ਜਿੱਤੇ ਕੋਈ ਵੀ : ਫੌਜ ਦਾ ਗਲਬਾ ਕਾਇਮ ਰਹੇਗਾ

02/09/2024 3:42:29 PM

ਪਾਕਿਸਤਾਨ ਫੌਜ ਨੂੰ ਅਲਵਿਦਾ ਕਹਿਣ ਸਮੇਂ ਫੌਜ ਮੁਖੀ ਜਨਰਲ ਜਾਵੇਦ ਕਮਰ ਬਾਜਵਾ ਨੇ 22 ਨਵੰਬਰ 2022 ਨੂੰ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਫੌਜ ਸਿਆਸਤ ’ਚ ਦਖਲ ਦੇਣਾ ਬੰਦ ਕਰੇਗੀ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਪਸੰਦ ਤੇ ਜਨਰਲ ਬਾਜਵਾ ਦੇ ਚਹੇਤੇ ਲੈਫ. ਜਨਰਲ ਆਸਿਮ ਮੁਨੀਰ ਨੂੰ 24 ਨਵੰਬਰ ਨੂੰ ਪਾਕਿਸਤਾਨ ਦੇ 30ਵੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਸ਼ ਦਾ 17ਵਾਂ ਫੌਜ ਮੁਖੀ ਨਿਯੁਕਤ ਕਰ ਦਿੱਤਾ।

ਫੌਜ ਮੁਖੀ ਮੁਨੀਰ, ਹੁਣ ਜਦੋਂ ਪਾਕਿਸਤਾਨ ’ਚ 8 ਫਰਵਰੀ ਨੂੰ ਆਮ ਚੋਣਾਂ ਸੰਪੰਨ ਹੋ ਗਈਆਂ ਹਨ ਤਾਂ ਬੀਤੇ ਜਨਵਰੀ ਦੇ ਮਹੀਨੇ ਲਗਾਤਾਰ ਵਿਸ਼ੇਸ਼ ਤੌਰ ’ਤੇ ਵਿਦਿਆਰਥੀ ਵਰਗ ਨਾਲ ਮੁਲਾਕਾਤ ਕਰਦੇ ਸਮੇਂ ਵੋਟਾਂ ਲਈ ਖਰੀਦੋ-ਫਰੋਖਤ ਵਰਗੇ ਧੰਦੇ ਨੂੰ ਅਪਰਾਧ ਐਲਾਨਦਿਆਂ ਇਹ ਵਕਾਲਤ ਕਰਦੇ ਆ ਰਹੇ ਹਨ ਕਿ ਫੌਜ ਲੋਕਤੰਤਰ ’ਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫੌਜ ਉਸ ਸਮੇਂ ਤੱਕ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ’ਚ ਦਖਲ ਨਹੀਂ ਦਿੰਦੀ ਜਦੋਂ ਤੱਕ ਕਿ ਹਾਲਾਤ ਕਾਬੂ ਤੋਂ ਬਾਹਰ ਨਾ ਹੋ ਜਾਣ। ਹੁਣ ਜਿੱਤੇ ਭਾਵੇਂ ਨਵਾਜ਼ ਸ਼ਰੀਫ ਜਾਂ ਕੋਈ ਹੋਰ ਪਰ ਪਾਕਿਸਤਾਨ ਦੇ ਜਰਨੈਲਾਂ ਦਾ ਗਲਬਾ ਕਾਇਮ ਰਹੇਗਾ। ਇਸ ਵਾਸਤੇ ਪਿਛੋਕੜ ’ਤੇ ਝਾਤੀ ਮਾਰਨੀ ਜ਼ਰੂਰੀ ਹੈ।

