ਕਿਉਂ ਹੁੰਦੇ ਹਨ ਵਾਰ-ਵਾਰ ਟ੍ਰੇਨ ਹਾਦਸੇ
Saturday, Jun 29, 2024 - 04:08 PM (IST)
ਹਾਲ ਹੀ ’ਚ ਪੱਛਮੀ ਬੰਗਾਲ ਕੰਚਨਜੰਘਾ ਐਕਸਪ੍ਰੈੱਸ ਟ੍ਰੇਨ ਹਾਦਸੇ ਨੇ ਰੇਲ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਬਦਕਿਸਮਤੀ ਹੀ ਹੈ ਕਿ ਕਿਰਾਏ ’ਚ ਵਾਧਾ ਕਰਨ ਅਤੇ ਸਾਰੇ ਦਾਅਵਿਆਂ ਦੇ ਬਾਵਜੂਦ ਰੇਲ ਯਾਤਰਾ ਨੂੰ ਸੁਰੱਖਿਅਤ ਨਹੀਂ ਬਣਾਇਆ ਜਾ ਸਕਿਆ। ਇਸ ਸਮੇਂ ਰੇਲ ਮੰਤਰਾਲਾ ਰੇਲਵੇ ਦੇ ਆਧੁਨਿਕੀਕਰਨ ਲਈ ਬੜਾ ਧਨ ਖਰਚ ਕਰ ਰਿਹਾ ਹੈ ਪਰ ਇਸ ਦਾ ਓਨਾ ਲਾਭ ਆਮ ਯਾਤਰੀਆਂ ਨੂੰ ਨਹੀਂ ਮਿਲ ਰਿਹਾ ਹੈ।
ਪਿਛਲੇ ਕੁਝ ਸਮੇਂ ਤੋਂ ਜਿੰਨੇ ਵੀ ਰੇਲ ਹਾਦਸੇ ਹੋ ਰਹੇ ਹਨ, ਉਨ੍ਹਾਂ ’ਚੋਂ ਵਧੇਰਿਆਂ ਦਾ ਕਾਰਨ ਚੱਲਦੀ ਰੇਲ ਦਾ ਪਟੜੀ ਤੋਂ ਉਤਰ ਜਾਣਾ ਜਾਂ ਟ੍ਰੇਨਾਂ ਦੀ ਟੱਕਰ ਹੈ। ਯਕੀਨੀ ਤੌਰ ’ਤੇ ਇਨ੍ਹਾਂ ਹਾਦਸਿਆਂ ਦੇ ਕਈ ਕਾਰਨ ਹਨ। ਸਵਾਲ ਇਹ ਹੈ ਕਿ ਵਿਕਸਿਤ ਦੌਰ ’ਚ ਟ੍ਰੇਨਾਂ ਦੇ ਸੰਚਾਲਨ ਨਾਲ ਜੁੜੇ ਮੁੱਢਲੇ ਪਹਿਲੂਆਂ ’ਤੇ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ? ਇਹ ਸ਼ਰਮਨਾਕ ਹੀ ਹੈ ਕਿ ਸਰਕਾਰ ਬੁਲੇਟ ਟ੍ਰੇਨ ਜਾਂ ਵੱਖ-ਵੱਖ ਸਹੂਲਤਾਂ ਵਾਲੀ ਮਹਿੰਗੀ ਟ੍ਰੇਨ ਚਲਾਉਣ ਲਈ ਵੱਡੇ-ਵੱਡੇ ਐਲਾਨ ਕਰ ਰਹੀ ਹੈ ਪਰ ਯਾਤਰੀਆਂ ਦੀ ਸੁਰੱਖਿਆ ਵਰਗੀਆਂ ਮੁੱਢਲੀਆਂ ਲੋੜਾਂ ’ਤੇ ਕੁਝ ਧਿਆਨ ਨਹੀਂ ਦਿੱਤਾ ਜਾ ਰਿਹਾ।
ਇਸ ਸਮੇਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਾਡੇ ਦੇਸ਼ ’ਚ ਬੁਲੇਟ ਟ੍ਰੇਨ ਜ਼ਿਆਦਾ ਜ਼ਰੂਰੀ ਹੈ ਜਾਂ ਫਿਰ ਯਾਤਰੀਆਂ ਨੂੰ ਮੁੱਢਲੀਆਂ ਸਹੂਲਤਾਂ ਦੇਣੀਆਂ ਵੱਧ ਜ਼ਰੂਰੀ ਹਨ। ਸਰਦੀਆਂ ’ਚ ਜਿੱਥੇ ਇਕ ਪਾਸੇ ਧੁੰਦ ਕਾਰਨ ਪ੍ਰੇਸ਼ਾਨੀ ਹੁੰਦੀ ਹੈ, ਉੱਥੇ ਹੀ ਦੂਜੇ ਪਾਸੇ ਠੰਢ ਦੇ ਕਾਰਨ ਪਟੜੀਆਂ ’ਚ ਕ੍ਰੈਕ ਕਾਰਨ ਹਾਦਸੇ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਲਈ ਇਸ ਸਬੰਧ ’ਚ ਹੁਣ ਤੋਂ ਹੀ ਸੁਚੇਤ ਹੋਣ ਦੀ ਲੋੜ ਹੈ। ਦਰਅਸਲ ਪਿਛਲੇ ਕੁਝ ਸਮੇਂ ਤੋਂ ਰੇਲ ਹਾਦਸਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਇਹ ਮੰਦਭਾਗਾ ਹੀ ਹੈ ਕਿ ਇਸ ਦੌਰ ’ਚ ਰੇਲਗੱਡੀਆਂ ਦੀ ਟੱਕਰ, ਉਨ੍ਹਾਂ ਦੇ ਪਟੜੀ ਤੋਂ ਉਤਰਨ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਇਹ ਦੁੱਖ ਦਾ ਵਿਸ਼ਾ ਹੈ ਕਿ ਸਾਡੇ ਦੇਸ਼ ’ਚ ਟ੍ਰੇਨ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ। ਕਿਸੇ ਵੀ ਟ੍ਰੇਨ ਹਾਦਸੇ ਦੇ ਬਾਅਦ ਰੇਲ ਮੰਤਰਾਲਾ ਵੱਡੇ-ਵੱਡੇ ਦਾਅਵੇ ਤਾਂ ਕਰਦਾ ਹੈ ਪਰ ਕੁਝ ਸਮੇਂ ਬਾਅਦ ਸਭ ਕੁਝ ਭੁਲਾ ਦਿੱਤਾ ਜਾਂਦਾ ਹੈ।
ਦੱਸਣਯੋਗ ਹੈ ਕਿ ਪਿਛਲੇ ਕੁਝ ਸਾਲਾਂ ’ਚ ਟ੍ਰੇਨ ਹਾਦਸਿਆਂ ’ਚ ਮਰਨ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਨ੍ਹੀਂ ਦਿਨੀਂ ਰੇਲ ਮੰਤਰਾਲਾ ਕਈ ਤਰੁੱਟੀਆਂ ਨਾਲ ਜੂਝ ਰਿਹਾ ਹੈ, ਭਾਵੇਂ ਪੁਰਾਣੀਆਂ ਪਟੜੀਆਂ ਦੇ ਰੱਖ-ਰਖਾਅ ਦੀ ਗੱਲ ਹੋਵੇ ਜਾਂ ਫਿਰ ਸਿਗਨਲਾਂ ਦੇ ਆਧੁਨਿਕੀਕਰਨ ਦੀ, ਇਨ੍ਹਾਂ ਸਾਰੇ ਮਾਮਲਿਆਂ ’ਚ ਅਸੀਂ ਅਜੇ ਵੀ ਹੋਰਨਾਂ ਦੇਸ਼ਾਂ ਤੋਂ ਬੜੇ ਪਿੱਛੇ ਹਾਂ। ਰੇਲਵੇ ਦੇ ਮੁਕੰਮਲ ਆਧੁਨਿਕੀਕਰਨ ਅਤੇ ਟ੍ਰੇਨਾਂ ’ਚ ਉੱਨਤ ਤਕਨੀਕ ਅਪਣਾਉਣ ਦੀ ਗੱਲ ਛੱਡ ਦੇਈਏ ਤਾਂ ਜ਼ਮੀਨੀ ਪੱਧਰ ’ਤੇ ਕਈ ਮਾਮਲਿਆਂ ’ਚ ਲਾਪ੍ਰਵਾਹੀ ਦਿਖਾਈ ਦਿੰਦੀ ਹੈ। ਕਈ ਵਾਰ ਇਹ ਲਾਪ੍ਰਵਾਹੀ ਹੀ ਯਾਤਰੀਆਂ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ।
