ਜਹਾਜ਼ ਕੰਪਨੀ ਇੰਡੀਗੋ ਨੂੰ 2,800 ਕਰੋੜ ਰੁਪਏ ਤੋਂ ਵੱਧ ਦਾ ਤਿਮਾਹੀ ਘਾਟਾ
Wednesday, Jul 29, 2020 - 07:11 PM (IST)
ਮੁੰਬਈ— ਇੰਟਰਗਲੋਬ ਐਵੀਏਸ਼ਨ ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) 'ਚ 2,844.3 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਇਸ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਏਅਰਲਾਈਨ ਦਾ ਸੰਚਾਲਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀ ਸੰਚਾਲਕ ਕੰਪਨੀ ਨੇ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 1,203.1 ਕਰੋੜ ਰੁਪਏ ਦਾ ਸ਼ੁੱਧੁਮੁਨਾਫਾ ਕਮਾਇਆ ਸੀ।
ਸਟਾਕ ਐਕਸਚੇਂਜ ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਕਿਹਾ ਕਿ ਇਸ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ ਤੋਂ 88 ਫੀਸਦੀ ਘੱਟ ਕੇ 1,143.8 ਕਰੋੜ ਰੁਪਏ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ 'ਚ 9,786.9 ਕਰੋੜ ਰੁਪਏ ਸੀ। ਇਸ ਤਿਮਾਹੀ ਦੌਰਾਨ ਏਅਰਲਾਈਨ ਦੀ ਸੰਚਾਲਨ ਆਮਦਨੀ 91.9 ਫੀਸਦੀ ਘੱਟ ਕੇ 766.7 ਕਰੋੜ ਰੁਪਏ ਰਹੀ।
ਕੰਪਨੀ ਨੇ ਕਿਹਾ ਕਿ 24 ਮਈ ਤੱਕ ਮਹਾਮਾਰੀ ਦੀ ਵਜ੍ਹਾ ਨਾਲ ਸੰਚਾਲਨ ਬੰਦ ਰਹਿਣ ਨਾਲ ਉਸ ਦਾ ਤਿਮਾਹੀ ਨਤੀਜਾ ਪ੍ਰਭਾਵਿਤ ਹੋਇਆ ਹੈ। ਇਸ ਤੋਂ ਬਾਅਦ ਵੀ ਸੰਚਾਲਨ ਸੀਮਤ ਹੈ। 25 ਮਈ ਤੋਂ ਘਰੇਲੂ ਉਡਾਣਾਂ ਸ਼ੁਰੂ ਹੋ ਗਈਆਂ ਪਰ ਕੌਮਾਂਤਰੀ ਉਡਾਣਾਂ ਹੁਣ ਵੀ ਬੰਦ ਹਨ। ਏਅਰਲਾਈਨ ਨੇ ਕਿਹਾ ਕਿ ਜੂਨ ਤਿਮਾਹੀ 'ਚ ਔਸਤ ਕਿਰਾਇਆ 11.1 ਫੀਸਦੀ ਵੱਧ ਕੇ 4.53 ਰੁਪਏ ਪ੍ਰਤੀ ਯਾਤਰੀ ਪ੍ਰਤੀ ਕਿਲੋਮੀਟਰ ਰਿਹਾ।
ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰੋਨੋਜਾਇ ਦੱਤਾ ਨੇ ਕਿਹਾ, ''ਇਸ ਸਮੇਂ ਹਵਾਬਾਜ਼ੀ ਉਦਯੋਗ ਆਪਣੇ ਆਪ ਨੂੰ ਬਾਜ਼ਾਰ 'ਚ ਬਣਾਈ ਰੱਖਣ ਲਈ ਸੰਘਰਸ਼ ਕਰ ਰਿਹਾ ਹੈ। ਇਸ ਲਈ ਸਾਡੀ ਪਹਿਲੀ ਤਰਜੀਹ ਨਕਦੀ ਬਚਾਉਣਾ ਹੈ।'' ਜੂਨ ਦੇ ਅੰਤ 'ਚ ਇੰਡੀਗੋ ਦੇ ਬੇੜੇ 'ਚ ਕੁੱਲ 274 ਜਹਾਜ਼ ਸਨ। ਜੂਨ ਤਿਮਾਹੀ ਦੇ ਅੰਤ 'ਚ ਇੰਡੀਗੋ ਦਾ ਨਕਦ ਸਰਪਲੱਸ 18,449.8 ਕਰੋੜ ਰੁਪਏ ਸੀ।