ਕੀ ਭਾਰਤ ਅੱਤਵਾਦ ਵਿਰੁੱਧ ਲੜਾਈ ਜਿੱਤ ਸਕੇਗਾ

Thursday, Oct 24, 2024 - 05:14 PM (IST)

ਕੀ ਭਾਰਤ ਅੱਤਵਾਦ ਵਿਰੁੱਧ ਲੜਾਈ ਜਿੱਤ ਸਕੇਗਾ

ਮਿਥਿਆ ‘ਹਿੰਦੂ/ਭਗਵਾ ਅੱਤਵਾਦ’ ਸਿਧਾਂਤ ਕਿੰਨੀ ਵੱਡੀ ਸਾਜ਼ਿਸ਼ ਸੀ, ਉਸ ਦਾ ਮੁੜ ਖੁਲਾਸਾ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਇਕ ਦਾਅਵੇ ਨਾਲ ਹੋ ਜਾਂਦਾ ਹੈ। ਇਕ ਹਾਲੀਆ ਪਾਡਕਾਸਟ ’ਚ ਗੱਲਬਾਤ ਕਰਦੇ ਹੋਏ ਸ਼ਿੰਦੇ ਨੇ ਕਿਹਾ ਕਿ ‘‘ਉਸ ਸਮੇਂ ਰਿਕਾਰਡ ’ਤੇ ਜੋ ਆਇਆ ਸੀ, ਉਨ੍ਹਾਂ ਨੇ ਉਹੀ ਕਿਹਾ ਸੀ। ਇਹ ਉਨ੍ਹਾਂ ਦੀ ਪਾਰਟੀ (ਕਾਂਗਰਸ) ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਭਗਵਾ ਅੱਤਵਾਦ ਹੋ ਰਿਹਾ। ਉਸ ਸਮੇਂ ਪੁੱਛਿਆ ਗਿਆ ਸੀ ਤਾਂ ਬੋਲ ਦਿੱਤਾ ਸੀ ਭਗਵਾ ਅੱਤਵਾਦ... ਇਹ ਗਲਤ ਸੀ।’’

ਇਸੇ ਪਾਡਕਾਸਟ ’ਚ ਸ਼ਿੰਦੇ ਦਸੰਬਰ 2001 ਦੇ ਸੰਸਦ ਅੱਤਵਾਦੀ ਹਮਲੇ ਦੇ ਦੋਸ਼ੀ ਅਤੇ ਫਾਂਸੀ ਚਾੜ੍ਹੇ ਜਾ ਚੁੱਕੇ ਜਿਹਾਦੀ ਅਫਜ਼ਲ ਗੁਰੂ ਨੂੰ ਅੱਤਵਾਦੀ ਕਹਿਣ ਤੋਂ ਬਚਦੇ ਵੀ ਨਜ਼ਰ ਆਏ। ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਕਾਂਗਰਸ ’ਚ ਪਾਰਟੀ ਦਾ ਮਤਲਬ ਗਾਂਧੀ ਪਰਿਵਾਰ (ਸੋਨੀਆ-ਰਾਹੁਲ-ਪ੍ਰਿਯੰਕਾ) ਹੈ।

ਇਹ ਚਿੰਤਨ ਉਸ ਮਾਨਸਿਕਤਾ ਦੀ ਪੈਦਾਇਸ਼ ਹੈ ਜਿਸ ’ਚ ਇਸਲਾਮੀ ਅੱਤਵਾਦ ਨੂੰ ਸਿੱਧੇ-ਅਸਿੱਧੇ ਢੰਗ ਨਾਲ ਜਾਇਜ਼ ਠਹਿਰਾਉਣ ਲਈ ਹਿੰਦੂ ਅੱਤਵਾਦ ਰੂਪੀ ਛਲਾਵਾ ਖੜ੍ਹਾ ਕੀਤਾ ਗਿਆ ਸੀ। ਇਸ ਸਾਜ਼ਿਸ਼ ’ਚ ਖੱਬੇਪੱਖੀਆਂ ਅਤੇ ਕੱਟੜਪੰਥੀ ਮੁਸਲਮਾਨਾਂ ਦੇ ਨਾਲ ਕਾਂਗਰਸ ਦੀ ਉੱਚ ਲੀਡਰਸ਼ਿਪ ਵੀ ਸ਼ਾਮਲ ਸੀ।

