ਨਸ਼ੇ ਦੇ ਚੱਕਰਵਿਊ ’ਚ ਫਸੀ ਉਲਝੀ ਜਵਾਨੀ ਦੇਸ਼ ਨੂੰ ਕਿਹੜੇ ਪਾਸੇ ਲੈ ਜਾਵੇਗੀ

10/10/2021 3:26:09 AM

ਦੀਪਿਕਾ ਅਰੋੜਾ 
ਨਸ਼ੇ ਦਾ ਕਾਲਾ ਕਾਰੋਬਾਰ ਦੇਸ਼ ਭਰ ’ਚ ਆਪਣੇ ਪੈਰ ਪਸਾਰ ਰਿਹਾ ਹੈ। ਖਾਸ ਕਰ ਕੇ ਨੌਜਵਾਨਾਂ ’ਚ ਨਸ਼ਾ-ਸੇਵਨ ਦੀ ਪ੍ਰਵਿਰਤੀ ਤੇਜ਼ੀ ਨਾਲ ਵਧੀ ਹੈ। ਬੀਤੇ ਸ਼ਨੀਵਾਰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਮੁੰਬਈ ਤੋਂ ਗੋਆ ਜਾ ਰਹੇ ਕਾਰਡੇਲੀਆ ਕ੍ਰਿਸ਼ਨਾ ਜਹਾਜ਼ ’ਤੇ ਛਾਪਾ ਮਾਰ ਕੇ, ਕਥਿਤ ਤੌਰ ’ਤੇ ਰੇਵ ਪਾਰਟੀ ’ਚ ਸ਼ਾਮਲ ਇਕ ਚੋਟੀ ਦੇ ਅਭਿਨੇਤਾ-ਪੁੱਤਰ ਸਮੇਤ ਅੱਠ ਵਿਅਕਤੀਆਂ ਨੂੰ ਹਿਰਾਸਤ ’ਚ ਲੈਂਦੇ ਹੋਏ ਉਨ੍ਹਾਂ ਦੇ ਵਿਰੁੱਧ ਐੱਨ. ਡੀ. ਪੀ. ਐੱਸ. ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਐੱਨ.ਸੀ.ਬੀ. ਦੇ ਅਨੁਸਾਰ ਛਾਪੇਮਾਰੀ ਦੇ ਦੌਰਾਨ ਸ਼ੱਕੀਆਂ ਦੀ ਤਲਾਸ਼ੀ ਲੈਣ ’ਤੇ 13 ਗ੍ਰਾਮ ਕੋਕੀਨ, 5 ਗ੍ਰਾਮ ਐੱਮ.ਡੀ. (ਮੈਕ੍ਰੋਡ੍ਰੋਨ), 21 ਗ੍ਰਾਮ ਚਰਸ ਅਤੇ ਐਕਟੇਸੀ ਅਤੇ 1.33 ਲੱਖ ਰੁਪਏ ਬਰਾਮਦ ਹੋਏ।

ਆਪਣੀ ਕਿਸਮ ਦੀ ਇਹ ਕੋਈ ਪਹਿਲੀ ਘਟਨਾ ਨਹੀਂ। ਬੀਤੇ ਕੁਝ ਸਾਲਾਂ ਤੋਂ ਮਾਇਆਨਗਰੀ ਨਸ਼ੀਲੇ ਦ੍ਰਵਾਂ ਦੇ ਰਿਵਾਜ ਨੂੰ ਲੈ ਕੇ ਕਾਫੀ ਚਰਚਾ ’ਚ ਰਹਿਣ ਲੱਗੀ ਹੈ। ਇਸ ਤੋਂ ਪਹਿਲਾਂ ਵੀ ਸੁਸ਼ਾਂਤ ਸਿੰਘ ਰਾਜਪੂਤ ਦੀ ਸ਼ੱਕੀ ਹਾਲਤ ’ਚ ਮੌਤ ਦੇ ਉਪਰੰਤ ਡਰੱਗਸ ਕਨੈਕਸ਼ਨ ਨੂੰ ਲੈ ਕੇ ਰੀਆ ਚਕਰਵਰਤੀ, ਸਾਰਾ ਅਲੀ ਖਾਨ, ਅਰਜੁਨ ਨਾਗਪਾਲ, ਦੀਪਿਕਾ ਪਾਦੁਕੋਣ ਆਦਿ ਕਈ ਜਾਣੇ-ਪਛਾਣੇ ਨਾਂ ਸਾਹਮਣੇ ਆਏ ਸਨ। ਇਕ ਚਰਚਿਤ ਅਭਿਨੇਤਰੀ ਵੱਲੋਂ 90 ਫੀਸਦੀ ਬਾਲੀਵੁੱਡ ਸਿਤਾਰੇ ਨਸ਼ੇ ਦੇ ਆਦੀ ਹੋਣ ਦੀ ਗੱਲ ਵੀ ਕਹੀ ਗਈ ਹੈ।

ਪਿਛਲੇ ਦੋ ਸਾਲਾਂ ’ਚ ਮੁੰਬਈ ਹਵਾਈ ਅੱਡੇ ’ਤੇ 17,000 ਕਰੋੜ ਦੇ ਨਸ਼ੀਲੇ ਪਦਾਰਥ ਫੜੇ ਗਏ। ਬੀਤੇ ਦਿਨੀਂ ਗੁਜਰਾਤ ਦੇ ਮੁੰਦਰਾ ਬੰਦਰਗਾਹ ’ਤੇ ਅਫਗਾਨਿਸਤਾਨ ਤੋਂ ਲਿਆਈ ਗਈ 3,000 ਕਿਲੋਗ੍ਰਾਮ ਹੈਰੋਇਨ ਜ਼ਬਤ ਹੋਈ ਜਿਸ ਦੀ ਅੰਦਾਜ਼ਨ ਕੀਮਤ ਲਗਭਗ 21,000 ਕਰੋੜ ਰੁਪਏ ਹੈ। ਨਸ਼ੇ ਦਾ ਇੰਨੀ ਭਾਰੀ ਮਾਤਰਾ ’ਚ ਮਿਲਣਾ ਸਪੱਸ਼ਟ ਸੰਕੇਤ ਹੈ ਕਿ ਰਾਸ਼ਟਰ ਡਰੱਗ ਮਾਫੀਆ ਦੇ ਨਿਸ਼ਾਨੇ ’ਤੇ ਹੈ। ਗੰਭੀਰ ਰਾਸ਼ਟਰੀ ਸਮੱਸਿਆ ਦਾ ਰੂਪ ਧਾਰਨ ਕਰਦੀ ਜਾ ਰਹੀ ਇਸ ਬਿਮਾਰੀ ’ਚ ਜਿੱਥੇ ਆਮ ਅਪਰਾਧੀਆਂ ਤੋਂ ਲੈ ਕੇ ਵੱਡੇ-ਵੱਡੇ ਮਾਫੀਆ ਤੇ ਵਿਦੇਸ਼ੀ ਸਮੱਗਲਰ ਸ਼ਾਮਲ ਹਨ, ਉੱਥੇ ਵੱਖਵਾਦੀ ਅਤੇ ਅੱਤਵਾਦੀ ਧੜਿਆਂ ਦੀ ਸਰਗਰਮੀ ਤੋਂ ਵੀ ਨਾਂਹ ਨਹੀਂ ਕੀਤੀ ਜਾ ਸਕਦੀ।

ਸਰਹੱਦੀ ਇਲਾਕਿਆਂ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਆਮ ਹੈ। ਅਫਗਾਨਿਸਤਾਨ ਦਾ ਮੌਜੂਦਾ ਸਿਆਸੀ ਦ੍ਰਿਸ਼ ਵੀ ਚਿੰਤਾ ਦਾ ਵਿਸ਼ਾ ਹੈ। ਦੱਸਣਯੋਗ ਹੈ, ਅਫਗਾਨਿਸਤਾਨ ’ਚ ਅਫੀਮ ਦੀ ਖੇਤੀ ਵੱਡੀ ਮਾਤਰਾ ’ਚ ਹੁੰਦੀ ਹੈ। ਤਾਲਿਬਾਨ ਸ਼ਾਸਨ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਨਾ ਮਿਲ ਸਕਣ ਦੇ ਕਾਰਨ ਆਰਥਿਕ ਤੌਰ ’ਤੇ ਜੂਝਣਾ ਪੈ ਰਿਹਾ ਹੈ। ਅਜਿਹੀਆਂ ਹਾਲਤਾਂ ’ਚ ਬਦਲਵੇਂ ਆਧਾਰ ’ਤੇ ਨਸ਼ਾ ਸਮੱਗਲਿੰਗ ਸਬੰਧੀ ਸਮੱਗਲਿੰਗ ’ਚ ਵੀ ਤੇਜ਼ੀ ਆਉਣ ਦੀ ਸੰਭਾਵਨਾ ਵਧ ਗਈ ਹੈ ਅਤੇ ਨਿਸ਼ਚਿਤ ਤੌਰ ’ਤੇ ਸਭ ਤੋਂ ਵੱਡਾ ਨਿਸ਼ਾਨਾ ਗੁਆਂਢੀ ਦੇਸ਼ ਭਾਰਤ ਹੀ ਹੋਵੇਗਾ।

