ਜਦੋਂ ਬਾਦਲ ਅਕਾਲੀ ਦਲ ਪ੍ਰਤੀ ਚੱਲਦਾ ਆ ਰਿਹਾ ਭਰਮ ਟੁੱਟਿਆ

02/13/2020 1:43:28 AM

ਜਸਵੰਤ ਸਿੰਘ ‘ਅਜੀਤ’

ਸ਼੍ਰੋਮਣੀ ਅਕਾਲੀ ਦਲ (ਬਾਦਲ) ਲੰਬੇ ਸਮੇਂ ਤੋਂ ਇਕ ਪਰਿਵਾਰਕ ਜਥੇਬੰਦੀ ਦੇ ਰੂਪ ਵਿਚ ਮੰਨਿਆ ਜਾ ਰਿਹਾ ਹੈ, ਫਿਰ ਵੀ ਉਸ ਦੇ ਮੁਕਾਬਲੇ ਕੋਈ ਹੋਰ ਪ੍ਰਭਾਵਸ਼ਾਲੀ ਸਿੱਖ ਜਥੇਬੰਦੀ ਨਾ ਹੋਣ ਕਾਰਣ ਬਹੁਗਿਣਤੀ ਸਿੱਖਾਂ ਨੂੰ ਵਿਸ਼ਵਾਸ, ਜਿਸ ਨੂੰ ਇਕ ਭਰਮ ਵੀ ਕਿਹਾ ਜਾ ਸਕਦਾ ਹੈ, ਸੀ ਕਿ ਜੇਕਰ ਕਿਸੇ ਸਮੇਂ ਸਿੱਖਾਂ ਦੇ ਹਿੱਤਾਂ-ਅਧਿਕਾਰਾਂ ਦੀ ਗੱਲ ਆਈ ਤਾਂ ਇਹ ਦਲ ਉਨ੍ਹਾਂ ਦੇ ਨਾਲ ਦ੍ਰਿੜ੍ਹਤਾ ਨਾਲ ਖੜ੍ਹਾ ਹੋਵੇਗਾ ਪਰ ਇਹ ਵਿਸ਼ਵਾਸ ਉਸ ਸਮੇਂ ਟੁੱਟ ਗਿਆ, ਜਦੋਂ ਪ੍ਰਕਾਸ਼ ਸਿੰਘ ਬਾਦਲ (ਮੁੱਖ ਮੰਤਰੀ) ਅਤੇ ਸੁਖਬੀਰ ਸਿੰਘ ਬਾਦਲ (ਉਪ ਮੁੱਖ ਮੰਤਰੀ) ਦੇ ਪਿਛਲੇ ਸੱਤਾਕਾਲ ਦੌਰਾਨ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਹੋਣੀਆਂ ਸ਼ੁਰੂ ਹੋਈਆਂ ਅਤੇ ਇਨ੍ਹਾਂ ਘਟਨਾਵਾਂ ਲਈ ਦੋਸ਼ੀਆਂ ਤਕ ਪਹੁੰਚਣ ’ਚ ਪੁਲਸ ਦੇ ਅਸਫਲ ਰਹਿਣ ਵਿਰੁੱਧ ਰੋਸ ਪ੍ਰਗਟ ਕਰਨ ਦੇ ਉਦੇਸ਼ ਨਾਲ ਨਾਮ ਸਿਮਰਨ ਕਰਦੇ ਹੋਏ ਬਰਗਾੜੀ ਵਿਚ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ’ਤੇ ਪੁਲਸ ਵਲੋਂ ਗੋਲੀ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਜਿਸ ਦਾ ਨਤੀਜਾ ਇਹ ਹੋਇਆ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅਤੇ ਉਸ ਤੋਂ ਬਾਅਦ ਹੋਈਆਂ ਲੋਕ ਸਭਾ ਚੋਣ ਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹੋਈ ਸ਼ਰਮਨਾਕ ਹਾਰ ਨੇ ਸਾਬਤ ਕਰ ਦਿੱਤਾ ਕਿ ਸਿੱਖ ਜਗਤ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਥਕ ਜਾਂ ਪੰਥ ਦੀ ਪ੍ਰਤੀਨਿਧੀ ਜਥੇਬੰਦੀ ਦੇ ਰੂਪ ਵਿਚ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਜਗ ਪ੍ਰਤੀਕਿਰਿਆ : ਇਸ ਸਥਿਤੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਆਰ. ਐੱਸ. ਸੋਢੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਭਾਵੇਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਦਲ ਦੀਆਂ ਜਮਹੂਰੀ ਪ੍ਰੰਪਰਾਵਾਂ ਦੇ ਨਾਲ ਹੀ ਉਸ ਦੀਆਂ ਮੂਲ ਮਾਨਤਾਵਾਂ ਨੂੰ ਛੱਡਿਆ ਹੋਇਆ ਹੈ, ਫਿਰ ਵੀ ਉਹ ਇਕੋ-ਇਕ ਅਜਿਹਾ ਅਕਾਲੀ ਦਲ ਸਵੀਕਾਰਿਆ ਜਾ ਰਿਹਾ ਸੀ, ਜਿਸ ਨੂੰ ਸਿੱਖ ਜਗਤ ਆਪਣੇ ਪ੍ਰਤੀਨਿਧੀ ਦੇ ਰੂਪ ਵਿਚ ਮਾਨਤਾ ਦਿੰਦਾ ਸੀ। ਉਹ ਵੀ ਪਰਿਵਾਰਵਾਦ ਦਾ ਸ਼ਿਕਾਰ ਹੋ ਕੇ ਹੁਣ ਆਪਣਾ ਇਹ ਅਧਿਕਾਰ ਗੁਆ ਚੁੱਕਾ ਹੈ। ਇਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਵਾਰਿਸ ਦੇ ਰੂਪ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਸੰਭਾਲਦੇ ਹੀ ਐਲਾਨ ਕਰ ਦਿੱਤਾ ਕਿ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਹੁਣ ਸਿਰਫ ਸਿੱਖਾਂ ਦਾ ਪ੍ਰਤੀਨਿਧੀ ਨਾ ਹੋ ਕੇ ਸਮੁੱਚੇ ਪੰਜਾਬੀਆਂ ਦੇ ਪ੍ਰਤੀਨਿਧੀ ਦੇ ਰੂਪ ਵਿਚ ਰਾਸ਼ਟਰੀ ਪਾਰਟੀ ਦੇ ਰੂਪ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਏਗਾ। ਆਪਣੇ ਇਸ ਕਥਨ ਨੂੰ ਸਾਬਤ ਕਰਨ ਲਈ ਉਨ੍ਹਾਂ ਨੇ ਦਲ ਦੇ ਕਈ ਜ਼ਿੰਮੇਵਾਰ ਅਹੁਦਿਆਂ ’ਤੇ ਗੈਰ-ਸਿੱਖਾਂ ਦੀਆਂ ਨਿਯੁਕਤੀਆਂ ਕਰ ਦਿੱਤੀਆਂ। ਇਸ ਦਾ ਨਤੀਜਾ ਇਹ ਹੋਇਆ ਕਿ ਇਕ ਪਾਸੇ ਆਮ ਸਿੱਖਾਂ ਨੇ ਉਨ੍ਹਾਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਦੂਸਰੇ ਪਾਸੇ ਅਕਾਲੀ ਦਲ ਨੂੰ ਸਿੱਖਾਂ ਦੀ ਜਥੇਬੰਦੀ ਮੰਨਦੇ ਹੋਏ ਗੈਰ-ਸਿੱਖ ਉਸ ਦੇ ਨਾਲ ਨਾ ਜੁੜ ਸਕੇ। ਇਧਰ ਇਸ (ਸ਼੍ਰੋਮਣੀ ਅਕਾਲੀ ਦਲ ਬਾਦਲ) ਦੇ ਨਾਲ ਜੁੜੇ ਅਤੇ ਉਸ ਦੀ ਰੀੜ੍ਹ ਦੀ ਹੱਡੀ ਬਣੇ ਆ ਰਹੇ ਸੀਨੀਅਰ ਅਤੇ ਟਕਸਾਲੀ ਅਕਾਲੀ ਅਾਗੂ ਵੀ ਇਕ-ਇਕ ਕਰ ਕੇ ਉਸ ਨਾਲੋਂ ਨਾਤਾ ਤੋੜ ਕੇ ਵੱਖ ਹੁੰਦੇ ਚਲੇ ਗਏ।