ਸ਼ਿੰਦੇ ਦੇ ਹਾਲੀਆ ਕਬੂਲਨਾਮੇ ਨਾਲ ਇਹ ਕੌੜਾ ਸੱਚ ਵੀ ਅਚਾਨਕ ਧਿਆਨ ’ਚ ਆਉਂਦਾ ਹੈ ਕਿ ਗਿਆਨ-ਵਿਗਿਆਨ ਅਤੇ ਬਹਾਦਰੀ ਵਰਗੇ ਗੁਣਾਂ ਨਾਲ ਭਰਪੂਰ ਹੁੰਦੇ ਹੋਏ ਵੀ ਭਾਰਤ ਮੱਧਕਾਲ ’ਚ ਲਗਭਗ 600 ਸਾਲਾਂ ਤਕ ਮੁਸਲਮਾਨਾਂ ਅਤੇ ਫਿਰ 200 ਸਾਲਾਂ ਤੱਕ ਅੰਗਰੇਜ਼ਾਂ ਦੇ ਅਧੀਨ ਕਿਉਂ ਹੋ ਗਿਆ ਸੀ।

ਇਤਿਹਾਸ ਗਵਾਹ ਹੈ ਕਿ ਜੇ ਨਿੱਜੀ ਖੁੰਦਕ ਦੇ ਕਾਰਨ ਜੈਚੰਦ ਪ੍ਰਿਥਵੀਰਾਜ ਚੌਹਾਨ ਨੂੰ ਧੋਖਾ ਨਾ ਦਿੰਦਾ ਤਾਂ ਵਿਦੇਸ਼ੀ ਹਮਲਾਵਰ ਮੁਹੰਮਦ ਗੌਰੀ ਨਾ ਜਿੱਤਦਾ। ਇਸੇ ਤਰ੍ਹਾਂ ਜੇ ਸ਼ਾਹ ਵਲੀਉੱਲਾਹ ਮਰਾਠਿਆਂ ਵਿਰੁੱਧ ਅਫਗਾਨ ਅਬਦਾਲੀ ਨੂੰ ਭਾਰਤ ਨਾ ਸੱਦਦਾ ਅਤੇ ਪਲਾਸੀ ਦੀ ਲੜਾਈ ’ਚ ਮੀਰ ਜਾਫਰ ਜੇ ਸਿਰਾਜੂਦੌਲਾ ਨੂੰ ਧੋਖਾ ਨਾ ਦਿੰਦਾ ਤਾਂ ਭਾਰਤ ’ਚ ਅੰਗਰੇਜ਼ੀ ਸਾਮਰਾਜ ਸ਼ਾਇਦ ਸਥਾਪਿਤ ਨਾ ਹੁੰਦਾ। ਕਾਂਗਰਸ ਦੀ ਅਗਵਾਈ ਵਾਲੇ ਯੂ. ਪੀ. ਏ. (ਮੌਜੂਦਾ ਆਈ. ਐੱਨ. ਡੀ. ਆਈ. ਏ.) ਦੇ ਕਾਰਜਕਾਲ ’ਚ ਉਸੇ ਕਾਲੇ ਇਤਿਹਾਸ ਨੂੰ ਦੁਹਰਾਇਆ ਗਿਆ ਸੀ।

ਵਿਅਕਤੀਗਤ, ਸਿਆਸੀ ਅਤੇ ਵਿਚਾਰਕ ਵਿਰੋਧ ਦੇ ਕਾਰਨ ‘ਹਿੰਦੂ/ਭਗਵਾ ਅੱਤਵਾਦ’ ਸ਼ਬਦਾਵਲੀ ਦੀ ਰਚਨਾ ਕਰ ਕੇ ਦੁਨੀਆ ’ਚ ਭਾਰਤ, ਹਿੰਦੂ ਸਮਾਜ, ਰਾਸ਼ਟਰੀ ਸਵੈਮਸੇਵਕ ਸੰਘ, ਭਾਜਪਾ ਅਤੇ ਹੋਰ ਸੰਗਠਨਾਂ ਨੂੰ ਬਦਨਾਮ ਕਰਨ ਦਾ ਜਾਲ ਬੁਣਿਆ ਗਿਆ। ਇਸ ਦੀਆਂ ਜੜ੍ਹਾਂ 1993 ਦੇ ਮੁੰਬਈ ਲੜੀਵਾਰ (12) ਬੰਬ ਧਮਾਕਿਆਂ ’ਚ ਮਿਲਦੀਆਂ ਹਨ, ਜਿਸ ’ਚ 257 ਬੇਦੋਸ਼ੇ ਮਾਰੇ ਗਏ ਸਨ।

