ਅਯੁੱਧਿਆ ਵਾਸੀਆਂ ਦਾ ਬਾਈਕਾਟ ਕਿਉਂ?

Monday, Jul 08, 2024 - 11:43 AM (IST)

ਜਦੋਂ ਤੋਂ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਹਨ, ਉਦੋਂ ਤੋਂ ਸੋਸ਼ਲ ਮੀਡੀਆ ’ਤੇ ਅਤੇ ਹੋਰ ਮਾਧਿਅਮਾਂ ਤੋਂ ਅਜਿਹੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਭਗਵਾਨ ਸ਼੍ਰੀ ਰਾਮ ਜੀ ਦਾ ਦਰਸ਼ਨ ਕਰਨ ਅਯੁੱਧਿਆ ਜਾਣ ਵਾਲੇ ਭਗਤ ਅਯੁੱਧਿਆ ਵਾਸੀਆਂ ਦਾ ਬਾਈਕਾਟ ਕਰਨ। ਉਹ ਉੱਥੋਂ ਦੀਆਂ ਦੁਕਾਨਾਂ ਤੋਂ ਕੁਝ ਵੀ ਸਾਮਾਨ, ਭੋਗ, ਮਾਲਾ, ਤਸਵੀਰ, ਗ੍ਰੰਥ ਆਦਿ ਨਾ ਖਰੀਦਣ। ਅਜਿਹਾ ਇਸ ਲਈ ਕਿਉਂਕਿ ਉੱਥੋਂ ਦੇ ਨਾਗਰਿਕਾਂ ਨੇ ਭਾਜਪਾ ਨੂੰ ਵੋਟਾਂ ਨਹੀਂ ਪਾਈਆਂ। ਇੱਥੇ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਅਯੁੱਧਿਆ ਜਿਸ ਨੂੰ ਅਵਧ ਪੁਰੀ ਕਹਿੰਦੇ ਹਨ, ਉਹ ਭਗਵਾਨ ਸ਼੍ਰੀ ਰਾਮ ਜੀ ਦਾ ਨਿਤਿਆ ਧਾਮ ਹੈ ਅਤੇ ਉਨ੍ਹਾਂ ਨੂੰ ਬੜਾ ਹੀ ਪਿਆਰਾ ਹੈ। 

