ਵਪਾਰ ਅਤੇ ਉਦਯੋਗ ਜਗਤ ’ਚ ਭਾਰੀ ਪ੍ਰੇਸ਼ਾਨੀ ਕਿਉਂ ਹੈ?

09/28/2020 3:41:45 AM

ਵਿਨੀਤ ਨਾਰਾਇਣ

ਕੋਵਿਡ ’ਚ ਚੀਨ ਦੀ ਸ਼ੱਕੀ ਭੂਮਿਕਾ ਤੋਂ ਬਾਅਦ ਆਸ ਪ੍ਰਗਟਾਈ ਜਾ ਰਹੀ ਸੀ ਕਿ ਵਿਦੇਸ਼ੀ ਨਿਵੇਸ਼ਕ ਚੀਨ ਤੋਂ ਆਪਣਾ ਕਾਰੋਬਾਰ ਸਮੇਟ ਕੇ ਭਾਰਤ ’ਚ ਵੱਡੀ ਗਿਣਤੀ ’ਚ ਨਿਵੇਸ਼ ਕਰਨਗੇ ਕਿਉਂਕਿ ਇਥੇ ਮਜ਼ਦੂਰੀ ਸਸਤੀ ਹੈ ਅਤੇ ਇਕ ਮਜ਼ਬੂਤ ਪ੍ਰਧਾਨ ਮੰਤਰੀ ਦੇਸ਼ ਚਲਾ ਰਹੇ ਹਨ ਪਰ ਅਜੇ ਤੱਕ ਇਸ ਦੇ ਕੋਈ ਸੰਕੇਤ ਨਹੀਂ ਹਨ। ਦੁਨੀਆ ਦੀ ਮਸ਼ਹੂਰ ਅਮਰੀਕੀ ਮੋਟਰਸਾਈਕਲ ਨਿਰਮਾਤਾ ਕੰਪਨੀ ‘ਹਾਰਲੇ ਡੇਵਿਡਸਨ’ ਜੋ 10-15 ਲੱਖ ਕੀਮਤ ਵਾਲੇ ਮੋਟਰਸਾਈਕਲ ਬਣਾਉਂਦੀ ਹੈ, ਭਾਰਤ ’ਚੋਂ ਆਪਣਾ ਕਾਰੋਬਾਰ ਸਮੇਟ ਕੇ ਜਾਣ ਦੀ ਤਿਆਰੀ ’ਚ ਹੈ। ਪਿਛਲੇ ਦਹਾਕੇ ’ਚ ਭਾਰਤ ’ਚ ਤੇਜ਼ੀ ਨਾਲ ਹੋਈ ਆਰਥਿਕ ਤਰੱਕੀ ਨੇ ਦੁਨੀਆ ਦੇ ਸਾਰੇ ਅਜਿਹੇ ਨਿਰਮਾਤਾਵਾਂ ਨੂੰ ਭਾਰਤ ਵੱਲ ਖਿੱਚਿਆ ਸੀ, ਜਿਨ੍ਹਾਂ ਨੂੰ ਆਸ ਸੀ ਕਿ ਉਨ੍ਹਾਂ ਦੇ ਮਹਿੰਗੇ ਉਤਪਾਦਾਂ ਦਾ ਭਾਰਤ ’ਚ ਇਕ ਵੱਡਾ ਬਾਜ਼ਾਰ ਤਿਆਰ ਹੋ ਗਿਆ ਹੈ ਪਰ ਅਜਿਹਾ ਨਹੀਂ ਹੈ। ਵਪਾਰ ਅਤੇ ਉਦਯੋਗ ਜਗਤ ਦੇ ਲੋਕਾਂ ਦਾ ਕਹਿਣਾ ਹੈ ਕਿ ਨੋਟਬੰਦੀ, ਜੀ. ਐੱਸ. ਟੀ. ਤੇ ਲਾਕਡਾਊਨ ਨੇ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ।

