ਅਸੀਂ ਬ੍ਰਹਿਮੰਡ ਦੇ ਅਣਛੂਹੇ ਖੇਤਰਾਂ ਦੀ ਖੋਜ ਲਈ ਪੁਲਾੜ ਤੋਂ ਅੱਗੇ ਨਿਕਲ ਗਏ

Monday, Aug 28, 2023 - 07:33 PM (IST)

ਅਸੀਂ ਬ੍ਰਹਿਮੰਡ ਦੇ ਅਣਛੂਹੇ ਖੇਤਰਾਂ ਦੀ ਖੋਜ ਲਈ ਪੁਲਾੜ ਤੋਂ ਅੱਗੇ ਨਿਕਲ ਗਏ

ਚੰਦਰਯਾਨ-3 ਇਕ ਮੀਲ ਦਾ ਪੱਥਰ ਹੈ ਅਤੇ ਪੂਰਾ ਦੇਸ਼ ਇਸ ਨੂੰ ਲੈ ਕੇ ਉਤਸ਼ਾਹਿਤ ਹੈ। ਇਹ ਭਾਰਤ ਲਈ ਇਕ ਜਿੱਤ ਹੈ ਜੋ ਪੁਲਾੜ ਤਕਨਾਲੋਜੀ ਦੇ ਇਸ ਅਹਿਮ ਖੇਤਰ ’ਚ ਪੱਛੜ ਕੇ ਸ਼ੁਰੂ ਹੋਈ। ਅੱਜ ਭਾਰਤ ਕੌਮਾਂਤਰੀ ਮੁੱਦਿਆਂ ’ਤੇ ਅਗਵਾਈ ਕਰਨ ਦੀ ਸਮਰੱਥਾ ਦੇ ਨਾਲ ਆਪਣੀ ਸਥਿਤੀ ਦੀ ਪੁਸ਼ਟੀ ਕਰਦਾ ਹੈ ਭਾਵੇਂ ਉਹ ਪੁਲਾੜ, ਸਵੱਛ ਊਰਜਾ ਜਾਂ ਪੌਣ-ਪਾਣੀ ਸਬੰਧੀ ਚਿੰਤਾ ਹੋਵੇ।

ਵਿਗਿਆਨਕ ਭਾਈਚਾਰੇ ਦੇ ਦ੍ਰਿਸ਼ਟੀਕੋਣ ਤੋਂ ਇਹ ਉਤਸਵ ਉਸ ਪ੍ਰਗਤੀ ਦਾ ਪ੍ਰਤੀਬਿੰਬ ਹੈ ਜੋ ਚੰਦਰਮਾ ਦੇ ਭੇਤਾਂ ਨੂੰ ਉਜਾਗਰ ਕਰਨ ਸਬੰਧੀ ਕੀਤੀ ਗਈ ਹੈ। ਇਕ ਆਮ ਆਦਮੀ ਦੇ ਦ੍ਰਿਸ਼ਟੀਕੋਣ ਤੋਂ ਇਹ ਉਨ੍ਹਾਂ ਭੇਤਾਂ ਅਤੇ ਕਲਪਨਾਵਾਂ ਦੇ ਪਿੱਛੇ ਰੋਮਾਨੀਅਤ ਦਾ ਵਧੇਰੇ ਅਸਰ ਹੋ ਸਕਦਾ ਹੈ ਜਿਨ੍ਹਾਂ ਨੇ ਇਸ ਨੂੰ ਬਚਪਨ ਤੋਂ ਹੀ ਲੋਕ-ਗੀਤ, ਸਿਨੇਮਾ ਅਤੇ ਗੀਤਾਂ ਨਾਲ ਮੰਤਰਮੁਗਧ ਕਰ ਦਿੱਤਾ ਹੈ।

ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਇਹ ਉਨ੍ਹਾਂ ਅਸਲ ਤੱਤਾਂ ਦੀ ਖੋਜ ’ਚ ਇਕ ਤਰੱਕੀ ਹੈ ਜੋ ਚੰਦਰਮਾ ਦੇ ਸਮੁੱਚੇ ਪਰਿਵੇਸ਼ ਨੂੰ ਨਿਰਧਾਰਿਤ ਕਰਦੀ ਹੈ। ਉਦਾਹਰਣ ਵਜੋਂ ਚੰਦਰਯਾਨ-1 ਨੇ ਸਾਨੂੰ ਖਣਿਜ ਤੱਤਾਂ ’ਚ ਨਿਹਿਤ ਪਾਣੀ ਦੇ ਅਣੂ ਦੀ ਮੌਜੂਦਗੀ ਦਾ ਸਬੂਤ ਦਿੱਤਾ ਜੋ ਉੱਥੇ ਮਨੁੱਖੀ ਜੀਵਨ ਦੀ ਅਨੁਕੂਲਤਾ ਜਾਂ ਸੰਭਾਵਨਾ ਦਾ ਸੂਚਕ ਹੈ। ਇਸ ਸਬੰਧ ’ਚ ਇਹ ਮਿਸ਼ਨ ਕੰਮ ਕਰੇਗਾ।

