ਚਿੰਤਾਜਨਕ ਖੇਤੀਬਾੜੀ ਵਿਕਾਸ ਦਰ, ਨੀਤੀ-ਸਮਰਥਿਤ ਦਖਲ ਦੀ ਲੋੜ
Wednesday, Mar 13, 2024 - 02:51 PM (IST)
ਵਿੱਤੀ ਸਾਲ 2023-24 ’ਚ ਦੇਸ਼ ਦੀ ਅਰਥਵਿਵਸਥਾ 7.6 ਫੀਸਦੀ ਵਧਣ ਦੀ ਉਮੀਦ ਹੈ, ਉੱਥੇ ਹੀ ਦੂਸਰੇ ਪਾਸੇ ਖੇਤੀਬਾੜੀ ਖੇਤਰ ਦੀ ਵਿਕਾਸ ਦਰ 1 ਫੀਸਦੀ ਤੋਂ ਵੀ ਹੇਠਾਂ ਹੋਣਾ ਚਿੰਤਾਜਨਕ ਹੈ। ਅਪ੍ਰੈਲ ਤੋਂ ਦਸੰਬਰ ਤਕ ਤਿੰਨ ਤਿਮਾਹੀਆਂ ’ਚ ਖੇਤੀਬਾੜੀ ਦੀ 0.8 ਫੀਸਦੀ ਵਿਕਾਸ ਦਰ 31 ਮਾਰਚ ਨੂੰ ਖਤਮ ਹੋਣ ਵਾਲੇ ਮੌਜੂਦਾ ਵਿੱਤੀ ਸਾਲ ’ਚ 0.7 ਫੀਸਦੀ ਰਹਿਣ ਦਾ ਅੰਦਾਜ਼ਾ ਹੈ ਜੋ ਪਿਛਲੇ ਦਸ ਸਾਲ ’ਚ ਸਭ ਤੋਂ ਘੱਟ ਹੋਵੇਗੀ। 65 ਫੀਸਦੀ ਪਰਿਵਾਰਾਂ ਨੂੰ ਰੋਜ਼ਗਾਰ ਦੇਣ ਵਾਲਾ ਦੇਸ਼ ਦਾ ਖੇਤੀਬਾੜੀ ਸੈਕਟਰ ਕਈ ਚੁਣੌਤੀਆਂ ਨਾਲ ਜੂਝ ਰਿਹਾ ਹੈ। ਪਰਿਵਾਰਾਂ ’ਚ ਵੰਡ ਹੁੰਦੀ ਖੇਤੀਬਾੜੀ ਵਾਲੀ ਜ਼ਮੀਨ ਅਤੇ ਛੋਟੇ ਕਿਸਾਨਾਂ ਦੀ ਪਹੁੰਚ ਤੋਂ ਦੂਰ ਆਧੁਨਿਕ ਤਕਨਾਲੋਜੀ ਦੇ ਨਤੀਜੇ ਵਜੋਂ ਘਟਦੀ ਉਪਜ ਨਾਲ ਖੇਤੀ ਘਾਟੇ ਦਾ ਸੌਦਾ ਹੈ। ਇਸ ਵਿੱਤੀ ਸਾਲ ਦੇ ਹਾੜ੍ਹੀ ਅਤੇ ਸਾਉਣੀ ਦੇ ਸੀਜ਼ਨ ਲਈ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਨੇ ਖੁਰਾਕੀ ਵਸਤਾਂ ਦੀ ਪੈਦਾਵਾਰ ਪਿਛਲੇ ਸਾਲ ਦੀ ਤੁਲਨਾ ’ਚ 41 ਲੱਖ ਟਨ ਘਟਣ ਦੀ ਸੰਭਾਵਨਾ ਜਤਾਈ ਹੈ।
