ਇਹ ਕੀ ਕਰ ਰਹੇ ਹਨ ਸਾਡੇ ਨੇਤਾਵਾਂ ਦੇ ਬੱਚੇ !
Tuesday, Jul 09, 2024 - 01:58 AM (IST)
ਉਂਝ ਤਾਂ ਸਾਡੇ ਲੋਕ ਪ੍ਰਤੀਨਿਧੀਆਂ ਤੋਂ ਦੇਸ਼ ਵਾਸੀਆਂ ਦੀ ਅਗਵਾਈ ਕਰ ਕੇ ਸਹੀ ਦਿਸ਼ਾ ਦੇਣ ਦੀ ਆਸ ਕੀਤੀ ਜਾਂਦੀ ਹੈ ਪਰ ਦੂਜਿਆਂ ਨੂੰ ਅਗਵਾਈ ਦੇਣੀ ਤਾਂ ਇਕ ਪਾਸੇ, ਹਰੇਕ ਸਿਆਸਤਦਾਨ ਆਪਣੀਆਂ ਔਲਾਦਾਂ ’ਤੇ ਹੀ ਕੰਟਰੋਲ ਨਹੀਂ ਹੋ ਰਿਹਾ।
ਇਨ੍ਹਾਂ ਦੇ ਬੱਚੇ ਆਪਣੇ ਮਾਪਿਆਂ ਦੀ ਸੱਤਾ ਦੇ ਨਸ਼ੇ ’ਚ ਚੂਰ ਹੋ ਕੇ ਓਵਰਸਪੀਡਿੰਗ ਰਾਹੀਂ ਸੜਕ ਹਾਦਸੇ ਕਰ ਕੇ ਨਿਰਦੋਸ਼ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਪਿਛਲੇ ਲੱਗਭਗ 8 ਮਹੀਨਿਆਂ ਦੀਆਂ ਹੇਠਲੀਆਂ ਘਟਨਾਵਾਂ ਤੋਂ ਲਾਇਆ ਜਾ ਸਕਦਾ ਹੈ :
* 22 ਨਵੰਬਰ, 2023 ਨੂੰ ਲਖਨਊ (ਉੱਤਰ ਪ੍ਰਦੇਸ਼) ’ਚ ਮਹਿਲਾ ਏ.ਐੱਸ.ਪੀ. ਸ਼ਵੇਤਾ ਸ਼੍ਰੀਵਾਸਤਵ ਦੇ ਇਕਲੌਤੇ 10 ਸਾਲਾ ਪੁੱਤਰ ਨਮਿਸ਼ ਨੂੰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਆਪਣੀ ਐੱਸ.ਯੂ.ਵੀ. (ਵੱਡੀ ਕਾਰ) ਨਾਲ ਦਰੜ ਕੇ ਮਾਰ ਦੇਣ ਦੇ ਦੋਸ਼ ਵਿਚ ਪੁਲਸ ਨੇ ਸਪਾ ਨੇਤਾ ਅਤੇ ਬਾਰਾਬੰਕੀ ਜ਼ਿਲਾ ਪੰਚਾਇਤ ਦੇ ਸਾਬਕਾ ਮੈਂਬਰ ਰਵਿੰਦਰ ਸਿੰਘ ਦੇ ਪੁੱਤਰ ਸਾਰਥਕ ਸਿੰਘ ਅਤੇ ਉਸ ਦੇ ਦੋਸਤ ਦੇਵਸ਼੍ਰੀ ਵਰਮਾ ਨੂੰ ਗ੍ਰਿਫਤਾਰ ਕੀਤਾ। ਘਟਨਾ ਦੇ ਸਮੇਂ ਦੋਵੇਂ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਰੇਸ ਲਗਾ ਰਹੇ ਸਨ।
* 16 ਦਸੰਬਰ, 2023 ਨੂੰ ‘ਭਾਰਤੀ ਜਨਤਾ ਯੁਵਾ ਮੋਰਚਾ’ ਦੇ ਨੇਤਾ ਅਕਸ਼ਵਜੀਤ ਗਾਇਕਵਾੜ ਨੇ ਆਪਣੀ ਐੱਸ. ਯੂ. ਵੀ. (ਵੱਡੀ ਕਾਰ) ਨਾਲ ਆਪਣੀ ਪ੍ਰੇਮਿਕਾ ਨੂੰ ਦਰੜ ਦਿੱਤਾ।
