ਧੀਆਂ ਦੇ ਮਾਮਲੇ ’ਚ ਲਾਪਰਵਾਹ ਕਿਉਂ ਹਾਂ ਅਸੀਂ?

06/25/2020 3:57:51 AM

ਰੋਹਿਤ ਕੌਸ਼ਿਕ

ਹਾਲ ਹੀ ’ਚ ਕਾਨਪੁਰ ਦੇ ਸਰਕਾਰੀ ਬਾਲ ਆਸਰਾ ਘਰ ’ਚ 57 ਲੜਕੀਆਂ ਕੋਰੋਨਾ ਇਨਫੈਕਟਿਡ ਪਾਈਆਂ ਗਈਅਾਂ। ਇਸਦੇ ਇਲਾਵਾ ਇਨਫੈਕਟਿਡਾਂ ’ਚ 5 ਅਤੇ ਇਨਫੈਕਸ਼ਨ ਤੋਂ ਬਚੀਆਂ ਹੋਈਆਂ 2 ਲੜਕੀਆਂ ਦੀ ਜਾਂਚ ’ਚ ਉਨ੍ਹਾਂ ਦੇ ਗਰਭਵਤੀ ਅਤੇ ਇਕ ਹੋਰ ਦੇ ਐੱਚ.ਆਈ.ਵੀ. ਨਾਲ ਇਨਫੈਕਟਿਡ ਹੋਣ ਦਾ ਪਤਾ ਲੱਗਾ ਹੈ। ਹਾਲਾਂਕਿ ਕਾਨਪੁਰ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੜਕੀਆਂ ਬਾਲ ਆਸਰਾ ਘਰ ’ਚ ਆਉਣ ਤੋਂ ਪਹਿਲਾਂ ਹੀ ਗਰਭਵਤੀ ਸਨ। ਇਸ ਖਬਰ ’ਤੇ ਇਕ ਵਾਰ ਫਿਰ ਸਿਆਸਤ ਸ਼ੁਰੂ ਹੋ ਗਈ ਹੈ। ਦਰਅਸਲ ਜ਼ਰੂਰੀ ਮੁੱਦੇ ਉਠਾਉਣ ਲਈ ਸਿਆਸਤ ਬੁਰੀ ਚੀਜ਼ ਨਹੀਂ ਹੈ ਪਰ ਤ੍ਰਾਸਦੀ ਇਹ ਹੈ ਕਿ ਕਦੀ-ਕਦੀ ਸਿਆਸਤ ਦੇ ਚੱਕਰ ’ਚ ਮੂਲ ਮੁੱਦਾ ਅਣਗੌਲਿਆ ਜਾਂਦਾ ਹੈ। ਇਸ ਮਾਮਲੇ ’ਚ ਵਿਸਥਾਰਤ ਜਾਂਚ ਹੋਣ ਦੇ ਬਾਅਦ ਹੀ ਕਈ ਗੱਲਾਂ ਸਾਫ ਹੋ ਸਕਣਗੀਆਂ। ਕੌੜਾ ਸੱਚ ਇਹ ਹੈ ਕਿ ਇਸ ਪ੍ਰਗਤੀਸ਼ੀਲ ਦੌਰ ’ਚ ਵੀ ਅਸੀਂ ਧੀਆਂ ਦੇ ਮਾਮਲੇ ’ਚ ਕਈ ਵਾਰ ਲਾਪਰਵਾਹੀ ਕਰ ਜਾਂਦੇ ਹਾਂ। ਸਵਾਲ ਇਹ ਹੈ ਕਿ ਕਾਨਪੁਰ ਦੇ ਆਸਰਾ ਘਰ ’ਚ ਇੰਨੀਅਾਂ ਲੜਕੀਆਂ ਕੋਰੋਨਾ ਇਨਫੈਕਟਿਡ ਕਿਵੇਂ ਹੋ ਗਈਆਂ? ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਆਸਰਾ ਘਰ ’ਚ ਲਾਪਰਵਾਹੀ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਦੇਸ਼ ਦੇ ਵੱਖ-ਵੱਖ ਆਸਰਾ ਘਰਾਂ ’ਚ ਲਾਪਰਵਾਹੀ ਦੀਆਂ ਖਬਰਾਂ ਆਉਂਦੀ ਰਹੀਆਂ ਹਨ। ਇਕ ਪਾਸੇ ਆਸਰਾ ਘਰ ’ਚ ਬੇਟੀਆਂ ਦੇ ਸ਼ੋਸ਼ਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਦੂਸਰੇ ਪਾਸੇ ਧੀਆਂ ਦੇ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ ਵੀ ਵਧਦੀਆਂ ਜਾ ਰਹੀਆਂ ਹਨ। ਇਸ ਪ੍ਰਗਤੀਸ਼ੀਲ ਦੌਰ ’ਚ ਸਾਨੂੰ ਇਹ ਸੋਚਣਾ ਹੋਵੇਗਾ ਕਿ ਧੀਆਂ ਦੇ ਸੰਦਰਭ ’ਚ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲਾ ਸਮਾਜ ਧੀਆਂ ਦੇ ਸੰਦਰਭ ’ਚ ਖੋਖਲਾ ਆਦਰਸ਼ਵਾਦ ਕਿਉਂ ਅਪਣਾ ਲੈਂਦਾ ਹੈ?