ਰਾਮਚਰਿਤਮਾਨਸ ਦੇ ਅਨੁਸਾਰ ਭਗਵਾਨ ਸ਼੍ਰੀ ਰਾਮ ਨੇ ਅਯੁੱਧਿਆ ਦੇ ਵਿਸ਼ੇ ’ਚ ਕਿਹਾ ਹੈ ਕਿ-

‘ਅਤਿ ਪ੍ਰਿਯ ਮੋਹਿ ਇਹਾਂ ਕੇ ਬਾਸੀ। ਮਮ ਧਾਮਦਾ ਪੁਰੀ ਸੁਖ ਰਾਸੀ।।

ਹਰਸ਼ੇ ਸਬ ਕਪਿ ਸੁਨਿ ਪ੍ਰਭੂ ਬਾਨੀ। ਧਨਯ ਅਵਧ ਜੋ ਰਾਮ ਬਖਾਨੀ।।4।।

ਇਸ ਚੌਪਾਈ ਨੂੰ ਹਰ ਰਾਮ ਭਗਤ ਨੇ ਆਪਣੀ ਜ਼ਿੰਦਗੀ ’ਚ ਕਦੀ ਨਾ ਕਦੀ ਜ਼ਰੂਰ ਪੜ੍ਹਿਆ ਹੋਵੇਗਾ ਅਤੇ ਪੜ੍ਹ ਕੇ ਇਸ ਦਾ ਅਰਥ ਵੀ ਸਮਝਿਆ ਹੋਵੇਗਾ, ਜੋ ਇਸ ਤਰ੍ਹਾਂ ਹੈ ਕਿ ‘‘ਇੱਥੋਂ ਦੇ (ਅਯੁੱਧਿਆ ਦੇ) ਦੇ ਨਿਵਾਸੀ ਮੈਨੂੰ ਬੜੇ ਹੀ ਪਿਆਰੇ ਹਨ। ਇਹ ਪੁਰੀ ਸੁੱਖ ਦੀ ਰਾਸ਼ੀ ਅਤੇ ਮੇਰੇ ਪਰਮਧਾਮ ਨੂੰ ਦੇਣ ਵਾਲੀ ਹੈ। ਪ੍ਰਭੂ ਦੀ ਬਾਣੀ ਸੁਣ ਕੇ ਸਭ ਵਾਨਰ ਖੁਸ਼ ਹੋਏ (ਅਤੇ ਕਹਿਣ ਲੱਗੇ ਕਿ) ਜਿਸ ਅਵਧ ਦੀ ਖੁਦ ਸ਼੍ਰੀ ਰਾਮ ਜੀ ਨੇ ਸ਼ਲਾਘਾ ਕੀਤੀ, ਉਹ (ਜ਼ਰੂਰ ਹੀ) ਧੰਨ ਹੈ।’’ ਇਸ ਚੌਪਾਈ ’ਚ ਭਗਵਾਨ ਸ਼੍ਰੀ ਰਾਮ ਅਯੁੱਧਿਆ ਪੁਰੀ ਦਾ ਇੰਨਾ ਵੱਡਾ ਮਹਾਤਮ ਦੱਸ ਰਹੇ ਹਨ ਕਿ ਇਸ ’ਚ ਸਾਨੂੰ ਭਗਵਾਨ ਸ਼੍ਰੀ ਰਾਮ ਦੇ ਪਰਮਧਾਮ ਤੱਕ ਪਹੁੰਚਾਉਣ ਦੀ ਤਾਕਤ ਹੈ।

ਹੁਣ ਸਵਾਲ ਉੱਠਦਾ ਹੈ ਕਿ ਜੋ ਵੀ ਖੁਦ ਨੂੰ ਰਾਮ ਭਗਤ ਕਹਿੰਦਾ ਹੈ ਜਾਂ ਰਾਮ ਭਗਤ ਹੋਣ ਦਾ ਦਾਅਵਾ ਕਰਦਾ ਹੈ, ਕੀ ਉਹ ਭਗਵਾਨ ਸ਼੍ਰੀ ਰਾਮ ਦੀ ਪਿਆਰੀ ਵਸਤੂ ਨੂੰ ਨਫਰਤ ਕਰੇਗਾ? ਜਦੋਂ ਭਗਵਾਨ ਖੁਦ ਕਹਿ ਰਹੇ ਹਨ ਕਿ ਮੈਨੂੰ ਇਹ ਅਯੁੱਧਿਆ ਪੁਰੀ ਪਿਆਰੀ ਹੈ ਅਤੇ ਇੱਥੇ ਰਹਿਣ ਵਾਲੇ ਅਯੁੱਧਿਆ ਵਾਸੀ ਬੜੇ ਹੀ ਪਿਆਰੇ ਹਨ, ਤਾਂ ਭਗਵਾਨ ਸ਼੍ਰੀ ਰਾਮ ਦੀ ਬੜੀ ਹੀ ਪਿਆਰੀ ਵਸਤੂ ਦਾ ਨਿਰਾਦਰ ਕਰਨਾ, ਉਸ ਦੀ ਅਣਦੇਖੀ ਕਰਨੀ, ਉਸ ਦਾ ਬਾਈਕਾਟ ਕਰਨਾ, ਉਸ ਪ੍ਰਤੀ ਈਰਖਾ ਭਾਵਨਾ ਰੱਖਣੀ, ਕੀ ਇਹ ਭਗਤੀ ਦਾ ਲੱਛਣ ਹੈ ਜਾਂ ਇਹ ਭਗਤੀ ਦੇ ਮਾਰਗ ’ਚ ਕੀਤਾ ਜਾ ਰਿਹਾ ਧਾਮ ਅਪਰਾਧ ਹੈ? ਇਹ ਇਕ ਬੜਾ ਗੰਭੀਰ ਸਵਾਲ ਹੈ।

ਹਰ ਸੰਪਰਦਾਇ ਦੇ ਆਚਾਰੀਆਂ ਨੇ ਭਗਤਾਂ ਨੂੰ ਵਾਰ-ਵਾਰ ਚਿਤਾਵਨੀ ਦਿੱਤੀ ਹੈ ਕਿ ਉਹ ਧਾਮ ਅਪਰਾਧ ਤੋਂ ਬਚਣ। ਉਦਾਹਰਣ ਦੇ ਤੌਰ ’ਤੇ ਬ੍ਰਹਮ ਗੌੜ੍ਹੀ ਮਾਧਵ ਸੰਪਰਦਾਇ ਦੇ ਮੁਖੀ ਆਚਾਰੀਆ ਇਸ ਵਿਸ਼ੇ ’ਚ ਕੀ ਕਹਿੰਦੇ ਹਨ, ਇਹ ਜਾਣ ਕੇ ਸਾਡਾ ਭਰਮ ਦੂਰ ਹੋ ਜਾਵੇਗਾ। ਉਹ ਕਹਿੰਦੇ ਹਨ ਕਿ, ‘ਜੋ ਵੀ ਭਗਤ ਤੀਰਥ ਯਾਤਰਾ ’ਤੇ ਜਾਂਦੇ ਹਨ, ਉਹ ਉਨ੍ਹਾਂ ਅਪਰਾਧਾਂ ਤੋਂ ਸਾਵਧਾਨੀ ਨਾਲ ਬਚਣ ਜੋ ਪਵਿੱਤਰ ਸਥਾਨ ਦੀ ਤੁਹਾਡੀ ਯਾਤਰਾ ਨੂੰ ਵਿਗਾੜ ਸਕਦੇ ਹਨ। ਮਹਾਨ ਅਧਿਆਤਮਕ ਗੁਰੂ ਸ਼੍ਰੀਲ ਭਗਤੀ ਵਿਨੋਦ ਠਾਕੁਰ ਧਾਮ ਦੇ ਨਾਲ-ਨਾਲ ਇਸ ਦੇ ਨਿਵਾਸੀਆਂ ਪ੍ਰਤੀ ਵੀ ਬੜਾ ਹੀ ਸਾਵਧਾਨੀਪੂਰਵਕ ਵਿਵਹਾਰ ਕਰਨ ਦਾ ਹੁਕਮ ਦੇ ਰਹੇ ਹਨ।