ਲਾਕਡਾਊਨ ਹਟਣ ਦੇ ਮਗਰੋਂ ਦੇਸ਼ ਦੇ ਛੋਟੇ-ਵੱਡੇ ਹਰ ਨਗਰ ’ਚ ਬਾਜ਼ਾਰਾਂ ਨੂੰ ਪੂਰੀ ਤਰ੍ਹਾਂ ਖੁੱਲ੍ਹਿਅਾਂ 2 ਮਹੀਨੇ ਹੋ ਚੁੱਕੇ ਹਨ ਪਰ ਫਿਰ ਵੀ ਬਾਜ਼ਾਰ ’ਚ ਗਾਹਕ ਨਜ਼ਰ ਨਹੀਂ ਆਉਂਦਾ। ਰੋਜ਼ਾਨਾ ਦੀਅਾਂ ਘਰੇਲੂ ਲੋੜਾਂ ਜਿਵੇਂ ਕਿ ਰਾਸ਼ਨ ਅਤੇ ਦਵਾਈ ਆਦਿ ਨੂੰ ਛੱਡ ਕੇ ਦੂਸਰੀਅਾਂ ਸਾਰੀਅਾਂ ਦੁਕਾਨਾਂ ’ਚ ਸੰਨਾਟਾ ਪੱਸਰਿਆ ਹੈ। ਸਵੇਰ ਤੋਂ ਸ਼ਾਮ ਤੱਕ ਦੁਕਾਨਦਾਰ ਗਾਹਕਾਂ ਦੀ ਉਡੀਕ ਕਰਦੇ ਹਨ ਪਰ ਉਨ੍ਹਾਂ ਨੂੰ ਨਿਰਾਸ਼ਾ ਹੱਥ ਲੱਗਦੀ ਹੈ ਜਦਕਿ ਬਿਜਲੀ ਬਿੱਲ, ਦੁਕਾਨ ਦਾ ਕਿਰਾਇਆ ਤੇ ਕਰਮਚਾਰੀਅਾਂ ਦੀ ਤਨਖਾਹ ਪਹਿਲਾਂ ਵਾਂਗ ਹੀ ਹੈ ਭਾਵ ਖਰਚੇ ਪਹਿਲਾਂ ਵਰਗੇ ਅਤੇ ਆਮਦਨੀ ਗਇਬ ਹੈ। ਇਸ ਨਾਲ ਵਪਾਰੀਅਾਂ ਅਤੇ ਛੋਟੇ ਕਾਰਖਾਨੇਦਾਰਾਂ ’ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇਕ ਸੂਚਨਾ ਅਨੁਸਾਰ ਇਕੱਲੇ ਬੈਂਗਲੁਰੂ ਸ਼ਹਿਰ ’ਚ ਹਜ਼ਾਰਾਂ ਛੋਟੇ ਦੁਕਾਨਦਾਰ ਦੁਕਾਨਾਂ ਨੂੰ ਤਾਲੇ ਮਾਰ ਕੇ ਭੱਜ ਗਏ ਹਨ ਕਿਉਂਕਿ ਉਨ੍ਹਾਂ ਕੋਲ ਕਿਰਾਇਆ ਅਤੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਹਨ। ਹੋਟਲ, ਸੈਰ-ਸਪਾਟਾ, ਹਵਾਈ ਸੇਵਾ, ਟਰਾਂਸਪੋਰਟ ਆਦਿ ਖੇਤਰਾਂ ’ਚ ਵੀ ਭਾਰੀ ਮੰਦਾ ਪੈ ਗਿਆ ਹੈ। ਹਰ ਸਾਲ ਸਰਾਧਾਂ ਤੋਂ ਬਾਅਦ ਵਿਆਹਾਂ ਅਤੇ ਤਿਉਹਾਰਾਂ ਦਾ ਭਾਰੀ ਸੀਜ਼ਨ ਸ਼ੁਰੂ ਹੋ ਜਾਂਦਾ ਸੀ, ਮੰਗ ’ਚ ਤੇਜ਼ੀ ਨਾਲ ਉਛਾਲ ਆ ਜਾਂਦਾ ਸੀ ਜਿਥੇ ਅੱਜ ਪੂਰੀ ਤਰ੍ਹਾਂ ਬੇਯਕੀਨੀ ਛਾਈ ਹੋਈ ਹੈ।

ਭਵਨ ਨਿਰਮਾਣ ਦੇ ਖੇਤਰ ਦਾ ਤਾਂ ਹੋਰ ਵੀ ਭੈੜਾ ਹਾਲ ਹੈ। ਪਹਿਲਾਂ ਜਦੋਂ ਭਵਨ ਨਿਰਮਾਤਾਵਾਂ ਨੇ ਲੁੱਟ ਮਚਾਈ ਹੋਈ ਸੀ ਉਦੋਂ ਵੀ ਗਾਹਕ ਲਾਈਨ ਲਗਾ ਕੇ ਖੜ੍ਹੇ ਰਹਿੰਦੇ ਸਨ। ਓਧਰ ਅੱਜ ਗਾਹਕ ਮਿਲਣਾ ਤਾਂ ਦੂਰ, ਭਵਨ ਨਿਰਮਾਤਾਵਾਂ ਨੂੰ ਆਪਣੀਅਾਂ ਡੁੱਬਦੀਅਾਂ ਕੰਪਨੀਅਾਂ ਬਚਾਉਣੀਅਾਂ ਭਾਰੀ ਪੈ ਰਹੀਅਾਂ ਹਨ। ਸਰਕਾਰ ਦਾ ਇਹ ਦਾਅਵਾ ਸਹੀ ਹੈ ਕਿ ਭਵਨ ਨਿਰਮਾਣ ਦੇ ਖੇਤਰ ’ਚ ਕਾਲਾ ਧਨ ਅਤੇ ਰਿਸ਼ਵਤ ਦੇ ਪੈਸੇ ਦਾ ਬੋਲਬਾਲਾ ਸੀ ਜੋ ਮੌਜੂਦਾ ਸਰਕਾਰ ਦੀਅਾਂ ਸਖਤ ਨੀਤੀਅਾਂ ਦੇ ਕਾਰਨ ਖਤਮ ਹੋ ਗਿਆ ਹੈ ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਸਰਕਾਰ ਦੀਅਾਂ ਯੋਜਨਾਵਾਂ ਦੇ ਲਾਗੂ ਕਰਨ ’ਚ ਕਮਿਸ਼ਨ ਅਤੇ ਰਿਸ਼ਵਤ ਕਈ ਗੁਣਾ ਵਧ ਗਈ ਹੈ। ਕੌਮਾਂਤਰੀ ਸੰਸਥਾਵਾਂ ਦੇ ਮੁਲਾਂਕਣ ਦੇ ਅਨੁਸਾਰ ਵੀ ਭਾਰਤ ’ਚ ਭ੍ਰਿਸ਼ਟਾਚਾਰ ਘਟਿਆ ਨਹੀਂ, ਵਧਿਆ ਹੈ ਜਿਸ ’ਤੇ ਮੋਦੀ ਜੀ ਨੂੰ ਧਿਆਨ ਦੇਣਾ ਚਾਹੀਦਾ ਹੈ।

ਸਰਕਾਰ ਦੇ ਆਰਥਿਕ ਪੈਕੇਜ ਦਾ ਦੇਸ਼ ਦੀ ਅਰਥਵਿਵਸਥਾ ’ਤੇ ਕੋਈ ਖਾਸ ਅਸਰ ਦਿਖਾਈ ਨਹੀਂ ਦਿੱਤਾ। ਕਾਰੋਬਾਰੀਅਾਂ ਦਾ ਕਹਿਣਾ ਹੈ ਕਿ ਸਰਕਾਰ ਬੈਂਕਾਂ ਤੋਂ ਕਰਜ਼ਾ ਲੈਣ ਦੀ ਗੱਲ ਕਰਦੀ ਹੈ ਪਰ ਕਰਜ਼ਾ ਲੈ ਕੇ ਅਸੀਂ ਕੀ ਕਰਾਂਗੇ ਜਦੋਂ ਬਾਜ਼ਾਰ ’ਚ ਗਾਹਕ ਹੀ ਨਹੀਂ ਹੈ। ਲਾਕਡਾਊਨ ਤੋਂ ਬਾਅਦ ਕਰੋੜਾਂ ਲੋਕਾਂ ਦੀਅਾਂ ਨੌਕਰੀਅਾਂ ਚਲੀਅਾਂ ਗਈਅਾਂ ਹਨ। ਉਨ੍ਹਾਂ ਨੂੰ ਅੱਜ ਪਰਿਵਾਰ ਪਾਲਣਾ ਭਾਰੀ ਪੈ ਰਿਹਾ ਹੈ। ਅਜਿਹੇ ’ਚ ਬਾਜ਼ਾਰ ’ਚ ਮੰਗ ਕਿਵੇਂ ਵਧੇਗੀ? ਮੰਗ ਹੀ ਨਹੀਂ ਹੋਵੇਗੀ ਤਾਂ ਕਰਜ਼ਾ ਲੈ ਕੇ ਵਪਾਰੀ ਜਾਂ ਕਾਰਖਾਨੇਦਾਰ ਹੋਰ ਵੀ ਟੋਏ ’ਚ ਡਿੱਗ ਜਾਣਗੇ ਕਿਉਂਕਿ ਆਮਦਨੀ ਹੋਵੇਗੀ ਨਹੀਂ ਅਤੇ ਵਿਆਜ ਸਿਰ ’ਤੇ ਚੜ੍ਹਨ ਲੱਗੇਗਾ।