ਪਾਕਿਸਤਾਨੀ ਮਿਲੀਭੁਗਤ ’ਚ ਅੱਤਵਾਦੀ ਧੜਿਆਂ ’ਤੇ ਵੱਖ-ਵਾਦੀਆਂ ਦਾ ਗਠਜੋੜ ਦੇਸ਼ ਦੀ ਸੁਰੱਖਿਆ ਲਈ ਗੰਭੀਰ ਸੰਕਟ ਪੈਦਾ ਕਰ ਸਕਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਵਿਸ਼ਵ ਪੱਧਰ ’ਤੇ ਨਸ਼ੀਲੇ ਦ੍ਰਵਾਂ ਦੇ ਵਿਰੋਧ ’ਚ ਚੱਲ ਰਹੀ ਮੁਹਿੰਮ ਦੇ ਕਾਰਨ ਨਸ਼ਿਆਂ ਦੇ ਸਰਗਨੇ ਭਾਰਤ ਨੂੰ ਕੋਕੀਨ ਦੇ ਵੱਡੇ ਬਾਜ਼ਾਰ ਦੇ ਰੂਪ ’ਚ ਦੇਖ ਰਹੇ ਹਨ।

ਬੜੀ ਦੁੱਖ ਦੀ ਗੱਲ ਹੈ ਕਿ ਕਾਨੂੰਨ ਸ਼ਿਕੰਜਾ ਛੋਟੀਆਂ-ਮੱਛੀਆਂ ਤੱਕ ਹੀ ਸੀਮਤ ਰਹਿੰਦਾ ਹੈ। ਜਦਕਿ ਵੱਡੀਆਂ ਮੱਛੀਆਂ ਅਤੇ ਮਗਰਮੱਛ ਸਾਫ ਬਚ ਨਿਕਲਦੇ ਹਨ। ਜ਼ਾਹਿਰ ਹੈ ਕਿ ਸਬੰਧਤ ਅਧਿਕਾਰੀਆਂ ਅਤੇ ਸਮੱਗਲਰਾਂ ਦੀ ਗੰਢ-ਤੁੱਪ ਦੇ ਬਿਨਾਂ ਸਮੱਗਲਿੰਗ ਸੰਭਵ ਹੀ ਨਹੀਂ। ਅਜਿਹੀਆਂ ਘਟਨਾਵਾਂ ’ਚ ਦੋਸ਼ੀਆਂ ਦਾ ਸਾਫ ਬਚ ਨਿਕਲਣਾ ਵੀ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਕਾਨੂੰਨ ਇਸ ਵਿਸ਼ੇ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਿਹਾ ਹੈ।