ਉਹ ਕਹਿੰਦੇ ਹਨ ਕਿ ਤੀਰਥ ਯਾਤਰਾ ਦੇ ਸਮੇਂ ਜਦੋਂ ਤੁਸੀਂ ਅਯੁੱਧਿਆ ਪੁਰੀ ਜਾਂ ਮਥੁਰਾ ਪੁਰੀ ਵਰਗੇ ਕਿਸੇ ਧਾਮ ’ਚ ਜਾਂਦੇ ਹੋ ਤਾਂ ਆਪਣੇ ਅਧਿਆਤਮਕ ਗੁਰੂ ਦਾ ਨਿਰਾਦਰ ਨਾ ਕਰੋ ਕਿਉਂਕਿ ਇਹ ਧਾਮ ਅਪਰਾਧ ਮੰਨਿਆ ਜਾਵੇਗਾ। ਇਹ ਸੋਚਣਾ ਕਿ ਅਯੁੱਧਿਆ ਪੁਰੀ ਵਰਗਾ ਪਵਿੱਤਰ ਧਾਮ ਆਰਜ਼ੀ ਹੈ, ਵੀ ਧਾਮ ਦੇ ਪ੍ਰਤੀ ਅਪਰਾਧ ਹੈ ਕਿਉਂਕਿ ਧਾਮ ਭੌਤਿਕ ਸਿਧਾਂਤਾਂ ਤੋਂ ਪਰ੍ਹੇ ਹੁੰਦੇ ਹਨ। ਉਹ ਸ਼ਾਸ਼ਵਤ ਹੁੰਦੇ ਹਨ। ਭਾਵ ਹਮੇਸ਼ਾ ਸਨ ਅਤੇ ਹਮੇਸ਼ਾ ਰਹਿਣਗੇ। ਅਜਿਹੇ ਪਵਿੱਤਰ ਧਾਮ ਦੇ ਨਿਵਾਸੀਆਂ ’ਚੋਂ ਕਿਸੇ ਪ੍ਰਤੀ ਹਿੰਸਾ ਕਰਨਾ ਜਾਂ ਉਨ੍ਹਾਂ ਨੂੰ ਸਾਧਾਰਨ ਵਿਅਕਤੀ ਸਮਝ ਕੇ ਉਨ੍ਹਾਂ ਦਾ ਨਿਰਾਦਰ ਕਰਨਾ ਜਾਂ ਉਸ ਧਾਮ ’ਚ ਕੂੜਾ-ਕਰਕਟ ਫੈਲਾਉਣਾ ਵੀ ਧਾਮ ਵਾਸੀਆਂ ਪ੍ਰਤੀ ਹਿੰਸਾ ਹੀ ਹੈ। ਉਹ ਅੱਗੇ ਕਹਿੰਦੇ ਹਨ ਕਿ ਪਵਿੱਤਰ ਧਾਮ ’ਚ ਹੋਰਨਾਂ ਦੇਵਤਿਆਂ ਦੀ ਪੂਜਾ ਕਰਨੀ ਅਤੇ ਧਰਮ ਦਾ ਵਪਾਰੀਕਰਨ ਕਰ ਕੇ ਧਾਮ ਦੀ ਵਰਤੋਂ ਨਿੱਜੀ ਆਰਥਿਕ ਵਿਕਾਸ ਲਈ ਕਰਨੀ ਵੀ ਧਾਮ ਅਪਰਾਧ ਹੈ।

ਬਾਹਰੀ ਲੋਕਾਂ ਦਾ ਧਾਮ ’ਚ ਜਾ ਕੇ ਕਾਲੋਨੀਆਂ ਕੱਟਣਾ, ਹੋਟਲ ਬਣਾਉਣਾ ਜਾਂ ਵਪਾਰ ਕਰਨਾ ਵੀ ਧਾਮ ਅਪਰਾਧ ਦੀ ਸ਼੍ਰੇਣੀ ’ਚ ਹੀ ਆਉਂਦਾ ਹੈ। ਉਨ੍ਹਾਂ ਸ਼ਾਸਤਰਾਂ ਦੀ ਨਿੰਦਾ ਕਰਨੀ ਜੋ ਪਵਿੱਤਰ ਧਾਮ ਦੀ ਇਸ ਮਾਣਮੱਤੀ ਸਥਿਤੀ ਦਾ ਗਿਆਨ ਦਿੰਦੇ ਹਨ, ਵੀ ਧਾਮ ਅਪਰਾਧ ਹੈ। ਧਾਮ ਦੀ ਸ਼ਕਤੀ ਪ੍ਰਤੀ ਬੇਯਕੀਨੀ ਹੋਣਾ ਅਤੇ ਇਹ ਸੋਚਣਾ ਕਿ ਧਾਮ ਦੀ ਮਹਿਮਾ ਕਾਲਪਨਿਕ ਹੈ, ਵੀ ਧਾਮ ਅਪਰਾਧ ਹੈ। ਇਸੇ ਤਰ੍ਹਾਂ ਹੋਰਨਾਂ ਸੰਪਰਦਾਵਾਂ ਦੇ ਆਚਾਰੀਆਂ ਨੇ ਅਤੇ ਕਈ ਸ਼ਾਸਤਰਾਂ ਨੇ ਧਾਮ ਅਤੇ ਧਾਮ ਦੇ ਵਾਸੀਆਂ ਪ੍ਰਤੀ ਅਪਰਾਧ ਨਾ ਕਰਨ ਦਾ ਹੁਕਮ ਦਿੱਤਾ ਹੈ।

