ਕਾਪਰ ਬਣੇਗਾ ਭਵਿੱਖ ਦੀ ਅਰਥਵਿਵਸਥਾ ਦਾ ਨਵਾਂ ‘ਸੋਨਾ’
Tuesday, Nov 11, 2025 - 12:39 AM (IST)
ਨਵੀਂ ਦਿੱਲੀ- ਸੋਨੇ ਤੇ ਚਾਂਦੀ ਦੀ ਕੀਮਤ ਇਸ ਸਾਲ ਕਾਫੀ ਵੱਧ ਗਈ ਹੈ। ਬਿਹਤਰ ਰਿਟਰਨ ਲਈ ਕਾਫੀ ਲੋਕ ਇਸ ’ਚ ਖੂਬ ਨਿਵੇਸ਼ ਕਰ ਰਹੇ ਹਨ। ਕਈ ਨਿਵੇਸ਼ਕਾਂ ਨੂੰ ਲੱਗਦਾ ਹੈ ਕਿ ਸੋਨਾ ਅਤੇ ਚਾਂਦੀ ਹੀ ਭਵਿੱਖ ਦੀ ਧਾਤੂ (ਮੈਟਲ) ਹਨ ਪਰ ਐਕਸਪਰਟ ਦਾ ਕਹਿਣਾ ਹੈ ਕਿ ਭਵਿੱਖ ਦੀ ਧਾਤੂ ਸੋਨਾ-ਚਾਂਦੀ ਨਹੀਂ ਸਗੋਂ ਕਾਪਰ ਮਤਲਬ ਤਾਂਬਾ ਹੈ।
ਐਕਸਪਰਟ ਦਾ ਕਹਿਣਾ ਹੈ ਕਿ ਕਾਪਰ ਹੀ ਉਹ ਧਾਤੂ ਹੈ ਜੋ ਭਵਿੱਖ ਦਾ ਨਿਰਮਾਣ ਕਰ ਸਕਦੀ ਹੈ। ਸੀਨੀਅਰ ਐਨਾਲਿਸਟ ਸੁਜੈ ਯੂ ਨੇ ਚਿਤਾਵਨੀ ਦਿੱਤੀ ਹੈ ਕਿ ਜਿੱਥੇ ਭਾਰਤੀ ਲੋਕ ਸੋਨੇ ਦੇ ਪਿੱਛੇ ਭੱਜ ਰਹੇ ਹਨ, ਉਥੇ ਉਹ ਉਸ ਸੰਪਤੀ ਨੂੰ ਨਜ਼ਰਅੰਦਾਜ਼ ਕਰ ਰਹੇ ਹਨ, ਜਿਸ ’ਚ ਅਗਲੇ ਦਹਾਕੇ ’ਚ ਜ਼ਬਰਦਸਤ ਉਛਾਲ ਆਉਣ ਵਾਲਾ ਹੈ। ਉਨ੍ਹਾਂ ਲਿੰਕਡਾਈਨ ’ਤੇ ਲਿਖਿਆ ਕਿ ਤਾਂਬਾ ਉਹ ਧਾਤੂ ਹੈ ਜੋ ਅਗਲੇ 5 ਤੋਂ 10 ਸਾਲਾਂ ’ਚ ਦੌਲਤ ਨੂੰ ਨਵਾਂ ਰੂਪ ਦੇ ਸਕਦੀ ਹੈ। ਉਨ੍ਹਾਂ ਦੀ ਦਲੀਲ ਹੈ ਕਿ ਲੱਗਭਗ ਸਾਰੇ ਭਾਰਤੀ ਇਸਦੀ ਵਧਦੀ ਮੰਗ ਤੋਂ ਅਣਜਾਣ ਹਨ।
ਤਾਂਬੇ ਦੀ ਕਿਉਂ ਵਧ ਰਹੀ ਮੰਗ?