ਪਾਕਿਸਤਾਨੀ ਫੌਜ ਦੇ ਮੁੱਢਲੇ ਕਰਤਾ-ਧਰਤਾ ਜਨਰਲ ਆਯੂਬ ਖਾਨ ਨੇ 17 ਜਨਵਰੀ, 1951 ਨੂੰ ਫੌਜ ਦੀ ਵਾਗਡੋਰ ਸੰਭਾਲੀ ਅਤੇ ਉਹ ਲਗਭਗ 8 ਸਾਲ ਫੌਜ ਦੇ ਮੁਖੀ ਬਣੇ ਰਹੇ। ਆਯੂਬ ਨੇ ਹਮੇਸ਼ਾ ਵਕਾਲਤ ਕੀਤੀ ਕਿ ਫੌਜ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਵੇ ਪਰ ਜਦੋਂ 24 ਅਕਤੂਬਰ, 1954 ਨੂੰ ਮੁਲਕ ਦੀ ਕੌਮੀ ਅਸੈਂਬਲੀ ਭੰਗ ਕਰ ਦਿੱਤੀ ਗਈ ਤਾਂ ਆਯੂਬ ਨੇ ਰੱਖਿਆ ਮੰਤਰੀ ਦਾ ਅਹੁਦਾ ਤਾਂ ਪ੍ਰਵਾਨ ਕਰ ਲਿਆ ਪਰ ਫੌਜ ਮੁਖੀ ਦਾ ਅਹੁਦਾ ਨਾ ਛੱਡਿਆ। ਇਹੋ ਕੁਝ ਬਾਅਦ ’ਚ ਜਨਰਲ ਮੁਸ਼ੱਰਫ ਨੇ ਕੀਤਾ।

ਰਾਸ਼ਟਰਪਤੀ ਸਿਕੰਦਰ ਮਿਰਜ਼ਾ ਨੇ 7 ਅਕਤੂਬਰ, 1958 ਨੂੰ ਸਿਆਸੀ ਪਾਰਟੀਆਂ, ਪਾਰਲੀਮੈਂਟ, ਸੂਬਾ ਸਰਕਾਰਾਂ ਅਤੇ ਸੰਵਿਧਾਨ ਨੂੰ ਭੰਗ ਕਰ ਕੇ ਮਾਰਸ਼ਲ ਲਾਅ ਲਗਾ ਦਿੱਤਾ ਤੇ ਆਯੂਬ ਨੂੰ ਮਾਰਸ਼ਲ ਲਾਅ ਐਡਮਿਨਿਸਟ੍ਰੇਟਰ ਨਿਯੁਕਤ ਕੀਤਾ। 24 ਅਕਤੂਬਰ, 1958 ਨੂੰ ਆਯੂਬ ਰਾਸ਼ਟਰਪਤੀ ਬਣੇ ਅਤੇ ਸਿਕੰਦਰ ਮਿਰਜ਼ਾ ਨੂੰ ਜਲਾਵਤਨ ਕਰ ਦਿੱਤਾ। ਜਨਰਲ ਯਾਹੀਆ ਖਾਨ ਨੇ 26 ਮਾਰਚ, 1969 ਨੂੰ ਮੁਲਕ ਦੀ ਵਾਗਡੋਰ ਸੰਭਾਲੀ ਤੇ ਇਕ ਵਾਰ ਫਿਰ ਮਾਰਸ਼ਲ ਲਾਅ ਲਾ ਦਿੱਤਾ। ਜ਼ੁਲਫਿਕਾਰ ਅਲੀ ਭੁੱਟੋ ਨੇ ਥੋੜ੍ਹੇ ਸਮੇਂ ਵਾਸਤੇ 20 ਦਸੰਬਰ, 1971 ਨੂੰ ਲੋਕਤੰਤਰ ਦੀ ਬਹਾਲੀ ਤਾਂ ਕੀਤੀ ਪਰ ਉਸ ਨੂੰ 4 ਅਪ੍ਰੈਲ, 1979 ਨੂੰ ਫਾਂਸੀ ਦੇ ਦਿੱਤੀ ਗਈ। ਕੁਝ ਇੰਝ ਹੀ ਜਨਰਲ ਵਹੀਦ ਕੱਕੜ ਨੇ ਨਵਾਜ਼ ਸ਼ਰੀਫ ਨਾਲ ਕੀਤਾ ਤਾਂ ਫਿਰ ਮੁਸ਼ੱਰਫ ਨੇ ਵੀ ਸ਼ਰੀਫ ਨੂੰ ਗੱਦੀ ਤੋਂ ਲਾਹਿਆ।