ਵਾਪਸੀ ਲਈ ਸ਼ਰਤ : ਉਨ੍ਹਾਂ ਦੀ ਵਾਪਸੀ ਲਈ ਸਪੱਸ਼ਟ ਸ਼ਰਤ ਹੈ ਕਿ ਇਕ ਤਾਂ ਸੁਖਬੀਰ ਸਿੰਘ ਬਾਦਲ ਨੂੰ ਦਲ ਦੇ ਪ੍ਰਧਾਨਗੀ ਅਹੁਦੇ ਤੋਂ ਹਟਾਇਆ ਜਾਏ, ਦੂਸਰਾ ਉਸ ਨੂੰ ਇਕ ਪਰਿਵਾਰ ਦੇ ਚੁੰਗਲ ਤੋਂ ਮੁਕਤ ਕਰਨ ਲਈ ਉਸਦੀਅਾਂ ਜਮਹੂਰੀ ਪ੍ਰੰਪਰਾਵਾਂ ਦੇ ਨਾਲ ਮੂਲ ਮਾਨਤਾਵਾਂ ਅਤੇ ਮਰਿਆਦਾਵਾਂ ਨੂੰ ਵੀ ਬਹਾਲ ਕੀਤਾ ਜਾਵੇ।

ਜਦੋਂ ਹੰਕਾਰ ਅੱਗੇ ਆਇਆ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀ ਰਹੇ ਪਰਮਿੰਦਰ ਸਿੰਘ ਢੀਂਡਸਾ ਨੇ ਇਕ ਮੁਲਾਕਾਤ ’ਚ ਦੱਸਿਆ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਵਿਚ ਪੰਜਾਬ ਵਿਚ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਰਗਾੜੀ ਗੋਲੀਕਾਂਡ ਦੀ ਗੱਲ ਵਿਚਾਰ-ਅਧੀਨ ਆਈ ਸੀ ਅਤੇ ਉਸ ਦੇ ਨਾਲ ਹੀ ਇਹ ਸੁਝਾਅ ਵੀ ਆਇਆ ਸੀ ਕਿ ਇਨ੍ਹਾਂ ਘਟਨਾਵਾਂ ਲਈ ਪਾਰਟੀ ਅਤੇ ਸਰਕਾਰੀ ਪੱਧਰ ’ਤੇ ਜਨਤਕ ਮੁਆਫੀ ਮੰਗ ਕੇ ਆਮ ਸਿੱਖਾਂ ਵਿਚ ਫੈਲੇ ਰੋਸ ਨੂੰ ਸ਼ਾਂਤ ਕੀਤਾ ਜਾਣਾ ਚਾਹੀਦਾ ਹੈ। ਜ਼ਿਆਦਾਤਰ ਮੈਂਬਰਾਂ ਨੇ ਇਸ ਸੁਝਾਅ ਦਾ ਸਮਰਥਨ ਵੀ ਕੀਤਾ ਸੀ ਪਰ ਸੱਤਾ ਦਾ ਹੰਕਾਰ ਅੱਗੇ ਆ ਗਿਆ। ਸਿੱਟੇ ਵਜੋਂ ਗੱਲ ਅੱਗੇ ਨਹੀਂ ਵਧ ਸਕੀ।