ਉਦੋਂ ਮਹਾਰਾਸ਼ਟਰ ਦੇ ਤਤਕਾਲੀ ਕਾਂਗਰਸੀ ਮੁੱਖ ਮੰਤਰੀ ਸ਼ਰਦ ਪਵਾਰ ਨੇ ਅੱਤਵਾਦੀਆਂ ਦੀ ਮਜ਼੍ਹਬੀ ਪਛਾਣ ਅਤੇ ਮਕਸਦ ਤੋਂ ਧਿਆਨ ਭਟਕਾਉਣ ਲਈ ਝੂਠ ਬੋਲ ਦਿੱਤਾ ਕਿ ‘13ਵਾਂ’ ਧਮਾਕਾ ਮਸਜਿਦ ਦੇ ਕੋਲ ਹੋਇਆ ਸੀ।

ਇਹ ਸਿੱਧੇ-ਅਸਿੱਧੇ ਢੰਗ ਨਾਲ ਹਿੰਦੂਆਂ ਨੂੰ ਅੱਤਵਾਦ ਨਾਲ ਜੋੜਨ ਦੀ ਕੋਸ਼ਿਸ਼ ਸੀ। ਇਸ ਚਿੰਤਨ ਨੂੰ ਯੂ. ਪੀ. ਏ. ਕਾਲ (2004-14) ’ਚ ਰਾਹੁਲ ਗਾਂਧੀ ਦੇ ਨਾਲ ਪੀ. ਚਿਦਾਂਬਰਮ ਅਤੇ ਸੁਸ਼ੀਲ ਕੁਮਾਰ ਸ਼ਿੰਦੇ ਨੇ ਬਤੌਰ ਕੇਂਦਰੀ ਗ੍ਰਹਿ ਮੰਤਰੀ ਅੱਗੇ ਵਧਾਇਆ ਸੀ।

ਹੱਦ ਤਾਂ ਉਦੋਂ ਹੋ ਗਈ ਜਦੋਂ ਕਾਂਗਰਸੀ ਨੇਤਾ ਦਿਗਵਿਜੇ ਸਿੰਘ ਨੇ ਸਾਲ 2008 ਦੇ ਭਿਆਨਕ ਮੁੰਬਈ 26/11 ਅੱਤਵਾਦੀ ਹਮਲੇ ਦੇ ਪਿੱਛੇ ਰਾਸ਼ਟਰੀ ਸਵੈਮਸੇਵਕ ਸੰਘ ਦਾ ਹੱਥ ਦੱਸ ਦਿੱਤਾ। ਇਥੋਂ ਤੱਕ, ਦਿਗਵਿਜੇ ਨੇ ਇਸੇ ਹਮਲੇ ’ਚ ਜਿਹਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਮੁੰਬਈ ਅੱਤਵਾਦੀ ਵਿਰੋਧੀ ਦਸਤੇ ਦੇ ਤਤਕਾਲੀ ਮੁਖੀ ਹੇਮੰਤ ਕਰਕਰੇ ਦੀ ਮੌਤ ਨੂੰ ਹਿੰਦੂਵਾਦੀ ਸੰਗਠਨਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ।

ਇਸ ਸਬੰਧ ’ਚ ਉਦੋਂ ਪਾਕਿਸਤਾਨੀ ਅੱਤਵਾਦੀਆਂ ਵਲੋਂ ਹੱਥ ’ਚ ਪਵਿੱਤਰ ਕਲਾਵਾ/ਮੌਲੀ ਨੂੰ ਆਧਾਰ ਬਣਾ ਕੇ ਕਈ ਅਖਬਾਰਾਂ ’ਚ ਲੇਖ ਤਕ ਪ੍ਰਕਾਸ਼ਿਤ ਹੋਏ ਸਨ। ਸੋਚੋ ਜੇ ਅੱਤਵਾਦੀ ਕਸਾਬ ਅਤੇ ਡੇਵਿਡ ਹੈਡਲੀ (ਦਾਊਦ ਸਈਅਦ ਗਿਲਾਨੀ) ਜਿਊਂਦੇ ਨਾ ਫੜੇ ਜਾਂਦੇ ਤਾਂ ਕੀ ਹੁੰਦਾ?

ਅਸਲ ’ਚ ਇਹ ਹਿੰਸਾ ਨਫਰਤ ਦੇ ਪੀੜਤਾਂ ਨੂੰ ‘ਅਪਰਾਧੀ’ ਅਤੇ ਦੋਸ਼ੀਆਂ ਨੂੰ ‘ਮਾਸੂਮ’ ਦੱਸਣ ਦੀ ‘ਸੈਕੁਲਰਵਾਦੀ’ (‘ਲੈਫਟ-ਲਿਬਰਲ’ ਸਮੇਤ) ਸਾਜ਼ਿਸ਼ ਹੈ। 14 ਫਰਵਰੀ, 1998 ਨੂੰ ਕੋਇੰਬਟੂਰ ’ਚ ਲੜੀਵਾਰ 12 ਬੰਬ ਧਮਾਕੇ ਹੋਏ ਸਨ, ਜਿਨ੍ਹਾਂ ’ਚ 58 ਬੇਕਸੂਰਾਂ ਦੀ ਮੌਤ ਹੋ ਗਈ।

ਅੱਤਵਾਦੀਆਂ ਦਾ ਮੁੱਖ ਨਿਸ਼ਾਨਾ ਭਾਜਪਾ ਦੇ ਵੱਡੇ ਨੇਤਾ ਲਾਲਕ੍ਰਿਸ਼ਨ ਅਡਵਾਨੀ ਸਨ ਜਿਨ੍ਹਾਂ ਨੇ ਉਦੋਂ ਚੋਣ ਪ੍ਰਚਾਰ ਲਈ ਕੋਇੰਬਟੂਰ ਆਉਣਾ ਸੀ ਪਰ ਜਹਾਜ਼ ਦੇ ਦੇਰੀ ਨਾਲ ਚੱਲਣ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਉਦੋਂ ਕਾਂਗਰਸ ਦੀ ਤਤਕਾਲੀ ਉੱਚ ਲੀਡਰਸ਼ਿਪ ਨੇ ਨਾ ਸਿਰਫ ਇਨ੍ਹਾਂ ਬੰਬ ਧਮਾਕਿਆਂ ਦਾ ਦੋਸ਼ ਸੰਘ ’ਤੇ ਲਗਾ ਦਿੱਤਾ ਸਗੋਂ ਇਥੋਂ ਤਕ ਕਹਿ ਦਿੱਤਾ ਕਿ ਜੇ ਬੰਬ ਭਾਜਪਾ ਤੋਂ ਇਲਾਵਾ ਕਿਸੇ ਹੋਰ ਨੇ ਲਗਾਇਆ ਹੁੰਦਾ ਤਾਂ ਅਜਿਹਾ ਕਰਨ ਵਾਲੇ ਨੇ ਯਕੀਨੀ ਤੌਰ ’ਤੇ ਅਡਵਾਨੀ ਨੂੰ ਮਾਰ ਦੇਣਾ ਸੀ। ਇਸ ਮਾਮਲੇ ’ਚ ਅਦਾਲਤ ਵਲੋਂ ਸਈਅਦ ਅਹਿਮਦ ਬਾਸ਼ਾ, ਫਖਰੂਦੀਨ, ਇਮਾਮ ਅਲੀ ਆਦਿ ਦੋਸ਼ੀ ਠਹਿਰਾਏ ਗਏ ਸਨ।