ਅਜਿਹਾ ਬਿਲਕੁਲ ਨਹੀਂ ਹੈ ਕਿ ਨਸ਼ੀਲੇ ਪਦਾਰਥ ਵਰਤਣ ਦੀ ਇਹ ਪ੍ਰਵਿਰਤੀ ਵਰਗ ਵਿਸ਼ੇਸ਼ ਤੱਕ ਹੀ ਸੀਮਤ ਹੋਵੇ। ਦਰਅਸਲ, ਨਸ਼ੇ ਦਾ ਇਹ ਵਧਦਾ-ਫੁਲਦਾ ਕਾਰੋਬਾਰ ਸਮੁੱਚੇ ਦੇਸ਼ ਨੂੰ ਆਪਣੀ ਲਪੇਟ ’ਚ ਲੈ ਚੁੱਕਾ ਹੈ। ਇੰਨਾ ਜ਼ਰੂਰ ਹੈ ਕਿ ਇਸ ਦੀ ਚਰਚਾ ਜ਼ਿਆਦਾਤਰ ਕਿਸੇ ਪ੍ਰਸਿੱਧ ਵਿਅਕਤੀ ਦੀ ਗ੍ਰਿਫਤਾਰੀ ’ਤੇ ਹੀ ਹੁੰਦੀ ਹੈ। ਤੈਅਸ਼ੁਦਾ ਕੀਮਤਾਂ ਦੀਆਂ ਛੋਟੀਆਂ ਵੱਡੀਆਂ ਨਿਸ਼ਚਿਤ ਦਰਾਂ ’ਤੇ ਸੌਖਿਆਂ ਹੀ ਮੁਹੱਈਆ ਨਸ਼ੇ, ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਧੜੱਲੇ ਨਾਲ ਵਿਕ ਰਹੇ ਹਨ। ਨੌਜਵਾਨ ਵਰਗ ਦੇ ਨਸ਼ਿਆਂ ਦੇ ਪ੍ਰਤੀ ਵਧਦੇ ਰੁਝਾਣ ਦਾ ਇਕ ਕਾਰਨ ਸਿਤਾਰਿਆਂ ਦੀ ਜੀਵਨਸ਼ੈਲੀ ਤੋਂ ਪ੍ਰਭਾਵਿਤ ਹੋਣਾ ਅਤੇ ਉਸ ਨੂੰ ਅਪਣਾਉਣ ਦੀ ਰੀਝ ਹੋਣੀ ਵੀ ਹੈ।

ਨਸ਼ੇ ਨਾ ਸਿਰਫ ਇਹ ਸਰੀਰਕ ਸਿਹਤ ’ਤੇ ਆਪਣਾ ਭੈੜਾ ਅਸਰ ਛੱਡਦੇ ਹਨ ਸਗੋਂ ਡਿਪ੍ਰੈਸ਼ਨ, ਖੁਦਕੁਸ਼ੀ ਵਰਗੀਆਂ ਮਾਨਸਿਕ ਸਮੱਸਿਆਵਾਂ ਨੂੰ ਜਨਮ ਦੇਣ ਦੇ ਨਾਲ ਚਰਿੱਤਰਿਕ ਅਤੇ ਨੈਤਿਕ ਪਤਨ ਦਾ ਕਾਰਨ ਵੀ ਬਣਦੇ ਹਨ। ਸਮਾਜ ’ਚ ਤੇਜ਼ੀ ਨਾਲ ਵਧਦੇ ਅਪਰਾਧਕ ਅੰਕੜਿਆਂ ’ਚ ਨਸ਼ੇ ਦੀ ਪ੍ਰਵਿਰਤੀ ਮੂਲ ਕਾਰਨ ਦੇ ਰੂਪ ’ਚ ਦੇਖੀ ਗਈ। ਨਸ਼ੇ ’ਚ ਸ਼ਾਮਲ ਵਿਅਕਤੀ ਚੋਰੀ, ਲੁੱਟ-ਖੋਹ ਤੋਂ ਲੈ ਕੇ ਹੱਤਿਆ, ਜਬਰ-ਜ਼ਨਾਹ ਵਰਗੇ ਘਿਨੌਣੇ ਜੁਰਮਾਂ ਨੂੰ ਅੰਜਾਮ ਦੇਣ ’ਚ ਰੱਤੀ ਭਰ ਵੀ ਸੰਕੋਚ ਨਹੀਂ ਕਰਦੇ।

ਸਾਂਝੇ ਯਤਨਾਂ ਨਾਲ ਹੀ ਸਮੱਸਿਆਵਾਂ ਦਾ ਹੱਲ ਸੰਭਵ ਹੈ। ਨਸ਼ਾ ਸਮੱਗਲਿੰਗ ਦੀ ਆੜ ’ਚ ਦੇਸ਼ ਦੀ ਸੁਰੱਖਿਆ-ਵਿਵਸਥਾ ’ਤੇ ਮੰਡਰਾਉਂਦੇ ਹੋਏ ਸੰਭਾਵਿਤ ਖਤਰੇ ਦੇ ਮੱਦੇਨਜ਼ਰ ਨਸ਼ਾ ਵਪਾਰੀਆਂ ਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਨਸ਼ਾਖੋਰੀ ਨੂੰ ਉਤਸ਼ਾਹਿਤ ਕਰਨ ਵਾਲੇ ਨਾਂਹਪੱਖੀ ਤੱਤਾਂ ’ਤੇ ਵੀ ਨਿਰਪੱਖ ਤੌਰ ’ਤੇ ਕਾਨੂੰਨੀ ਸ਼ਿਕੰਜਾ ਕੱਸਣ ਦੀ ਲੋੜ ਹੈ।