ਸਾਨੂੰ ਇਸ ਗੱਲ ’ਤੇ ਵਿਚਾਰ ਕਰਨਾ ਹੋਵੇਗਾ ਕਿ ਇਕ ਇਨਸਾਨ ਦੇ ਤੌਰ ’ਤੇ ਸਾਡੀ ਇਸ ਗਿਰਾਵਟ ਦਾ ਕੀ ਕਾਰਣ ਹੋ ਸਕਦਾ ਹੈ? ਅਸੀਂ ਬਾਹਰ ਦੀ ਕਾਨੂੰਨੀ ਵਿਵਸਥਾ ਨੂੰ ਭੰਡ ਕੇ ਸੰਤੁਸ਼ਟ ਹੋ ਸਕਦੇ ਹਾਂ ਪਰ ਆਪਣੇ ਅੰਦਰ ਦੀ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਤਾਂ ਸਾਨੂੰ ਖੁਦ ਹੀ ਲੈਣੀ ਹੋਵੇਗੀ। ਮੰਦਭਾਗਾ ਇਹ ਹੈ ਕਿ ਅਸੀਂ ਬਾਹਰ ਦੀ ਕਾਨੂੰਨੀ ਵਿਵਸਥਾ ਦੇ ਲਈ ਤਾਂ ਵੱਖ-ਵੱਖ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹਿੰਦੇ ਹਾਂ ਪਰ ਆਪਣੇ ਅੰਦਰ ਦੀ ਕਾਨੂੰਨੀ ਵਿਵਸਥਾ ਸੁਧਾਰਨ ਵੱਲ ਧਿਆਨ ਨਹੀਂ ਦਿੰਦੇ। ਕੀ ਇਹ ਸਮਾਜ ਧੀਆਂ ਦੀ ਇੱਜ਼ਤ ਅਤੇ ਜਾਨ ਬਚਾਉਣ ’ਚ ਇੰਨਾ ਲਾਚਾਰ ਅਤੇ ਅਸਮਰਥ ਹੋ ਗਿਆ ਹੈ ਕਿ ਉਸ ਦੇ ਸਾਹਮਣੇ ਧੀਆਂ ’ਤੇ ਵੱਖ-ਵੱਖ ਤੌਰ ਤਰੀਕਿਆਂ ਨਾਲ ਹਮਲੇ ਹੁੰਦੇ ਰਹਿਣ ਅਤੇ ਉਹ ਚੁੱਪ ਧਾਰ ਲੈਣ। ਧੀਆਂ ਦੇ ਮਾਮਲੇ ’ਚ ਸਾਡਾ ਸਮਾਜ ਦਾ ਖੋਖਲਾ ਆਦਰਸ਼ਵਾਦ ਕਈ ਵਾਰ ਪ੍ਰਗਟ ਹੋ ਚੁੱਕਾ ਹੈ। ਛੋਟੀਆਂ-ਛੋਟੀਆਂ ਬੱਚੀਆਂ ਨੂੰ ਸ਼ਿਕਾਰ ਬਣਾਉਂਦੇ ਹੋਏ ਜੇਕਰ ਸਾਡਾ ਦਿਲ ਨਹੀਂ ਪਸੀਜਦਾ ਤਾਂ ਇਸ ਨਾਲੋਂ ਸ਼ਰਮਨਾਕ ਕੁਝ ਨਹੀਂ ਹੋ ਸਕਦਾ। ਇਹ ਮੰਦਭਾਗਾ ਹੀ ਹੈ ਕਿ ਅਸੀਂ ਅਜੇ ਤਕ ਵੀ ਧੀਆਂ ਨੂੰ ਸਨਮਾਨ ਦੇਣਾ ਨਹੀਂ ਸਿੱਖ ਸਕੇ ਹਾਂ ਪਰ ਧੀਆਂ ਇਨ੍ਹਾਂ ਸਭ ਤੋਂ ਬੇਪਰਵਾਹ ਹੋ ਕੇ ਸਾਨੂੰ ਸਨਮਾਨ ਦੇਣ ’ਚ ਜੁਟੀਆਂ ਹੋਈਆਂ ਹਨ। ਧੀਆਂ ਅੰਬਰਾਂ ’ਚ ਉੱਡ ਕੇ ਅੰਬਰਾਂ ਨੂੰ ਛੂ ਰਹੀਆਂ ਹਨ। ਸਾਡੇ ਦੇਸ਼ ਦੀਆਂ ਬੇਟੀਆਂ ਨੇ ਇਹ ਕਈ ਵਾਰ ਸਿੱਧ ਕੀਤਾ ਹੈ ਕਿ ਜੇਕਰ ਉਨ੍ਹਾਂ ਨੂੰ ਉਤਸ਼ਾਹ ਅਤੇ ਸਨਮਾਨ ਦਿੱਤਾ ਜਾਵੇ ਤਾਂ ਉਹ ਦੇਸ਼ ਨੂੰ ਅੰਤਰਾਸ਼ਟਰੀ ਪੱਧਰ ’ਤੇ ਇਕ ਨਵੀਂ ਪਛਾਣ ਦਿਵਾ ਸਕਦੀਆਂ ਹਨ ਪਰ ਸਾਡੇ ਸਮਾਜ ’ਚ ਆਜ਼ਾਦੀ ਦੇ ਇੰਨੇ ਸਾਲ ਬਾਅਦ ਵੀ ਧੀਆਂ ਉਹ ਸਨਮਾਨ ਪ੍ਰਾਪਤ ਨਹੀਂ ਕਰ ਸਕੀਆਂ ਜਿਸ ਦੀਆਂ ਉਹ ਹੱਕਦਾਰ ਸਨ। ਇਹ ਸਹੀ ਹੈ ਕਿ ਇਸ ਦੌਰ ’ਚ ਧੀਆਂ ਨੂੰ ਲੈ ਕੇ ਸਮਾਜ ਦੀ ਸੋਚ ਬਦਲ ਰਹੀ ਹੈ। ਪਰਿਵਾਰ ਧੀਆਂ ਦੇ ਪਾਲਣ ਪੋਸ਼ਣ ਅਤੇ ਸਿੱਖਿਆ ’ਚ ਵੀ ਧਿਆਨ ਜ਼ਰੂਰ ਦੇ ਰਹੇ ਹਨ ਪਰ ਸਾਡੇ ਸਮਾਜ ਦੇ ਸਮੂਹਿਕ ਮਨ ’ਚ ਧੀਆਂ ਨੂੰ ਲੈ ਕੇ ਇਕ ਅਜੀਬ ਜਿਹੀ ਨਾਂਹਪੱਖਤਾ ਹੈ।

ਰੀਓ ਡੀ ਜੇਨੇਰੀਓ ’ਚ ਹੋਈਆਂ ਓਲੰਪਿਕ ਖੇਡਾਂ ’ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਮਹਿਲਾ ਪਹਿਲਵਾਨ ਸਾਕਸ਼ੀ ਮਲਕ ਦੇ ਪਿਤਾ ਨੇ ਕੁਝ ਸਮਾਂ ਪਹਿਲਾਂ ਦੱਸਿਆ ਸੀ ਕਿ ਜਦੋਂ ਮੈਂ ਪਹਿਲੀ ਵਾਰ ਆਪਣੀ ਧੀ ਨੂੰ ਕੁਸ਼ਤੀ ਸਿਖਾਉਣ ਲਈ ਅਖਾੜੇ ’ਚ ਲੈ ਕੇ ਗਿਆ ਤਾਂ ਮੈਨੂੰ ਸਮਾਜ ਦੇ ਤਾਅਨੇ ਸੁਣਨੇ ਪਏ ਸੀ। ਸਮਾਜ ਦੀ ਇਹ ਨਾਂਹਪੱਖਤਾ ਲੜਕੀਆਂ ਦੇ ਸਵੈ-ਭਰੋਸੇ ਨੂੰ ਘਟਾਉਂਦੀ ਹੈ। ਜੋ ਲੜਕੀਆਂ ਇਸ ਨਾਂਹਪੱਖਤਾ ਨੂੰ ਵੰਗਾਰ ਦੇ ਰੂਪ ’ਚ ਲੈਂਦੀਆਂ ਹਨ ਉਹ ਇਕ ਨਾ ਇਕ ਦਿਨ ਸਫਲਤਾ ਦਾ ਝੰਡਾ ਜ਼ਰੂਰ ਲਹਿਰਾਉਂਦੀਆਂ ਹਨ। ਇਹ ਤ੍ਰਾਸਦੀ ਹੀ ਹੈ ਕਿ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਅਸੀਂ ਅਜੇ ਆਤਮਿਕ ਤੌਰ ’ਤੇ ਵਿਕਾਸ ਨਹੀਂ ਕਰ ਸਕੇ ਹਾਂ। ਪਿਛਾਂਹਖਿਚੂ ਸਮਾਜ ’ਚ ਲੜਕੀਆਂ ਨੂੰ ਰੋਜ਼ ਨਵੀਆਂ ਵੰਗਾਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰ ’ਚ ਸਾਡੇ ਸਮਾਜ ਦੇ ਇਕ ਛੋਟੇ ਜਿਹੇ ਤਬਕੇ ’ਚ ਲੜਕੀਆਂ ਨੂੰ ਮੁਕੰਮਲ ਛੋਟ ਦਿੱਤੀ ਜਾਣ ਲੱਗੀ ਹੈੈ ਪਰ ਇਥੇ ਉਨ੍ਹਾਂ ਦੀਆਂ ਵੰਗਾਰਾਂ ਅਲੱਗ ਤਰ੍ਹਾਂ ਦੀਆਂ ਹੁੰਦੀਆਂ ਹਨ। ਕੁਲ ਮਿਲਾ ਕੇ ਪਿਤਾ ਪੁਰਖੀ ਸਮਾਜ ਲੜਕੀਆਂ ਲਈ ਕਈ ਤਰ੍ਹਾਂ ਦੇ ਅੜਿੱਕੇ ਖੜ੍ਹੇ ਕਰ ਰਿਹਾ ਹੈ। ਇਹ ਸਮਾਜ ਇਨ੍ਹਾਂ ਅੜਿੱਕਿਆਂ ਦੇ ਸਮਰਥਨ ’ਚ ਵੱਖ-ਵੱਖ ਤਰ੍ਹਾਂ ਦੇ ਤਰਕ ਘੜਦਾ ਹੈ। ਇਹ ਜਾਣਦੇ ਹੋਏ ਵੀ ਕਿ ਇਨ੍ਹਾਂ ਤਰਕਾਂ ਦਾ ਕੋਈ ਆਧਾਰ ਨਹੀਂ ਹੈ, ਇਹ ਸਮਾਜ ਇਨ੍ਹਾਂ ਤਰਕਾਂ ਨੂੰ ਨਿਯਮਾਂ ਵਾਂਗ ਲੜਕੀਆਂ ’ਤੇ ਲੱਗਦਾ ਹੈ।

ਜਦੋਂ ਅਸੀਂ ਇਨ੍ਹਾਂ ਆਧਾਰਹੀਣ ਨਿਯਮਾਂ ਨੂੰ ਸਿਰਫ ਲੜਕੀਆਂ ’ਤੇ ਲੱਦਦੇ ਹਾਂ ਤਾਂ ਇਕ ਤਰ੍ਹਾਂ ਸਾਨੂੰ ਪਿਛਾਂਹਖਿਚੱਤਾ ਨੂੰ ਮੁੜ ਸ਼ਹਿ ਦਿੰਦੇ ਹਾਂ।

