ਅੰਮ੍ਰਿਤਸਰ ਤੋਂ 2 ਉਡਾਣਾਂ ਰੱਦ, ਕੈਂਸਲ ਹੋਈ ਇਨ੍ਹਾਂ ਸ਼ਹਿਰਾਂ ਦੀ ਫਲਾਈਟ

03/16/2018 8:16:22 AM

ਨਵੀਂ ਦਿੱਲੀ— ਜਹਾਜ਼ ਕੰਪਨੀ ਇੰਡੀਗੋ ਅਤੇ ਗੋਏਅਰ ਨੇ ਅੱਜ ਫਿਰ 54 ਉਡਾਣਾਂ ਰੱਦ ਕੀਤੀਆਂ ਹਨ। ਇੰਡੀਗੋ ਨੇ 15 ਤੋਂ 21 ਮਾਰਚ ਦੀ ਦਿੱਲੀ, ਚੇਨਈ, ਅੰਮ੍ਰਿਤਸਰ, ਹੈਦਰਾਬਾਦ, ਬੇਂਗਲੁਰੂ, ਭੁਵਨੇਸ਼ਵਰ, ਵਾਰਾਣਸੀ, ਜੰਮੂ ਅਤੇ ਤਿਰੁਵੰਤਪੁਰਮ ਵਰਗੇ ਸ਼ਹਿਰਾਂ ਦੀ ਫਲਾਈਟ ਰੱਦ ਕਰ ਦਿੱਤੀ ਹੈ। ਇੰਡੀਗੋ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਨੰਬਰ 6ਈ-0637 ਅਤੇ ਅੰਮ੍ਰਿਤਸਰ ਤੋਂ ਜੰਮੂ ਜਾਣ ਵਾਲੀ ਫਲਾਈਟ ਨੰਬਰ 6ਈ-0367 ਨੂੰ ਰੱਦ ਕੀਤਾ ਗਿਆ ਹੈ। ਅੰਮ੍ਰਿਤਸਰ-ਦਿੱਲੀ ਫਲਾਈਟ ਦਾ ਰਵਾਨਗੀ ਸਮਾਂ ਸ਼ਾਮ 4.50 ਵਜੇ ਦਾ ਸੀ ਅਤੇ ਅੰਮ੍ਰਿਤਸਰ-ਜੰਮੂ ਫਲਾਈਟ ਨੇ ਦੁਪਹਿਰ 1.55 ਵਜੇ ਉਡਾਣ ਭਰਨੀ ਸੀ। ਇੰਡੀਗੋ ਨੇ 15 ਮਾਰਚ ਤੋਂ 21 ਮਾਰਚ ਤਕ 36 ਉਡਾਣਾਂ ਨੂੰ ਰੱਦ ਕੀਤਾ ਹੈ।

ਉੱਥੇ ਹੀ, ਗੋਏਅਰ ਨੇ 18 ਉਡਾਣਾਂ ਨੂੰ ਰੱਦ ਕੀਤਾ ਹੈ। ਇਨ੍ਹਾਂ 'ਚ ਹੈਦਰਾਬਾਦ, ਭੁਵਨੇਸ਼ਵਰ, ਕੋਲਕਾਤਾ, ਲਖਨਊ, ਦਿੱਲੀ, ਕੋਚੀ ਵਰਗੇ ਸ਼ਹਿਰਾਂ ਦੀ ਫਲਾਈਟ ਹੈ। ਇੰਡੀਗੋ ਅਤੇ ਗੋਏਅਰ ਨੇ ਇਹ ਕਦਮ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀ. ਜੀ. ਸੀ. ਏ.) ਵੱਲੋਂ ਉਨ੍ਹਾਂ ਦੇ 11 ਏ-320 ਨਿਓ ਜਹਾਜ਼ਾਂ ਦੀ ਉਡਾਣ 'ਤੇ ਲਾਈ ਰੋਕ ਦੇ ਮੱਦੇਨਜ਼ਰ ਚੁੱਕਿਆ ਹੈ। ਇਨ੍ਹਾਂ ਜਹਾਜ਼ਾਂ 'ਚ 'ਪ੍ਰੈਟ ਐਂਡ ਵਿਹਟਨੀ' (ਪੀ. ਡਬਲਿਊ.) ਦੇ ਇੰਜਣ ਹਨ, ਜਿਨ੍ਹਾਂ 'ਚ ਖਰਾਬੀ ਦੀ ਲਗਾਤਾਰ ਸਮੱਸਿਆ ਸਾਹਮਣੇ ਆ ਰਹੀ ਸੀ ਅਤੇ ਉਡਾਣ ਦੌਰਾਨ ਕਈ ਵਾਰ ਇਹ ਠੱਪ ਹੋ ਜਾਂਦੇ ਸਨ। ਇੰਡੀਗੋ ਕੋਲ ਅਜਿਹੇ 8 ਅਤੇ ਗੋਏਅਰ ਕੋਲ 3 ਜਹਾਜ਼ ਹਨ। ਇਨ੍ਹਾਂ ਇੰਜਣਾਂ ਦਾ ਨਿਰਮਾਣ 'ਪ੍ਰੈਟ ਐਂਡ ਵਿਹਟਨੀ' (ਪੀ. ਡਬਲਿਊ.) ਨੇ ਕੀਤਾ ਸੀ। ਇਹ ਖਰਾਬੀ ਇੰਜਣ ਦੇ ਉਸ ਪੁਰਜੇ 'ਚ ਆ ਰਹੀ ਹੈ, ਜੋ ਕਿਸੇ ਖਤਰੇ ਦਾ ਸ਼ੁਰੂਆਤੀ ਸੰਕੇਤ ਦੇ ਸਕਦਾ ਹੈ ਅਤੇ ਇਹ ਉਸ ਹਿੱਸੇ 'ਚ ਲੱਗਾ ਹੁੰਦਾ ਹੈ, ਜੋ ਉੱਚ ਦਬਾਅ ਝੱਲਣ 'ਚ ਸਮਰੱਥ ਹੁੰਦਾ ਹੈ। ਇੰਡੀਗੋ ਅਤੇ ਗੋਏਅਰ ਦੋਹਾਂ ਜਹਾਜ਼ ਕੰਪਨੀਆਂ ਨੂੰ ਇਨ੍ਹਾਂ ਇੰਜਣਾਂ 'ਚ ਦੁਬਾਰਾ ਕਲ-ਪੁਰਜ਼ੇ ਲਾਉਣ ਲਈ ਕਿਹਾ ਗਿਆ ਹੈ।


Related News