ਪ੍ਰਧਾਨ ਮੰਤਰੀ ਮੋਦੀ ਨੂੰ ਰਾਕਸ਼ਸ ਬਣਾਉਣ ਲਈ ਇਸ ਕੁਨਬੇ ਨੇ ਫਰਵਰੀ 2019 ਦੇ ਭਿਆਨਕ ਪੁਲਵਾਮਾ ਅੱਤਵਾਦੀ ਹਮਲੇ, ਜਿਸ ’ਚ 40 ਜਵਾਨ ਸ਼ਹੀਦ ਹੋਏ ਸਨ, ਨੂੰ ‘ਭਾਜਪਾ ਵਲੋਂ ਸਪਾਂਸਰਡ’ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ। ਅਜਿਹਾ ਹੀ ਜ਼ਹਿਰੀਲਾ ਨੈਰੇਟਿਵ 27 ਅਕਤੂਬਰ, 2013 ਨੂੰ ਬਿਹਾਰ ਦੇ ਪਟਨਾ ’ਚ ਹੋਏ ਲੜੀਵਾਰ ਬੰਬ ਧਮਾਕਿਆਂ ’ਚ ਵੀ ਬਣਾਇਆ ਗਿਆ ਸੀ। ਉਦੋਂ ਮਸ਼ਹੂਰ ਗਾਂਧੀ ਮੈਦਾਨ ’ਚ ਉਸ ਸਮੇਂ 5 ਧਮਾਕੇ ਕੀਤੇ ਗਏ ਸਨ, ਜਦ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ (ਮੌਜੂਦਾ ਪ੍ਰਧਾਨ ਮੰਤਰੀ) ਲਗਭਗ 3 ਲੱਖ ਲੋਕਾਂ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਉਦੋਂ ਤਤਕਾਲੀ ਸੱਤਾਧਾਰੀ ਕਾਂਗਰਸ ਦੇ ਵੱਡੇ ਨੇਤਾਵਾਂ ਨੇ ਸਿੱਧੇ-ਅਸਿੱਧੇ ਢੰਗ ਨਾਲ ਧਮਾਕਿਆਂ ਲਈ ਭਾਜਪਾ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਸੀ। ਇਸ ਮਾਮਲੇ ’ਚ ਅਦਾਲਤ ਨੇ ਹੈਦਰ ਅਲੀ, ਨੁਮਾਨ ਅੰਸਾਰੀ, ਮੋਜਿਬੁੱਲ੍ਹਾ, ਇਮਤਿਆਜ਼ ਆਲਮ ਆਦਿ ਨੂੰ ਦੋਸ਼ੀ ਪਾਇਆ ਸੀ।

ਅੱਤਵਾਦ ਮੌਜੂਦਾ ਸਮੇਂ ’ਚ ਦੁਨੀਆ ਦੀ ਇਕ ਵੱਡੀ ਸਮੱਸਿਆ ਹੈ ਅਤੇ ਭਾਰਤ ਸਦੀਆਂ ਤੋਂ ਇਸ ਦਾ ਸ਼ਿਕਾਰ ਹੈ। ਇਸ ਦੇ ਵਿਰੁੱਧ ਸੱਭਿਆ ਸਮਾਜ ਨੂੰ ਹਰ ਹਾਲਤ ’ਚ ਲੜਾਈ ਨੂੰ ਜਿੱਤਣਾ ਪਵੇਗਾ। ਜੇ ਅਸੀਂ ਇਸੇ ਤਰ੍ਹਾਂ ਅੱਤਵਾਦ ਦੇ ਅਸਲ ਪੀੜਤਾਂ ਨੂੰ ਹੀ ‘ਅਪਰਾਧੀ’ ਦੱਸਦੇ ਰਹੇ ਤਾਂ ਕੀ ਅਸੀਂ ਇਸ ਦੇ ਅਸਲੀ ਗੁਨਾਹਗਾਰਾਂ ਨੂੰ ‘ਸੁਰੱਖਿਅਤ ਰਾਹ’ ਨਹੀਂ ਦੇ ਰਹੇ? ਅਜਿਹੀ ਹਾਲਤ ’ਚ ਕੀ ਭਾਰਤ ਅੱਤਵਾਦ ਦੇ ਵਿਰੁੱਧ ਜਾਰੀ ਲੜਾਈ ਜਿੱਤ ਸਕਦਾ ਹੈ?

ਬਲਬੀਰ ਪੁੰਜ


author

Rakesh

Content Editor

Related News