ਐਪਲ ਲਈ ਭਾਰਤ ’ਚ 2019 ਹੋ ਸਕਦੈ ਕਾਫ਼ੀ ਬੁਰਾ

Thursday, Jul 04, 2019 - 05:47 PM (IST)

ਨਵੀਂ ਦਿੱਲੀ — ਜਨਵਰੀ-ਮਾਰਚ ਤਿਮਾਹੀ ’ਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਆਈਫੋਨ ਸ਼ਿਪਮੈਂਟ ’ਚ 42 ਫ਼ੀਸਦੀ ਦੀ ਭਾਰੀ ਗਿਰਾਵਟ ਆਈ ਹੈ। ਇਸ ਨਾਲ 2019 ਐਪਲ ਲਈ 2015 ਤੋਂ ਬਾਅਦ ਸਭ ਤੋਂ ਬੁਰਾ ਸਾਲ ਸਾਬਤ ਹੋ ਸਕਦਾ ਹੈ। ਭਾਰੀ ਡਿਸਕਾਊਂਟਸ ਨਾਲ ਅਪ੍ਰੈਲ ਸ਼ਿਪਮੈਂਟ ’ਚ ਮਾਰਚ ਦੇ ਮੁਕਾਬਲੇ 200 ਫ਼ੀਸਦੀ ਦਾ ਉਛਾਲ ਆਇਆ ਸੀ ਪਰ ਇਸ ਦੇ ਬਾਅਦ ਮਈ ਅਤੇ ਜੂਨ ’ਚ ਇਨ੍ਹਾਂ ’ਚ ਫਿਰ ਤੋਂ ਗਿਰਾਵਟ ਹੋਈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਗਿਰਾਵਟ ਨਾਲ ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਸਮਾਰਟਫੋਨ ਮਾਰਕੀਟ ’ਚ ਐਪਲ ਦੀਆਂ ਮੁਸੀਬਤਾਂ ਦਾ ਪਤਾ ਲੱਗਦਾ ਹੈ।

ਇਹ ਗਿਰਾਵਟ ਅਜਿਹੇ ਸਮੇਂ ’ਤੇ ਆਈ ਹੈ, ਜਦੋਂ ਐਪਲ ਤਾਇਵਾਨੀ ਕੰਪਨੀ ਫਾਕਸਕਾਨ ਰਾਹੀਂ ਭਾਰਤ ’ਚ ਆਪਣੇ ਮਹਿੰਗੇ ਫੋਨ ਬਣਵਾਉਣ ਜਾ ਰਹੀ ਹੈ। ਕੰਪਨੀ ਦੀ ਸ਼ੁਰੂਆਤੀ ਯੋਜਨਾ ਇਕ ਮਹੀਨੇ ’ਚ 2,50,000 ਫੋਨ ਬਣਾਉਣ ਦੀ ਹੈ। ਇਨ੍ਹਾਂ ’ਚੋਂ 70-80 ਫ਼ੀਸਦੀ ਦੀ ਬਰਾਮਦ ਕੀਤੀ ਜਾਵੇਗੀ। ਚੀਨ ਤੋਂ ਇਲਾਵਾ ਦੂਜੇ ਦੇਸ਼ਾਂ ’ਚ ਉਤਪਾਦਨ ਆਧਾਰ ਵਧਾਉਣ ਦੀ ਕੋਸ਼ਿਸ਼ ’ਚ ਵੀ ਐਪਲ ਨੂੰ ਇਸ ਤੋਂ ਮਦਦ ਮਿਲੇਗੀ। ਇਸ ਸਾਲ ਜਨਵਰੀ-ਮਾਰਚ ਤਿਮਾਹੀ ’ਚ ਭਾਰਤ ’ਚ ਆਈਫੋਨ ਸ਼ਿਪਮੈਂਟ ਘਟ ਕੇ 2,20,000 ਯੂਨਿਟ ਹੋ ਗਈ। ਕੰਪਨੀ ਦੇ ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਛਿਮਾਹੀ ’ਚ ਇਹ ਅੰਕੜਾ ਤਿੰਨ ਗੁਣਾ ਵਧ ਸਕਦਾ ਹੈ। ਹਾਲਾਂਕਿ ਇਸ ਦੇ ਬਾਵਜੂਦ ਪੂਰੇ ਸਾਲ ਦਾ ਅੰਦਾਜ਼ਾ 15-16 ਲੱਖ ਯੂਨਿਟ ਦਾ ਹੈ, ਜੋ 2018 ਤੋਂ 10-17 ਫ਼ੀਸਦੀ ਘੱਟ ਹੈ। 2017 ’ਚ ਕੰਪਨੀ ਦੇ ਸਭ ਤੋਂ ਜ਼ਿਆਦਾ 32 ਲੱਖ ਫੋਨ ਭਾਰਤ ਆਏ ਸਨ।

ਇੰਡੀਅਨ ਸੈਲੂਲਰ ਐਂਡ ਇਲੈਕਟ੍ਰਾਨਿਕਸ ਐਸੋਸੀਏਸ਼ਨ ਦੇ ਚੇਅਰਮੈਨ ਪੰਕਜ ਮੋਹਿੰਦਰੂ ਨੇ ਦੱਸਿਆ ਕਿ ਐਪਲ ਵਰਗੀਆਂ ਕੰਪਨੀਆਂ ਦੇ ਕੁਝ ਕੌਮਾਂਤਰੀ ਵਿਨਿਰਮਾਣ ਭਾਈਵਾਲ ਭਾਰਤ ’ਚ ਪਹਿਲਾਂ ਤੋਂ ਮੌਜੂਦ ਹਨ। ਢੁੱਕਵਾਂ ਮਾਹੌਲ ਅਤੇ ਹੱਲਾਸ਼ੇਰੀ ਨਾਲ ਭਾਰਤ ਨੂੰ ਕੰਪਨੀ ਕੌਮਾਂਤਰੀ ਬਿਜ਼ਨੈੱਸ ਦਾ ਟਿਕਾਣਾ ਬਣਾ ਸਕਦੀ ਹੈ। ਇਸ ਨਾਲ ਦੇਸ਼ ’ਚ ਕੰਪੋਨੈਂਟ ਮੈਨੂਫੈਕਚਰਰਸ ਦਾ ਈਕੋ ਸਿਸਟਮ ਵੀ ਤਿਆਰ ਹੋ ਸਕਦਾ ਹੈ। ਸਾਨੂੰ ਇਸ ਦਾ ਫਾਇਦਾ ਚੁੱਕਣ ’ਚ ਦੇਰ ਨਹੀਂ ਕਰਨੀ ਚਾਹੀਦੀ ਹੈ। ਜੇਕਰ ਇਸ ’ਚ ਲਾਪ੍ਰਵਾਹੀ ਹੋਈ ਤਾਂ ਇਹ ਨਿਵੇਸ਼ ਕਿਸੇ ਹੋਰ ਦੇਸ਼ ’ਚ ਚਲਾ ਜਾਵੇਗਾ।


Related News