ਨਿੱਜੀ ਤੌਰ ’ਤੇ ਜਿੱਥੇ ਬੱਚਿਆਂ ਦੇ ਵਿਚਰਨ ਤੇ ਸੰਗਤੀ ’ਤੇ ਨਜ਼ਰ ਰੱਖਣੀ ਮਾਪਿਆਂ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਉਥੇ ਨਸ਼ਾ ਕਾਰੋਬਾਰ ਨਾਲ ਸਬੰਧਤ ਸੂਚਨਾਵਾਂ ਪ੍ਰਾਪਤ ਹੋਣ ’ਤੇ ਵੀ ਸਬੰਧਤ ਵਿਭਾਗ ਨੂੰ ਸੂਚਿਤ ਕਰਨਾ ਹਰੇਕ ਨਾਗਰਿਕ ਦਾ ਰਾਸ਼ਟਰੀ ਧਰਮ ਹੈ। ਪ੍ਰਸ਼ਾਸਨਿਕ ਸੁਚੇਤਪੁਣੇ ਅਤੇ ਤੇਜ਼ ਕਾਨੂੰਨੀ ਕਾਰਵਾਈ ਦੇ ਆਧਾਰ ’ਤੇ ਲੋੜੀਂਦੀ ਸਜ਼ਾ ਦੀ ਪ੍ਰਕਿਰਿਆ ਨਾਲ ਨਸ਼ੇ ਦੇ ਖਾਤਮੇ ’ਚ ਭਾਈਵਾਲੀ ਦਰਜ ਕਰਵਾਉਣਾ ਫਰਜ਼ ਨਿਭਾਉਣ ਅਤੇ ਮਨੁੱਖਤਾ ਦੇ ਲਈ ਜ਼ਰੂਰੀ ਹੈ।

ਸਿਤਾਰਾ ਵਰਗ ਸਮਾਜ ਦੀ ਪ੍ਰਤੀਨਿਧਤਾ ਕਰਦਾ ਹੈ। ਖਾਸ ਕਰ ਕੇ ਜਵਾਨ ਮਨ ’ਤੇ ਉਨ੍ਹਾਂ ਦੇ ਵਰਤਾਰਿਆਂ ਦਾ ਡੂੰਘਾ ਅਸਰ ਦੇਖਣ ਨੂੰ ਮਿਲਦਾ ਹੈ। ਅਜਿਹੇ ’ਚ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਇਨ੍ਹਾਂ ਭੈੜੀਆਂ ਪ੍ਰਵਿਰਤੀਆਂ ਤੋਂ ਦੂਰ ਰਹਿੰਦੇ ਹੋਏ, ਖੁਦ ਨੂੰ ਇਕ ਆਦਰਸ਼ ਦੇ ਰੂਪ ’ਚ ਸਥਾਪਤ ਕਰਨ।

ਉਂਝ ਵੀ ਨੌਜਵਾਨ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ। ਇਸ ਤੋਂ ਵੱਡੀ ਤ੍ਰਾਸਦੀ ਕੀ ਹੋਵੇਗੀ ਕਿ ਜਦੋਂ ਸਮੁੱਚਾ ਦੇਸ਼ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਦੇ ਪ੍ਰਤੀ ਨਤਮਸਤਕ ਹੋ ਰਿਹਾ ਸੀ, ਠੀਕ ਉਸੇ ਸ਼ਾਮ ਸਾਡੇ ਦੇਸ਼ ਦਾ ਭਵਿੱਖ ਕਥਿਤ ਤੌਰ ’ਤੇ ਨਸ਼ੇ ਦੇ ਚੱਕਰਵਿਊ ’ਚ ਮਦਮਸਤ ਸੀ? ਡਾਵਾਂਡੋਲ ਭਵਿੱਖ ਦੇਸ਼ ਨੂੰ ਕਿਹੜੀ ਦਿਸ਼ਾ ’ਚ ਲਿਜਾ ਸਕਦਾ ਹੈ, ਅਜਿਹਾ ਮੰਨਣਾ ਨਿਹਿਤ ਜ਼ਰੂਰੀ ਹੈ।


Bharat Thapa

Content Editor

Related News