ਚੀਨ ਨੂੰ ਕਿਉਂ ਰੜਕਦੀ ਹੈ ਭਾਰਤ-ਭੂਟਾਨ ਦੀ ਦੋਸਤੀ

08/21/2019 7:04:19 AM

ਵਿਸ਼ਨੂੰ ਗੁਪਤ
ਭਾਰਤ ਅਤੇ ਭੂਟਾਨ ਵਿਚਾਲੇ ਵਧਦੀ ਦੋਸਤੀ ’ਤੇ ਦੋ ਅਹਿਮ ਸਵਾਲ ਖੜ੍ਹੇ ਹੁੰਦੇ ਹਨ। ਪਹਿਲਾ ਸਵਾਲ ਇਹ ਹੈ ਕਿ ਭਾਰਤ ਲਈ ਭੂਟਾਨ ਇੰਨਾ ਅਹਿਮ ਕਿਉਂ ਹੈ? ਕਹਿ ਸਕਦੇ ਹਾਂ ਕਿ ਭੂਟਾਨ ਤਾਂ ਇਕ ਛੋਟਾ ਜਿਹਾ ਦੇਸ਼ ਹੈ, ਜਿਸ ਦੀ ਆਬਾਦੀ ਬਹੁਤ ਹੀ ਸੀਮਤ ਹੈ, ਜਿਸ ਦੀ ਅਰਥ ਵਿਵਸਥਾ ਵੀ ਕੋਈ ਧਿਆਨ ਖਿੱਚਣ ਵਾਲੀ ਨਹੀਂ ਹੈ, ਜਿਸ ਦੀ ਰਣਨੀਤਕ ਤਾਕਤ ਵੀ ਸੀਮਤ ਹੈ, ਫਿਰ ਵੀ ਭਾਰਤ ਹਮੇਸ਼ਾ ਭੂਟਾਨ ਨਾਲ ਦੋਸਤੀ ਲਈ ਤਿਆਰ ਕਿਉਂ ਰਹਿੰਦਾ ਹੈ? ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਟਾਨ ਜਾਣ ਅਤੇ ਉਥੋਂ ਦੇ ਲੋਕਾਂ ਨਾਲ ਗੱਲਬਾਤ ਕਰਨ ’ਚ ਮਾਣ ਮਹਿਸੂਸ ਕਿਉਂ ਕਰਦੇ ਹਨ? ਭੂਟਾਨ ਨਰੇਸ਼ ਨੂੰ ਗਣਤੰਤਰ ਦਿਵਸ ’ਤੇ ਮਹਿਮਾਨ ਬਣਾ ਕੇ ਭਾਰਤ ਆਪਣੇ ਆਪ ’ਚ ਮਾਣ ਮਹਿਸੂਸ ਕਿਉਂ ਕਰਦਾ ਹੈ?

ਦੂਜਾ ਸਵਾਲ ਇਹ ਹੈ ਕਿ ਚੀਨ ਨੂੰ ਭਾਰਤ-ਭੂਟਾਨ ਦੀ ਦੋਸਤੀ ਕਿਉਂ ਰੜਕਦੀ ਹੈ? ਚੀਨ ਦਾ ਸ਼ਾਸਕ ਵਰਗ ਇਸ ਤੋਂ ਕਿਉਂ ਖ਼ਫ਼ਾ ਹੁੰਦਾ ਹੈ? ਭੂਟਾਨ ਨੂੰ ਭਾਰਤ ਤੋਂ ਦੂਰ ਕਰਨ ਅਤੇ ਆਪਣੇ ਨੇੜੇ ਲਿਆਉਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਸਫਲ ਕਿਉਂ ਨਹੀਂ ਹੁੰਦੀਆਂ? ਚੀਨੀ ਮੀਡੀਆ ਵੀ ਭਾਰਤ-ਭੂਟਾਨ ਦੀ ਦੋਸਤੀ ਨੂੰ ਲੈ ਕੇ ਅਫਵਾਹਾਂ ਕਿਉਂ ਫੈਲਾਉਂਦਾ ਰਹਿੰਦਾ ਹੈ?