ਐਕਸਪਰਟ ਦਾ ਕਹਿਣਾ ਹੈ ਕਿ ਦੁਨੀਆ ਤਾਂਬੇ ਤੋਂ ਬਿਨਾਂ ਭਵਿੱਖ ਦਾ ਨਿਰਮਾਣ ਨਹੀਂ ਕਰ ਸਕਦੀ। ਤਾਂਬਾ ਇਲੈਕਟ੍ਰਿਕ ਵਾਹਨਾਂ, ਸੌਲਰ ਪੈਨਲਾਂ, ਚਾਰਜਿੰਗ ਸਟੇਸ਼ਨਾਂ, ਪਾਵਰ ਗਰਿੱਡਾਂ ਅਤੇ ਡਾਟਾ ਸੈਂਟਰਾਂ ਲਈ ਬਹੁਤ ਜ਼ਰੂਰੀ ਹੈ। ਇਹ ਸਭ ਇਕ ਗ੍ਰੀਨ ਅਤੇ ਬਿਜਲਈ ਅਰਥਵਿਵਸਥਾ ਦੇ ਮੁੱਖ ਸਤੰਭ ਹਨ। ਇਸ ਤਰ੍ਹਾਂ ਤਾਂਬੇ ਦੀ ਮੰਗ ਲਗਾਤਾਰ ਵਧ ਰਹੀ ਹੈ। ਉਥੇ ਹੀ ਦੂਜੇ ਪਾਸੇ ਇਸਦੀ ਸਪਲਾਈ ’ਚ ਭਾਰੀ ਘਾਟ ਹੈ। ਇੰਡੋਨੇਸ਼ੀਆ ਦੀਆਂ ਸਭ ਤੋਂ ਵੱਡੀਆਂ ਤਾਂਬਾ ਖਾਨਾਂ ’ਚੋਂ ਇਕ ਗ੍ਰਾਸਬਰਗ ਹੜ੍ਹ ਅਤੇ ਹਾਦਸਿਆਂ ਨਾਲ ਪ੍ਰਭਾਵਿਤ ਹੋਈ ਹੈ। ਇਸ ਨਾਲ 2026 ਤੱਕ 6 ਲੱਖ ਟਨ ਤੋਂ ਵੱਧ ਦਾ ਉਤਪਾਦਨ ਘਾਟੇ ਦਾ ਖਤਰਾ ਹੈ। ਇਕ ਨਵੀਂ ਤਾਂਬਾ ਖਾਨ ਖੋਲ੍ਹਣ ’ਚ 10 ਤੋਂ 15 ਸਾਲ ਲੱਗਦੇ ਹਨ ਅਤੇ ਮੌਜੂਦਾ ਖਾਨਾਂ ਖਾਲੀ ਹੋ ਰਹੀਆਂ ਹਨ ਜਾਂ ਉਨ੍ਹਾਂ ’ਚ ਓਰ ਦੀ ਗੁਣਵੱਤਾ ਡਿੱਗ ਰਹੀ ਹੈ।
ਮਾਰਗਨ ਸਟੇਨਲੀ ਨੇ ਵੀ ਪ੍ਰਗਟਾਈ ਚਿੰਤਾ
ਮਾਰਗਨ ਸਟੇਨਲੀ ਦੀ ਇਕ ਰਿਪੋਰਟ ਮੁਤਾਬਕ ਅਗਲੇ ਸਾਲ ਮਤਲਬ 2026 ’ਚ ਤਾਂਬੇ ਦੇ ਬਾਜ਼ਾਰ ’ਚ ਪਿਛਲੇ 22 ਸਾਲਾਂ ਦੀ ਸਭ ਤੋਂ ਵੱਡੀ ਘਾਟ ਦੇਖੀ ਜਾਵੇਗੀ। ਇਹ ਘਾਟ 5.90 ਲੱਖ ਟਨ ਤੱਕ ਪਹੁੰਚ ਸਕਦੀ ਹੈ। ਉਥੇ ਹੀ ਸਾਲ 2029 ਤੱਕ ਇਹ ਘਾਟ ਵਧ ਕੇ 1.1 ਮਿਲੀਅਨ ਟਨ ਤੱਕ ਹੋ ਜਾਣ ਦੀ ਸੰਭਾਵਨਾ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਦੁਨੀਆ ਭਰ ’ਚ ਤਾਂਬੇ ਦਾ ਉਤਪਾਦਨ ਸਾਲ 2020 ਤੋਂ ਬਾਅਦ ਪਹਿਲੀ ਵਾਰ ਘੱਟ ਹੋਣ ਵਾਲਾ ਹੈ।