ਦਿੱਲੀ ਵਿਧਾਨ ਸਭਾ ਚੋਣਾਂ ਬਨਾਮ ਸਿੱਖ ਵੋਟਰ : ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਅਤੇ ਉਨ੍ਹਾਂ ’ਤੇ ਸਿੱਖ ਆਗੂਆਂ ਦੀ ਜੋ ਪ੍ਰਤੀਕਿਰਿਆ ਸਾਹਮਣੇ ਆਈ ਹੈ, ਉਸ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਇਸ ਵਾਰ ਦਿੱਲੀ ਦੇ ਸਿੱਖ ਵੋਟਰਾਂ ਨੇ ਕਿਸੇ ਵੀ ਅਕਾਲੀ/ਸਿੱਖ ਨੇਤਾ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਸਗੋਂ ਸਥਾਨਕ ਹਾਲਾਤ ਅਨੁਸਾਰ ਹੀ ਉਨ੍ਹਾਂ ਨੇ ਆਪਣੀ ਸੂਝਬੂਝ ਤੋਂ ਕੰਮ ਲੈਂਦੇ ਹੋਏ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ, ਜੋ ਸਪੱਸ਼ਟ ਤੌਰ ’ਤੇ ਆਮ ਆਦਮੀ ਪਾਰਟੀ (ਆਪ) ਦੇ ਪੱਖ ’ਚ ਗਏ ਦਿਖਾਈ ਦਿੱਤੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਵਾਰ ‘ਆਪ’ ਵਲੋਂ ਆਪਣੇ ਪਿਛਲੇ ਚਾਰ ਸਿੱਖ ਵਿਧਾਇਕਾਂ ਵਿਚੋਂ ਦੋ ਨੂੰ ਹੀ ਮੈਦਾਨ ਵਿਚ ਉਤਾਰਿਆ ਗਿਆ, ਜਿਸ ਨੂੰ ਲੈ ਕੇ ਕੁਝ ਸਿੱਖ ਆਗੂਆਂ ਨੇ ‘ਆਪ’ ਨੂੰ ਸਿੱਖ ਵਿਰੋਧੀ ਪਾਰਟੀ ਸਥਾਪਿਤ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਉੱਧਰ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੀਆਂ ਦਾਅਵੇਦਾਰ ਜਥੇਬੰਦੀਆਂ ਵਿਚੋਂ ਨਵੀਂ ਗਠਿਤ ਜਥੇਬੰਦੀ ‘ਜਾਗੋ’ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਭਾਜਪਾ ਪ੍ਰਧਾਨ ਸ਼੍ਰੀ ਜੇ. ਪੀ. ਨੱਢਾ ਤੋਂ ਕੁਝ ਸਿੱਖ ਮੰਗਾਂ ਪ੍ਰਤੀ ਸਮਰਥਨ ਦਾ ਭਰੋਸਾ ਲੈ ਕੇ, ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਉਸ ਤੋਂ ਬਾਅਦ ਭਾਜਪਾ ਦੇ ਨਾਲ ਗੱਠਜੋੜ ਦੀ ਡੋਰੀ ਵਿਚ ਬੱਝੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਆਪਣੇ ਕੋਟੇ ਦੀਆਂ ਟਿਕਟਾਂ ਨਾ ਮਿਲਣ ’ਤੇ ਕੁਝ ਨਖਰੇ ਦਿਖਾ ਕੇ ਭਾਜਪਾ ਨੂੰ ਹੀ ਸਮਰਥਨ ਦੇਣ ਦਾ ਹੁਕਮ ਆਪਣੇ ਵਰਕਰਾਂ ਅਤੇ ਆਗੂਆਂ ਦੇ ਨਾਂ ਜਾਰੀ ਕਰ ਦਿੱਤਾ, ਇਨ੍ਹਾਂ ਤੋਂ ਬਾਅਦ ਕੁਲਹਿੰਦ ਦੰਗਾ ਪੀੜਤ ਰਾਹਤ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਭੋਗਲ ਨੇ ਵੀ ਭਾਜਪਾ ਦੇ ਹੱਕ ਵਿਚ ਫੈਸਲਾ ਦੇ ਦਿੱਤਾ।

