ਕੀ ਆਰਟੀਕਲ-370 ਪਟੇਲ ਦਾ ਅਧੂਰਾ ਸੁਪਨਾ ਸੀ

11/17/2019 1:34:30 AM

ਕਰਨ ਥਾਪਰ

ਇਤਿਹਾਸ ਬਾਰੇ ਮੈਂ ਇਸ ਗੱਲ ਨੂੰ ਬਹੁਤ ਪਸੰਦ ਕਰਦਾ ਹਾਂ ਕਿ ਅਜਿਹੀ ਕੋਈ ਵੀ ਘਟਨਾ, ਜਿਸ ਨੂੰ ਅਸੀਂ ਨਾ ਯਾਦ ਰੱਖ ਸਕੀਏ ਕਿ ਉਹ ਕਿਵੇਂ ਵਾਪਰੀ ਜਾਂ ਫਿਰ ਇਸ ਨੂੰ ਕਿਸ ਨੇ ਜਨਮ ਦਿੱਤਾ, ਉਦੋਂ ਅਸੀਂ ਕੋਈ ਵੀ ਕਹਾਣੀ ਬਣਾ ਲੈਂਦੇ ਹਾਂ ਅਤੇ ਇਸ ਨੂੰ ਤੱਥਾਂ ਦੇ ਹਿਸਾਬ ਨਾਲ ਪੇਸ਼ ਕਰ ਦਿੰਦੇ ਹਾਂ। ਜੇ ਤੁਸੀਂ ਇਸ ਦਾ ਜ਼ਿਕਰ ਜਨਤਕ ਜਾਂ ਫਿਰ ਬਹੁਤ ਉੱਚਾ ਬੋਲ ਕੇ ਕਰ ਦਿੰਦੇ ਹੋ, ਉਦੋਂ ਇਸ ਵਿਚ ਖਤਰਾ ਰਹਿੰਦਾ ਹੈ। ਕੀ ਇਹ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਨਾਲ ਵੀ 31 ਅਕਤੂਬਰ ਨੂੰ ਹੋਇਆ, ਜਦੋਂ ਉਨ੍ਹਾਂ ਨੇ ਆਰਟੀਕਲ-370 ਨੂੰ ਹਟਾਉਣ ਲਈ ਆਪਣੀ ਸ਼ਲਾਘਾ ਕੀਤੀ। ਮੈਨੂੰ ਤੁਹਾਡੇ ਸਾਹਮਣੇ ਤੱਥਾਂ ਨੂੰ ਰੱਖਣਾ ਪਵੇਗਾ, ਉਦੋਂ ਤੁਸੀਂ ਇਸ ਬਾਰੇ ਕੋਈ ਨਿਆਂਪੂਰਨ ਗੱਲ ਕਰ ਸਕੋਗੇ।