ਵਪਾਰੀ ਅਤੇ ਉਦਯੋਗਪਤੀ ਵਰਗ ਦਾ ਕਹਿਣਾ ਹੈ ਕਿ ਉਹ ਨਾ ਸਿਰਫ ਉਤਪਾਦਨ ਕਰਦੇ ਹਨ ਸਗੋਂ ਸੈਂਕੜੇ ਪਰਿਵਾਰਾਂ ਦਾ ਪਾਲਣ-ਪੋਸ਼ਣ ਵੀ ਕਰਦੇ ਹਨ, ਉਨ੍ਹਾਂ ਨੂੰ ਰੋਜ਼ਗਾਰ ਦਿੰਦੇ ਹਨ।

ਮੌਜੂਦਾ ਅਾਰਥਿਕ ਨੀਤੀਅਾਂ ਅਤੇ ਕੋਵਿਡ ਨੇ ਉਨ੍ਹਾਂ ਦੀ ਹਾਲਤ ਇੰਨੀ ਪਤਲੀ ਕਰ ਦਿੱਤੀ ਹੈ ਕਿ ਉਹ ਹੁਣ ਆਪਣੇ ਮੁਲਾਜ਼ਮਾਂ ਦੀ ਛਾਂਟੀ ਕਰ ਰਹੇ ਹਨ। ਇਸ ਨਾਲ ਪਿੰਡਾਂ ’ਚ ਬੇਰੋਜ਼ਗਾਰੀ ਅਤੇ ਪੜ੍ਹੇ-ਲਿਖੇ ਨੌਜਵਾਨਾਂ ’ਚ ਪ੍ਰੇਸ਼ਾਨੀ ਵਧ ਰਹੀ ਹੈ। ਲੋਕ ਸੋਚੀਂ ਪਏ ਹਨ ਕਿ ਇਹ ਔਖਾ ਸਮਾਂ ਕਦੋਂ ਤੱਕ ਚੱਲੇਗਾ ਅਤੇ ਉਨ੍ਹਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ?