ਹੁਣ ਜ਼ਰਾ ਸੋਚੋ ਕਿ ਜਿਹੜੇ ਲੋਕਾਂ ਨੇ ਵੀ ਅਯੁੱਧਿਆ ਵਾਸੀਆਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ, ਉਹ ਕਿਸ ਸ਼੍ਰੇਣੀ ਦੇ ਲੋਕ ਹਨ? ਜਾਂ ਤਾਂ ਉਹ ਮੂਰਖ ਅਤੇ ਅਗਿਆਨੀ ਹਨ, ਜਿਨ੍ਹਾਂ ਨੇ ਸ਼ਾਸਤਰਾਂ ਦਾ ਅਧਿਐਨ ਨਹੀਂ ਕੀਤਾ? ਜਾਂ ਉਹ ਭਗਤ ਹਨ ਹੀ ਨਹੀਂ ਅਤੇ ਰਾਮ ਭਗਤ ਹੋਣ ਦਾ ਝੂਠਾ ਦਾਅਵਾ ਕਰ ਰਹੇ ਹਨ ਅਤੇ ਜੇਕਰ ਇਹ ਸਭ ਉਨ੍ਹਾਂ ਨੇ ਜਾਣ-ਬੁੱਝ ਕੇ ਕੀਤਾ ਹੈ ਤਾਂ ਉਹ ਨਾ ਸਿਰਫ ਖੁਦ ਘੋਰ ਪਾਪ ਕਰ ਰਹੇ ਹਨ, ਸਗੋਂ ਹੋਰਨਾਂ ਭਗਤਾਂ ਨੂੰ ਪਾਪ ਕਰਮ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਚੋਣ ਸਿਆਸਤ ਨਾਲ ਭਾਗਵਤ ਭਗਤੀ ਨੂੰ ਜੋੜਨਾ ਅਧਿਆਤਮਕ ਸਿਧਾਂਤ ਦੇ ਬਿਲਕੁਲ ਉਲਟ ਹੈ। ਅੱਜ ਕਿਸੇ ਪਾਰਟੀ ਦਾ ਸੰਸਦ ਮੈਂਬਰ ਬਣਿਆ ਹੈ, ਪਹਿਲਾਂ ਕਿਸੇ ਹੋਰ ਪਾਰਟੀ ਦਾ ਸੀ ਅਤੇ ਭਵਿੱਖ ’ਚ ਪਤਾ ਨਹੀਂ ਕਿਸ ਪਾਰਟੀ ਦਾ ਬਣੇਗਾ। ਸੰਸਦ ਮੈਂਬਰ ਅਤੇ ਵਿਧਾਇਕ ਤਾਂ ਆਉਂਦੇ-ਜਾਂਦੇ ਰਹਿਣਗੇ ਪਰ ਅਯੁੱਧਿਆ ਅਤੇ ਅਯੁੱਧਿਆ ਵਾਸੀਆਂ ਦਾ ਮਹੱਤਵ ਹਜ਼ਾਰਾਂ ਸਾਲਾਂ ਤੋਂ ਰਿਹਾ ਹੈ ਅਤੇ ਰਹੇਗਾ।

