ਹੁਣ ਤੱਕ 1.10 ਕਰੋਡ਼ ਫਾਸਟੈਗ ਜਾਰੀ, ਰੋਜ਼ਾਨਾ ਟੋਲ ਕੁਲੈਕਸ਼ਨ 46 ਕਰੋਡ਼ ਰੁਪਏ ਪੁੱਜੀ

Tuesday, Dec 24, 2019 - 10:41 PM (IST)

ਹੁਣ ਤੱਕ 1.10 ਕਰੋਡ਼ ਫਾਸਟੈਗ ਜਾਰੀ, ਰੋਜ਼ਾਨਾ ਟੋਲ ਕੁਲੈਕਸ਼ਨ 46 ਕਰੋਡ਼ ਰੁਪਏ ਪੁੱਜੀ

ਨਵੀਂ ਦਿੱਲੀ (ਭਾਸ਼ਾ)-ਰਾਸ਼ਟਰੀ ਰਾਜਮਾਰਗਾਂ ’ਤੇ ਇਲੈਕਟ੍ਰਾਨਿਕ ਰੂਪ ’ਚ ਟੋਲ (ਰੋਡ ਟੈਕਸ) ਕੁਲੈਕਸ਼ਨ ਸ਼ੁਰੂ ਹੋਣ ਨਾਲ ਹੁਣ ਤੱਕ 1.10 ਕਰੋਡ਼ ਫਾਸਟੈਗ ਜਾਰੀ ਕੀਤੇ ਗਏ ਹਨ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਦੇ ਇਕ ਅਧਿਕਾਰੀ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਵੱਖ-ਵੱਖ ਵਿਕਰੀ ਕੇਂਦਰਾਂ (ਪੀ. ਓ. ਐੱਸ.) ਜ਼ਰੀਏ ਲਗਭਗ 1.10 ਕਰੋਡ਼ ਫਾਸਟੈਗ ਜਾਰੀ ਕੀਤੇ ਗਏ ਹਨ। ਰਾਜਮਾਰਗ ਅਥਾਰਟੀ ਰੋਜ਼ ਲਗਭਗ ਡੇਢ ਤੋਂ 2 ਲੱਖ ਫਾਸਟੈਗ ਦੀ ਵਿਕਰੀ ਵੇਖ ਰਹੀ ਹੈ। ਇਹ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਲੋਕ ਇਸ ਡਿਜੀਟਲ ਵਿਵਸਥਾ ਨੂੰ ਸਵੀਕਾਰ ਕਰ ਰਹੇ ਹਨ।

ਅਧਿਕਾਰੀ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਰੋਜ਼ਾਨਾ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਲਗਭਗ 46 ਕਰੋਡ਼ ਰੁਪਏ ’ਤੇ ਪਹੁੰਚ ਗਈ ਹੈ। ਐੱਨ. ਐੱਚ. ਏ. ਆਈ. ਨੇ ਯਾਤਰਾ ਨੂੰ ਆਸਾਨ ਬਣਾਉਣ ਲਈ 15 ਦਸੰਬਰ ਤੋਂ ਦੇਸ਼ ਭਰ ਦੇ ਆਪਣੇ 523 ਟੋਲ ਪਲਾਜ਼ਿਆਂ ’ਤੇ ਆਰ. ਐੱਫ. ਆਈ. ਡੀ. ਅਾਧਾਰਿਤ ਫਾਸਟੈਗ ਨਾਲ ਟੋਲ ਕੁਲੈਕਸ਼ਨ ਸ਼ੁਰੂ ਕੀਤੀ ਹੈ। ਅਧਿਕਾਰੀ ਨੇ ਕਿਹਾ ਕਿ ਫਾਸਟੈਗ ਵਿਵਸਥਾ ਸ਼ੁਰੂ ਹੋਣ ਤੋਂ 8 ਦਿਨ ਦੇ ਅੰਦਰ ਹੀ ਫਾਸਟੈਗ ਨਾਲ ਰੋਜ਼ਾਨਾ ਆਧਾਰ ’ਤੇ ਟੋਲ ਲੈਣ-ਦੇਣ ਦਾ ਅੰਕੜਾ ਲਗਭਗ 24 ਲੱਖ ਰੁਪਏ ’ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜਮਾਰਗ ਅਥਾਰਟੀ ਇਸ ਵਿਵਸਥਾ ਦੇ ਸ਼ੁਰੂ ਹੋਣ ਤੋਂ ਬਾਅਦ ਯਾਤਰੀਆਂ ਵੱਲੋਂ ਉਠਾਈਆਂ ਜਾ ਰਹੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਸਖਤ ਮਿਹਨਤ ਕਰ ਰਹੀ ਹੈ। ਹੁਣ ਤੱਕ ਉਠਾਏ ਗਏ ਸਾਰੇ ਮੁੱਦਿਆਂ ’ਤੇ ਐੱਨ. ਐੱਚ. ਏ. ਆਈ. ਦੇ ਅਧਿਕਾਰੀ ਕੰਮ ਕਰ ਰਹੇ ਹਨ। ਫਾਸਟੈਗ ਰੀਚਾਰਜ ਹੋਣ ਵਾਲਾ ਪ੍ਰੀਪੇਡ ਟੈਗ ਹੈ, ਜਿਸ ਦਾ ਟੋਲ ’ਤੇ ਆਪਣੇ ਆਪ ਬਿਨਾਂ ਰੁਕੇ ਆਨਲਾਈਨ ਭੁਗਤਾਨ ਹੋ ਜਾਵੇਗਾ।


author

Karan Kumar

Content Editor

Related News