''ਸੈਟ'' ਦੇ ਫੈਸਲੇ ਖਿਲਾਫ ਆਰ. ਆਈ. ਐੱਲ. ਕਰੇਗੀ ਸੁਪਰੀਮ ਕੋਰਟ ''ਚ ਅਪੀਲ

11/05/2020 5:35:54 PM


ਨਵੀਂ ਦਿੱਲੀ– ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਨੇ ਕਿਹਾ ਕਿ ਉਹ ਸੇਬੀ ਦੇ ਨਿਰਦੇਸ਼ ਖ਼ਿਲਾਫ਼ ਦਾਇਰ ਕੀਤੀ ਗਈ ਪਟੀਸ਼ਨ ਨੂੰ ਸਕਿਓਰਿਟੀਜ਼ ਅਪੀਲ ਟ੍ਰਿਬਿਊਨਲ (ਸੈਟ) ਵਲੋਂ ਖਾਰਜ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ’ਚ ਸੁਪਰੀਮ ਕੋਰਟ ’ਚ ਅਪੀਲ ਕਰੇਗੀ। ਮੁਕੇਸ਼ ਅੰਬਾਨੀ ਦੀ ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਇਹ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਸੈਟ ਨੇ 2 : 1 ਦੇ ਬਹੁਮਤ ਨਾਲ ਦਿੱਤੇ ਗਏ ਨਿਰਦੇਸ਼ ’ਚ ਸੇਬੀ ਦੇ 24 ਮਾਰਚ 2017 ਦੇ ਆਦੇਸ਼ ਖਿਲਾਫ ਆਰ. ਆਈ. ਐੱਲ. ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਇਹ ਆਦੇਸ਼ ਆਰ. ਆਈ. ਐੱਲ. ਵਲੋਂ ਨਵੰਬਰ 2007 ’ਚ ਰਿਲਾਇੰਸ ਪੈਟਰੋਲੀਅਮ ਲਿਮਟਿਡ (ਆਰ. ਪੀ. ਐੱਲ.) ਦੇ ਸ਼ੇਅਰਾਂ ਦੀ ਵਿਕਰੀ ਦੇ ਮਾਮਲੇ 'ਚ ਦਿੱਤਾ ਗਿਆ ਸੀ। ਆਰ. ਆਈ. ਐੱਲ. ਨੇ ਕਿਹਾ ਕਿ ਕੰਪਨੀ ਸੈੱਟ ਵਲੋਂ ਪਾਸ ਆਦੇਸ਼ ਦੀ ਸਮੀਖਿਆ ਕਰੇਗੀ। ਬਿਆਨ ’ਚ ਅੱਗੇ ਕਿਹਾ ਗਿਆ ਕਿ ਕੰਪਨੀ ਵਲੋਂ ਕੀਤੇ ਗਏ ਸਾਰੇ ਸੌਦੇ ਅਸਲ ਅਤੇ ਪ੍ਰਮਾਣਿਕ ਸਨ। ਇਨ੍ਹਾਂ ਲੈਣ-ਦੇਣ ’ਚ ਕੋਈ ਗੜਬੜੀ ਨਹੀਂ ਸੀ।

ਆਰ. ਆਈ. ਐੱਲ. ਨੇ ਇਹ ਵੀ ਕਿਹਾ ਕਿ ਉਸ ਨੇ ਨਵੰਬਰ 2007 ’ਚ ਆਰ. ਪੀ. ਐੱਲ. ਦੇ ਸ਼ੇਅਰ ਵੇਚਦੇ ਸਮੇਂ ਕਿਸੇ ਕਾਨੂੰਨ ਜਾਂ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ। ਕੰਪਨੀ ਨੇ ਕਿਹਾ ਕਿ ਕੰਪਨੀ ਉਚਿੱਤ ਕਾਨੂੰਨੀ ਸਲਾਹ ਦੇ ਮੁਤਾਬਕ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ’ਚ ਅਪੀਲ ਕਰੇਗੀ ਅਤੇ ਉਸ ਨੂੰ ਨਿਰਦੋਸ਼ ਸਾਬਤ ਹੋਣ ਦਾ ਪੂਰਾ ਭਰੋਸਾ ਹੈ।

ਕੀ ਹੈ ਮਾਮਲਾ
ਇਸ ਤੋਂ ਪਹਿਲਾਂ ਸੇਬੀ ਨੇ ਆਪਣੇ 24 ਮਾਰਚ 2017 ਦੇ ਆਦੇਸ਼ ’ਚ ਅਣਉਚਿੱਤ ਵਪਾਰ ਪ੍ਰਥਾਵਾਂ ਦੇ ਦੋਸ਼ ’ਚ ਆਰ. ਆਈ. ਐੱਲ. ਅਤੇ ਉਸ ਦੇ ਡਾਇਰੈਕਟੋਰੇਟ ਸਮੂਹ ਦੀਆਂ 12 ਸੰਸਥਾਵਾਂ ਨੂੰ ਇਕਵਿਟੀ ਡੇਰੀਵੇਟਿਵ ਕਾਰੋਬਾਰ ਤੋਂ ਰੋਕ ਦਿੱਤਾ ਸੀ। ਸਿਕਿਓਰਿਟੀ ਬਾਜ਼ਾਰ ਰੈਗੁਲੇਟਰ ਨੇ ਆਰ. ਆਈ. ਐੱਲ. ਨੂੰ ਵਿਆਜ਼ ਸਮੇਤ 447 ਕਰੋੜ ਰੁਪਏ ਦੇਣ ਦਾ ਆਦੇਸ਼ ਵੀ ਦਿੱਤਾ ਸੀ। ਆਰ. ਆਈ. ਐੱਲ. ਨੇ ਮਾਰਚ 2007 ’ਚ ਰਿਲਾਇੰਸ ਪੈਟਰੋਲੀਅਮ ਲਿਮਟਿਡ (ਆਰ. ਪੀ. ਐੱਲ.) ਵਿਚ 4.1 ਫੀਸਦੀ ਹਿੱਸੇਦਾਰੀ ਵੇਚਣ ਦਾ ਫੈਸਲਾ ਕੀਤਾ ਸੀ ਜੋ ਇਕ ਸੂਚੀਬੱਧ ਸਹਾਇਕ ਕੰਪਨੀ ਸੀ। ਹਾਲਾਂਕਿ ਬਾਅਦ ’ਚ ਇਸ ਨੂੰ 2009 ’ਚ ਆਰ. ਆਈ. ਐੱਲ. ਦੇ ਨਾਲ ਮਿਲਾ ਦਿੱਤਾ ਗਿਆ, ਪਰ ਆਰ. ਪੀ. ਐੱਲ. ਦੇ ਸ਼ੇਅਰਾਂ ’ਚ ਗਿਰਾਵਟ ਰੋਕਣ ਲਈ ਸ਼ੇਅਰਾਂ ਨੂੰ ਪਹਿਲਾਂ ਵਾਅਦਾ ਬਾਜ਼ਾਰ ’ਚ ਵੇਚਿਆ ਗਿਆ ਅਤੇ ਬਾਅਦ ’ਚ ਹਾਜ਼ਰ ਬਾਜ਼ਾਰ ’ਚ।


Sanjeev

Content Editor

Related News