ਮੀਡੀਆ ਦੇ ਗਲਿਆਰਿਅਾਂ ’ਚ ਅਕਸਰ ਇਹ ਗੱਲ ਚੱਲਦੀ ਹੈ ਕਿ ਮੋਦੀ ਸਰਕਾਰ ਦੇ ਵਿਰੁੱਧ ਲਿਖਣ ਜਾਂ ਬੋਲਣ ਨਾਲ ਦੇਸ਼ਧ੍ਰੋਹੀ ਹੋਣ ਦਾ ਠੱਪਾ ਲੱਗ ਜਾਂਦਾ ਹੈ। ਅਸੀਂ ਇਸ ਕਾਲਮ ’ਚ ਪਹਿਲਾਂ ਵੀ ਸੰਕੇਤ ਦਿੱਤਾ ਸੀ ਕਿ ਅੱਜ ਤੋਂ 2500 ਸਾਲ ਪਹਿਲਾਂ ਮਗਧ ਸਮਰਾਟ ਅਸ਼ੋਕ ਅਤੇ ਉਸ ਦੇ ਜਾਸੂਸ ਭੇਸ ਬਦਲ-ਬਦਲ ਕੇ ਜਨਤਾ ਕੋਲੋਂ ਆਪਣੇ ਬਾਰੇ ਰਾਏ ਜਾਣਨ ਦੀ ਕੋਸ਼ਿਸ਼ ਕਰਦੇ ਸਨ। ਜਿਸ ਇਲਾਕੇ ’ਚ ਵਿਰੋਧ ਦੀ ਸੁਰ ਜ਼ਿਆਦਾ ਹੁੰਦੀ ਸੀ, ਉਥੇ ਰਾਹਤ ਜ਼ਿਆਦਾ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਸਨ। ਮੈਂ ਸਮਝਦਾ ਹਾਂ ਕਿ ਮੋਦੀ ਜੀ ਨੂੰ ਮੀਡੀਆ ਨੂੰ ਇਹ ਸਾਫ ਸੰਦੇਸ਼ ਦੇਣਾ ਚਾਹੀਦਾ ਹੈ ਕਿ ਜੇਕਰ ਉਹ ਨਿਰਪੱਖ ਅਤੇ ਸੰਤੁਲਿਤ ਹੋ ਕੇ ਜ਼ਮੀਨੀ ਹਕੀਕਤ ਦੱਸਦੇ ਹਨ, ਤਾਂ ਮੋਦੀ ਸਰਕਾਰ ਆਪਣੇ ਵਿਰੁੱਧ ਟਿੱਪਣੀਅਾਂ ਦਾ ਵੀ ਸਵਾਗਤ ਕਰੇਗੀ। ਇਸ ਨਾਲ ਲੋਕਾਂ ਦਾ ਗੁਬਾਰ ਬਾਹਰ ਨਿਕਲੇਗਾ ਅਤੇ ਹੱਲ ਵੱਲ ਸਮੂਹਿਕ ਯਤਨ ਨਾਲ ਕੋਈ ਰਸਤਾ ਨਿਕਲੇਗਾ।

ਇਕ ਗੱਲ ਹੋਰ ਮਹੱਤਵਪੂਰਨ ਹੈ, ਇਸ ਸਾਰੇ ਮਾਹੌਲ ’ਚ ਨੌਕਰਸ਼ਾਹੀ ਨੂੰ ਛੱਡ ਕੇ ਬਾਕੀ ਸਾਰੇ ਵਰਗ ਖਾਮੋਸ਼ ਬਿਠਾ ਲਏ ਗਏ ਹਨ, ਜਿਸ ਨਾਲ ਨੌਕਰਸ਼ਾਹੀ ਦਾ ਹੰਕਾਰ, ਧੱਕੇਸ਼ਾਹੀ ਅਤੇ ਭ੍ਰਿਸ਼ਟਾਚਾਰ ਸਿਖਰ ’ਤੇ ਹੈ। ਇਹ ਖਤਰਨਾਕ ਸਥਿਤੀ ਹੈ ਜਿਸ ਨੂੰ ਕਾਬੂ ਕਰਨਾ ਚਾਹੀਦਾ ਹੈ। ਹਰ ਖੇਤਰ ’ਚ ਬਹੁਤ ਸਾਰੇ ਯੋਗ ਵਿਅਕਤੀ ਹਨ ਜੋ ਚੁੱਪਚਾਪ ਆਪਣੇ ਕੰਮ ’ਚ ਜੁਟੇ ਹੋਏ ਹਨ। ਉਨ੍ਹਾਂ ਨੂੰ ਲੱਭ ਕੇ ਬਾਹਰ ਕੱਢਣ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਵਿਕਾਸ ਕਾਰਜਾਂ ਦੀ ਪ੍ਰਕਿਰਿਆ ਨਾਲ ਜੋੜਨ ਦੀ ਲੋੜ ਹੈ ਤਦ ਕੋਈ ਰਸਤਾ ਨਿਕਲੇਗਾ। ਸਿਰਫ ਨੌਕਰਸ਼ਾਹੀ ’ਤੇ ਨਿਰਭਰ ਰਹਿਣ ਨਾਲ ਨਹੀਂ।


Bharat Thapa

Content Editor

Related News