ਹੁਣੇ-ਹੁਣੇ ਨਰਿੰਦਰ ਮੋਦੀ 2 ਦਿਨਾ ਭੂਟਾਨ ਯਾਤਰਾ ’ਤੇ ਗਏ, ਜਿਥੇ ਉਨ੍ਹਾਂ ਨੇ ਨਾ ਸਿਰਫ ਭੂਟਾਨ ਦੀ ਰਾਜਸੱਤਾ ਨਾਲ ਗੱਲਬਾਤ ਕੀਤੀ, ਸਗੋਂ ਭੂਟਾਨ ਦੀ ਨਵੀਂ ਪੀੜ੍ਹੀ ਨੂੰ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਭਾਰਤ ਦੀ ਸੂਚਨਾ ਤਕਨਾਲੋਜੀ ਦਾ ਲਾਭ ਭੂਟਾਨ ਦੇ ਹੋਣਹਾਰ ਵਿਦਿਆਰਥੀ ਉਠਾ ਸਕਦੇ ਹਨ ਤੇ ਭਾਰਤ ਸਰਕਾਰ ਉਨ੍ਹਾਂ ਨੂੰ ਹਰ ਸਹੂਲਤ ਦੇਣ ਲਈ ਤਿਆਰ ਹੈ। ਮੋਦੀ ਦੀ ਇਸ ਯਾਤਰਾ ਨੂੰ ਲੈ ਕੇ ਚੀਨ ਦਾ ਮੀਡੀਆ ਨਾਰਾਜ਼ ਹੈ ਅਤੇ ਕਹਿੰਦਾ ਹੈ ਕਿ ਭਾਰਤ ਚੀਨ ਦੀ ਘੇਰਾਬੰਦੀ ਕਰ ਰਿਹਾ ਹੈ, ਗੁਆਂਢੀਆਂ ਨੂੰ ਚੀਨ ਦੇ ਵਿਰੁੱਧ ਭੜਕਾ ਰਿਹਾ ਹੈ।

ਚੀਨ ਦੀ ਮਾੜੀ ਨਜ਼ਰ ਗੁਆਂਢੀਆਂ ਦੀ ਪ੍ਰਭੂਸੱਤਾ ਦਾ ਘਾਣ ਕਰਦੀ ਰਹੀ ਹੈ। ਗੁਆਂਢੀਆਂ ਪ੍ਰਤੀ ਚੀਨ ਦਾ ਰਵੱਈਆ ਬਸਤੀਵਾਦੀ ਹੈ। ਚੀਨ ਆਪਣੀ ਰਣਨੀਤਕ ਤਾਕਤ ਨਾਲ ਗੁਆਂਢੀ ਦੇਸ਼ਾਂ ਦੀ ਪ੍ਰਭੂਸੱਤਾ ਨੂੰ ਕੁਚਲਦਾ ਰਿਹਾ ਹੈ। ਇਸ ਪਿੱਛੇ ਚੀਨ ਦੀ ਬਸਤੀਵਾਦੀ ਧਾਰਨਾ ਹੀ ਕੰਮ ਕਰਦੀ ਹੈ। ਚੀਨ ਨੇ ਕਦੇ ਭਾਰਤ ਦੀ ਪ੍ਰਭੂਸੱਤਾ ਨੂੰ ਕੁਚਲਿਆ ਸੀ, ਭਾਰਤ ’ਤੇ ਹਮਲਾ ਕਰ ਕੇ ਸਾਡੇ 5000 ਤੋਂ ਜ਼ਿਆਦਾ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਭਾਰਤ ਦੀ 90,000 ਵਰਗ ਮੀਲ ਜ਼ਮੀਨ ’ਤੇ ਕਬਜ਼ਾ ਕਰ ਲਿਆ ਸੀ।

ਕਹਿਣ ਨੂੰ ਚੀਨ ਇਕ ਕਮਿਊਨਿਸਟ ਦੇਸ਼ ਹੈ ਪਰ ਉਹ ਕਮਿਊਨਿਸਟ ਦੇਸ਼ਾਂ ਦੀ ਪ੍ਰਭੂਸੱਤਾ ਨੂੰ ਵੀ ਕੁਚਲਣ ’ਚ ਪਿੱਛੇ ਨਹੀਂ ਰਹਿੰਦਾ। ਮਿਸਾਲ ਵੀਅਤਨਾਮ ਦੀ ਹੈ। ਉਹ ਵੀ ਇਕ ਕਮਿਊਨਿਸਟ ਅਤੇ ਚੀਨ ਦਾ ਗੁਆਂਢੀ ਦੇਸ਼ ਹੈ। ਕਦੇ ਚੀਨ ਨੇ ਵੀਅਤਨਾਮ ’ਤੇ ਹਮਲਾ ਕਰ ਕੇ ਉਥੇ ਕਤਲੇਆਮ ਕੀਤਾ ਸੀ। ਅੱਜ ਵੀ ਚੀਨ ਵੀਅਤਨਾਮ ਦੇ ਸਮੁੰਦਰੀ ਖੇਤਰ ’ਤੇ ਕਬਜ਼ਾ ਕਰਨ ਦੀ ਤਾਕ ’ਚ ਰਹਿੰਦਾ ਹੈ ਤੇ ਉਸ ਦੀ ਨਜ਼ਰ ਵੀਅਤਨਾਮ ਦੇ ਤੇਲ ਅਤੇ ਗੈਸ ਭੰਡਾਰ ’ਤੇ ਹੁੰਦੀ ਹੈ।

ਭੂਟਾਨ ਇਕ ਛੋਟਾ ਜਿਹਾ ਦੇਸ਼ ਹੈ ਪਰ ਕੁਦਰਤੀ ਤੌਰ ’ਤੇ ਇਹ ਬਹੁਤ ਅਹਿਮ ਦੇਸ਼ ਹੈ। ਚੀਨ ਦੇ ਰਣਨੀਤਕ ਨਜ਼ਰੀਏ ਤੋਂ ਵੀ ਭੂਟਾਨ ਬਹੁਤ ਅਹਿਮ ਦੇਸ਼ ਹੈ। ਜਿਸ ਤਰ੍ਹਾਂ ਚੀਨ ਨੇ ਪਾਕਿਸਤਾਨ ਅਤੇ ਨੇਪਾਲ ਵਿਚ ਆਪਣੀ ਧੌਂਸ ਜਮਾਈ ਹੋਈ ਹੈ ਅਤੇ ਭਾਰਤੀ ਹਿੱਤਾਂ ਨੂੰ ਕੁਚਲ ਰਿਹਾ ਹੈ, ਉਸੇ ਤਰ੍ਹਾਂ ਇਹ ਭੂਟਾਨ ’ਚ ਵੀ ਆਪਣੀ ਧੌਂਸ ਜਮਾਉਣੀ ਚਾਹੁੰਦਾ ਹੈ। ਭੂਟਾਨ ਦੇ ਰਣਨੀਤਕ ਤੌਰ ’ਤੇ ਅਹਿਮ ਸਥਾਨਾਂ ਉੱਤੇ ਚੀਨ ਆਪਣੇ ਫੌਜੀ ਅੱਡੇ ਬਣਾਉਣ ਦੀ ਇੱਛਾ ਰੱਖਦਾ ਹੈ। ਭੂਟਾਨ ਦੇ ਜਲ ਖੇਤਰਾਂ ਦਾ ਇਸਤੇਮਾਲ ਕਰ ਕੇ ਚੀਨ ਬਿਜਲੀ ਪੈਦਾ ਕਰਨਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਪਠਾਰੀ ਖੇਤਰ ਹੋਣ ਕਰਕੇ ਭੂਟਾਨ ਕੋਲ ਅਥਾਹ ਜਲ ਖੇਤਰ ਹੈ, ਜਿੱਥੇ ਬਿਜਲੀ ਪੈਦਾ ਕਰਨ ਦੀਆਂ ਭਾਰੀ ਸੰਭਾਵਨਾਵਾਂ ਹਨ। ਇਹ ਵੀ ਜ਼ਿਕਰਯੋਗ ਹੈ ਕਿ ਭਾਰਤ ਅਤੇ ਭੂਟਾਨ ਵਿਚਾਲੇ ਪਣ-ਬਿਜਲੀ ਸਮਝੌਤੇ ਮੁਤਾਬਿਕ ਕਈ ਪਣ-ਬਿਜਲੀ ਯੋਜਨਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਕਾਰਣ ਭੂਟਾਨ ਦੀ ਅਰਥ ਵਿਵਸਥਾ ਵੀ ਸਥਿਰ ਅਤੇ ਪ੍ਰਗਤੀਸ਼ੀਲ ਹੈ।

ਭੂਟਾਨ-ਭਾਰਤ ਵਿਚਾਲੇ ਸੱਭਿਆਚਾਰਕ ਸਬੰਧ

ਭੂਟਾਨ ਅਤੇ ਭਾਰਤ ਦੇ ਸੱਭਿਆਚਾਰਕ ਸਬੰਧ ਸਦੀਆਂ ਤੋਂ ਅਹਿਮ ਰਹੇ ਹਨ। ਦੋਹਾਂ ਦੇਸ਼ਾਂ ਦੀ ਵਿਰਾਸਤ ਵੀ ਇਕ ਹੈ। ਬੋਧੀ ਸੱਭਿਅਤਾ ਦੀ ਨੁਮਾਇੰਦਗੀ ਕਰਨ ਵਾਲਾ ਭੂਟਾਨ ਭਾਰਤ ਨਾਲ ਸਬੰਧਾਂ ਨੂੰ ਹਮੇਸ਼ਾ ਤਰਜੀਹ ਦਿੰਦਾ ਰਿਹਾ ਹੈ। ਅੱਜ ਦੇ ਕੂਟਨੀਤਕ ਸਬੰਧ ਲੋਭ-ਲਾਲਚ ’ਤੇ ਟਿਕੇ ਹੋਏ ਹਨ ਅਤੇ ਦੇਸ਼ ਸਮੇਂ ਅਨੁਸਾਰ ਪਲਟੀ ਮਾਰਦੇ ਰਹੇ ਹਨ ਪਰ ਭੂਟਾਨ ਅਜਿਹਾ ਦੇਸ਼ ਨਹੀਂ ਹੈ। ਭੂਟਾਨ ਦੀ ਦੋਸਤੀ ’ਚ ਈਮਾਨਦਾਰੀ ਵੀ ਹੈ ਅਤੇ ਨੈਤਿਕਤਾ ਵੀ। ਨੈਤਿਕਤਾ ਇਸ ਨਜ਼ਰੀਏ ਤੋਂ ਹੈ ਕਿ ਭੂਟਾਨ ਨੇ ਹਮੇਸ਼ਾ ਭਾਰਤ ਪ੍ਰਤੀ ਈਮਾਨਦਾਰੀ ਦਿਖਾਈ ਹੈ। ਚੀਨ ਦੇ ਲਾਲਚ ਅਤੇ ਧਮਕੀਆਂ ਦੇ ਬਾਵਜੂਦ ਉਸ ਨੇ ਭਾਰਤ ਨਾਲੋਂ ਦੋਸਤੀ ਨਹੀਂ ਤੋੜੀ, ਸਗੋਂ ਇਸ ਨਾਲ ਚੱਟਾਨ ਵਾਂਗ ਡਟਿਆ ਰਿਹਾ।

ਭੂਟਾਨ ਨਾਲ ਦੋਸਤੀ ਰੱਖਣ ਦਾ ਨਾ ਸਿਰਫ ਭਾਰਤ ਨੂੰ ਫਾਇਦਾ ਹੈ, ਸਗੋਂ ਭੂਟਾਨ ਵੀ ਖ਼ੁਦ ਆਪਣੇ ਸ਼ਹਿਰੀਆਂ ਦੇ ਜੀਵਨ ਨੂੰ ਸੁਖੀ ਬਣਾਉਣ ਦੇ ਰਾਹ ’ਤੇ ਵਧ ਰਿਹਾ ਹੈ। ਭੂਟਾਨ ਹਾਈਡ੍ਰੋ ਪਾਵਰ ਉਤਪਾਦਨ ’ਚ 2000 ਮੈਗਾਵਾਟ ਦੀ ਹੱਦ ਪਾਰ ਕਰ ਗਿਆ ਹੈ। ਮੋਦੀ ਦੇ ਦੌਰੇ ਸਮੇਂ ਭੂਟਾਨ-ਭਾਰਤ ਵਿਚਾਲੇ ਮਾਂਗਦੇਕਸ਼ੂ ਹਾਈਡ੍ਰੋ ਪਾਵਰ ਪ੍ਰਾਜੈਕਟ ਦੀ ਸ਼ੁਰੂਆਤ ’ਤੇ ਸਮਝੌਤਾ ਹੋਇਆ ਹੈ। ਇਸ ਨੂੰ ਬਿਜਲੀ ਉਤਪਾਦਨ ਦੇ ਖੇਤਰ ’ਚ ਵੱਡੀ ਕਾਮਯਾਬੀ ਵਜੋਂ ਦੇਖਿਆ ਜਾ ਰਿਹਾ ਹੈ।

ਭੂਟਾਨ ਅਤੇ ਡੋਕਲਾਮ ਦਾ ਮਾਮਲਾ

ਭੂਟਾਨ ਨੂੰ ਇਹ ਅਹਿਸਾਸ ਹੈ ਕਿ ਭਾਰਤ ਨਾਲ ਦੋਸਤੀ ਹੀ ਉਸ ਦੀ ਹੋਂਦ ਨੂੰ ਬਚਾ ਸਕਦੀ ਹੈ। ਭੂਟਾਨ ਵਿਚ ਅਰਾਜਕਤਾ ਫੈਲਾਉਣ ਅਤੇ ਉਸ ਦੀ ਪ੍ਰਭੂਸੱਤਾ ਨੂੰ ਕੁਚਲਣ ਦੀਆਂ ਕਿੰਨੀਆਂ ਕੋਸ਼ਿਸ਼ਾਂ ਹੋਈਆਂ ਹਨ, ਇਹ ਵੀ ਜਗ ਜ਼ਾਹਿਰ ਹੈ ਪਰ ਇਹ ਸਾਰੀਆਂ ਕੋਸ਼ਿਸ਼ਾਂ ਇਸ ਲਈ ਅਸਫਲ ਸਿੱਧ ਹੋਈਆਂ ਕਿਉਂਕਿ ਭਾਰਤ ਹਮੇਸ਼ਾ ਭੂਟਾਨ ਨਾਲ ਖੜ੍ਹਾ ਰਿਹਾ ਹੈ। ਡੋਕਲਾਮ ਵਿਵਾਦ ਨੂੰ ਯਾਦ ਕਰੋ, ਜਦੋਂ ਚੀਨ ਨੇ ਅਚਾਨਕ ਉਥੇ ਨਿਰਮਾਣ ਕਾਰਜ ਸ਼ੁਰੂ ਕਰ ਦਿੱਤੇ ਸਨ। ਡੋਕਲਾਮ ਮਾਮਲੇ ਨੂੰ ਲੈ ਕੇ ਭੂਟਾਨ ਦੀ ਪ੍ਰਭੂਸੱਤਾ ਖ਼ਤਰੇ ’ਚ ਪੈ ਗਈ ਸੀ। ਡੋਕਲਾਮ ਵਿਚ ਚੀਨੀ ਸਰਗਰਮੀਆਂ ਨੇ ਰਣਨੀਤਕ ਚੁਣੌਤੀਆਂ ਵਧਾ ਦਿੱਤੀਆਂ ਸਨ ਅਤੇ ਭਾਰਤ ਦੀ ਪ੍ਰਭੂਸੱਤਾ ਲਈ ਵੀ ਖ਼ਤਰਾ ਪੈਦਾ ਹੋ ਗਿਆ ਸੀ।