ਜਿੱਥੋਂ ਤੱਕ ਚੰਦਰਮਾ ਦੀ ਯਾਤਰਾ ਦਾ ਸਵਾਲ ਹੈ, ਮੈਨੂੰ ਲੱਗਦਾ ਹੈ ਕਿ ਇਸ ਨੇ ਭਾਰਤ ਨੂੰ 3 ਜਾਂ 4 ਦੇਸ਼ਾਂ ਦੀ ਚੋਟੀ ਦੀ ਲੀਗ ’ਚ ਲਿਆ ਦਿੱਤਾ ਹੈ। ਜਿਸ ਗੱਲ ’ਤੇ ਅਕਸਰ ਕੁਝ ਵੀ ਨਹੀਂ ਕਿਹਾ ਜਾਂਦਾ, ਉਹ ਇਹ ਹੈ ਕਿ ਵਧੇਰੇ ਦੇਸ਼ ਪਹਿਲੇ ਯਤਨ ’ਚ ਸਫਲ ਨਹੀਂ ਹੋਏ ਹਨ ਭਾਵ ਭਾਰਤ ਦਾ ਮਨੁੱਖੀ ਸੋਮਾ ਅਤੇ ਸਮਰੱਥਾ ਕਈ ਪੱਖੋਂ ਦੂਜਿਆਂ ਤੋਂ ਅੱਗੇ ਹਨ।

ਸਾਡੇ ਕੋਲ ਸ਼ਾਇਦ ਇਕ ਸਮਰੱਥ ਵਾਤਾਵਰਣ ਦੀ ਕਮੀ ਸੀ ਅਤੇ ਮੈਂ ਪੂਰੇ ਵਿਗਿਆਨਕ ਭਾਈਚਾਰੇ ਵੱਲੋਂ ਕਹਿ ਰਿਹਾ ਹਾਂ ਕਿ ਅਸੀਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਉਨ੍ਹਾਂ ਦੇ ਬਿਨਾਂ ਇਹ ਸੰਭਵ ਨਹੀਂ ਹੋ ਸਕਣਾ ਸੀ। ਉਨ੍ਹਾਂ ਕੋਲੋਂ ਸਾਨੂੰ ਜੋ ਸਰਪ੍ਰਸਤੀ, ਉਤਸ਼ਾਹ ਅਤੇ ਆਜ਼ਾਦੀ ਮਿਲੀ ਹੈ, ਉਹ ਵਰਨਣਯੋਗ ਹੈ।

ਕੁਝ ਸਾਲ ਪਹਿਲਾਂ ਤਕ ਸ਼੍ਰੀਹਰੀਕੋਟਾ ਅਤੇ ਇਸਰੋ ’ਤੇ ਦੁਨੀਆ ਦੇ ਬਾਕੀ ਹਿੱਸਿਆਂ ’ਚ ਪਾਬੰਦੀ ਲੱਗੀ ਹੋਈ ਸੀ। ਹੁਣ ਜਿਸ ਤਰ੍ਹਾਂ ਉਹ ਜਸ਼ਨ ਮਨਾ ਰਹੇ ਹਨ, ਪੂਰੀ ਦੁਨੀਆ ਉਨ੍ਹਾਂ ਦੀ ਸ਼ਲਾਘਾ ਕਰ ਰਹੀ ਹੈ। ਫਿਰ ਭਾਵੇਂ ਉਹ ਸਕੂਲੀ ਬੱਚੇ ਹੋਣ ਜਾਂ ਘਰੇਲੂ ਔਰਤਾਂ, ਨੌਜਵਾਨ ਹੋਣ ਜਾਂ ਮੀਡੀਆ ਵਾਲੇ ਹੋਣ, ਉਹ ਇਸ ਮਿਸ਼ਨ ਦੀ ਜ਼ਿੰਮੇਵਾਰੀ ਲੈ ਸਕਦੇ ਹਨ ਕਿਉਂਕਿ ਉਹ ਇਸ ਦੇ ਸੰਪਰਕ ’ਚ ਸਨ। ਸ਼੍ਰੀਹਰੀਕੋਟਾ ਦੇ ਦਰਵਾਜ਼ੇ ਪ੍ਰਧਾਨ ਮੰਤਰੀ ਮੋਦੀ ਵਲੋਂ ਖੋਲ੍ਹ ਦਿੱਤੇ ਗਏ ਸਨ। ਜਦੋਂ 14 ਜੁਲਾਈ ਨੂੰ ਇਸ ਦੀ ਲਾਂਚਿੰਗ ਹੋਈ ਤਾਂ ਸਾਡੇ ਕੰਪਲੈਕਸ ’ਚ 1000 ਤੋਂ ਵੱਧ ਮੀਡੀਆ ਵਾਲੇ ਮੌਜੂਦ ਸਨ। ਇਹ ਉਹੀ ਸ਼੍ਰੀਹਰੀਕੋਟਾ ਹੈ ਜਿਸ ਨੇ ਮੀਡੀਆ ਵਾਲਿਆਂ ’ਤੇ ਜਾਂ ਕਿਸੇ ਹੋਰ ’ਤੇ ਪਾਬੰਦੀ ਲਾ ਦਿੱਤੀ ਸੀ।