21ਵੀਂ ਸਦੀ ’ਚ ਵੀ ਜੇਕਰ ਲੜਕੀਆਂ ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰਨ ’ਤੇ ਤਾਅਨੇ ਸੁਣਨੇ ਪੈਣ ਤਾਂ ਸਾਨੂੰ ਇਹ ਸੁਣਨਾ ਹੋਵੇਗਾ ਕਿ ਸਾਡੀ ਪ੍ਰਗਤੀਸ਼ੀਲਤਾ ’ਚ ਕਿੱਥੇ ਕਮੀ ਰਹਿ ਗਈ ਹੈ। ਸਿਰਫ ਬਿਆਨਬਾਜ਼ੀ ਨਾਲ ਸਮਾਜ ’ਚ ਪ੍ਰਗਤੀਸ਼ੀਲਤਾ ਨਹੀਂ ਆਉਂਦੀ। ਪ੍ਰਗਤੀਸ਼ੀਲ ਬਣਨ ਲਈ ਸਾਨੂੰ ਬਹੁਤ ਸਾਰੀਆਂ ਗਲੀਆਂ-ਸੜੀਆਂ ਰਵਾਇਤਾਂ ਨੂੰ ਦਾਅ ’ਤੇ ਲਗਾਉਣਾ ਪੈਂਦਾ ਹੈ। ਸਿਰਫ ਡਿਗਰੀਆਂ ਹਾਸਲ ਕਰ ਕੇ ਪੜ੍ਹੇ-ਲਿਖੇ ਹੋ ਜਾਣਾ ਹੀ ਸਮਾਜ ਦੀ ਪ੍ਰਗਤੀਸ਼ੀਲ ਦਾ ਮਾਪਦੰਡ ਨਹੀਂ ਹੈ। ਸਿੱਖਿਆ ਹਾਸਲ ਕਰ ਕੇ ਸਮਾਜ ਦੇ ਹਰ ਵਰਗ ਦੀ ਭਲਾਈ ’ਚ ਉਸਦੀ ਵਰਤੋਂ ਕਰਨੀ ਹੀ ਸੱਚੀ ਪ੍ਰਗਤੀਸ਼ੀਲਤਾ ਹੈ। ਇਸ ਦੌਰ ’ਚ ਵਿਚਾਰਨਯੋਗ ਸਵਾਲ ਇਹ ਹੈ ਕਿ ਕੀ ਅਸੀਂ ਲੜਕੀਆਂ ਦੇ ਸੰਦਰਭ ’ਚ ਸੱਚੇ ਅਰਥਾਂ ’ਚ ਪ੍ਰਗਤੀਸ਼ੀਲ ਹਾਂ? ਕੀ ਲੜਕੀਆਂ ਨੂੰ ਪੜ੍ਹਾਉਣਾ-ਲਿਖਾਉਣਾ ਅਤੇ ਆਧੁਨਿਕ ਪਹਿਰਾਵਾ ਪਹਿਨਣ ਦੀ ਇਜਾਜ਼ਤ .. ਦੇਣੀ ਹੀ ਪ੍ਰਗਤੀਸ਼ੀਲਤਾ ਹੈ? ਦਰਅਸਲ ਅਸੀਂ ਪ੍ਰਗਤੀਸ਼ੀਲਤਾ ਦੇ ਅਰਥ ਦੀ ਵਰਤੋਂ ਬਹੁਤ ਹੀ ਸੀਮਤ ਸੰਦਰਭਾਂ ’ਚ ਕਰਦੇ ਹਾਂ। 21ਵੀਂ ਸਦੀ ’ਚ ਵੀ ਜੇਕਰ ਅਸੀਂ ਲੜਕੀਆਂ ਦੀ ਰੱਖਿਆ ਨਹੀਂ ਕਰ ਸਕਦੇ ਤਾਂ ਇਸ ਤੋਂ ਵੱਧ ਸ਼ਰਮਨਾਕ ਕੁਝ ਨਹੀਂ ਹੋ ਸਕਦਾ।

ਮੰਦਭਾਗਾ ਇਹ ਹੈ ਕਿ ਖੇਡਾਂ ’ਚ ਵੀ ਲੜਕੀਆਂ ਨੂੰ ਅਨੇਕ ਪੱਧਰਾਂ ’ਤੇ ਵੰਗਾਰਾਂ ਝਲਣੀਆਂ ਪੈਂਦੀਆਂ ਹਨ। ਛੋਟੀ ਉਮਰ ’ਚ ਅਨੇਕਾਂ ਲੜਕੀਆਂ ਨੂੰ ਸਮਾਜ ਦੇ ਡਰ ਕਾਰਨ ਆਪਣੇ ਸ਼ੌਕ ਦੀ ਕੁਰਬਾਨੀ ਦੇਣੀ ਪੈਂਦੀ ਹੈ। ਇਸ ਲਈ ਸਾਡੇ ਦੇਸ਼ ’ਚ ਬਹੁਤ ਸਾਰੀਆਂ ਔਰਤਾਂ ਪ੍ਰਤੀਭਾਵਾਂ ਨੂੰ ਜਨਮ ਹੀ ਨਹੀਂ ਦੇ ਸਕਦੀਆਂ ਜਾਂ ਫਿਰ ਸਮੇਂ ਤੋਂ ਪਹਿਲਾਂ ਦਮ ਤੋੜ ਦਿੰਦੀਆਂ ਹਨ। ਜੋ ਔਰਤਾਂ ਪ੍ਰਤੀਭਾਵਾਂ ਵਾਲੇ ਪਰਿਵਾਰ ਦੇ ਉਤਸ਼ਾਹ ਨਾਲ ਖੇਡਾਂ ਵਲ ਰੁਖ ਕਰਦੀਆਂ ਹਨ ਉਨ੍ਹਾਂ ਨੂੰ ਵੀ ਕਈ ਪਾਪੜ ਵੇਲਣੇ ਪੈਂਦੇ ਹਨ। ਖੇਡ ਜਗਤ ’ਚ ਵੀ ਮਹਿਲਾ ਖਿਡਾਰੀਆਂ ਨੂੰ ਕਦਮ-ਕਦਮ ’ਤੇ ਪਿਤਾ ਪੁਰਖੀ ਵੰਗਾਰਾਂ ਝੱਲਣੀਆਂ ਪੈਂਦੀਆਂ ਹਨ ਅਤੇ ਕਈ ਵਾਰ ਔਰਤ ਹੋਣ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਕੁਝ ਸਮਾਂ ਪਹਿਲਾਂ ਖਿਡਾਰਨਾਂ ਦੇ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸਨ। ਕਈ ਵਾਰ ਅਜਿਹੀਆਂ ਘਟਨਾਵਾਂ ਸਾਹਮਣੇ ਹੀ ਨਹੀਂ ਆਉਂਦੀਆਂ ਹਨ ਅਤੇ ਖਿਡਾਰੀਆਂ ਨੂੰ ਸਾਰੀ ਉਮਰ ਇਹ ਦਰਦ ਸਹਿਣਾ ਪੈਂਦਾ ਹੈ। ਸਿਖਲਾਈ ਦੇ ਦਰਮਿਆਨ ਅਤੇ ਮੈਦਾਨ ’ਚ ਖਿਡਾਰਨਾਂ ਨਾਲ ਛੇੜ-ਛਾੜ ਦੀਆਂ ਘਟਨਾਵਾਂ ਵੀ ਆਮ ਹਨ। ਅਜਿਹੀਆਂ ਘਟਨਾਵਾਂ ਅਤੇ ਵਾਤਾਵਰਣ ਨੂੰ ਦੇਖ ਕੇ ਹੋਰ ਪਰਿਵਾਰਾਂ ਦਾ ਮਨੋਬਲ ਵੀ ਟੁੱਟ ਜਾਂਦਾ ਹੈ ਅਤੇ ਉਹ ਆਪਣੀਆਂ ਧੀਆਂ ਖੇਡਾਂ ਦੇ ਖੇਤਰ ’ਚ ਭੇਜਣ ਤੋਂ ਕੰਨੀ ਕਤਰਾਉਣ ਲੱਗਦੇ ਹਨ। ਰਹਿੰਦੀ-ਖੂੰਹਦੀ ਕਸਰ ਖੇਡ ਜਗਤ ’ਚ ਪਸਰੀ ਸਿਆਸਤ ਪੂਰੀ ਕਰ ਦਿੰਦੀ ਹੈ। ਤ੍ਰਾਸਦੀ ਇਹ ਹੈ ਕਿ ਇਕ ਪਾਸੇ ਧੀਆਂ ਖੇਡਾਂ ’ਚ ਪਸਰੀ ਸਿਆਸਤ ਨਾਲ ਜੂਝਦੀਆਂ ਹਨ ਅਤੇ ਦੂਜੇ ਪਾਸੇ ਸਮਾਜ ’ਚ ਪਸਰੀ ਸਿਆਸਤ ਉਨ੍ਹਾਂ ਦੇ ਰਾਹ ’ਚ ਕੰਡੇ ਖਿਲਾਰ ਦਿੰਦੀ ਹੈ। ਧੀਆਂ ਵਿਰੁੱਧ ਸਮਾਜ ’ਚ ਪਸਰੀ ਇਹ ਸਿਆਸਤ ਅੰਤ ਸਮਾਜਿਕ ਵਿਕਾਸ ਨੂੰ ਪਿੱਛੇ ਧੱਕਦੀ ਹੈ। ਨਤੀਜੇ ਵਜੋਂ ਧੀਆਂ ਅਤੇ ਬੇਟੀਆਂ ’ਚ ਅਨੇਕ ਪੱਧਰਾਂ ’ਤੇ ਇਕ ਫਰਕ ਬਣਿਆ ਰਹਿੰਦਾ ਹੈ। ਇਹ ਫਰਕ ਬਣੇ ਰਹਿਣ ਦੇ ਕਾਰਨ ਹੀ ਉਨ੍ਹਾਂ ਨੂੰ ‘ਦੇਹ’ ਭਰ ਮੰਨਿਆ ਜਾਂਦਾ ਹੈ। ਇਸ ਦੌਰ ’ਚ ਧੀਆਂ ਨਾਲ ਜਬਰ-ਜ਼ਨਾਹ ਦੀਆਂ ਵਧਦੀਆਂ ਹੋਈਆਂ ਘਟਨਾਵਾਂ ਅਤੇ ਉਨ੍ਹਾਂ ’ਤੇ ਹੋ ਰਹੇ ਹਮਲੇ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਅੱਜ ਵੀ ਧੀਆਂ ਨੂੰ ਸਿਰਫ ਮਾਤਰ ਭੋਗ ਦੀ ਵਸਤੂ ਮੰਨਦੇ ਹਾਂ । ਇਸ ਤੱਥ ਨੂੰ ਗਲਤ ਸਿੱਧ ਕਰਨ ਲਈ ਇਹ ਕਿਹਾ ਜਾ ਸਕਦਾ ਹੈ ਕਿ ਸਾਰਾ ਸਮਾਜ ਅਜਿਹਾ ਨਹੀਂ ਹੈ ਪਰ ਅਸਲੀਅਤ ਇਹ ਹੈ ਕਿ ਜਦੋਂ ਸਾਹਮਣਿਓਂ ਕੋਈ ਲੜਕੀ ਲੰਘਦੀ ਹੈ ਤਾਂ ਸਭਿਅਕ ਲੋਕਾਂ ਦੇ ਚਿਹਰੇ ’ਤੇ ਇਕ ਖਚਰੀ ਮੁਸਕੁਰਾਹਟ ਖਿਲਰ ਜਾਂਦੀ ਹੈ। ਇਹ ਖਚਰੀ ਮੁਸਕੁਰਾਹਟ ਸਿੱਧ ਕਰਦੀ ਹੈ ਕਿ ਸਾਡੀ ਸੋਚ ’ਚ ਕੋਈ ਨਾ ਕੋਈ ਖੋਟ ਜ਼ਰੂਰ ਹੈ। ਸੁਖਦਾਈ ਇਹ ਹੈ ਕਿ ਇਸ ਮਾਹੌਲ ’ਚ ਵੀ ਲੜਕੀਆਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਲਗਾਤਾਰ ਸਫਲਤਾ ਦੀਆਂ ਨਵੀਆਂ ਕਹਾਣੀਆਂ ਲਿਖ ਰਹੀਆਂ ਹਨ।


Bharat Thapa

Content Editor

Related News