ਦਿੱਲੀ ਗੁਰਦੁਆਰਾ ਚੋਣਾਂ ਸਮੇਂ ’ਤੇ ਹੋਈਆਂ ਤਾਂ ਅਕਾਲੀ ਦਲ ਬਾਦਲ ਦੀ ਜਾਵੇਗੀ ਫੱਟੀ ਪੋਚੀ?
Thursday, Oct 31, 2019 - 01:48 AM (IST)

ਜਸਵੰਤ ਸਿੰਘ ‘ਅਜੀਤ’
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜੇ ਮਿੱਥੇ ਸਮੇਂ ’ਤੇ ਭਾਵ 2021 ਦੇ ਸ਼ੁਰੂ ’ਚ ਹੁੰਦੀਆਂ ਹਨ ਤਾਂ ਕੀ ਦਿੱਲੀ ’ਚ ਬਾਦਲ ਅਕਾਲੀ ਦਲ ਦੀ ਫੱਟੀ ਪੋਚੀ ਜਾਵੇਗੀ? ਦੱਸਿਆ ਜਾਂਦਾ ਹੈ ਕਿ ਇਹ ਸਵਾਲ ਉਸ ਸਮੇਂ ਉੱਭਰ ਕੇ ਸਾਹਮਣੇ ਆਇਆ ਜਦੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਰਟੀ ਮੈਂਬਰਾਂ ਨਾਲ ਬੰਦ ਕਮਰੇ ’ਚ ਕੀਤੀ ਮੀਟਿੰਗ ’ਚ ਗੁਰਦੁਆਰਾ ਚੋਣਾਂ ’ਤੇ ਚਰਚਾ ਕਰਦਿਆਂ ਕਿਹਾ ਕਿ ਜੇ ਦਿੱਲੀ ਕਮੇਟੀ ਦੀਆਂ ਅਗਲੀਆਂ ਆਮ ਚੋਣਾਂ ਡੇਢ ਸਾਲ ਬਾਅਦ ਮਿੱਥੇ ਸਮੇਂ ’ਤੇ ਹੁੰਦੀਆਂ ਹਨ ਤਾਂ ਗੁਰਦੁਆਰਾ ਕਮੇਟੀ ਦੀ ਸੱਤਾ ’ਤੇ ਅਕਾਲੀ ਦਲ ਦੀ ਵਾਪਸੀ ਤਾਂ ਦੂਰ, ਉਸ ਲਈ ਦਿੱਲੀ ’ਚ ਆਪਣੀ ਹੋਂਦ ਨੂੰ ਬਣਾਈ ਰੱਖਣਾ ਤਕ ਔਖਾ ਹੋ ਜਾਵੇਗਾ। ਦੱਸਿਆ ਜਾਂਦਾ ਹੈ ਕਿ ਪਿਛਲੇ ਸ਼ੁੱਕਰਵਾਰ ਭਾਵ 25 ਅਕਤੂਬਰ ਨੂੰ ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਲੋਂ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਦੇ ਜੀਵਨ ’ਤੇ ਆਧਾਰਿਤ ਕਿਤਾਬ ‘ਸਰਦਾਰ-ਏ-ਆਜ਼ਮ ਜਥੇਦਾਰ ਸੰਤੋਖ ਸਿੰਘ’ ਦੇ ਅੰਗਰੇਜ਼ੀ ਅੰਕ ਨੂੰ ਰਿਲੀਜ਼ ਕੀਤੇ ਜਾਣ ਲਈ ਸਮਾਗਮ ਕਰਵਾਇਆ ਜਾ ਰਿਹਾ ਸੀ ਤਾਂ ਉਸੇ ਦਿਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅਜਿਹੇ ਕਈ ਸਿੱਖ ਮੁਖੀਆਂ, ਜਿਨ੍ਹਾਂ ਦੀ ਜੀ. ਕੇ. ਵਲੋਂ ਕਰਵਾਏ ਸਮਾਗਮ ’ਚ ਸ਼ਾਮਲ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ, ਨੂੰ ਫੋਨ ਕਰ ਕੇ ਅਤੇ ਕਰਵਾ ਕੇ ਕਿਹਾ ਕਿ ਬਾਦਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਰਕਾਬਗੰਜ ਸਥਿਤ ਪਾਰਟੀ ਦਫਤਰ ’ਚ ਉਸ ਦਿਨ ਸ਼ਾਮ ਨੂੰ 4 ਵਜੇ ਚਾਹ ’ਤੇ ਉਨ੍ਹਾਂ ਨੂੰ ਮਿਲਣਾ ਅਤੇ ਮੌਜੂਦਾ ਹਾਲਾਤ ’ਤੇ ਵਿਚਾਰ-ਵਟਾਂਦਰਾ ਕਰਨਾ ਚਾਹੁੰਦੇ ਹਨ, ਇਸ ਲਈ ਉਕਤ ਮੀਟਿੰਗ ’ਚ ਉਨ੍ਹਾਂ ਦੀ ਹਾਜ਼ਰੀ ਜ਼ਰੂਰੀ ਹੈ।
ਦੱਸਿਆ ਜਾਂਦਾ ਹੈ ਕਿ ਸ. ਸਿਰਸਾ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਮੀਟਿੰਗ ’ਚ ਕੋਈ ਖਾਸ ਹਾਜ਼ਰੀ ਦਰਜ ਨਹੀਂ ਹੋ ਸਕੀ। ਇਥੋਂ ਤਕ ਕਿ ਗੁਰਦੁਆਰਾ ਕਮੇਟੀ ’ਚ ਪਾਰਟੀ ਮੈਂਬਰਾਂ ’ਚੋਂ ਵੀ ਸਿਰਫ ਇਕ ਤਿਹਾਈ ਦੇ ਮੀਟਿੰਗ ’ਚ ਪਹੁੰਚਣ ਦੀ ਗੱਲ ਕਹੀ ਜਾ ਰਹੀ ਹੈ। ਅਜਿਹੀ ਹਾਲਤ ’ਚ ਗੁਰਦੁਆਰਾ ਕਮੇਟੀ ਦੇ ਸਟਾਫ ਮੈਂਬਰਾਂ ਨੂੰ ਸੱਦ ਕੇ ਕੋਰਮ ਪੂਰਾ ਕੀਤਾ ਗਿਆ ਅਤੇ ਮੀਟਿੰਗ ਸ਼ੁਰੂ ਹੋਈ। ਕੁਝ ਸਮੇਂ ਬਾਅਦ ਹੀ ਸਟਾਫ ਨੂੰ ਵਾਪਸ ਭੇਜ ਦਿੱਤਾ ਗਿਆ ਅਤੇ ਬੰਦ ਕਮਰੇ ’ਚ ਮੀਟਿੰਗ ਮੁੜ ਸ਼ੁਰੂ ਕੀਤੀ ਗਈ। ਇਸ ਮੀਟਿੰਗ ’ਚ ਸੁਖਬੀਰ ਸਿੰਘ ਬਾਦਲ ਦੇ ਪੁੱਛਣ ’ਤੇ ਦੱਸਿਆ ਗਿਆ ਕਿ ਗੁਰਦੁਆਰਾ ਕਮੇਟੀ ਦੀਆਂ ਅਗਲੀਆਂ ਆਮ ਚੋਣਾਂ ਲਗਭਗ ਡੇਢ ਸਾਲ ਬਾਅਦ 2021 ਦੀ ਪਹਿਲੀ ਤਿਮਾਹੀ ’ਚ ਹੋ ਸਕਦੀਆਂ ਹਨ। ਇਸ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਬਾਦਲ ਵਲੋਂ ਇਹ ਕਿਹਾ ਦੱਸਿਆ ਜਾਂਦਾ ਹੈ ਕਿ ਜੇ ਇਹ ਚੋਣਾਂ ਮਿੱਥੇ ਸਮੇਂ ’ਤੇ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਨ੍ਹਾਂ ਦੀ ਪਾਰਟੀ ਗੁਰਦੁਆਰਾ ਕਮੇਟੀ ਦੀ ਸੱਤਾ ’ਤੇ ਆਪਣੀ ਵਾਪਸੀ ਦਰਜ ਕਰਵਾ ਸਕੇਗੀ।