ਸਰਨਾ ਭਰਾਵਾਂ ਦੀ ਕੂਟਨੀਤੀ : ਇਨ੍ਹਾਂ ਤਿੰਨਾਂ ਦੇ ਵਿਰੁੱਧ ‘ਜਾਗੋ’ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੇ ਨਾਲ ਬਣੀ ਨੇੜਤਾ ਕਾਰਣ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ, ਸਰਨਾ ਭਰਾਵਾਂ ਸਾਹਮਣੇ ਧਰਮ ਸੰਕਟ ਪੈਦਾ ਹੋ ਗਿਆ ਕਿ ਉਹ ਭਾਜਪਾ ਦਾ ਸਮਰਥਨ ਕਿਵੇਂ ਕਰਨ, ਜਦਕਿ ਹੁਣ ਤਕ ਉਹ ਉਸ ਦਾ ਵਿਰੋਧ ਕਰਦੇ ਆ ਰਹੇ ਸਨ। ਅਜਿਹੀ ਹਾਲਤ ਵਿਚ ਜੱਕੋ-ਤੱਕੀ ਵਿਚ ਪਏ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅਚਾਨਕ ਭਾਜਪਾ ਦਾ ਸਮਰਥਨ ਕਰ ਕੇ ੳੁਨ੍ਹਾਂ ਨੂੰ ਆਪਣੀ ਨੀਤੀ ਬਦਲਣ ਲਈ ਸਹਾਰਾ ਦੇ ਦਿੱਤਾ। ਉਨ੍ਹਾਂ ਨੇ ਤੁਰੰਤ ਹੀ ਕੂਟਨੀਤੀ ਤੋਂ ਕੰਮ ਲੈਂਦੇ ਹੋਏ ਐਲਾਨ ਕਰ ਦਿੱਤਾ ਕਿ ਬਾਦਲ ਅਕਾਲੀ ਦਲ ਨਾਲ ਚੱਲਣਾ ਉਨ੍ਹਾਂ ਦੇ ਲਈ ਸੰਭਵ ਨਹੀਂ। ਇਸ ਲਈ ਉਹ ਇਨ੍ਹਾਂ ਚੋਣਾਂ ਵਿਚ ਉਸ ਪਾਰਟੀ ਦਾ ਸਮਰਥਨ ਨਹੀਂ ਕਰ ਸਕਦੇ, ਜਿਸ ਦੇ ਨਾਲ ਬਾਦਲ ਅਕਾਲੀ ਦਲ ਖੜ੍ਹਾ ਹੋਵੇ। ਇਸ ਲਈ ਉਨ੍ਹਾਂ ਨੇ ਆਪਣੇ ਆਗੂਆਂ ਅਤੇ ਵਰਕਰਾਂ ਨੂੰ ਹੁਕਮ ਦਿੱਤਾ ਕਿ ਉਹ ਉਸ ਪਾਰਟੀ, ਜਿਸ ਨੂੰ ਬਾਦਲ ਦਲ ਦਾ ਸਮਰਥਨ ਹਾਸਲ ਹੈ, ਨੂੰ ਛੱਡ ਕੇ ਹੋਰਨਾਂ ਪਾਰਟੀਅਾਂ ਦੇ ਸਿੱਖ ਉਮੀਦਵਾਰਾਂ ਅਤੇ ਉਨ੍ਹਾਂ ਉਮੀਦਵਾਰਾਂ, ਜੋ ਿਸੱਖ ਮੁੱਦਿਆਂ ’ਤੇ ਉਨ੍ਹਾਂ ਨੂੰ ਸਹਿਯੋਗ ਕਰ ਸਕਦੇ ਹਨ, ਨੂੰ ਆਪਣਾ ਸਮਰਥਨ ਅਤੇ ਸਹਿਯੋਗ ਦੇ ਸਕਦੇ ਹਨ। ਇਸ ਤਰ੍ਹਾਂ ਉਨ੍ਹਾਂ ਕਿਸੇ ਪਾਰਟੀ ਵਿਸ਼ੇਸ਼ ਦੇ ਹੱਕ ਵਿਚ ਖੜ੍ਹੇ ਹੋਣ ਦੇ ਲੱਗਣ ਵਾਲੇ ਦੋਸ਼ ਤੋਂ ਆਪਣੇ ਆਪ ਨੂੰ ਬਚਾਅ ਲਿਆ।