ਦੇਸ਼ ’ਚ ਖੇਤੀਬਾੜੀ ਸੰਕਟ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਇਸ ਦੇ ਟਿਕਾਊ ਹੱਲ ਦੀ ਘਾਟ ’ਚ ਸੰਕਟ ਵਧਦਾ ਜਾ ਰਿਹਾ ਹੈ। ਪੰਜ ਵੱਡੀਆਂ ਸਮੱਸਿਆਵਾਂ ਭਾਰਤ ਦੇ ਖੇਤੀਬਾੜੀ ਵਿਕਾਸ ’ਚ ਰੁਕਾਵਟ ਹਨ। ਪਹਿਲਾ ਸੰਕਟ ਕਿਸਾਨਾਂ ਦੀ ਘਟਦੀ ਆਮਦਨ ਹੈ। ਦੇਸ਼ ਦੇ 86 ਫੀਸਦੀ ਛੋਟੇ ਕਿਸਾਨ ਪਰਿਵਾਰਾਂ ਦੀ ਆਮਦਨ ਘਟ ਰਹੀ ਹੈ ਜਾਂ ਸਥਿਰ ਹੈ, ਜਿਸ ਨਾਲ ਰਵਾਇਤੀ ਪਰਿਵਾਰਕ ਖੇਤੀ ’ਚ ਸੁਧਾਰ ਲਈ ਪੂੰਜੀ ਨਿਵੇਸ਼ ਨਹੀਂ ਹੋ ਰਿਹਾ ਹੈ। ਪਰਿਵਾਰ ਚਲਾਉਣ ਲਈ ਇਹ ਕਿਸਾਨ ਦੂਜੇ ਦੇ ਖੇਤਾਂ ’ਚ ਮਜ਼ਦੂਰੀ ਲਈ ਮਜਬੂਰ ਹਨ। ਦੂਜਾ ਕੁਦਰਤੀ ਸਰੋਤ ਖਾਸ ਕਰ ਕੇ ਮਿੱਟੀ ਅਤੇ ਪਾਣੀ ਦੀ ਘਟਦੀ ਗੁਣਵੱਤਾ ਭਵਿੱਖ ਦੀ ਖੇਤੀ ਲਈ ਵੱਡਾ ਸੰਕਟ ਹੈ। ਤੀਜਾ ਕਿਸਾਨਾਂ ਦੀ ਨੌਜਵਾਨ ਪੀੜ੍ਹੀ ਨੂੰ ਇਕ ਦਿਲਖਿੱਚਵੇਂ ਰੋਜ਼ਗਾਰ ਦੇ ਤੌਰ ’ਤੇ ਖੇਤੀ ’ਤੇ ਨਿਰਭਰ ਰਹਿਣ ’ਚ ਭਰੋਸਾ ਨਹੀਂ ਹੈ, ਇਸ ਲਈ ਉਹ ਛੋਟੀ-ਮੋਟੀ ਨੌਕਰੀ ਲਈ ਸ਼ਹਿਰਾਂ ਅਤੇ ਵਿਦੇਸ਼ਾਂ ਵੱਲ ਭੱਜ ਰਹੇ ਹਨ।
ਚੌਥਾ ਜਲਵਾਯੂ ਸੰਕਟ ਕਿਸਾਨਾਂ ਦੁਆਰਾ ਸਾਲਾਂ ਦੀ ਸਖ਼ਤ ਮਿਹਨਤ ਦੁਆਰਾ ਪ੍ਰਾਪਤ ਕੀਤੀ ਖੁਰਾਕ ਸੁਰੱਖਿਆ ਲਈ ਖ਼ਤਰਾ ਹੈ। ਪੰਜਵਾਂ ਖੇਤੀ ਖੇਤਰ ਦੀਆਂ ਬਹੁਪੱਖੀ ਚੁਣੌਤੀਆਂ ਦੇ ਹੱਲ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਕੋਈ ਪ੍ਰਭਾਵੀ ਅਤੇ ਕੁਸ਼ਲ ਨੀਤੀ ਨਹੀਂ ਹੈ। ਖੇਤੀ ਖੇਤਰ ਦੀਆਂ ਸਾਰੀਆਂ ਚੁਣੌਤੀਆਂ ਨੂੰ ਦੂਰ ਕਰਨ ਅਤੇ ਕਿਸਾਨਾਂ ਨੂੰ ਸਮਰੱਥ ਅਤੇ ਖੁਸ਼ਹਾਲ ਬਣਾਉਣ ਲਈ ਸਹੀ ਨੀਤੀ ਦੀ ਲੋੜ ਹੈ।