ਵਰਨਣਯੋਗ ਹੈ ਕਿ ਮੋਦੀ ਜੀ ਕੋਈ ਮੌਕਾ ਨਹੀਂ ਖੁੰਝਦੇ ਜਦੋਂ ਉਹ ਤੀਰਥ ਅਸਥਾਨਾਂ ’ਤੇ ਜਾ ਕੇ ਸ਼ਰਧਾ ਅਤੇ ਆਸਥਾ ਨਾਲ ਪੂਜਾ ਨਾ ਕਰਦੇ ਹੋਣ। ਫਿਰ ਭਾਵੇਂ ਉਹ ਕੇਦਾਰਨਾਥ ਹੋਵੇ, ਕਾਸ਼ੀ ਵਿਸ਼ਵਨਾਥ ਹੋਵੇ, ਪਸ਼ੂਪਤੀਨਾਥ ਹੋਵੇ, ਮਥੁਰਾ- ਵਰਿੰਦਾਵਨ ਹੋਵੇ, ਤਿਰੂਪਤੀ ਬਾਲਾਜੀ ਹੋਵੇ, ਜਗਨਨਾਥ ਪੁਰੀ ਹੋਵੇ, ਉਦੁਪੀ ਹੋਵੇ, ਰਾਮੇਸ਼ਵਰਮ ਹੋਵੇ, ਦਵਾਰਕਾ ਪੁਰੀ ਹੋਵੇ, ਕਾਮਾਖਿਆ ਦੇਵੀ ਹੋਵੇ ਜਾਂ ਅਯੁੱਧਿਆ ਹੋਵੇ। ਮੋਦੀ ਜੀ ਸਨਾਤਨ ਧਰਮ ਅਤੇ ਹੋਰਨਾਂ ਤੀਰਥਾਂ ਪ੍ਰਤੀ ਆਪਣੀ ਆਸਥਾ ਦਾ ਜਨਤਕ ਪ੍ਰਦਰਸ਼ਨ ਅਤੇ ਵਿਆਪਕ ਪ੍ਰਚਾਰ ਇਸ ਮਕਸਦ ਨਾਲ ਕਰਦੇ ਹਨ ਕਿ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਧਾਮ ਪ੍ਰਤੀ ਸੱਚੀ ਸ਼ਰਧਾ ਦਾ ਪ੍ਰਦਰਸ਼ਨ ਕਰਨ। ਅਜਿਹੇ ’ਚ ਨਰਿੰਦਰ ਮੋਦੀ ਜੀ ਇਹ ਕਦੀ ਪ੍ਰਵਾਨ ਨਹੀਂ ਕਰਨਗੇ ਕਿ ਉਨ੍ਹਾਂ ਦੇ ਪੂਜਨੀਕ ਭਗਵਾਨ ਸ਼੍ਰੀ ਰਾਮ ਦੇ ਬੜੇ ਹੀ ਪਿਆਰੇ ਅਯੁੱਧਿਆ ਵਾਸੀਆਂ ਅਤੇ ਅਯੁੱਧਿਆ ਦਾ ਤ੍ਰਿਸਕਾਰ ਉਹ ਲੋਕ ਕਰਨ ਜੋ ਖੁਦ ਨੂੰ ਮੋਦੀ ਜੀ ਦਾ ਜਾਂ ਭਾਜਪਾ ਸਮਰਥਕ ਮੰਨਦੇ ਹਨ।

ਕਿਉਂਕਿ ਕੁਝ ਲੋਕ ਇਸ ਤਰ੍ਹਾਂ ਦਾ ਸੱਦਾ ਦੇ ਕੇ ਇਹ ਅਪਰਾਧ ਕਰ ਚੁੱਕੇ ਹਨ, ਇਸ ਲਈ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਮੋਦੀ ਜੀ ਜਨਤਕ ਬਿਆਨ ਜਾਰੀ ਕਰਕੇ ਇਸ ਦੀ ਆਲੋਚਨਾ ਕਰਨ ਅਤੇ ਸਾਰੇ ਦੇਸ਼ਵਾਸੀਆਂ ਨੂੰ ਹਰ ਧਰਮ ਦੇ ਤੀਰਥ ਅਸਥਾਨ ਪ੍ਰਤੀ ਸ਼ਰਧਾ ਅਤੇ ਆਸਥਾ ਦਾ ਭਾਵ ਰੱਖਣ ਦੀ ਅਪੀਲ ਕਰਨ ਤਾਂ ਕਿ ਭਾਰਤਵਾਸੀ ਧਾਮ ਅਪਰਾਧ ਦੇ ਪਾਪ ਤੋਂ ਬਚੇ ਰਹਿਣ।

ਵਿਨੀਤ ਨਾਰਾਇਣ


Tanu

Content Editor

Related News