‘ਕੋਵਿਡ ਦੀ ਦੂਜੀ ਲਹਿਰ ਕਾਰਨ 2 ਲੱਖ ਕਰੋੜ ਰੁਪਏ ਦਾ ਨੁਕਸਾਨ’

06/18/2021 3:59:33 PM

ਨਵੀਂ ਦਿੱਲੀ (ਇੰਟ.) – ਕੋਰੋਨਾ ਦੀ ਦੂਜੀ ਲਹਿਰ ਕਾਰਨ ਦੇਸ਼ ਦੀ ਅਰਥਵਿਵਸਥਾ ਨੂੰ ਚਾਲੂ ਵਿੱਤੀ ਸਾਲ ਦੌਰਾਨ ਹੁਣ ਤੱਕ 2 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਇਹ ਨੁਕਸਾਨ ਸੂਬਾ ਪੱਧਰ ’ਤੇ ਲੱਗੇ ਲਾਕਡਾਊਨ ਕਾਰਨ ਮੰਗ ’ਤੇ ਉਲਟ ਅਸਰ ਕਾਰਨ ਹੋਇਆ ਹੈ। ਨੁਕਸਾਨ ਦਾ ਇਹ ਮੁਲਾਂਕਣ ਭਾਰਤੀ ਰਿਜ਼ਰਵ ਬੈਂਕ ਦਾ ਹੈ, ਜਿਸ ਨੇ ਦੇਸ਼ ਦੀ ਅਰਥਵਿਵਸਥਾ ’ਤੇ ਬੁੱਧਵਾਰ ਨੂੰ ਜਾਰੀ ਆਪਣੀ ਰਿਪੋਰਟ ’ਚ ਕੋਰਨਾ ਮਹਾਮਾਰੀ ਦੇ ਅਸਰ ਦੀ ਵਿਸਤਾਰਪੂਰਵਕ ਸਮੀਖਿਆ ਕੀਤੀ ਹੈ।

ਆਰ. ਬੀ. ਆਈ. ਨੇ ਕਿਹਾ ਕਿ ਕੋਰੋਨਾ ਵੈਕਸੀਨ ਇਕ ਵੱਡੀ ਡੋਜ਼ ਹੈ, ਪਰ ਸਿਰਫ ਵੈਕਸੀਨੇਸ਼ਨ ਨਾਲ ਹੀ ਇਸ ਮਹਾਮਾਰੀ ਤੋਂ ਬਚਾਅ ਨਹੀਂ ਹੋ ਸਕਦਾ। ਸਾਨੂੰ ਕੋਰੋਨਾ ਦੇ ਨਾਲ ਹੀ ਜਿਊਣ ਦੀ ਆਦਤ ਪਾਉਣੀ ਹੋਵੇਗੀ। ਇਸ ਦੇ ਨਾਲ ਹੀ ਸਰਕਾਰਾਂ ਨੂੰ ਹੈਲਥਕੇਅਰ ਅਤੇ ਲਾਜਿਸਟਿਕਸ ’ਚ ਭਾਰੀ ਨਿਵੇਸ਼ ਵੀ ਕਰਨ ਨੂੰ ਪਹਿਲ ਦੇਣੀ ਹੋਵੇਗੀ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ ਲਈ ਵਿਕਾਸ ਦਰ ਨੂੰ 10.5 ਫੀਸਦੀ ਤੋਂ ਘਟਾ ਕੇ 9.5 ਫੀਸਦੀ ਕਰਨ ਨਾਲ ਅਰਥਵਿਵਸਥਾ ਨੂੰ ਹੁਣ ਤੱਕ 2 ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਹੈ। ਇਹ ਨੁਕਸਾਨ ਪੇਂਡੂ ਅਤੇ ਛੋਟੇ ਸ਼ਹਿਰਾਂ ’ਚ ਮੰਗ ਪ੍ਰਭਾਵਿਤ ਹੋਣ ਕਾਰਨ ਮੁੱਖ ਤੌਰ ’ਤੇ ਹੋ ਰਿਹਾ ਹੈ। ਇਸ ਤੋਂ ਇਲਾਵਾ ਰਿਪੋਰਟ ’ਚ ਇਸ ਗੱਲ ਦੇ ਵੀ ਸੰਕੇਤ ਹਨ ਕਿ ਮਹਿੰਗਾਈ ਦੀ ਚਿੰਤਾ ਹਾਲੇ ਕੇਂਦਰੀ ਬੈਂਕ ਦੇ ਸਾਹਮਣੇ ਵੱਡੀ ਹੈ ਪਰ ਇਸ ਦੇ ਬਾਵਜੂਦ ਵਿਆਜ ਦਰਾਂ ਨੂੰ ਲੈ ਕੇ ਸਖਤੀ ਨਹੀਂ ਕੀਤੀ ਜਾਏਗੀ। ਹਾਲਾਂਕਿ ਪਿਛਲੇ ਸਾਲ ਲਗਾਏ ਗਏ ਰਾਸ਼ਟਰੀ ਲਾਕਡਾਊਨ ਦੇ ਮੁਕਾਬਲੇ ਇਸ ਸਾਲ ਨੁਕਸਾਨ ਘੱਟ ਹੈ। ਉਦਯੋਗਿਕ ਉਤਪਾਦਨ ਅਤੇ ਬਰਾਮਦ ਦੇ ਮੋਰਚੇ ਕਾਰਨ ਸਾਕਾਰਾਤਮਕ ਸੂਚਨਾਵਾਂ ਲਗਾਤਾਰ ਆ ਰਹੀਆਂ ਹਨ। ਦੇਸ਼ ਦੀ ਅਰਥਵਿਵਸਥਾ ’ਚ ਇਹ ਸਮਰੱਥਾ ਹੈ ਕਿ ਉਹ ਤੇਜ਼ੀ ਨਾਲ ਨਾਰਮਲ ਹੋ ਸਕਦੀਆਂ ਹਨ।

ਤੀਜੀ ਲਹਿਰ ਦੀ ਵੀ ਸੰਭਾਵਨਾ ਬਰਕਰਾਰ

ਹਾਲਾਂਕਿ ਆਰ. ਬੀ. ਆਈ. ਇਹ ਵੀ ਮੰਨਦਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦੀ ਵੀ ਸੰਭਾਵਨਾ ਹੈ ਅਤੇ ਇਸ ਤੋਂ ਬਚਾਅ ਲਈ ਚੌਕਸੀ ’ਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਇਸ ਨੂੰ ਰੋਕਣ ’ਚ ਸੋਸ਼ਲ ਿਡਸਟੈਂਸਿੰਗ ਦੇ ਨਾਲ ਹੀ ਟੀਕਾਕਰਨ ਵੀ ਜ਼ਰੂਰੀ ਹੈ ਪਰ ਇਕੱਲਾ ਟੀਕਾਕਰਨ ਇਸ ਤੋਂ ਬਚਾਅ ’ਚ ਲੋੜੀਂਦਾ ਨਹੀਂ ਹੈ। ਇਹ ਰਿਪੋਰਟ ਕੋਰੋਨਾ ਦੇ ਅਸਰ ਨੂੰ ਲੈ ਕੇ ਜ਼ਿਆਦਾ ਚੌਕਸ ਕਰਨ ਵਾਲੀ ਹੈ।


Harinder Kaur

Content Editor

Related News