ਖੇਤੀਬਾੜੀ ਭੂਮੀ : ਭਾਰਤੀ ਕਿਸਾਨਾਂ ਨੂੰ ਛੋਟੀ ਜੋਤ (ਥੋੜ੍ਹੀ ਜ਼ਮੀਨ ਵਾਲੇ ਕਿਸਾਨ) ਕਾਰਨ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦੋ ਦਹਾਕਿਆਂ ’ਚ ਅੌਸਤ ਜ਼ਮੀਨ ਦੀ ਖੇਤੀ ਘਟ ਕੇ 1.08 ਹੈਕਟੇਅਰ ਰਹਿ ਗਈ ਹੈ ਜੋ ਵਿਕਸਿਤ ਦੇਸ਼ਾਂ ਦੀ ਤੁਲਨਾ ’ਚ ਬਹੁਤ ਘੱਟ ਹੈ। ਛੋਟੀ ਜੋਤ ਦੇ ਰਕਬੇ ’ਚ ਪੈਦਾਵਾਰ ਵਧਾਉਣ ਲਈ ਨਵੇਂ ਤਰੀਕੇ ਅਪਣਾਉਣ ਦੀ ਲੋੜ ਹੈ। ਛੋਟੀ ਜੋਤ ਵਾਲੇ ਕਿਸਾਨ ਮਿਲ ਕੇ ਆਪਣੇ ਸਮੂਹਿਕ ਨੈੱਟਵਰਕ ਦੇ ਦਮ ’ਤੇ ਖੇਤੀ ਲਈ ਕਰਜ਼ੇ ਤੋਂ ਲੈ ਕੇ ਖਾਦ, ਬੀਜ ਅਤੇ ਹੋਰ ਸਰੋਤਾਂ ’ਤੇ ਲਾਗਤ ਘਟਾ ਸਕਦੇ ਹਨ। ਇਸ ਪਹਿਲ ਨਾਲ ਖੇਤੀਬਾੜੀ ਨੂੰ ਹੋਰ ਵੱਧ ਫਾਇਦੇਮੰਦ ਬਣਾਉਣ ’ਚ ਮਦਦ ਮਿਲ ਸਕਦੀ ਹੈ। ਛੋਟੀ ਜੋਤ ਲਈ ਢੁੱਕਵੀਂ ਆਧੁਨਿਕ ਤਕਨਾਲੋਜੀ ਅਤੇ ਮਸ਼ੀਨੀਕਰਨ ਦੀ ਵਰਤੋਂ ਦੇ ਬਿਹਤਰੀਨ ਤਰੀਕਿਆਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਨਾਲ ਲਾਭ ਮਿਲੇਗਾ।
ਤਕਨਾਲੋਜੀ ਦੀ ਵਰਤੋਂ : ਹਮੇਸ਼ਾ ਮੌਸਮ ਦੇ ਮਿਜਾਜ਼ ’ਤੇ ਨਿਰਭਰ ਰਹਿਣ ਵਾਲੇ ਕਿਸਾਨ ਖੇਤੀ ਤੇ ਪੌਣ-ਪਾਣੀ ਤਬਦੀਲੀ ਦੇ ਅਸਰ ਕਾਰਨ ਆਰਥਿਕ ਤੌਰ ’ਤੇ ਕਮਜ਼ੋਰ ਹੋ ਰਹੇ ਹਨ। ਇਨ੍ਹਾਂ ਹਾਲਾਤ ’ਚ ਖੇਤੀਬਾੜੀ ਦੀ ਪੈਦਾਵਾਰ ਵਧਾਉਣ ਅਤੇ ਇਸ ਨੂੰ ਫਾਇਦੇਮੰਦ ਬਣਾਉਣ ਲਈ ਫੈਸਲਾਕੁੰਨ ਕਦਮ ਚੁੱਕਣੇ ਜ਼ਰੂਰੀ ਹਨ। ਸਰਕਾਰ ਨੂੰ ਰਿਸਰਚ ਐਂਡ ਡਿਵੈਲਪਮੈਂਟ (ਆਰ. ਐਂਡ ਡੀ.) ’ਤੇ ਖਰਚ ਵਧਾਉਣਾ ਚਾਹੀਦਾ ਹੈ। ਦੇਸ਼ ਦੇ ਖੇਤੀਬਾੜੀ ਬਜਟ ਦਾ ਸਿਰਫ 0.3-0.5 ਫੀਸਦੀ ਆਰ. ਐਂਡ ਡੀ. ’ਤੇ ਖਰਚ ਹੁੰਦਾ ਹੈ ਜਦ ਕਿ ਅਮਰੀਕਾ ’ਚ 2.8, ਚੀਨ 2.1, ਦੱਖਣੀ ਕੋਰੀਆ 4.3 ਅਤੇ ਇਜ਼ਰਾਈਲ ਆਪਣੇ ਖੇਤੀਬਾੜੀ ਬਜਟ ਦਾ 4.2 ਫੀਸਦੀ ਆਰ. ਐਂਡ ਡੀ. ’ਤੇ ਖਰਚ ਕਰਦੇ ਹਨ। ਆਰ. ਐਂਡ ਡੀ. ’ਤੇ ਘੱਟ ਨਿਵੇਸ਼ ਖੇਤੀਬਾੜੀ ਸੈਕਟਰ ਦੀਆਂ ਕਈ ਚੁਣੌਤੀਆਂ ਨਾਲ ਨਜਿੱਠਣ ’ਚ ਇਕ ਵੱਡਾ ਅੜਿੱਕਾ ਹੈ।
ਅਸੀਂ ਇਕ ਅਜਿਹੇ ਯੁੱਗ ’ਚ ਰਹਿ ਰਹੇ ਹਾਂ ਜਿੱਥੇ ਤਕਨਾਲੋਜੀ ਖੇਤੀਬਾੜੀ ਸੈਕਟਰ ’ਚ ਨਵੀਂ ਕ੍ਰਾਂਤੀ ਲਿਆ ਸਕਦੀ ਹੈ। ਹਾਈਬ੍ਰਿਡ ਤਕਨਾਲੋਜੀ, ਬਾਇਓ ਤਕਨਾਲੋਜੀ, ਸੁਰੱਖਿਅਤ ਖੇਤੀ, ਸਟੀਕ ਖੇਤੀ, ਬਾਇਓ ਐਨਰਜੀ, ਫਸਲਾਂ ਦੀ ਬਾਇਓ-ਫੋਰਟੀਫਿਕੇਸ਼ਨ, ਰਿਮੋਟ ਸੈਂਸਿੰਗ, ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨ ਤਕਨਾਲੋਜੀ ਆਦਿ ਦੀ ਵਰਤੋਂ ਨੂੰ ਤੁਰੰਤ ਵਧਾਉਣਾ ਹੋਵੇਗਾ। ਪਹਿਲਾਂ ਤੋਂ ਅੰਦਾਜ਼ੇ ਅਨੁਸਾਰ ਵਿਸ਼ਲੇਸ਼ਣ, ਡ੍ਰੋਨ, ਸੈਂਸਰ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਇੰਟਰਨੈੱਟ ਆਫ ਥਿੰਗਜ਼ (ਆਈ. ਓ. ਟੀ.) ਵਰਗੀ ਨਵੀਂ ਤਕਨਾਲੋਜੀ ਕਿਸਾਨਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਨਾਲ ਸਟੀਕ ਖੇਤੀਬਾੜੀ ਤਰੀਕਿਆਂ ਨੂੰ ਅਪਣਾ ਕੇ ਅਸੀਂ ਆਫ਼ਤਾਂ ਨਾਲ ਨਜਿੱਠਣ ਦੇ ਸਮਰੱਥ ਬਣ ਸਕਦੇ ਹਾਂ।
ਜਿਨ੍ਹਾਂ ਦੇਸ਼ਾਂ ਨੇ ਜੈਨੇਟੀਕਲ ਇੰਜੀਨੀਅਰ ਤਕਨਾਲੋਜੀ ਨੂੰ ਅਪਣਾਇਆ ਹੈ, ਉੱਥੋਂ ਦੇ ਕਿਸਾਨਾਂ ਨੂੰ ਪੈਦਾਵਾਰ ਵਧਾਉਣ ਅਤੇ ਲਾਗਤ ਘਟਾਉਣ ’ਚ ਮਦਦ ਮਿਲੀ ਹੈ। ਭਾਰਤ ਦੀ 30 ਫੀਸਦੀ ਅਨਾਜ ਪੈਦਾਵਾਰ ਅਜੇ ਵੀ ਰਵਾਇਤੀ ਕਿਸਮਾਂ ’ਤੇ ਅਟਕੀ ਹੈ। ਸਮੇਂ ਦੀ ਮੰਗ ਹੈ ਕਿ ਦੇਸ਼ ਭਰ ਦੇ ਵੱਧ ਤੋਂ ਵੱਧ ਕਿਸਾਨਾਂ ਤਕ ਉੱਨਤ ਤਕਨਾਲੋਜੀ ਦੀ ਪਹੁੰਚ ਹੋਵੇ। ਖੇਤੀ ਦੇ ਵੱਖ-ਵੱਖ ਕੰਮਾਂ ਨਾਲ ਜੁੜੇ ਤਣਾਅ ਨੂੰ ਘਟਾ ਕੇ, ਖਾਦਾਂ, ਬੀਜਾਂ, ਕੀਟਨਾਸ਼ਕਾਂ ਅਤੇ ਕੁਦਰਤੀ ਸਰੋਤਾਂ ਦੀ ਕੁਸ਼ਲ ਵਰਤੋਂ ਨਾਲ ਉਤਪਾਦਨ ਵਧਾਉਣ ਦਾ ਰਾਹ ਆਸਾਨ ਹੋ ਜਾਵੇਗਾ।
ਖੇਤੀਬਾੜੀ ਉੱਦਮੀ ਵਾਂਗ ਤਿਆਰ ਕਰੋ ਨੌਜਵਾਨਾਂ ਨੂੰ : ਦੇਸ਼ ਦੀ 25 ਫੀਸਦੀ ਆਬਾਦੀ 15 ਸਾਲ ਤੋਂ ਘੱਟ ਉਮਰ ਦੀ ਹੈ। ਖੇਤੀਬਾੜੀ ਕਿੱਤੇ ਦੇ ਵਿਸ਼ਵੀਕਰਨ ਅਤੇ ਖੁਰਾਕ ਸਮੱਸਿਆ ਦੇ ਸੰਦਰਭ ’ਚ ਖੇਤੀਬਾੜੀ ਖੇਤਰ ’ਚ ਉੱਚ ਸਿੱਖਿਆ ਨੂੰ ਹੁਲਾਰਾ ਦੇਣਾ ਜ਼ਰੂਰੀ ਹੈ। ਬਾਇਓ ਤਕਨਾਲੋਜੀ ਅਤੇ ਜੈਨੇਟਿਕ ਇੰਜੀਨੀਅਰਿੰਗ ਵਰਗੀ ਨਵੇਂ ਯੁੱਗ ਦੀ ਤਕਨਾਲੋਜੀ ’ਤੇ ਆਧਾਰਿਤ ਸਿੱਖਿਆ ਨਾਲ ਖੁਰਾਕੀ ਵਸਤਾਂ ਦੀ ਪੈਦਾਵਾਰ ’ਚ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ’ਚ ਮਦਦ ਮਿਲ ਸਕਦੀ ਹੈ। ਨੌਜਵਾਨ ਪੀੜ੍ਹੀ ਨੂੰ ਸਫਲ ਖੇਤੀਬਾੜੀ ਉੱਦਮੀਆਂ ਵਜੋਂ ਵਿਕਸਿਤ ਕਰਨ ਲਈ ਖੇਤੀਬਾੜੀ ਦੇ ਵਿਹਾਰਕ ਹੁਨਰ ਅਤੇ ਉੱਦਮਸ਼ੀਲਤਾ ਦੀਆਂ ਸਮਰੱਥਾਵਾਂ ਨੂੰ ਸਭ ਤੋਂ ਵੱਧ ਅਹਿਮੀਅਤ ਦੇਣੀ ਦੇਸ਼ ਦੇ ਆਰਥਿਕ ਤੇ ਸਮਾਜਿਕ ਵਿਕਾਸ ਲਈ ਜ਼ਰੂਰੀ ਹੈ। ਖੇਤੀ ਦੀ ਸਾਖ ਬਣਾਈ ਰੱਖਣ ਲਈ ਇਸ ਨੂੰ ਨੌਜਵਾਨਾਂ ਦਰਮਿਆਨ ਇਕ ਆਕਰਸ਼ਕ ਕਰੀਅਰ ਦਾ ਬਦਲ ਬਣਾਏ ਜਾਣ ਦੀ ਲੋੜ ਹੈ।