...ਅਤੇ ਅਾਖਿਰ ਵਿਚ : ਦਿੱਲੀ ਪ੍ਰਦੇਸ਼ ਅਕਾਲੀ ਦਲ ਬਾਦਲ ਦੇ ਗਲਿਆਰਿਆਂ ਵਿਚ ਚਰਚਾ ਗਰਮ ਹੈ ਕਿ ਦਲ ਦੇ ਉਹ ਆਗੂ, ਜੋ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਦਲ ਦੇ ਕੋਟੇ ਤੋਂ ਭਾਜਪਾ ਦੀ ਟਿਕਟ ਮਿਲਣ ਦਾ ਭਰਮ ਪਾਲ਼ ਕੇ ਚੋਣਾਂ ਦੀਆਂ ਤਿਆਰੀਆਂ ’ਚ ਜੁਟੇ ਹੋਏ ਸਨ, ਨੇ ਫੈਸਲਾ ਕੀਤਾ ਹੈ ਕਿ ਉਹ ਇਕਜੁੱਟ ਹੋ ਕੇ ਭਾਜਪਾ ਹਾਈਕਮਾਨ ਨਾਲ ਮੁਲਾਕਾਤ ਕਰ ਕੇ ਉਸ ਨੂੰ ਦੱਸਣਗੇ ਕਿ ਇਨ੍ਹਾਂ ਚੋਣਾਂ ਵਿਚ ਭਾਜਪਾ ਦੀ ਹੋਰ ਸ਼ਰਮਨਾਕ ਹਾਰ ਦਾ ਇਕ ਕਾਰਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੋਟੇ ’ਚੋਂ ਉਨ੍ਹਾਂ ਨੂੰ ਟਿਕਟ ਨਾ ਦੇਣਾ ਰਿਹਾ ਹੈ, ਜਿਸ ਕਾਰਣ ਅਕਾਲੀ ਆਗੂਆਂ ’ਚ ਨਿਰਾਸ਼ਾ ਪੈਦਾ ਹੋਈ ਅਤੇ ਉਹ ਚੋਣ ਦੇ ਮੈਦਾਨ ਵਿਚ ਉਸ ਉਤਸ਼ਾਹ ਨਾਲ ਭਾਜਪਾ ਦੇ ਪੱਖ ਵਿਚ ਨਹੀਂ ਉਤਰ ਸਕੇ, ਜਿਸ ਉਤਸ਼ਾਹ ਨਾਲ ਉਨ੍ਹਾਂ ਨੂੰ ਉਤਰਨਾ ਚਾਹੀਦਾ ਸੀ। ਦੂਸਰਾ ਦਲ ਦੇ ਕੋਟੇ ਦੀ ਟਿਕਟ ਨਾ ਮਿਲਣ ਕਾਰਣ ਆਮ ਸਿੱਖ ਵੀ ਭਾਜਪਾ ਤੋਂ ਨਾਰਾਜ਼ ਹੋ ਗਏ।


Bharat Thapa

Content Editor

Related News