ਭੂਟਾਨ ’ਚ ਇੰਨੀ ਰਣਨੀਤਕ ਤਾਕਤ ਨਹੀਂ ਸੀ ਕਿ ਉਹ ਚੀਨ ਨਾਲ ਮੁਕਾਬਲਾ ਕਰ ਸਕੇ। ਚੀਨ ਦੀ ਫੌਜ ਜਿੱਥੇ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ ਹੈ, ਉਥੇ ਹੀ ਭੂਟਾਨ ਦੀ ਫੌਜੀ ਸਮਰੱਥਾ ਨਾ ਸਿਰਫ ਸੀਮਤ ਹੈ, ਸਗੋਂ ਪ੍ਰਤੀਕਾਤਮਕ ਵੀ ਹੈ। ਭੂਟਾਨ ਨੂੰ ਭਾਰਤ ਵੱਲ ਦੇਖਣ ਦੀ ਵੀ ਲੋੜ ਨਹੀਂ ਸੀ। ਭਾਰਤ ਨੇ ਆਪਣਾ ਫਰਜ਼ ਪਛਾਣਿਆ, ਭੂਟਾਨ ਦੀ ਹੋਂਦ ਅਤੇ ਪ੍ਰਭੂਸੱਤਾ ’ਤੇ ਆਏ ਖ਼ਤਰੇ ਨੂੰ ਮਹਿਸੂਸ ਕੀਤਾ ਤਾਂ ਚੀਨ ਨੂੰ ਸ਼ੀਸ਼ਾ ਦਿਖਾਇਆ। ਡੋਕਲਾਮ ’ਚ ਭਾਰਤ ਨੇ ਚੀਨ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ।

ਚੀਨ ਨੂੰ ਵੀ ਭਾਰਤ ਦੀ ਤਾਕਤ ਦਾ ਅਹਿਸਾਸ ਹੋਇਆ। ਭਾਰਤ ਦੀ ਫੌਜੀ ਅਤੇ ਕੂਟਨੀਤਕ ਦਲੇਰੀ ਅੱਗੇ ਚੀਨ ਨੂੰ ਆਪਣਾ ਇਰਾਦਾ ਛੱਡਣਾ ਪਿਆ ਅਤੇ ਚੀਨ ਦੇ ਫੌਜੀ ਡੋਕਲਾਮ ਤੋਂ ਪਿੱਛੇ ਹਟ ਗਏ। ਇਸ ਤਰ੍ਹਾਂ ਭਾਰਤ ਦੀ ਦਲੇਰੀ ਨੇ ਭੂਟਾਨ ਦੀ ਪ੍ਰਭੂਸੱਤਾ ਦੀ ਰੱਖਿਆ ਕੀਤੀ। ਭੂਟਾਨ ਵੀ ਭਾਰਤ ਦੀ ਪ੍ਰਭੂਸੱਤਾ ਪ੍ਰਤੀ ਹਮੇਸ਼ਾ ਹਾਂ-ਪੱਖੀ ਨਜ਼ਰੀਏ ਨਾਲ ਸਮਰਪਿਤ ਰਹਿੰਦਾ ਹੈ। ਉਸ ਨੇ ਭਾਰਤ ਵਿਰੋਧੀ ਅੱਤਵਾਦੀਆਂ ਨੂੰ ਹਮੇਸ਼ਾ ਦਬਾਉਣ ਦਾ ਕੰਮ ਕੀਤਾ ਹੈ। ਦੇਸ਼ ਦੇ ਉੱਤਰ-ਪੂਰਬੀ ਸੂਬਿਆਂ ਦੇ ਕਈ ਅੱਤਵਾਦੀ ਸੰਗਠਨ ਭੂਟਾਨ ਦੇ ਜੰਗਲਾਂ ’ਚ ਲੁਕ ਕੇ ਭਾਰਤ ਪ੍ਰਤੀ ਸਾਜ਼ਿਸ਼ਾਂ ਰਚਦੇ ਹਨ, ਭਾਰਤ ਵਿਰੁੱਧ ਹਿੰਸਕ ਸਰਗਰਮੀਆਂ ਨੂੰ ਅੰਜਾਮ ਦਿੰਦੇ ਹਨ ਪਰ ਭੂਟਾਨ ਸਰਕਾਰ ਇਨ੍ਹਾਂ ਅੱਤਵਾਦੀਆਂ ਨੂੰ ਹਮੇਸ਼ਾ ਖਤਮ ਕਰਦੀ ਰਹੀ ਹੈ। ਭਾਰਤ ਅਤੇ ਭੂਟਾਨ ਦੀ ਫੌਜ ਮਿਲ ਕੇ ਅਜਿਹੇ ਅੱਤਵਾਦੀ ਸਮੂਹਾਂ ਵਿਰੁੱਧ ਲੋੜ ਪੈਣ ’ਤੇ ਮੁਹਿੰਮ ਵੀ ਚਲਾਉਂਦੀ ਹੈ।