ਇਹ ਬਦਕਿਸਮਤੀ ਹੀ ਹੈ ਕਿ ਜਦੋਂ ਵੀ ਕੋਈ ਵੱਡਾ ਰੇਲ ਹਾਦਸਾ ਹੁੰਦਾ ਹੈ ਤਾਂ ਰੇਲ ਮੰਤਰਾਲਾ ਸਰਗਰਮ ਦਿਸਦਾ ਹੈ ਪਰ ਜ਼ਮੀਨੀ ਤੌਰ ’ਤੇ ਰੇਲ ਹਾਦਸਿਆਂ ਨੂੰ ਰੋਕਣ ਲਈ ਕੋਈ ਗੰਭੀਰ ਯੋਜਨਾ ਨਹੀਂ ਬਣਾਈ ਜਾਂਦੀ। ਇਹੀ ਕਾਰਨ ਹੈ ਕਿ ਰੇਲ ਹਾਦਸਿਆਂ ਦੇ ਬਾਅਦ ਜਾਂਚ ’ਤੇ ਜਾਂਚ ਹੁੰਦੀ ਰਹਿੰਦੀ ਹੈ ਅਤੇ ਜਲਦੀ ਹੀ ਇਕ ਨਵੇਂ ਰੇਲ ਹਾਦਸੇ ਦੀ ਬੈਕਗ੍ਰਾਊਂਡ ਤਿਆਰ ਹੋ ਜਾਂਦੀ ਹੈ। ਦਰਅਸਲ ਸਿਆਸੀ ਸਿਹਰਾ ਲੈਣ ਲਈ ਲਗਾਤਾਰ ਟ੍ਰੇਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ ਪਰ ਉਸ ਹਿਸਾਬ ਨਾਲ ਸਹੂਲਤਾਂ ਨਹੀਂ ਵਧਾਈਆਂ ਜਾ ਰਹੀਆਂ। ਯਾਤਰੀਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ ਪਰ ਰੇਲਵੇ ਮੁਲਾਜ਼ਮਾਂ ਦੀ ਗਿਣਤੀ ’ਚ ਉਸ ਪੱਧਰ ’ਤੇ ਵਾਧਾ ਨਹੀਂ ਹੋ ਰਿਹਾ।
ਜਿਉਂ-ਜਿਉਂ ਰੇਲ ਮੰਤਰਾਲਾ ਰੇਲ ਦਾ ਆਧੁਨਿਕੀਕਰਨ ਕਰਨ ਅਤੇ ਸਹੂਲਤਾਂ ਵਧਾਉਣ ਦਾ ਦਾਅਵਾ ਕਰ ਰਿਹਾ ਹੈ, ਤਿਉਂ-ਤਿਉਂ ਰੇਲਵੇ ਮੁਲਾਜ਼ਮਾਂ ਦਰਮਿਆਨ ਆਪਸੀ ਤਾਲਮੇਲ ਦੀ ਘਾਟ ਦਿਖਾਈ ਦੇ ਰਹੀ ਹੈ। ਸਾਨੂੰ ਇਸ ਗੱਲ ’ਤੇ ਵੀ ਵਿਚਾਰ ਕਰਨਾ ਹੋਵੇਗਾ ਕਿ ਮੁਲਾਜ਼ਮਾਂ ਦੀ ਘਾਟ ਨਾਲ ਜੂਝ ਰਹੇ ਰੇਲਵੇ ’ਚ ਕਿਤੇ ਕਰਮਚਾਰੀਆਂ ’ਤੇ ਬੜਾ ਜ਼ਿਆਦਾ ਦਬਾਅ ਤਾਂ ਨਹੀਂ ਹੈ? ਫਿਲਹਾਲ ਕਮੀ ਕਿਤੇ ਵੀ ਹੋਵੇ, ਸਾਨੂੰ ਰੇਲਵੇ ਮੁਲਾਜ਼ਮਾਂ ਦੀ ਕੰਮ ਕਰਨ ਦੀ ਨਿਪੁੰਨਤਾ ਵਧਾਉਣ ’ਤੇ ਧਿਆਨ ਦੇਣਾ ਹੋਵੇਗਾ।
ਇਕ ਨਿਸ਼ਚਿਤ ਸਮੇਂ ਦੇ ਵਕਫੇ ’ਤੇ ਮੁਲਾਜ਼ਮਾਂ ਨੂੰ ਟ੍ਰੇਨਿੰਗ ਦੇ ਕੇ ਉਨ੍ਹਾਂ ਦੀ ਕੰਮ ’ਚ ਨਿਪੁੰਨਤਾ ਵਧਾਈ ਜਾ ਸਕਦੀ ਹੈ। ਯੋਗ ਅਤੇ ਧਿਆਨ ਦੀਆਂ ਕਾਰਜਸ਼ਾਲਾਵਾਂ ਆਯੋਜਿਤ ਕਰ ਕੇ ਮੁਲਾਜ਼ਮਾਂ ਦਾ ਹੌਸਲਾ ਵਧਾਇਆ ਜਾ ਸਕਦਾ ਹੈ। ਅੱਤਵਾਦੀ ਘਟਨਾਵਾਂ ਦੀ ਗੱਲ ਛੱਡ ਦੇਈਏ ਤਾਂ ਵਧੇਰੇ ਰੇਲ ਹਾਦਸਿਆਂ ਦੇ ਪਿੱਛੇ ਰੇਲਵੇ ਦੇ ਆਧੁਨਿਕੀਕਰਨ ਦੀ ਘਾਟ ਅਤੇ ਮਨੁੱਖੀ ਗਲਤੀ ਹੀ ਜ਼ਿੰਮੇਵਾਰ ਰਹੀ ਹੈ। ਇਸ ਲਈ ਮਨੁੱਖੀ ਗਲਤੀ ਕਾਰਨ ਸੈਂਕੜੇ ਲੋਕਾਂ ਨੂੰ ਮਰਨ ਲਈ ਨਹੀਂ ਛੱਡਿਆ ਜਾ ਸਕਦਾ।
