ESIC ਯੋਜਨਾ ਨਾਲ ਮਈ, 2022 ’ਚ 14.93 ਲੱਖ ਨਵੇਂ ਮੈਂਬਰ ਜੁੜੇ

07/25/2022 6:38:45 PM

ਨਵੀਂ ਦਿੱਲੀ (ਭਾਸ਼ਾ) – ਕਰਮਚਾਰੀ ਰਾਜ ਬੀਮਾ ਨਿਗਮ (ਈ.ਐੱਸ. ਆਈ. ਸੀ.) ਵਲੋਂ ਸੰਚਾਲਿਤ ਸਮਾਜਿਕ ਸੁਰੱਖਿਆ ਯੋਜਨਾ ਨਾਲ ਮਈ 2022 ’ਚ ਕਰੀਬ 14.93 ਲੱਖ ਨਵੇਂ ਮੈਂਬਰ ਜੁੜੇ ਹਨ। ਨੈਸ਼ਨਲ ਸਟੈਟਿਕਸ ਆਫਿਸ (ਐੱਨ. ਐੱਸ. ਓ.) ਵਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਇਸ ਦੇ ਮੁਤਾਬਕ ਵਿੱਤੀ ਸਾਲ 2021-22 ’ਚ ਈ. ਐੱਸ. ਆਈ. ਸੀ. ਨਾਲ ਜੁੜਨ ਵਾਲੇ ਕੁੱਲ ਨਵੇਂ ਮੈਂਬਰਾਂ ਦੀ ਗਿਣਤੀ 1.49 ਕਰੋੜ ਹੋ ਗਈ। ਵਿੱਤੀ ਸਾਲ 2020-21 ’ਚ ਇਸ ਨਾਲ 1.15 ਕਰੋੜ ਨਵੇਂ ਮੈਂਬਰ ਜੁੜੇ ਸਨ। ਮਹਾਮਾਰੀ ਤੋਂ ਠੀਕ ਪਹਿਲਾਂ ਦੇ ਵਿੱਤੀ ਸਾਲ 2019-20 ’ਚ 1.51 ਕਰੋੜ ਨਵੇਂ ਮੈਂਬਰ ਈ. ਐੱਸ. ਆਈ. ਸੀ. ਨਾਲ ਜੁੜੇ ਸਨ ਜਦ ਕਿ ਸਾਲ 2018-19 ’ਚ ਇਹ ਗਿਣਤੀ 1.49 ਕਰੋੜ ਰਹੀ ਸੀ। ਇਸ ਤੋਂ ਪਹਿਲਾਂ ਸਤੰਬਰ 2017 ਤੋਂ ਲੈ ਕੇ ਮਾਰਚ 2018 ਦਰਮਿਆਨ ਕਰੀਬ 83.55 ਲੱਖ ਨਵੇਂ ਗਾਹਕ ਈ. ਐੱਸ.ਆਈ. ਸੀ. ਦੀ ਸਮਾਜਿਕ ਸੁਰੱਖਿਆ ਯੋਜਨਾ ਦਾ ਹਿੱਸਾ ਬਣੇ ਸਨ।

ਐੱਨ. ਐੱਸ. ਓ. ਦੀ ਭਾਰਤ ’ਚ ਪੇਰੋਲ ਅੰਕੜਿਆਂ ਬਾਰੇ ਜਾਰੀ ਰਿਪੋਰਟ ਕਹਿੰਦੀ ਹੈ ਕਿ ਰਿਟਾਇਰਡ ਫੰਡ ਬਾਡੀ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨਾਲ ਮਈ 2022 ’ਚ 16.81 ਲੱਖ ਨਵੇਂ ਮੈਂਬਰ ਜੁੜੇ। ਰਿਪੋਰਟ ਕਹਿੰਦੀ ਹੈ ਕਿ ਸਤੰਬਰ 2017 ਤੋਂ ਲੈ ਕੇ ਮਈ 2022 ਦੌਰਾਨ ਕਰੀਬ 5.48 ਕਰੋੜ ਨਵੇਂ ਮੈਂਬਰ ਈ. ਪੀ. ਐੱਫ. ਓ. ਯੋਜਨਾ ਦਾ ਹਿੱਸਾ ਬਣੇ। ਐੱਨ. ਐੱਸ. ਓ. ਨੇ ਇਹ ਵੀ ਕਿਹਾ ਕਿ ਇਹ ਰਿਪੋਰਟ ਰਸਮੀ ਖੇਤਰ ’ਚ ਰੁਜ਼ਗਾਰ ਦੇ ਵੱਖ-ਵੱਖ ਪੱਧਰਾਂ ਨਾਲ ਜੁੜੇ ਵੱਖ-ਵੱਖ ਪਹਿਲੂਆਂ ਨੂੰ ਰੇਖਾਂਕਿਤ ਕਰਦੀ ਹੈ ਅਤੇ ਰੁਜ਼ਗਾਰ ਦਾ ਸਮੁੱਚੇ ਪੱਧਰ ’ਤੇ ਮੁਲਾਂਕਣ ਨਹੀਂ ਕਰਦੀ ਹੈ।


Harinder Kaur

Content Editor

Related News