ਮੌਜੂਦਾ ਭਾਰਤ ਸਰਕਾਰ ਦੇ ਏਜੰਡੇ ’ਚ ਭੂਟਾਨ ਦੀ ਜਗ੍ਹਾ ਨੰਬਰ-1 ਵਾਲੀ ਹੈ। ਮੋਦੀ ਨੇ ਆਪਣੇ ਪਹਿਲੇ ਤੇ ਹੁਣ ਦੂਜੇ ਕਾਰਜਕਾਲ ਵਿਚ ਭੂਟਾਨ ਦੀ ਯਾਤਰਾ ਕੀਤੀ ਹੈ। ਭੂਟਾਨ ਨੂੰ ਚੀਨ ਦੀ ਮਾੜੀ ਨਜ਼ਰ ਤੋਂ ਬਚਾਉਣਾ ਭਾਰਤ ਦਾ ਫਰਜ਼ ਹੀ ਨਹੀਂ, ਸਗੋਂ ਭਵਿੱਖ ਦੀ ਲੋੜ ਵੀ ਹੈ। ਭੂਟਾਨ ਵਿਚ ਰਾਜਸ਼ਾਹੀ ਨੂੰ ਖਤਮ ਕਰਨ ਅਤੇ ਮਾਓਵਾਦ ਲਿਆਉਣ ਦੀ ਚੀਨੀ ਕੋਸ਼ਿਸ਼ ਜਾਰੀ ਹੈ। ਚੀਨ ਨੇਪਾਲ ਵਾਂਗ ਭੂਟਾਨ ਵਿਚ ਵੀ ਮਾਓਵਾਦੀਆਂ ਨੂੰ ਸੱਤਾ ਵਿਚ ਲਿਆਉਣਾ ਚਾਹੁੰਦਾ ਹੈ ਪਰ ਹੁਣ ਤਕ ਉਸ ਦੀ ਇਹ ਕੋਸ਼ਿਸ਼ ਇਸ ਲਈ ਅਸਫਲ ਰਹੀ ਕਿਉਂਕਿ ਭੂਟਾਨ ਨਰੇਸ਼ ਲੋਕ-ਪੱਖੀ ਰਹੇ ਹਨ।

ਮੋਦੀ ਦੇ ਸ਼ਾਸਨ ’ਚ ਗੁਆਂਢੀ ਦੇਸ਼ਾਂ ਨਾਲ ਭਾਰਤ ਦੇ ਸਬੰਧ ਮਜ਼ਬੂਤ ਹੋਏ ਹਨ, ਇਹ ਚੰਗੀ ਗੱਲ ਹੈ। ਭਾਰਤ ਦਾ ਨਜ਼ਰੀਆ ਹਮੇਸ਼ਾ ਗੁਆਂਢੀ ਦੇਸ਼ਾਂ ਦੇ ਹਿੱਤਾਂ ਦੀ ਰੱਖਿਆ ਕਰਨ ਵਾਲਾ ਰਿਹਾ ਹੈ। ਇਸੇ ਕਾਰਣ ਅੱਜ ਬੰਗਲਾਦੇਸ਼, ਭੂਟਾਨ, ਮਿਆਂਮਾਰ ਅਤੇ ਮਾਲਦੀਵ ਸਾਡੇ ਚੰਗੇ ਗੁਆਂਢੀ ਅਤੇ ਚੰਗੇ ਮਿੱਤਰ ਦੇਸ਼ ਹਨ।

(guptvishnu@gmail.com)
 


Bharat Thapa

Content Editor

Related News