‘ਦਿ ਫਿਊਚਰ ਐਗਰੀਕਲਚਰਲ ਲੀਡਰਜ਼ ਆਫ ਇੰਡੀਆ’ (ਐੱਫ. ਏ. ਐੱਲ. ਆਈ.) ਵਰਗੀ ਪਹਿਲ ਨੌਜਵਾਨਾਂ ਨੂੰ ਖੇਤੀ ਨਾਲ ਜੋੜਨ ’ਚ ਕੁਝ ਸਫਲ ਰਹੀ ਹੈ। ਇਸ ਪਹਿਲ ਨੇ ਇਕ ਦਹਾਕੇ ਤੋਂ ਵੀ ਘੱਟ ਸਮੇਂ ’ਚ ਕਿਸਾਨ ਪਰਿਵਾਰਾਂ ਦੇ ਤਕਰੀਬਨ 13,000 ਵਿਦਿਆਰਥੀਆਂ ਨੂੰ ਖੇਤੀ ਨਾਲ ਸਫਲਤਾਪੂਰਵਕ ਜੁੜਨ ਦੇ ਸਮਰੱਥ ਬਣਾਇਆ ਹੈ। ਖੇਤੀ ਖੇਤਰ ’ਚ ਉੱਚ ਸਿੱਖਿਆ ਇਨ੍ਹਾਂ ਨੂੰ ਖੇਤਾਂ ਦੇ ਦੌਰੇ, ਕਿਸਾਨਾਂ ਨਾਲ ਗੱਲਬਾਤ, ਖੇਤੀ ਸਬੰਧੀ ਬਿਜ਼ਨੈੱਸ ਯੋਜਨਾਵਾਂ ਦੇ ਮੁਕਾਬਲਿਆਂ ਅਤੇ ਅਤਿਆਧੁਨਿਕ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਕਾਰੋਬਾਰ ਟ੍ਰੇਨਿੰਗ ਸਹੂਲਤ ਨਾਲ ਇਹ ਸੰਭਵ ਹੋ ਸਕਿਆ ਹੈ।
ਨਿਚੋੜ ਇਹ ਹੈ ਕਿ ਇਕੋ ਵੇਲੇ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਦੇਸ਼ ਦੇ ਖੇਤੀਬਾੜੀ ਸੈਕਟਰ ਨੂੰ ਸੰਕਟ ’ਚੋਂ ਕੱਢਣ ਲਈ ਇਕ ਵਿਆਪਕ ਦ੍ਰਿਸ਼ਟੀਕੋਣ ਅਪਣਾਉਣ ਦੀ ਲੋੜ ਹੈ ਜਿਸ ’ਚ ਕਿਸਾਨਾਂ, ਨੀਤੀ-ਘਾੜਿਆਂ, ਖੇਤੀਬਾੜੀ ਵਿਗਿਆਨਕਾਂ ਅਤੇ ਪ੍ਰਾਈਵੇਟ ਸੈਕਟਰ ਸਣੇ ਸਾਰੇ ਹਿੱਤਧਾਰਕਾਂ ਨੂੰ ਸ਼ਾਮਲ ਕਰਨ ਨਾਲ ਹੀ ਚੁਣੌਤੀਆਂ ਨੂੰ ਹੱਲ ਕੀਤਾ ਜਾ ਸਕਦਾ ਹੈ। ਖੇਤੀਬਾੜੀ ਸਬੰਧੀ ਸਭ ਸਰਕਾਰੀ ਪਾਲਿਸੀ ਤੇ ਪਲਾਨਿੰਗ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ’ਚ ਕਿਸਾਨਾਂ ਦੀ ਭੂਮਿਕਾ ਸਿਰਫ ਲਾਭਪਾਤਰੀ ਤਕ ਸੀਮਤ ਰੱਖਣ ਦੀ ਥਾਂ ਉਨ੍ਹਾਂ ਨੂੰ ਹਿੱਸੇਦਾਰ ਬਣਾਏ ਜਾਣ ਦੀ ਲੋੜ ਹੈ। ਡਾ. ਅੰਮ੍ਰਿਤ ਸਾਗਰ ਮਿੱਤਲ (ਵਾਈਸ ਚੇਅਰਮੈਨ ਸੋਨਾਲੀਕਾ) (ਲੇਖਕ ਕੈਬਨਿਟ ਮੰਤਰੀ ਰੈਂਕ ’ਚ ਪੰਜਾਬ ਇਕਨਾਮਿਕ ਪਾਲਿਸੀ ਐਂਡ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਵੀ ਹਨ)