰਬ ਰੁਪਏ ਘੱਟ ਟੈਕਸ ਇਕੱਠਾ ਹੋਣ ਦੀ ਸੰਭਾਵਨਾ

ਉਨ੍ਹਾਂ ਕਿਹਾ, 'ਟੈਕਸ ਮਾਲੀਆ ਇਕੱਠਾ ਕਰਨ ਦਾ ਟੀਚਾ 2500 ਅਰਬ ਰੁਪਏ (ਜੀਡੀਪੀ ਦਾ 1.2 ਪ੍ਰਤੀਸ਼ਤ) ਘੱਟ ਰਹਿਣ ਦੀ ਉਮੀਦ ਹੈ। ਹੁਣ ਸਮਾਂ ਆ ਗਿਆ ਹੈ ਕਿ ਲਾਭਅੰਸ਼ ਵੰਡ ਟੈਕਸ ਖ਼ਤਮ ਕੀਤਾ ਜਾਵੇ ਅਤੇ ਨਿੱਜੀ ਆਮਦਨ ਟੈਕਸ ਕਾਨੂੰਨ 'ਚ ਸੁਧਾਰ ਕੀਤਾ ਜਾਵੇ'। ਸਰਕਾਰ ਨੇ ਬਜਟ ਵਿਚ ਕੁਲ ਮਿਲਾ ਕੇ 24.59 ਲੱਖ ਕਰੋੜ ਰੁਪਏ ਦਾ ਟੈਕਸ ਕੁਲੈਕਸ਼ਨ ਦਾ ਅਨੁਮਾਨ ਲਗਾਇਆ ਸੀ।

ਬਹੁਤ ਉੱਚਾ ਰੱਖਿਆ ਗਿਆ ਹੈ ਟੀਚਾ 

ਇਸ ਦੇ ਨਾਲ ਹੀ ਗਰਗ ਨੇ ਕਿਹਾ, 'ਸੂਬਿਆਂ ਦੇ ਹਿੱਸੇ ਦਾ 8.09 ਲੱਖ ਕਰੋੜ ਰੁਪਇਆ ਵੱਖ ਰੱਖੇ ਜਾਣ ਤੋਂ ਬਾਅਦ ਬਜਟ ਵਿਚ ਕੇਂਦਰ ਸਰਕਾਰ ਦਾ ਕੁਲ ਮਾਲੀਆ ਇਕੱਠ ਟੀਚਾ 16.50 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। ਇਹ 2018-19 'ਚ ਇਕੱਠੇ ਕੀਤੇ ਗਏ 13.37 ਲੱਖ ਕਰੋੜ ਦੇ ਅਸਥਾਈ..ਅਸਲ ਟੈਕਸ ਕੁਲੈਕਸ਼ਨ ਤੋਂ 3.13 ਲੱਖ ਕਰੋੜ ਰੁਪਏ ਯਾਨੀ 23.4 ਫੀਸਦੀ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਸਲ ਵਿਚ ਬਹੁਤ ਉੱਚਾ ਟੀਚਾ ਹੈ।'

ਕਾਰਪੋਰੇਟ ਟੈਕਸ 'ਚ ਗਿਰਾਵਟ ਸੰਭਵ

ਉਨ੍ਹਾਂ ਕਿਹਾ ਕਿ ਕਾਰਪੋਰੇਟ ਟੈਕਸ, ਐਕਸਾਈਜ਼ ਅਤੇ ਕਸਟਮ ਡਿਊਟੀ ਕੁਲੈਕਸ਼ਨ ਵਿਚ 2019-20 'ਚ ਗਿਰਾਵਟ ਰਹਿ ਸਕਦੀ ਹੈ। ਇਹ ਗਿਰਾਵਟ ਕ੍ਰਮਵਾਰ ਅੱਠ ਪ੍ਰਤੀਸ਼ਤ, ਪੰਜ ਪ੍ਰਤੀਸ਼ਤ ਅਤੇ 10 ਪ੍ਰਤੀਸ਼ਤ ਹੋਵੇਗੀ। ਕੰਪਨੀ ਟੈਕਸ ਵਿਚ ਅੱਠ ਪ੍ਰਤੀਸ਼ਤ, ਐਕਸਾਈਜ਼ ਡਿਊਟੀ 2.31 ਲੱਖ ਕਰੋੜ ਰੁਪਏ ਦੇ ਟੀਚੇ ਦੇ ਮੁਕਾਬਲੇ ਕਰੀਬ 5 ਫੀਸਦੀ ਘੱਟ 2.2 ਲੱਖ ਕਰੋੜ ਰੁਪਏ ਅਤੇ ਕਸਟਮ ਡਿਊਟੀ ਪ੍ਰਾਪਤੀ ਦੀ ਰਕਮ 1.18 ਲੱਖ ਕਰੋੜ ਰੁਪਏ ਦੇ ਬਜਟ ਅਨੁਮਾਨ ਦੇ ਮੁਕਾਬਲੇ 10 ਫੀਸਦੀ ਘੱਟ 1.06 ਲੱਖ ਕਰੋੜ ਰੁਪਏ ਰਹਿ ਸਕਦੀ ਹੈ।

ਟੈਕਸ ਸੁਧਾਰ ਲਈ ਇਹ ਸੁਨਹਿਰੀ ਮੌਕਾ

ਗਰਗ ਨੇ ਕਿਹਾ ਕਿ ਕੁਲ ਮਿਲਾ ਕੇ ਕੇਂਦਰ ਸਰਕਾਰ ਦਾ ਕੁਲ ਮਾਲੀਆ ਕੁਲੈਕਸ਼ਨ 3.5 ਲੱਖ ਤੋਂ 3.75 ਲੱਖ ਕਰੋੜ ਰੁਪਏ ਤੱਕ ਘੱਟ ਰਹਿ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਵੱਡਾ ਫਰਕ ਹੈ ਅਤੇ ਇਸ ਨੂੰ ਗੈਰ-ਟੈਕਸ ਮਾਲੀਆ 'ਚ ਜ਼ਿਆਦਾ ਪ੍ਰਾਪਤੀ ਦੇ ਜ਼ਰੀਏ ਭਰਨਾ ਮੁਸ਼ਕਲ ਹੈ। ਖਰਚਿਆਂ ਵਿਚ ਕਟੌਤੀ ਕਰਕੇ ਵੀ ਇਸ ਦੀ ਭਰਪਾਈ ਮੁਸ਼ਕਲ ਲਗਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲਈ ਟੈਕਸ ਢਾਂਚੇ ਨੂੰ ਸੁਧਾਰਨ ਦਾ ਇਹ ਸਹੀ ਸਮਾਂ ਹੋਵੇਗਾ।
 


Related News