ਸਾਡੇ ਕੋਲ ਪਹਿਲਾਂ ਤੋਂ ਹੀ 150 ਤੋਂ ਵੱਧ ਸਟਾਰਟਅਪ ਹਨ ਅਤੇ ਉਨ੍ਹਾਂ ’ਚੋਂ ਕੁਝ ਨੇ ਆਪਣੀਆਂ ਯੋਜਨਾਵਾਂ ਨਾਲ ਚੰਗੀ ਕਿਸਮਤ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਜਿੱਥੋਂ ਤੱਕ ਸ਼੍ਰੀਹਰੀਕੋਟਾ ਅਤੇ ਉਸ ਦੇ ਸਭ ਕੰਮਾਂ ਦਾ ਸਬੰਧ ਹੈ, ਉੱਥੇ ਅਪਣੇਪਨ ਦੀ ਭਾਵਨਾ ਹੈ।

ਪੁਲਾੜ ਤੱਕ ਪਹੁੰਚਣ ਦੀ ਸਾਡੀ ਸਮਰੱਥਾ ਹੁਣ ਸ਼ੱਕ ਤੋਂ ਪਰ੍ਹੇ ਸਾਬਤ ਹੋ ਗਈ ਹੈ ਕਿਉਂਕਿ ਪ੍ਰਧਾਨ ਮੰਤਰੀ ਨੇ ਖੁਦ ਕਿਹਾ ਹੈ ਕਿ ਪੁਲਾੜ ਕੋਈ ਹੱਦ ਨਹੀਂ ਹੈ। ਇਸ ਲਈ ਅਸੀਂ ਬ੍ਰਹਿਮੰਡ ਦੇ ਅਣਛੂਹੇ ਖੇਤਰਾਂ ਦੀ ਖੋਜ ਲਈ ਪੁਲਾੜ ਤੋਂ ਅੱਗੇ ਨਿਕਲ ਗਏ ਹਾਂ। ਦੂਜਾ ਹਿੱਸਾ, ਜੋ ਮੈਨੂੰ ਲੱਗਦਾ ਹੈ ਕਿ ਭਾਰਤ ਲਈ ਕਾਫੀ ਅਨੋਖਾ ਹੈ, ਉਹ ਇਹ ਕਿ ਪਿਛਲੇ 8 ਸਾਲਾਂ ’ਚ ਖਾਸ ਕਰ ਕੇ ਪ੍ਰਧਾਨ ਮੰਤਰੀ ਦੇ ਆਉਣ ਤੋਂ ਬਾਅਦ ਸਾਨੂੰ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਖੇਤਰਾਂ ’ਚ ਪੁਲਾੜ ਤਕਨਾਲੋਜੀ ਨੂੰ ਲਾਗੂ ਕਰਨ ਦੀ ਆਗਿਆ ਦਿੱਤੀ ਗਈ ਹੈ।

ਚੰਦਰਯਾਨ ਦੀ ਲਾਗਤ ਲਗਭਗ 600 ਕਰੋੜ ਰੁਪਏ ਹੈ ਜਦੋਂ ਕਿ ਕੁਝ ਕਲਿਆਣਕਾਰੀ ਯੋਜਨਾਵਾਂ ਦੀ ਲਾਗਤ ਇਸ ਤੋਂ ਕਿਤੇ ਵੱਧ ਹੈ। ਭਾਰਤੀ ਸੰਦਰਭ ’ਚ ਪੁਲਾੜ ਤਕਨਾਲੋਜੀ ਦਾ ਮਤਲਬ ਸਿਰਫ ਰਾਕੇਟ ਯੋਜਨਾ ਨਹੀਂ ਹੈ। ਇਹ ਲਗਭਗ ਅੱਜ ਹਰ ਭਾਰਤੀ ਮੰਤਰਾਲਾ ਅਤੇ ਵਿਭਾਗ ’ਚ ਦਾਖਲ ਹੋ ਚੁੱਕੀ ਹੈ।

ਪਿਛਲੇ 8-9 ਸਾਲਾਂ ’ਚ ਬੁਨਿਆਦੀ ਢਾਂਚੇ ਦੇ ਵਿਕਾਸ ’ਚ ਪੁਲਾੜ ਤਕਨਾਲੋਜੀ ਦੀ ਸਭ ਤੋਂ ਵੱਧ ਵਧੀਆ ਢੰਗ ਨਾਲ ਵਰਤੋਂ ਕੀਤੀ ਗਈ ਹੈ ਜੋ ਬਰਤਾਨੀਆ ਜਾਂ ਅਮਰੀਕਾ ਵਰਗੇ ਦੇਸ਼ਾਂ ’ਚ ਵੀ ਨਹੀਂ ਕੀਤੀ ਗਈ। ਉਕਤ ਦੇਸ਼ਾਂ ’ਚ ਇਹ ਤਜਰਬਿਆਂ ਅਤੇ ਰਾਕੇਟ ਤੇ ਪੁਲਾੜ ਗੱਡੀ ਨੂੰ ਭੇਜਣ ਤੱਕ ਸੀਮਤ ਹੈ। ਇਹ ਵਿਸ਼ੇਸ਼ ਰੂਪ ਨਾਲ ਇਕ ਵਿਕਾਸਸ਼ੀਲ ਦੇਸ਼ ਲਈ ਇਕ ਪ੍ਰਾਪਤੀ ਹੈ ਕਿਉਂਕਿ ਉਹ ਨਾ ਸਿਰਫ ਲਾਗਤ ਪ੍ਰਭਾਵੀ ਸਾਬਤ ਹੁੰਦੀ ਹੈ ਸਗੋਂ ਵਿਕਾਸ ਦੀ ਰਫਤਾਰ ਨੂੰ ਵੀ ਤੇਜ਼ ਕਰਦੀ ਹੈ। ਇਸਰੋ ਸੀਮਤ ਬਜਟ ’ਤੇ ਕੰਮ ਕਰ ਰਿਹਾ ਹੈ। ਕੁਝ ਮਿਸ਼ਨਾਂ ਲਈ ਲਾਗਤ ਸਬੰਧੀ ਰੁਕਾਵਟਾਂ ਹਨ।

ਇਸਰੋ ਕੋਲ ਕੁਝ ਹੱਦ ਤੱਕ ਪੈਸਿਆਂ ਦੀ ਕਮੀ ਸੀ। ਅਸੀਂ ਮਨੁੱਖੀ ਸੋਮਿਆਂ ਨਾਲ ਇਸ ਦੀ ਪੂਰਤੀ ਕੀਤੀ ਕਿਉਂਕਿ ਜਨੂੰਨ ਅਤੇ ਪ੍ਰਤੀਬੱਧਤਾ ਬਹੁਤ ਵਧੇਰੇ ਸੀ। ਜੇ ਤੁਸੀਂ ਡਾ. ਵਿਕਰਮ ਸਾਰਾਭਾਈ ਅਤੇ ਇਸਰੋ ਵਿਗਿਆਨੀਆਂ ਦੀਆਂ ਸਾਈਕਲ ’ਤੇ ਅਸੈਂਬਲੀ ਲਈ ਰਾਕੇਟ ਦੇ ਪੁਰਜ਼ੇ ਲਿਜਾਂਦੇ ਹੋਏ ਫੋਟੋਆਂ ਦੇਖੋਗੇ ਤਾਂ ਤੁਸੀਂ ਸਮਝ ਜਾਓਗੇ ਕਿ ਉਹ ਅੱਗੇ ਵਧਣ ’ਤੇ ਅੜੇ ਹੋਏ ਸਨ। ਇਸ ਲਈ ਅਸੀਂ ਆਪਣੇ ਜਨੂੰਨ ਅਤੇ ਪ੍ਰਤੀਬੱਧਤਾ ਨਾਲ ਉਸ ਚੀਜ਼ ਦੀ ਪੂਰਤੀ ਕੀਤੀ ਜੋ ਸਾਡੇ ਕੋਲ ਆਰਥਿਕ ਪੱਖੋਂ ਨਹੀਂ ਸੀ।