* 17 ਜੂਨ, 2024 ਦੀ ਰਾਤ ਨੂੰ ਚੇਨਈ ਵਿਚ ‘ਵਾਈ. ਐੱਸ. ਆਰ. ਕਾਂਗਰਸ’ ਦੇ ਰਾਜ ਸਭਾ ਮੈਂਬਰ ‘ਬੀੜਾ ਮਸਤਾਨ ਰਾਵ’ ਦੀ ਧੀ ‘ਬੀੜਾ ਮਾਧੂਰੀ’ ਆਪਣੀ ਤੇਜ਼ ਰਫਤਾਰ ਬੀ. ਐੱਮ. ਡਬਲਿਊ. ਕਾਰ ਨਾਲ ਫੁੱਟਪਾਥ ’ਤੇ ਸੌਂ ਰਹੇ ਇਕ 21 ਸਾਲਾ ਪੇਂਟਰ ਨੂੰ ਦਰੜ ਕੇ ਫਰਾਰ ਹੋ ਗਈ। ਉਸ ਨੂੰ ਬਾਅਦ ’ਚ ਪੁਲਸ ਨੇ ਗ੍ਰਿਫਤਾਰ ਕਰ ਲਿਆ ਪਰ ਤੁਰੰਤ ਬਾਅਦ ਹੀ ਉਸ ਨੂੰ ਜ਼ਮਾਨਤ ਵੀ ਮਿਲ ਗਈ।
* 23 ਜੂਨ, 2024 ਨੂੰ ਪੁਣੇ ਵਿਚ ਪੁਣੇ-ਨਾਸਿਕ ਹਾਈਵੇਅ ’ਤੇ ਉਲਟ ਦਿਸ਼ਾ ’ਚ ਤੇਜ਼ ਰਫਤਾਰ ਨਾਲ ਕਾਰ ਚਲਾ ਰਹੇ ‘ਰਾਸ਼ਟਰਵਾਦੀ ਕਾਂਗਰਸ ਪਾਰਟੀ’ ਦੇ ਪੁਣੇ ਖੇਡ ਦੇ ਵਿਧਾਇਕ ‘ਦਿਲੀਪ ਮੋਹਿਤੇ ਪਾਟਿਲ’ ਦੇ ਭਤੀਜੇ ‘ਮਯੂਰ ਮੋਹਿਤੇ ਪਾਟਿਲ’ ਨੇ ਦੋ ਬਾਈਕ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ।
ਇਨ੍ਹਾਂ ’ਚੋਂ ‘ਓਮ ਭਾਲੇਰਾਵ’ ਨਾਂ ਦਾ ਨੌਜਵਾਨ ਕਾਫੀ ਉੱਚਾ ਉਛਲ ਕੇ ਜ਼ਮੀਨ ’ਤੇ ਜਾ ਡਿੱਗਾ। ਛਾਤੀ ਅਤੇ ਸਿਰ ’ਤੇ ਗੰਭੀਰ ਸੱਟਾਂ ਲੱਗਣ ਦੇ ਨਤੀਜੇ ਵਜੋਂ ‘ਓਮ ਭਾਲੇਰਾਵ’ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ।
ਜਦਕਿ ਦੂਜਾ ਨੌਜਵਾਨ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ। ਦੁਰਘਟਨਾ ਦੇ ਬਾਅਦ ਵੀ ਕਾਰ ’ਚੋਂ ਬਾਹਰ ਨਿਕਲਣ ਦੀ ਬਜਾਏ ‘ਮਯੂਰ ਮੋਹਿਤੇ ਪਾਟਿਲ’ ਕਾਰ ’ਚ ਹੀ ਬੈਠਿਆ ਰਿਹਾ ਅਤੇ ਉਸ ਨੇ ਜ਼ਖਮੀਆਂ ਦੀ ਕੋਈ ਸਹਾਇਤਾ ਨਹੀਂ ਕੀਤੀ।
* ਅਤੇ ਹੁਣ 6-7 ਜੁਲਾਈ, 2024 ਦੀ ਦਰਮਿਆਨੀ ਰਾਤ ਨੂੰ ਮਹਾਰਾਸ਼ਟਰ ’ਚ ਸੱਤਾਧਾਰੀ ਸ਼ਿਵਸੈਨਾ (ਸ਼ਿੰਦੇ ਧੜਾ) ਦੇ ਪਾਲਘਰ ਵਿਚ ਡਿਪਟੀ ਲੀਡਰ ਰਾਜੇਸ਼ ਸ਼ਾਹ ਦੇ ਪੁੱਤਰ ਮਿਹਿਰ ਸ਼ਾਹ (24) ਨੇ ਮੁੰਬਈ ਦੇ ਵਰਲੀ ’ਚ ਆਪਣੀ ਤੇਜ਼ ਰਫਤਾਰ ਬੀ. ਐੱਮ. ਡਬਲਿਊ. ਕਾਰ ਨਾਲ ਇਕ ਸਕੂਟੀ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟੀ ਪਲਟ ਗਈ ਅਤੇ ਉਸ ’ਤੇ ਸਵਾਰ ਪਤੀ-ਪਤਨੀ ਕਾਰ ਦੇ ਬੋਨਟ ’ਤੇ ਆ ਡਿੱਗੇ। ਪਤੀ ਤਾਂ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ’ਚ ਬੋਨਟ ਤੋਂ ਛਾਲ ਮਾਰ ਗਿਆ ਪਰ ਪਤਨੀ (45) ਨਾ ਉੱਠ ਸਕੀ।