ਮੌਜੂਦਾ ਸੰਕਟ ’ਚ ਜਨਰਲ ਬਾਜਵਾ ਦੇ ਸਹਿਯੋਗ ਨਾਲ ਇਮਰਾਨ ਪ੍ਰਧਾਨ ਮੰਤਰੀ ਬਣੇ। ਜਦੋਂ ਲੈਫ. ਜਨਰਲ ਆਸਿਮ ਮੁਨੀਰ ਦੀ ਬਤੌਰ ਆਈ. ਐੱਸ. ਆਈ. ਦੀ ਕਾਰਗੁਜ਼ਾਰੀ ਪ੍ਰਧਾਨ ਮੰਤਰੀ ਨੂੰ ਰਾਸ ਨਾ ਆਈ ਤਾਂ ਉਸ ਨੇ 2019 ’ਚ ਮੁਨੀਰ ਨੂੰ ਲਾਂਭੇ ਕਰ ਦਿੱਤਾ। ਫਿਰ ਬਤੌਰ ਫੌਜ ਮੁਖੀ ਮੁਨੀਰ ਨੇ ਕਿੜ੍ਹ ਤਾਂ ਕੱਢਣੀ ਸੀ। ਜੇਲ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਵਿਰੁੱਧ ਦਰਜ 170 ਮਾਮਲਿਆਂ ’ਚੋਂ ਇਕ ਹਫਤੇ ਦੇ ਅੰਦਰ ਅਦਾਲਤਾਂ ਨੇ 3 ਵਾਰ ਸਜ਼ਾ ਸੁਣਾਈ। ਪਹਿਲਾਂ 30 ਜਨਵਰੀ ਨੂੰ ਗੁਪਤ ਦਸਤਾਵੇਜ਼ ਲੀਕ ਹੋਣ ਦੇ ਮਾਮਲੇ ’ਚ 10 ਸਾਲ, ਫਿਰ ਅਗਲੇ ਦਿਨ ਭ੍ਰਿਸ਼ਟਾਚਾਰ ਨਾਲ ਜੁੜੇ ਤੋਸ਼ਾਖਾਨਾ ਮਾਮਲੇ ’ਚ ਇਮਰਾਨ ਤੇ ਉਸਦੀ ਬੇਗਮ ਬੁਸ਼ਰਾ ਨੂੰ 14-14 ਸਾਲ ਦੀ ਸਜ਼ਾ ਤੇ ਹੁਣ 3 ਫਰਵਰੀ ਨੂੰ ਗੈਰ-ਇਸਲਾਮੀ ਨਿਕਾਹ ’ਤੇ ਜੋੜੇ ਨੂੰ 7-7 ਸਾਲ ਦੀ ਸਜ਼ਾ। ਇਸ ਦੇ ਨਾਲ ਹੀ ਇਮਰਾਨ ਤੇ ਉਸ ਦੇ ਕਈ ਸਾਥੀਆਂ ਨੂੰ ਚੋਣਾਂ ਲੜਨ ਲਈ ਅਯੋਗ ਕਰਾਰ ਕਰਨ ਅਤੇ ਉਸ ਦੇ ਚੋਣ ਨਿਸ਼ਾਨ ਬੱਲਾ ਦੀ ਵਾਪਸੀ। ਇਹ ਸਭ ਕੁਝ ਲੋਕਤੰਤਰ ਦਾ ਹੋਕਾ ਦੇਣ ਵਾਲੇ ਫੌਜ ਮੁਖੀ ਦੀ ਮਰਜ਼ੀ ਬਗੈਰ ਕਿਵੇਂ ਹੋ ਸਕਦਾ ਹੈ।

ਬਾਜ਼ ਵਾਲੀ ਨਜ਼ਰ : ਪਾਕਿਸਤਾਨੀ ਫੌਜ ਦਾ ਦਸਤੂਰ ‘ਜੋ ਅੜੇ, ਸੋ ਝੜੇ’ ਬਰਕਰਾਰ ਰਹੇਗਾ। ਕਰਜ਼ੇ ਹੇਠ ਦੱਬਿਆ ਪਾਕਿਸਤਾਨ ਇਸ ਸਮੇਂ ਆਰਥਿਕ, ਿਸਆਸੀ, ਸੰਵਿਧਾਨਕ, ਨਿਆਇਕ, ਕਾਰਜਪਾਲਿਕਾ, ਸਮਾਜਿਕ ਤੇ ਖੁਰਾਕ ਵਾਲੇ ਘੋਰ ਸੰਕਟ ’ਚੋਂ ਲੰਘ ਰਿਹਾ ਹੈ। ਅੱਤ ਦੀ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਗੁਰਬਤ ਤੇ ਘੱਟਗਿਣਤੀ ਵਾਲਿਆਂ ’ਤੇ ਕਈ ਕਿਸਮ ਦੇ ਜ਼ੁਲਮ ਢਾਹੇ ਜਾ ਰਹੇ ਹਨ। ਪਾਕਿਸਤਾਨ-ਈਰਾਨ ਦਰਮਿਆਨ ਅੱਤਵਾਦੀ ਹਮਲੇ ਅਤੇ ਬਲੋਚਿਸਤਾਨ ’ਚ ਧਮਾਕਾਖੇਜ਼ ਸਥਿਤੀ ਅੰਦਰੂਨੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਰਹੇ ਹਨ। ਹਰਮਨਪਿਆਰੇ ਕ੍ਰਿਕਟਰ ਦਾ ਘੇਰਾ ਵਿਸ਼ਾਲ ਹੈ ਤੇ ਫੌਜ ’ਚ ਵੀ ਉਸ ਦੇ ਪ੍ਰਸ਼ੰਸਕ ਹਨ ਪਰ ਜਦੋਂ ਉਸ ਦਾ ਬੱਲਾ ਹੀ ਹੱਥੋਂ ਖਿਸਕ ਗਿਆ ਤਾਂ ਜੇਲ ’ਚ ਬੰਦ ਖੇਡੇਗਾ ਕਿਵੇਂ? ਇਨ੍ਹਾਂ ਗੰਭੀਰ ਚੁਣੌਤੀਆਂ ਦੇ ਸਨਮੁਖ ਪਾਕਿਸਤਾਨ ਨੂੰ ਕਿਸੇ ਘਾਗ ਨੇਤਾ ਦੀ ਲੋੜ ਹੈ ਤੇ ਅਵਾਮ ਦੀਆਂ ਨਜ਼ਰਾਂ ਮੀਆਂ ਨਵਾਜ਼ ’ਤੇ ਟਿਕੀਆਂ ਹੋਈਆਂ ਹਨ। ਉਂਝ ਵੀ ਉਹ ਭਾਰਤ ਨਾਲ ਚੰਗੇ ਸਬੰਧ ਬਣਾਉਣ ਦਾ ਚਾਹਵਾਨ ਤਾਂ ਪਹਿਲਾਂ ਵੀ ਰਿਹਾ ਹੈ ਪਰ ਬਾਜਵਾ ਨੇ ਉਸ ਦੀ ਪੇਸ਼ ਨਾ ਚੱਲਣ ਦਿੱਤੀ। ਫਿਰ ਵੀ ਦੋਵਾਂ ਮੁਲਕਾਂ ਦਰਮਿਆਨ ਬੀਤੇ ਸਾਲ 25 ਫਰਵਰੀ ਨੂੰ ਜੰਗਬੰਦੀ ਲਾਗੂ ਕਰਨ ਦੀ ਵਿਉਂਤਬੰਦੀ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬਾਜਵਾ ਦੀ ਦੇਣ ਸੀ। ਜਨਰਲ ਮੁਨੀਰ ਕਾਰਨ ਤਾਂ ਅੱਤਵਾਦੀ ਸਰਗਰਮੀਆਂ ਵਧੀਆਂ ਹਨ। ਇਸ ਵਾਸਤੇ ਭਾਰਤ ਸੁਚੇਤ ਰਹੇ।

ਬ੍ਰਿ. ਕੁਲਦੀਪ ਸਿੰਘ ਕਾਹਲੋਂ (ਰਿਟਾ.)


Rakesh

Content Editor

Related News