ਹੁਣੇ ਜਿਹੇ ਹੀ ਸੰਸਦ ਵੱਲੋਂ ਪਾਸ ਖੋਜ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ ਦਾ ਕਦਮ ਅਗਲੇ 5 ਸਾਲ ’ਚ ਖੋਜ ਅਤੇ ਵਿਕਾਸ ਨੂੰ ਹੱਲਾਸ਼ੇਰੀ ਦੇਣ ਲਈ 50 ਹਜ਼ਾਰ ਕਰੋੜ ਰੁਪਏ ਨਿਰਧਾਰਿਤ ਕਰਦਾ ਹੈ। ਇਸ ’ਚੋਂ ਲਗਭਗ 36 ਹਜ਼ਾਰ ਕਰੋੜ ਰੁਪਏ ਨਿੱਜੀ ਸੋਮਿਆਂ ਤੋਂ ਜੁਟਾਏ ਜਾਣਗੇ। ਜੇ ਅਸੀਂ ਇਸ ਤੋਂ ਅੱਗੇ ਜਾਣਾ ਹੈ ਤਾਂ ਸਾਨੂੰ ਪੈਸਿਆਂ ਦੀ ਕਮੀ ਨਾਲ ਨਹੀਂ ਬੰਨ੍ਹਿਆ ਜਾ ਸਕਦਾ। ਇਹ ਇਕ ਸੀਮਤ ਕਾਰਕ ਨਹੀਂ ਹੋ ਸਕਦਾ। ਜੇ ਅਜਿਹਾ ਕਰਨਾ ਹੈ ਤਾਂ ਅਸੀਂ ਸਭ ਕੁਝ ਸਰਕਾਰੀ ਸੋਮਿਆਂ ’ਤੇ ਨਹੀਂ ਛੱਡ ਸਕਦੇ ਕਿਉਂਕਿ ਇਸ ਦੀਆਂ ਆਪਣੀਆਂ ਹੱਦਾਂ ਹਨ।

ਸਾਨੂੰ ਸਭ ਨੂੰ ਤਾਲਮੇਲ ਬਿਠਾਉਣਾ ਹੋਵੇਗਾ। ਪੁਰਾਣਾ ਯੁੱਗ ਖਤਮ ਹੋ ਗਿਆ ਹੈ। ਨਿੱਜੀ ਅਤੇ ਜਨਤਕ ਖੇਤਰ ਦਰਮਿਆਨ ਦਾ ਫਰਕ ਹੌਲੀ-ਹੌਲੀ ਦੂਰ ਹੋ ਰਿਹਾ ਹੈ। ਜੇ ਤੁਸੀਂ ਅਮਰੀਕਾ ’ਚ ਪੁਲਾੜ ਖੇਤਰ ਨੂੰ ਵੇਖੋਗੇ ਤਾਂ ਬਹੁਤ ਕੁਝ ਨਿੱਜੀ ਖੇਤਰ ਵੱਲੋਂ ਸੰਭਾਲਿਆ ਜਾ ਰਿਹਾ ਹੈ। ਅਸੀਂ ਵੀ ਉਸ ਦਿਸ਼ਾ ’ਚ ਅੱਗੇ ਵਧ ਰਹੇ ਹਾਂ ਕਿਉਂਕਿ ਹੁਣ ਅਸੀਂ ਕੌਮਾਂਤਰੀ ਮੁਕਾਬਲੇਬਾਜ਼ੀ ਨੂੰ ਪ੍ਰਵਾਨ ਕਰਨ ਅਤੇ ਕੌਮਾਂਤਰੀ ਪੈਮਾਨਿਆਂ ’ਤੇ ਖਰਾ ਉਤਰਨ ਦੀ ਹਾਲਤ ’ਚ ਹਾਂ।

ਡਾ. ਜਿਤੇਂਦਰ ਸਿੰਘ (ਕੇਂਦਰੀ ਰਾਜ ਮੰਤਰੀ (ਆਜ਼ਾਦ ਵਿਭਾਗ), ਵਿਗਿਆਨ ਤੇ ਟੈਕਨਾਲੋਜੀ)


author

Rakesh

Content Editor

Related News