ਮਿਹਿਰ ਸ਼ਾਹ ਭੱਜਣ ਦੀ ਕਾਹਲੀ ਵਿਚ ਔਰਤ ਨੂੰ ਕਾਰ ਨਾਲ ਲੱਗਭਗ 100 ਮੀਟਰ ਤੱਕ ਘਸੀਟਦਾ ਲੈ ਗਿਆ ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ ਅਤੇ ਫਿਰ ਉਹ ਆਪਣੇ ਡਰਾਈਵਰ ਦੇ ਨਾਲ ਕਾਰ ਲੈ ਕੇ ਭੱਜ ਗਿਆ।
ਮੁੰਬਈ ਪੁਲਸ ਦੇ ਅਨੁਸਾਰ ਮਿਹਿਰ ਸ਼ਾਹ ਘਟਨਾ ਦੇ ਸਮੇਂ ਨਸ਼ੇ ਵਿਚ ਸੀ ਅਤੇ ਜੂਹੂ ਦੇ ਬਾਰ ਤੋਂ ਸ਼ਰਾਬ ਪੀ ਕੇ ਪਰਤ ਰਿਹਾ ਸੀ। ਪਹਿਲਾਂ ਤਾਂ ਉਸ ਨੇ ਡਰਾਈਵਰ ਨੂੰ ਲਾਂਗ ਡਰਾਈਵ ’ਤੇ ਚੱਲਣ ਲਈ ਕਿਹਾ ਅਤੇ ਫਿਰ ਵਰਲੀ ਵਿਚ ਕਾਰ ਖੁਦ ਚਲਾਉਣ ਦੀ ਜ਼ਿੱਦ ਕਰਨ ਲੱਗਾ ਅਤੇ ਡਰਾਈਵਰ ਕੋਲੋਂ ਕਾਰ ਲੈ ਲਈ।
ਘਟਨਾ ਦੇ ਬਾਅਦ ਮਿਹਿਰ ਸ਼ਾਹ ਦੇ ਫਰਾਰ ਹੋ ਜਾਣ ’ਤੇ ਉਸਦੇ ਪਿਤਾ ਰਾਜੇਸ਼ ਸ਼ਾਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅਗਲੇ ਦਿਨ 8 ਜੁਲਾਈ ਨੂੰ ਉਸਨੂੰ ਜ਼ਮਾਨਤ ਵੀ ਮਿਲ ਗਈ।
ਦੇਸ਼ ਵਿਚ ਹਾਲ ਹੀ ’ਚ ਬੜੇ ਘੱਟ ਸਮੇਂ ਦੇ ਅੰਦਰ ਪ੍ਰਭਾਵਸ਼ਾਲੀ ਲੋਕਾਂ ਦੇ ਬੱਚਿਆਂ ਵੱਲੋਂ ਤੇਜ਼ ਰਫਤਾਰ ਨਾਲ ਵਾਹਨ ਚਲਾਉਂਦੇ ਹੋਏ ਲੋਕਾਂ ਨੂੰ ਦਰੜ ਦੇਣ ਦੀਆਂ ਉਕਤ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਅਜਿਹੇ ਲੋਕਾਂ ਦੇ ਵਿਰੁੱਧ ਠੋਸ ਕਾਰਵਾਈ ਹੋਣ ਦੀ ਬਜਾਏ ਉਨ੍ਹਾਂ ਨੂੰ ਕਾਹਲੀ-ਕਾਹਲੀ ’ਚ ਜ਼ਮਾਨਤ ਵੀ ਮਿਲ ਰਹੀ ਹੈ।
ਇਸ ਲਈ ਅਜਿਹੇ ਅਪਰਾਧਾਂ ਵਿਚ ਸ਼ਾਮਲ ਪਾਏ ਜਾਣ ਵਾਲੇ ਨੇਤਾਵਾਂ ਦੇ ਬੱਚਿਆਂ ਨਾਲ ਵੀ ਆਮ ਅਪਰਾਧੀਆਂ ਵਰਗਾ ਸਲੂਕ ਕਰਦੇ ਹੋਏ ਉਨ੍ਹਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਇਨ੍ਹਾਂ ਦੇ ਗਲਤ ਕਾਰਿਆਂ ਨਾਲ ਨਿਰਦੋਸ਼ ਲੋਕਾਂ ਦੀ ਜਾਨ ਖਤਰੇ ’ਚ ਨਾ ਪਵੇ।
- ਵਿਜੇ ਕੁਮਾਰ