ਦੱਸਣ ਵਾਲੇ ਤਾਂ ਇਥੋਂ ਤਕ ਕਹਿੰਦੇ ਹਨ ਕਿ ਬਾਦਲ ਨੇ ਦੱਬੀ ਜ਼ੁਬਾਨ ’ਚ ਮੰਨ ਲਿਆ ਕਿ ਅਜਿਹੇ ਹਾਲਾਤ ’ਚ ਦਿੱਲੀ ’ਚ ਪਾਰਟੀ ਲਈ ਆਪਣੀ ਹੋਂਦ ਤੱਕ ਨੂੰ ਕਾਇਮ ਰੱਖਣਾ ਔਖਾ ਹੋ ਸਕਦਾ ਹੈ। ਉਨ੍ਹਾਂ ਗੁਰਦੁਆਰਾ ਕਮੇਟੀ ਦੇ ਮੁਖੀਆਂ ਨੂੰ ਸਲਾਹ ਦਿੱਤੀ ਕਿ ਜੇ ਉਹ ਕਿਸੇ ਤਰ੍ਹਾਂ ਗੁਰਦੁਆਰਾ ਚੋਣਾਂ ਨੂੰ 2022 ਦੇ ਅੱਧ ਤਕ ਲਟਕਾ ਦੇਣ ਤਾਂ ਉਨ੍ਹਾਂ ਦੀ ਗੁਰਦੁਆਰਾ ਕਮੇਟੀ ਦੀ ਸੱਤਾ ’ਤੇ ਵਾਪਸੀ ਦੀ ਸੰਭਾਵਨਾ ਬਣ ਸਕਦੀ ਹੈ। ਇਸ ਦਾ ਕਾਰਨ ਉਨ੍ਹਾਂ ਇਹ ਦੱਸਿਆ ਕਿ 2022 ਦੇ ਸ਼ੁਰੂ ’ਚ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਹੋਣੀਆਂ ਹਨ। ਉਨ੍ਹਾਂ ਦੀ ਪਾਰਟੀ ਦੀ ਪੰਜਾਬ ਦੀ ਸੱਤਾ ’ਤੇ ਵਾਪਸੀ ਯਕੀਨੀ ਹੈ। ਪੰਜਾਬ ਦੀ ਸੱਤਾ ’ਤੇ ਅਕਾਲੀ ਦਲ ਦੀ ਵਾਪਸੀ ਦਿੱਲੀ ’ਚ ਪਾਰਟੀ ਲਈ ਸੰਜੀਵਨੀ ਸਾਬਤ ਹੋ ਸਕੇਗੀ। ਦੱਸਣ ਵਾਲੇ ਕਹਿੰਦੇ ਹਨ ਕਿ ਇਸ ਦੇ ਨਾਲ ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇ ਅਜਿਹਾ ਨਾ ਹੋ ਸਕਿਆ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮਿੱਥੇ ਸਮੇਂ ’ਤੇ ਹੀ ਹੋ ਗਈਆਂ ਤਾਂ ਸਮਝੋ ਕਿ ਗੁਰਦੁਆਰਾ ਕਮੇਟੀ ਦੀ ਸੱਤਾ ’ਤੇ ਵਾਪਸੀ ਤਾਂ ਦੂਰ, ਪਾਰਟੀ ਨੂੰ ਉਥੇ ਆਪਣੀ ਹੋਂਦ ਤਕ ਬਣਾਈ ਰੱਖਣੀ ਔਖੀ ਹੋ ਜਾਵੇਗੀ।