ਜਿੱਥੋਂ ਤੱਕ ਰੇਲਵੇ ਦੇ ਆਧੁਨਿਕੀਕਰਨ ਦੀ ਗੱਲ ਹੈ ਤਾਂ ਇਸ ਮਾਮਲੇ ’ਚ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤੀ ਰੇਲ ਪੱਛੜੀ ਹੋਈ ਹੈ। ਇਸ ਤੋਂ ਵੱਡੀ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ ਕਿ ਕਈ ਵਾਰ ਰੇਲਵੇ ਵਿਭਾਗ ਮੁਨਾਫੇ ਨੂੰ ਲੈ ਕੇ ਤਾਂ ਆਪਣੀ ਪਿੱਠ ਖੁਦ ਥਾਪੜਦਾ ਰਹਿੰਦਾ ਹੈ ਪਰ ਇਸ ਮੁਨਾਫੇ ਨਾਲ ਯਾਤਰੀਆਂ ਦੀ ਸੁਰੱਖਿਆ ਕਿਵੇਂ ਕੀਤੀ ਜਾਵੇ, ਇਹ ਸੋਚਣਾ ਨਹੀਂ ਚਾਹੁੰਦਾ।
ਵਰਨਣਯੋਗ ਹੈ ਕਿ ਭਾਰਤ ’ਚ ਲਗਭਗ 70 ਫੀਸਦੀ ਟ੍ਰੇਨ ਹਾਦਸੇ ਲਾਈਨਾਂ ’ਚ ਖਰਾਬੀ, ਖਰਾਬ ਮੌਸਮ ਅਤੇ ਮਨੁੱਖੀ ਗਲਤੀ ਕਾਰਨ ਹੁੰਦੇ ਹਨ। ਪਿਛਲੇ ਦਿਨੀਂ ਕੁਝ ਮਾਹਿਰਾਂ ਨੇ ਸੈਟੇਲਾਈਟ ਰਾਹੀਂ ਟ੍ਰੇਨਾਂ ਦੇ ਕੰਟ੍ਰੋਲ ਦਾ ਸੁਝਾਅ ਦਿੱਤਾ ਸੀ ਪਰ ਇਸ ਸੁਝਾਅ ’ਤੇ ਉਸ ਤਰ੍ਹਾਂ ਕੰਮ ਨਹੀਂ ਹੋ ਸਕਿਆ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ। ਦਰਅਸਲ ਸਰਕਾਰ ਆਪਣੇ ਬੇਲੋੜੇ ਖਰਚਿਆਂ ’ਚ ਤਾਂ ਕੋਈ ਕਟੌਤੀ ਨਹੀਂ ਕਰਦੀ ਪਰ ਇਸ ਤਰ੍ਹਾਂ ਦੀਆਂ ਯੋਜਨਾਵਾਂ ਲਾਗੂ ਕਰਨ ਦੇ ਸਮੇਂ ਧਨ ਦੀ ਘਾਟ ਦਾ ਰੋਣਾ ਰੋਇਆ ਜਾਂਦਾ ਹੈ।
ਇਹ ਮੰਦਭਾਗਾ ਹੀ ਹੈ ਕਿ ਰੇਲ ਮੰਤਰਾਲਾ ਯਾਤਰੀਆਂ ਦੀ ਸੁੱਖ ਭਰੀ ਯਾਤਰਾ ਦੀ ਕਾਮਨਾ ਕਰਦਾ ਹੈ ਪਰ ਅਸਲ ’ਚ ਯਾਤਰਾ ਨੂੰ ਸੁੱਖ ਭਰੀ ਬਣਾਉਣ ਲਈ ਜ਼ਰੂਰੀ ਕਦਮ ਨਹੀਂ ਉਠਾਉਂਦਾ। ਦੇਸ਼ ਦੇ ਕਈ ਹਿੱਸਿਆਂ ’ਚ ਨਵੀਆਂ ਰੇਲਗੱਡੀਆਂ ਚਲਾਈਆਂ ਗਈਆਂ ਪਰ ਉਨ੍ਹਾਂ ਰੇਲਗੱਡੀਆਂ ਦੇ ਹਿਸਾਬ ਨਾਲ ਰੇਲਵੇ ਟ੍ਰੈਕ ਨੂੰ ਉੱਨਤ ਨਹੀਂ ਕੀਤਾ ਗਿਆ।