ਗੁਆਂਢੀ ਦੀ ਪਰਿਭਾਸ਼ਾ ਕੀ ਹੈ

11/03/2019 1:37:37 AM

ਸਈਦ ਸਲਮਾਨ

ਜੇਕਰ ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਤਾਂ ਉਸ ਦੀਆਂ ਕਈ ਸਮਾਜਿਕ ਜ਼ਿੰਮੇਵਾਰੀਆਂ ਵੀ ਹਨ। ਖਾਨਦਾਨ ਅਤੇ ਪਰਿਵਾਰ ਤਾਂ ਉਸ ਨੂੰ ਉਸ ਦੇ ਜਨਮ ਦੇ ਨਾਲ ਹੀ ਰਿਸ਼ਤਿਆਂ ਦੀ ਸ਼ਕਲ ਵਿਚ ਮਿਲ ਜਾਂਦੇ ਹਨ ਪਰ ਮਿੱਤਰ, ਸਾਥੀ, ਗੁਆਂਢੀ ਵਗੈਰਾ ਸਮੇਂ ਦੇ ਨਾਲ-ਨਾਲ ਅਕਸਰ ਬਦਲਦੇ ਵੀ ਰਹਿੰਦੇ ਹਨ ਅਤੇ ਕਦੇ-ਕਦੇ ਉਨ੍ਹਾਂ ਦੇ ਹੀ ਨਾਲ ਪੂਰੀ ਜ਼ਿੰਦਗੀ ਬੀਤ ਜਾਂਦੀ ਹੈ ਅਤੇ ਅਜਿਹੇ ਲੋਕ ਪਰਿਵਾਰ ਨਾਲੋਂ ਜ਼ਿਆਦਾ ਮਹੱਤਵਪੂਰਨ ਬਣ ਜਾਂਦੇ ਹਨ। ਅੱਜਕਲ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਲੋਕਾਂ ਕੋਲ ਸਮੇਂ ਦੀ ਘਾਟ ਹੈ, ਜਿਸ ਕਾਰਣ ਰਿਸ਼ਤਿਆਂ ਦੀ ਗਰਮਜੋਸ਼ੀ ਵੀ ਘੱਟ ਹੁੰਦੀ ਜਾ ਰਹੀ ਹੈ। ਲੋਕ ਅੱਜਕਲ ਆਪਣੇ ਆਪ ’ਚ ਇੰਨੇ ਰੁੱਝੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਆਸ-ਪਾਸ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਤਕ ਦਾ ਅਹਿਸਾਸ ਨਹੀਂ ਰਹਿੰਦਾ। ਅਕਸਰ ਅਸੀਂ ਰੁਝੇਵਿਆਂ ਕਾਰਣ ਪਰਿਵਾਰਕ ਜ਼ਿੰਦਗੀ ਦੇ ਨਾਲ-ਨਾਲ ਸਮਾਜਿਕ ਜ਼ਿੰਦਗੀ ਨੂੰ ਹੀ ਪਹਿਲ ਦੇਣਾ ਬੰਦ ਕਰ ਦਿੰਦੇ ਹਾਂ, ਜੋ ਰਿਸ਼ਤਿਆਂ ਵਿਚ ਦੂਰੀਆਂ ਪੈਦਾ ਕਰਨ ਦਾ ਕੰਮ ਕਰਦੀ ਹੈ। ਜੇਕਰ ਇਨਸਾਨ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ’ਤੇ ਬਰਾਬਰ ਧਿਆਨ ਦੇਵੇ ਤਾਂ ਸਮਾਜਿਕ ਰਿਸ਼ਤਿਆਂ ਦੀ ਬੁਨਿਆਦ ’ਤੇ ਸਮਾਜਿਕ ਸਦਭਾਵਨਾ ਦਾ ਬਿਹਤਰੀਨ ਢਾਂਚਾ ਤਿਆਰ ਕੀਤਾ ਜਾ ਸਕਦਾ ਹੈ। ਇਨ੍ਹਾਂ ਸਮਾਜਿਕ ਰਿਸ਼ਤਿਆਂ ਦੀ ਸ਼ੁਰੂਆਤ ਚੰਗੇ ਗੁਆਂਢੀ ਬਣ ਕੇ ਹੀ ਕੀਤੀ ਜਾ ਸਕਦੀ ਹੈ। ਚੰਗਾ ਗੁਆਂਢੀ ਪਰਿਵਾਰ ਦੇ ਕਿਸੇ ਵੀ ਰਿਸ਼ਤੇ ਤੋਂ ਕਿਤੇ ਵੀ ਘੱਟ ਨਹੀਂ ਹੁੰਦਾ ਕਿਉਂਕਿ ਕਿਸੇ ਵੀ ਅਣਹੋਣੀ ’ਤੇ ਦੂਰ ਰਹਿ ਰਹੇ ਰਿਸ਼ਤੇਦਾਰਾਂ ਦੀ ਫੌਜ ਬਾਅਦ ਵਿਚ ਆਉਂਦੀ ਹੈ, ਗੁਆਂਢੀ ਸਭ ਤੋਂ ਪਹਿਲਾਂ ਹਾਜ਼ਰ ਮਿਲਦਾ ਹੈ, ਬਸ਼ਰਤੇ ਤੁਸੀਂ ਉਸ ਦੇ ਨਾਲ ਇਕ ਬਿਹਤਰੀਨ ਗੁਆਂਢੀ ਦੇ ਰਿਸ਼ਤੇ ਨੂੰ ਬਣਾਇਆ ਵੀ ਹੋਵੇ ਅਤੇ ਕਾਇਮ ਵੀ ਰੱਖਿਆ ਹੋਵੇ।

ਇਸਲਾਮ ਵਿਚ ਗੁਆਂਢੀ ਦੇ ਮਹੱਤਵ ਨੂੰ ਕੁਰਾਨ ਤੋਂ ਵੀ ਸਾਬਿਤ ਕੀਤਾ ਗਿਆ ਹੈ। ਸਫਰ ਦੇ ਦੌਰਾਨ ਸਹਿ-ਯਾਤਰੀ ਵੀ ਗੁਆਂਢੀ ਦਾ ਦਰਜਾ ਰੱਖਦਾ ਹੈ ਅਤੇ ਉਸ ਦੇ ਵੀ ਹਕੂਕ ਤੈਅ ਕਰ ਦਿੱਤੇ ਗਏ ਹਨ। ਗੁਆਂਢੀ ਦੇ ਨਾਲ ਚੰਗੇ ਵਤੀਰੇ ਦਾ ਵਿਸ਼ੇਸ਼ ਤੌਰ ’ਤੇ ਹੁਕਮ ਹੈ। ਪਵਿੱਤਰ ਕੁਰਾਨ ਅਨੁਸਾਰ–‘‘ਔਰ ਲੋਗੋਂ ਸੇ ਬੇਰੁਖ਼ੀ ਨਾ ਕਰੇਂ’’–(ਅਲ ਕੁਰਾਨ, 31:18) ਨਾ ਸਿਰਫ ਨੇੜਲੇ ਗੁਆਂਢੀ ਨਾਲ, ਸਗੋਂ ਦੂਰ ਵਾਲੇ ਗੁਆਂਢੀ ਨਾਲ ਵੀ ਚੰਗੇ ਵਿਵਹਾਰ ਦੀ ਤਾਕੀਦ ਕੀਤੀ ਗਈ ਹੈ। ਕੁਰਾਨ ਅਨੁਸਾਰ, ‘‘ਹੋਰ ਚੰਗਾ ਵਿਵਹਾਰ ਕਰਦੇ ਰਹੋ ਮਾਤਾ-ਪਿਤਾ ਦੇ ਨਾਲ, ਸਕੇ-ਸਬੰਧੀਆਂ ਨਾਲ, ਅਬਲਾਵਾਂ ਦੇ ਨਾਲ, ਦੀਨ-ਦੁਖੀਆਂ ਦੇ ਨਾਲ, ਨੇੜਲੇ ਅਤੇ ਦੂਰ ਦੇ ਗੁਆਂਢੀਆਂ ਦੇ ਨਾਲ ਵੀ’–(ਅਲ ਕੁਰਾਨ-4:36) ਗੁਆਂਢੀ ਨਾਲ ਚੰਗਾ ਵਿਵਹਾਰ ਕਰਨ ਦੇ ਸਬੰਧ ’ਚ ਇਸ ਰੱਬੀ ਹੁਕਮ ਦੇ ਮਹੱਤਵ ਨੂੰ ਪੈਗੰਬਰ ਮੁਹੰਮਦ ਸਾਹਿਬ ਨੇ ਵੀ ਕਈ ਤਰੀਕਿਆਂ ਨਾਲ ਸਮਝਾਇਆ ਹੈ। ਅਜਿਹਾ ਨਹੀਂ ਕਿ ਉਸ ਨੇ ਇਸ ਨੂੰ ਸਿਰਫ ਸਮਝਾਇਆ ਹੋਵੇ, ਸਗੋਂ ਉਨ੍ਹਾਂ ਨੇ ਖ਼ੁਦ ਵੀ ਉਸ ’ਤੇ ਅਮਲ ਕਰ ਕੇ ਦੱਸਿਆ। ਹਦੀਸ ਸ਼ਰੀਫ ਵਿਚ ਵਰਣਨ ਕੀਤਾ ਗਿਆ ਇਕ ਵਾਰ ਦਾ ਵਾਕਿਆ ਹੈ ਕਿ ਪੈਗੰਬਰ ਮੁਹੰਮਦ ਸਾਹਿਬ ਆਪਣੇ ਮਿੱਤਰਾਂ ਦੇ ਨਾਲ ਕਿਸੇ ਵਿਸ਼ੇ ’ਤੇ ਚਰਚਾ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਮਿੱਤਰਾਂ ਨੂੰ ਫਰਮਾਇਆ–‘‘ਅੱਲ੍ਹਾ ਕੀ ਕਸਮ, ਵਹ ਮੋਮਿਨ ਨਹੀਂ! ਅੱਲ੍ਹਾ ਕੀ ਕਸਮ ਵਹ ਮੋਮਿਨ ਨਹੀਂ!’’ ਮੁਹੰਮਦ ਸਾਹਿਬ ਨੇ ਤਿੰਨ ਵਾਰ ਇੰਨਾ ਜ਼ੋਰ ਦੇ ਕੇ ਕਿਹਾ ਤਾਂ ਮਿੱਤਰਾਂ ਨੇ ਪੁੱਛਿਆ, ‘‘ਐ ਅੱਲ੍ਹਾ ਕੇ ਰਸੂਲ, ਕੌਨ?’’ ਉਨ੍ਹਾਂ ਫਰਮਾਇਆ–‘‘ਵਹ, ਜਿਸ ਕਾ ਪੜੋਸੀ ਉਸ ਕੀ ਸ਼ਰਾਰਤੋਂ ਸੇ ਸੁਰਕਸ਼ਿਤ ਨਾ ਹੋ’’। ਇਕ ਮੌਕੇ ’ਤੇ ਉਨ੍ਹਾਂ ਨੇ ਫਰਮਾਇਆ, ‘‘ਤੁਮ ਮੇਂ ਕੋਈ ਮੋਮਿਨ ਨਹੀਂ ਹੋਗਾ, ਜਬ ਤਕ ਅਪਨੇ ਪੜੋਸੀ ਕੇ ਲੀਏ ਭੀ ਵਹੀ ਪਸੰਦ ਨਹੀਂ ਕਰੇਂ, ਜੋ ਅਪਨੇ ਲੀਏ ਪਸੰਦ ਕਰਤਾ ਹੈ।’’ ਭਾਵ ਗੁਆਂਢੀ ਨਾਲ ਪ੍ਰੇਮ ਨਾ ਕਰੀਏ ਤਾਂ ਈਮਾਨ ਤਕ ਖੋਹ ਜਾਣ ਦਾ ਖਤਰਾ ਰਹਿੰਦਾ ਹੈ। ਇਕ ਹੋਰ ਸਥਾਨ ’ਤੇ ਉਨ੍ਹਾਂ ਫਰਮਾਇਆ, ‘‘ਜਿਸ ਨੂੰ ਇਹ ਪ੍ਰਿਯ ਹੋਵੇ ਕਿ ਅੱਲ੍ਹਾ ਅਤੇ ਉਸ ਦਾ ਰਸੂਲ ਉਸ ਨਾਲ ਪ੍ਰੇਮ ਕਰੇ ਜਾਂ ਜਿਸ ਦਾ ਅੱਲ੍ਹਾ ਅਤੇ ਉਸ ਦੇ ਰਸੂਲ ਨਾਲ ਪ੍ਰੇਮ ਦਾ ਦਾਅਵਾ ਹੋਵੇ, ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਗੁਆਂਢੀ ਨਾਲ ਪ੍ਰੇਮ ਕਰੇ ਅਤੇ ਉਸ ਦਾ ਹੱਕ ਅਦਾ ਕਰੇ’’, ਭਾਵ ਜੋ ਗੁਆਂਢੀ ਨਾਲ ਪ੍ਰੇਮ ਨਹੀਂ ਕਰਦਾ, ਉਸ ਦਾ ਅੱਲ੍ਹਾ ਅਤੇ ਰਸੂਲ ਨਾਲ ਪ੍ਰੇਮ ਦਾ ਦਾਅਵਾ ਵੀ ਝੂਠਾ ਹੈ ਅਤੇ ਅੱਲ੍ਹਾ ਤੇ ਰਸੂਲ ਨਾਲ ਪ੍ਰੇਮ ਦੀ ਆਸ ਰੱਖਣਾ ਵੀ ਇਕ ਭਰਮ ਹੈ।

ਮੁਹੰਮਦ ਸਾਹਿਬ ਨੇ ਫਰਮਾਇਆ ਕਿ ਕਿਆਮਤ ਦੇ ਦਿਨ ਈਸ਼ਵਰ ਦੀ ਅਦਾਲਤ ਵਿਚ ਸਭ ਤੋਂ ਪਹਿਲਾਂ ਦੋ ਵਾਦੀ ਹਾਜ਼ਿਰ ਹੋਣਗੇ, ਜੋ ਗੁਆਂਢੀ ਹੋਣਗੇ। ਉਨ੍ਹਾਂ ਤੋਂ ਇਕ-ਦੂਜੇ ਦੇ ਸਬੰਧ ਵਿਚ ਪੁੱਛਿਆ ਜਾਵੇਗਾ। ਹੁਣ ਮੁਸਲਮਾਨਾਂ ਨੂੰ ਇਹ ਸਵਾਲ ਕੀਤਾ ਜਾ ਸਕਦਾ ਹੈ ਕਿ ਕੀ ਤੁਸੀਂ ਕੁਰਾਨ, ਸੁੰਨਤ, ਹਦੀਸ ਦੇ ਪੈਮਾਨੇ ’ਤੇ ਸੱਚੇ ਮੁਸਲਮਾਨ ਹੋ ਜਾਂ ਫਿਰ ਸਿਰਫ ਨਾਂ ਹੀ ਰੱਖ ਲੈਣ ਨਾਲ ਤੁਸੀਂ ਮੁਸਲਮਾਨ ਹੋ ਗਏ ਹੋ। ਅੱਜ ਦੇ ਹਿੰਸਕ ਦੌਰ ਵਿਚ ਆਮ ਮੁਸਲਮਾਨਾਂ ਦੇ ਵਤੀਰੇ ਤੋਂ ਕੀ ਇਸ ਗੱਲ ਦੀ ਕਲਪਨਾ ਕੀਤੀ ਜਾ ਸਕਦੀ ਹੈ ਕਿ ਉਹ ਆਪਣੇ ਨਬੀ ਦੀ ਸਿੱਖਿਆ ’ਤੇ ਅਮਲ ਕਰਨ। ਇਕ ਹੋਰ ਵਾਕਿਆ ਦੀ ਬੁਨਿਆਦ ’ਤੇ ਆਮ ਮੁਸਲਮਾਨ ਇਸ ਗੱਲ ’ਤੇ ਆਤਮ-ਚਿੰਤਨ ਕਰਨ। ਇਕ ਵਾਰ ਪੈਗੰਬਰ ਮੁਹੰਮਦ ਸਾਹਿਬ ਦੇ ਸਾਥੀ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਕਿ ‘‘ਹੇ ਅੱਲ੍ਹਾ ਦੇ ਰਸੂਲ, ਮੇਰਾ ਗੁਆਂਢੀ ਮੈਨੂੰ ਸਤਾਉਂਦਾ ਹੈ।’’ ਉਨ੍ਹਾਂ ਫਰਮਾਇਆ ਕਿ ਧੀਰਜ ਤੋਂ ਕੰਮ ਲਓ। ਇਸ ਤੋਂ ਕੁਝ ਦਿਨਾਂ ਬਾਅਦ ਉਹ ਫਿਰ ਆਇਆ ਅਤੇ ਦੁਬਾਰਾ ਸ਼ਿਕਾਇਤ ਕੀਤੀ। ਉਨ੍ਹਾਂ ਫਰਮਾਇਆ, ‘‘ਜਾ ਕੇ ਤੁਸੀਂ ਵੀ ਆਪਣੇ ਘਰ ਦਾ ਸਾਮਾਨ ਕੱਢ ਕੇ ਸੜਕ ’ਤੇ ਸੁੱਟ ਦਿਓ।’’ ਸਾਥੀ ਨੇ ਅਜਿਹਾ ਹੀ ਕੀਤਾ। ਆਉਣ-ਜਾਣ ਵਾਲੇ ਉਸ ਤੋਂ ਪੁੱਛਦੇ ਤਾਂ ਉਹ ਉਨ੍ਹਾਂ ਨੂੰ ਸਾਰੀਆਂ ਗੱਲਾਂ ਬਿਆਨ ਕਰ ਦਿੰਦਾ। ਇਸ ’ਤੇ ਲੋਕਾਂ ਨੇ ਉਸ ਦੇ ਗੁਆਂਢੀ ਨੂੰ ਲੰਮੇ ਹੱਥੀਂ ਲਿਆ ਤਾਂ ਉਸ ਨੂੰ ਬੜੀ ਸ਼ਰਮ ਦਾ ਅਹਿਸਾਸ ਹੋਇਆ। ਉਹ ਆਪਣੇ ਗੁਆਂਢੀ ਨੂੰ ਮਨਾ ਕੇ ਦੁਬਾਰਾ ਘਰ ਵਿਚ ਵਾਪਿਸ ਲਿਆਇਆ ਅਤੇ ਵਾਅਦਾ ਕੀਤਾ ਕਿ ਹੁਣ ਉਹ ਉਸ ਨੂੰ ਨਹੀਂ ਸਤਾਏਗਾ, ਭਾਵ ਪੈਗੰਬਰ ਨੇ ਝਗੜੇ-ਫਸਾਦ ਦੀ ਬਜਾਏ ਧੀਰਜ ਦੀ ਸਿੱਖਿਆ ਦਿੱਤੀ। ਉਨ੍ਹਾਂ ਨੇ ਆਮ ਗੈਰ-ਮੁਸਲਮਾਨਾਂ ਦੇ ਨਾਲ ਇਨਸਾਨੀ ਬੁਨਿਆਦਾਂ ’ਤੇ ਬਿਹਤਰ ਨੈਤਿਕਤਾ ਅਤੇ ਭਾਈਚਾਰੇ ਦੇ ਵਿਵਹਾਰ ਦੀ ਹਦਾਇਤ ਦਿੱਤੀ। ਇਹੀ ਨਹੀਂ, ਕਿਸੇ ਦੀ ਬੀਮਾਰੀ ਦੇ ਸਮੇਂ ਉਸ ਦਾ ਹਾਲ ਪੁੱਛਣਾ ਵੀ ਨਬੀ ਦੀ ਸੁੰਨਤ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਖ਼ੁਦ ਇਕ ਯਹੂਦੀ ਨੌਜਵਾਨ, ਜੋ ਉਨ੍ਹਾਂ ਦੀ ਖਿਦਮਤ ਕਰਦਾ ਸੀ ਅਤੇ ਉਨ੍ਹਾਂ ’ਤੇ ਕੂੜਾ ਸੁੱਟਣ ਵਾਲੀ ਬਜ਼ੁਰਗ ਦੀ ਅਯਾਦਤ ਲਈ ਜਾਣ ਦਾ ਵਾਕਿਆ ਵੀ ਮਿਸਾਲ ਹੈ। ਗ਼ੈਰ-ਮੁਸਲਿਮ ਭਰਾ ਇਨ੍ਹਾਂ ਘਟਨਾਵਾਂ ਨੂੰ ਪੜ੍ਹ ਕੇ ਹੈਰਾਨ ਹੋ ਕੇ ਸੋਚ ਸਕਦੇ ਹਨ ਕਿ ਕੀ ਸੱਚਮੁਚ ਇਕ ਮੁਸਲਮਾਨ ਨੂੰ ਇਸਲਾਮ ਧਰਮ ’ਚ ਇੰਨੀ ਸਹਿਣਸ਼ੀਲਤਾ ਅਤੇ ਮਿੱਤਰਤਾ ਦੀ ਤਾਕੀਦ ਹੈ ਅਤੇ ਕੀ ਅਸਲ ਵਿਚ ਉਹ ਅਜਿਹਾ ਕਰ ਸਕਦਾ ਹੈ? ਕਿਉਂਕਿ ਉਸ ਨੇ ਤਾਂ ਉਨ੍ਹਾਂ ਸਿਰਫਿਰੇ ਲੋਕਾਂ ਨੂੰ ਮੁਸਲਮਾਨ ਸਮਝ ਲਿਆ ਹੈ, ਜੋ ਧਰਮ ਦੇ ਨਾਂ ’ਤੇ ਹਿੰਸਾ ਨੂੰ ਨਾ ਸਿਰਫ ਜਾਇਜ਼ ਠਹਿਰਾਉਂਦੇ ਫਿਰਦੇ ਹਨ, ਸਗੋਂ ਉਹੋ ਜਿਹਾ ਕਰਦੇ ਵੀ ਹਨ।

ਕੱਟੜਪੰਥੀ ਮੁਸਲਮਾਨਾਂ ਦੇ ਅਮਲ ਦੀ ਬੁਨਿਆਦ ’ਤੇ ਗੈਰ-ਮੁਸਲਿਮ ਭਰਾਵਾਂ ਨੂੰ ਇਹ ਭਰਮ ਹੈ ਕਿ ਗੁਆਂਢੀ ਦਾ ਅਰਥ ਸਿਰਫ ਮੁਸਲਮਾਨ ਗੁਆਂਢੀ ਨਾਲ ਹੈ, ਗੈਰ-ਮੁਸਲਿਮ ਗੁਆਂਢੀ ਨਾਲ ਨਹੀਂ। ਉਨ੍ਹਾਂ ਦੇ ਇਸ ਭਰਮ ਨੂੰ ਦੂਰ ਕਰਨ ਲਈ ਕਈ ਘਟਨਾਵਾਂ ’ਚੋਂ ਇਕ ਹੀ ਘਟਨਾ ਲਿਖ ਦੇਣਾ ਕਾਫੀ ਹੋਵੇਗਾ। ਇਕ ਵਾਰ ਕੁਝ ਫਲ ਪੈਗੰਬਰ ਮੁਹੰਮਦ ਸਾਹਿਬ ਕੋਲ ਤੋਹਫੇ ਵਜੋਂ ਆਏ। ਉਨ੍ਹਾਂ ਨੇ ਸਭ ਤੋਂ ਪਹਿਲਾਂ ਉਨ੍ਹਾਂ ’ਚੋਂ ਇਕ ਹਿੱਸਾ ਆਪਣੇ ਯਹੂਦੀ ਗੁਆਂਢੀ ਨੂੰ ਭੇਜਿਆ ਅਤੇ ਬਾਕੀ ਹਿੱਸਾ ਆਪਣੇ ਘਰ ਦੇ ਲੋਕਾਂ ਨੂੰ ਦੇ ਦਿੱਤਾ। ਕੀ ਸੱਚੇ ਮੁਸਲਮਾਨਾਂ ਤੋਂ ਅਜਿਹੇ ਧੀਰਜ, ਅਜਿਹੇ ਪ੍ਰੇਮ, ਅਜਿਹੇ ਰਿਸ਼ਤਿਆਂ ਨੂੰ ਸਹੇਜ ਕੇ ਰੱਖਣ ਵਾਲੀ ਭਾਵਨਾ ਦੀ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ? ਬਿਨਾਂ ਸ਼ੱਕ ਇਸਲਾਮ ਧਰਮ ਅਤੇ ਅੱਲ੍ਹਾ ਦੇ ਰਸੂਲ ਨੇ ਅਜਿਹੀ ਹੀ ਤਾਕੀਦ ਫਰਮਾਈ ਹੈ ਅਤੇ ਇਸਲਾਮ ਦੇ ਸੱਚੇ ਪੈਰੋਕਾਰ ਇਸ ਦੇ ਅਨੁਸਾਰ ਅਮਲ ਵੀ ਕਰਦੇ ਹਨ। ਹੁਣ ਵੀ ਅਜਿਹੀਆਂ ਪਵਿੱਤਰ ਭਾਵਨਾਵਾਂ ਵਾਲੇ ਲੋਕ ਇਸਲਾਮ ਦੇ ਪੈਰੋਕਾਰਾਂ ਵਿਚ ਮੌਜੂਦ ਹਨ, ਜੋ ਇਨ੍ਹਾਂ ਗੱਲਾਂ ’ਤੇ ਪੂਰੀ ਤਰ੍ਹਾਂ ਅਮਲ ਕਰਦੇ ਹਨ। ਹਾਂ, ਅੱਜ ਦਾ ਜ਼ਿਆਦਾਤਰ ਮੁਸਲਮਾਨ ਰਾਹ ਚੱਲਦੇ ਅਣਜਾਣੇ ਵਿਚ ਲੱਗੇ ਧੱਕੇ ’ਤੇ ਮਰਨ-ਮਾਰਨ ’ਤੇ ਉਤਾਰੂ ਹੋ ਜਾਂਦਾ ਹੈ। ਕੀ ਸੱਚੇ ਮੁਸਲਮਾਨ ਦੀ ਇਹੋ ਪਰਿਭਾਸ਼ਾ ਹੈ? ਨਹੀਂ, ਇਸਲਾਮ ਨੂੰ ਮੰਨਣ ਵਾਲਾ ਅਜਿਹਾ ਨਹੀਂ ਹੋ ਸਕਦਾ, ਖਾਸ ਕਰਕੇ ਬੇਕਸੂਰਾਂ ਦਾ ਕਤਲ ਕਰਨ ਵਾਲੇ ਇਸ ਪੈਮਾਨੇ ’ਤੇ ਕਿਵੇਂ ਖ਼ੁਦ ਨੂੰ ਮੁਸਲਮਾਨ ਸਾਬਿਤ ਕਰਨਗੇ? ਮੁਹੰਮਦ ਸਾਹਿਬ ਦਾ ਤਾਂ ਇਰਸ਼ਾਦ ਹੈ ਕਿ ‘‘ਤੁਹਾਡੇ ’ਚੋਂ ਕੋਈ ਮੁਸਲਮਾਨ ਨਹੀਂ ਹੋ ਸਕਦਾ, ਜਦੋਂ ਤਕ ਉਹ ਲੋਕਾਂ ਲਈ ਉਸੇ ਵਤੀਰੇ ਅਤੇ ਰਵੱਈਏ ਨੂੰ ਪਸੰਦ ਨਾ ਕਰੇ, ਜੋ ਖ਼ੁਦ ਲਈ ਪਸੰਦ ਕਰਦਾ ਹੈ।’’ ਕੀ ਆਮ ਮੁਸਲਮਾਨ ਇਸ ਗੱਲ ’ਤੇ ਗੌਰ ਕਰੇਗਾ ਜਾਂ ਅਜੇ ਵੀ ਕੱਟੜਪੰਥੀਆਂ ਦੀ ਸਿੱਖਿਆ ਨੂੰ ਅਪਣਾਉਂਦੇ ਹੋਏ ਨਫਰਤਾਂ ਦੀ ਬੁਨਿਆਦ ’ਤੇ ਸਮਾਜ ਵਿਚ ਭੇਦ ਫੈਲਾਉਂਦਾ ਫਿਰੇਗਾ? ਜੇਕਰ ਉਹ ਕੁਰਾਨ ਦੀ ਸਿੱਖਿਆ ਅਤੇ ਨਬੀ ਦੀਆਂ ਨਸੀਹਤਾਂ ਦੇ ਵਿਰੁੱਧ ਅਮਲ ਕਰਦਾ ਹੈ ਤਾਂ ਉਸ ਨੂੰ ਖ਼ੁਦ ਇਸ ਗੱਲ ਦਾ ਅਹਿਸਾਸ ਕਰਨਾ ਚਾਹੀਦਾ ਹੈ ਕਿ ਕੁਰਾਨ ਨੇ ਅਜਿਹੇ ਲੋਕਾਂ ਨੂੰ ਕਿਸ ਸ਼੍ਰੇਣੀ ਵਿਚ ਰੱਖਿਆ ਹੈ।

(‘ਸਾਮਨਾ’ ਤੋਂ ਧੰਨਵਾਦ ਸਹਿਤ)


Bharat Thapa

Content Editor

Related News