ਜੀ. ਕੇ. ਵਿਰੁੱਧ ਸਾਜ਼ਿਸ਼ ਵੱਡੀ ਭੁੱਲ : ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਤੋਂ ਬਾਅਦ ਇਕ ਮੈਂਬਰ ਨੇ ਨਿੱਜੀ ਗੱਲਬਾਤ ’ਚ ਦੱਸਿਆ ਕਿ ਜੀ. ਕੇ. ਵਿਰੁੱਧ ਸਾਜ਼ਿਸ਼ ਦਲ ਦੀ ਲੀਡਰਸ਼ਿਪ ਦੀ ਬਹੁਤ ਵੱਡੀ ਭੁੱਲ ਸੀ, ਜਿਸ ਕਾਰਨ ਇਕ ਵਿਅਕਤੀ ਵਿਸ਼ੇਸ਼ ਦੇ ਸਵਾਰਥ ਦੀ ਪੂਰਤੀ ਲਈ ਸਮੁੱਚੀ ਪਾਰਟੀ ਦੇ ਹਿੱਤਾਂ ਨੂੰ ਦਾਅ ’ਤੇ ਲਗਾ ਦਿੱਤਾ ਗਿਆ। ਉਸ ਨੇ ਕਿਹਾ ਕਿ ਜੇਕਰ ਜੀ. ਕੇ. ਨੂੰ ਸਾਜ਼ਿਸ਼ ਦਾ ਸ਼ਿਕਾਰ ਬਣਾ ਕੇ ਦਲ ’ਚੋਂ ਬਾਹਰ ਨਾ ਕੀਤਾ ਗਿਆ ਹੁੰਦਾ ਤਾਂ ਅੱਜ ਸੁਖਬੀਰ ਨੂੰ ਪਾਰਟੀ ਦੇ ਹਿੱਤਾਂ ਲਈ ਚਿੰਤਤ ਨਾ ਹੋਣਾ ਪੈਂਦਾ। ਉਸ ਨੇ ਦੱਸਿਆ ਕਿ ਜਿਥੇ ਜੀ. ਕੇ. ਆਮ ਸਿੱਖਾਂ ’ਚ ਆਪਣਾ ਆਧਾਰ ਮਜ਼ਬੂਤ ਕਰਨ ’ਚ ਜਿੰਨੇ ਸਫਲ ਹੋ ਰਹੇ ਹਨ, ਓਨਾ ਹੀ ਬਾਦਲ ਅਕਾਲੀ ਦਲ ਦਾ ਆਧਾਰ ਖਿਸਕਦਾ ਚਲਿਆ ਜਾ ਰਿਹਾ ਹੈ। ਉਸ ਦਾ ਇਹ ਵੀ ਕਹਿਣਾ ਸੀ ਕਿ ਜੀ. ਕੇ. ਵਿਰੁੱਧ ਸਾਜ਼ਿਸ਼ ਨੂੰ ਅੰਜਾਮ ਦਿੰਦੇ ਹੋਏ ਉਨ੍ਹਾਂ ਵਲੋਂ ਪਿਛਲੀਆਂ ਗੁਰਦੁਆਰਾ ਚੋਣਾਂ ’ਚ ਦਲ ਲਈ ਹਾਸਲ ਕੀਤੀ ਗਈ ਰਿਕਾਰਡ ਜਿੱਤ ਨੂੰ ਜਿਸ ਤਰ੍ਹਾਂ ਭੁਲਾ ਦਿੱਤਾ ਗਿਆ, ਉਸੇ ਦਾ ਨਤੀਜਾ ਹੈ ਕਿ ਅੱਜ ਪਾਰਟੀ ਲੀਡਰਸ਼ਿਪ ਨੂੰ ਲੱਖਾਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਜੀ. ਕੇ. ਦੇ ਕੱਦ ਦਾ ਕੋਈ ਸਿੱਖ ਦਿੱਲੀ ’ਚ ਨਹੀਂ ਮਿਲ ਰਿਹਾ। ਉਸ ਨੇ ਕਿਹਾ ਕਿ ਇੰਨਾ ਹੀ ਨਹੀਂ, ਜੀ. ਕੇ. ਨੂੰ ਸਾਜ਼ਿਸ਼ ਦਾ ਸ਼ਿਕਾਰ ਬਣਾ ਕੇ ਉਨ੍ਹਾਂ ਨੂੰ ਦਲ ਤੋਂ ਇੰਨਾ ਦੂਰ ਧੱਕ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਦਲ ’ਚ ਵਾਪਸੀ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਗੁਰਦੁਆਰਾ ਕਮੇਟੀ ਦੇ ਇਕ ਹੋਰ ਮੈਂਬਰ ਨੇ ਦਾਅਵਾ ਕੀਤਾ ਕਿ ਜੀ. ਕੇ. ਨੇ ਜਿਸ ਦਿਨ ਚਾਹਿਆ, ਉਸੇ ਦਿਨ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਇਕ ਹੱਥ ’ਚੋਂ ਨਿਕਲ ਕੇ ਦੂਜੇ ਹੱਥ ’ਚ ਚਲੀ ਜਾਵੇਗੀ। ਇਸ ਦਾ ਕਾਰਨ ਉਸ ਨੇ ਇਹ ਦੱਸਿਆ ਕਿ ਪਿਛਲੀਆਂ ਗੁਰਦੁਆਰਾ ਚੋਣਾਂ ’ਚ ਜਿੱਤੇ ਜ਼ਿਆਦਾਤਰ ਮੈਂਬਰ ਇਹ ਮੰਨਦੇ ਹਨ ਕਿ ਉਹ ਜੀ. ਕੇ. ਦੇ ਕਾਰਨ ਹੀ ਜਿੱਤ ਕੇ ਗੁਰਦੁਆਰਾ ਕਮੇਟੀ ’ਚ ਪਹੁੰਚੇ ਹਨ। ਇਸ ਕਾਰਨ ਉਨ੍ਹਾਂ ਦੇ ਇਕ ਇਸ਼ਾਰੇ ’ਤੇ ਉਹ ਬਾਦਲ ਅਕਾਲੀ ਦਲ ਨੂੰ ਵਿਦਾ ਕਹਿ ਕੇ ‘ਜਾਗੋ’ ਦਾ ਹੱਥ ਫੜ ਸਕਦੇ ਹਨ। ਉਸ ਦਾ ਇਹ ਦਾਅਵਾ ਵੀ ਹੈ ਕਿ ਹੁਣ ਕੁਝ ਹੀ ਦਿਨਾਂ ਦੀ ਖੇਡ ਹੈ, ਜਿਸ ਦਿਨ ਜੀ. ਕੇ. ਨੇ ਗੁਰਦੁਆਰਾ ਚੋਣਾਂ ਲਈ ਆਪਣੀ ਪਾਰਟੀ ‘ਜਾਗੋ’ ਦੀ ਰਜਿਸਟਰੇਸ਼ਨ ਲਈ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਤਕ ਪਹੁੰਚ ਕੀਤੀ, ਉਸੇ ਦਿਨ ਗੁਰਦੁਆਰਾ ਕਮੇਟੀ ’ਚ ਸੱਤਾ ਤਬਦੀਲੀ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ। ਇਸ ਦਾ ਕਾਰਨ ਉਹ ਇਹ ਦੱਸਦੇ ਹਨ ਕਿ ਗੁਰਦੁਆਰਾ ਚੋਣਾਂ ਲਈ ਰਜਿਸਟਰੇਸ਼ਨ ਕਰਵਾਉਣ ਲਈ ਉਨ੍ਹਾਂ ਨੂੰ ਕਮੇਟੀ ’ਚ ਆਪਣੇ ਮੈਂਬਰਾਂ ਦੇ ਨਾਂ ਦੇਣੇ ਹੋਣਗੇ। ਸਪੱਸ਼ਟ ਹੈ ਕਿ ਇਹ ਨਾਂ ਉਨ੍ਹਾਂ ਹੀ ਮੈਂਬਰਾਂ ’ਚੋਂ ਹੋਣਗੇ, ਜੋ ਅੱਜ ਬਾਦਲ ਅਕਾਲੀ ਦਲ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ।
ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਓ..
ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਆਰ. ਐੱਸ. ਸੋਢੀ ਨੇ ਆਪਣੇ ਇਕ ਬਿਆਨ ’ਚ ਖੁਸ਼ਹਾਲ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਇਕ ਅਜਿਹਾ ਫੰਡ ਸਥਾਪਤ ਕਰਨਾ ਚਾਹੀਦਾ ਹੈ, ਜਿਸ ’ਚ ਹਰ ਸਿੱਖ ਪਰਿਵਾਰ ਆਪਣੀ ਸਮਰੱਥਾ ਅਨੁਸਾਰ ਆਰਥਿਕ ਯੋਗਦਾਨ ਪਾਵੇ। ਉਨ੍ਹਾਂ ਨੇ ਕਿਹਾ ਕਿ ਇਸ ਫੰਡ ਨਾਲ ਉਨ੍ਹਾਂ ਗੁਰੂ ਨਾਨਕ ਨਾਮਲੇਵਾ ਪਰਿਵਾਰਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਉਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ, ਜੋ ਉਥੋਂ ਦੇ ਦਰਸ਼ਨ ਕਰ ਕੇ ਆਪਣਾ ਜੀਵਨ ਸਫਲ ਕਰਨਾ ਚਾਹੁੰਦੇ ਹਨ ਪਰ ਆਰਥਿਕ ਤੌਰ ’ਤੇ ਪੱਛੜੇ ਹੋਣ ਕਾਰਨ ਆਪਣੀ ਇਸ ਚਾਹਤ ਨੂੰ ਪੂਰਾ ਨਹੀਂ ਕਰ ਪਾ ਰਹੇ।
...ਅਤੇ ਅਖੀਰ ’ਚ : ਕੀ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਬਾਦਲ ਅਕਾਲੀ ਦਲ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਦਿੱਲੀ ਗੁਰਦੁਆਰਾ ਚੋਣਾਂ ਸਮੇਂ ਸਿਰ ਨਾ ਕਰਵਾ ਕੇ ਲਟਕਾਈ ਰੱਖਣਾ ਚਾਹੁੰਦਾ ਹੈ? ਇਹ ਖਦਸ਼ਾ ਇਸ ਲਈ ਪੈਦਾ ਹੁੰਦਾ ਹੈ ਕਿਉਂਕਿ ਅਦਾਲਤ ਵਲੋਂ ਦਿੱਲੀ ਗੁਰਦੁਆਰਾ ਚੋਣਾਂ ਲਈ ਫੋਟੋ ਵਾਲੀਆਂ ਮਤਦਾਨ ਸੂਚੀਆਂ ਤਿਆਰ ਕਰਵਾਉਣ ਦਾ ਹੁਕਮ ਦਿੱਤਿਆਂ ਮਹੀਨੇ ਬੀਤ ਗਏ ਹਨ ਪਰ ਡਾਇਰੈਕਟੋਰੇਟ ਵਲੋਂ ਅਜੇ ਤਕ ਇਸ ਦੇ ਲਈ ਮੁੱਢਲੀ ਕਾਰਵਾਈ ਤਕ ਸ਼ੁਰੂ ਨਹੀਂ ਕੀਤੀ ਗਈ। ਹਾਲਾਂਕਿ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਨਵੀਆਂ ਆਮ ਚੋਣਾਂ ਵਿਚ ਡੇਢ ਸਾਲ ਦਾ ਹੀ ਸਮਾਂ ਰਹਿ ਗਿਆ ਹੈ।