ਸਰਦਾਰ ਵੱਲਭ ਭਾਈ ਪਟੇਲ ਅਤੇ ਆਰਟੀਕਲ-370

ਦਿੱਲੀ ਵਿਚ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ, ‘‘ਜਦ ਆਰਟੀਕਲ-370 ਨੂੰ ਖਤਮ ਕੀਤਾ ਗਿਆ, ਉਦੋਂ ਸਰਦਾਰ ਵੱਲਭ ਭਾਈ ਪਟੇਲ ਦਾ ਅਧੂਰਾ ਸੁਪਨਾ ਪੂਰਾ ਕੀਤਾ ਗਿਆ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਜ਼ਿਆਦਾ ਹੀ ਉਤਸ਼ਾਹਿਤ ਨਜ਼ਰ ਆਏ। ਉਨ੍ਹਾਂ ਕਿਹਾ, ‘‘ਪਟੇਲ ਤੋਂ ਉਨ੍ਹਾਂ ਨੂੰ ਪ੍ਰੇਰਨਾ ਮਿਲੀ ਕਿ ਆਰਟੀਕਲ-370 ਨੂੰ ਖਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੇਰਾ ਇਹ ਫੈਸਲਾ ਸਰਦਾਰ ਸਾਹਿਬ ਨੂੰ ਸਮਰਪਿÇਤ ਹੈ।’’ ਮੋਦੀ ਅਤੇ ਸ਼ਾਹ ਨੇ ਸਰਦਾਰ ਵੱਲਭ ਭਾਈ ਪਟੇਲ, ਜੋ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਅਤੇ ਆਜ਼ਾਦ ਭਾਰਤ ਦੇ ਪਹਿਲੇ ਉਪ-ਪ੍ਰਧਾਨ ਮੰਤਰੀ ਸਨ, ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਟੇਲ ਆਰਟੀਕਲ-370 ਦੇ ਵਿਰੋਧ ਵਿਚ ਸਨ ਅਤੇ ਇਸ ਨੂੰ ਖਤਮ ਕਰਨਾ ਚਾਹੁੰਦੇ ਸਨ। ਇਹ ਉਨ੍ਹਾਂ ਦਾ ਅਧੂਰਾ ਸੁਪਨਾ ਵੀ ਸੀ। ਇਹੀ ਕਾਰਣ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੇ ਫੈਸਲੇ ਨੂੰ ਪਟੇਲ ਨੂੰ ਸਮਰਪਿਤ ਕੀਤਾ। ਯਾਦ ਰਹੇ ਕਿ ਉਹ 31 ਅਕਤੂਬਰ ਨੂੰ ਪਟੇਲ ਦੀ ਜੈਅੰਤੀ ’ਤੇ ਬੋਲ ਰਹੇ ਸਨ।

ਆਓ, ਹੁਣ ਦੇਖੀਏ ਕਿ ਕਿਵੇਂ ਇਤਿਹਾਸ ਵਿਚ ਸਰਦਾਰ ਪਟੇਲ ਨੇ ਆਰਟੀਕਲ-370 ’ਤੇ ਆਪਣਾ ਪੱਖ ਰੱਖਿਆ। ‘ਵਾਰ ਐਂਡ ਪੀਸ ਇਨ ਮਾਡਰਨ ਇੰਡੀਆ : ਏ ਸਟ੍ਰੈਟਜਿਕ ਹਿਸਟਰੀ ਆਫ ਨਹਿਰੂ ਯੀਅਰਸ’ ਦੇ ਲੇਖਕ ਅਤੇ ਅਸ਼ੋਕਾ ਯੂਨੀਵਰਸਿਟੀ ਦੇ ਪ੍ਰੋ. ਸ਼੍ਰੀਨਾਥ ਰਾਘਵਨ ਦਾ ਕਹਿਣਾ ਹੈ ਕਿ ਆਰਟੀਕਲ-370 ਨੂੰ ਡਰਾਫਟ ਕਰਨ ਲਈ ਬੁਲਾਈ ਗਈ ਪਹਿਲੀ ਬੈਠਕ ਸਰਦਾਰ ਪਟੇਲ ਦੇ ਘਰ ’ਚ ਹੀ 15-16 ਮਈ 1949 ਨੂੰ ਹੋਈ ਸੀ। ਰਾਘਵਨ ਦਾ ਕਹਿਣਾ ਹੈ ਕਿ ਜਦ ਐੱਨ. ਜੀ. ਅਯੰਗਰ, ਜੋ ਜੰਮੂ-ਕਸ਼ਮੀਰ ਦੇ ਪ੍ਰਧਾਨ ਮੰਤਰੀ (ਜਿਵੇਂ ਕਿ ਉਸ ਸਮੇਂ ਕਿਹਾ ਜਾਂਦਾ ਸੀ) ਸ਼ੇਖ ਅਬਦੁੱਲਾ ਦੇ ਨਾਲ ਗੱਲਬਾਤ ਲਈ ਜ਼ਿੰਮੇਵਾਰ ਸਨ, ਨੇ ਇਕ ਡਰਾਫਟ ਲੈਟਰ ਨਹਿਰੂ ਲਈ ਤਿਆਰ ਕੀਤਾ, ਜੋ ਅਬਦੁੱਲਾ ਨੂੰ ਭੇਜਿਆ ਜਾਣਾ ਸੀ। ਇਸ ਵਿਚ ਸਮਝੌਤਿਆਂ ਬਾਰੇ ਲਿਖਿਆ ਗਿਆ ਸੀ। ਇਹ ਡਰਾਫਟ ਲੈਟਰ ਪਹਿਲਾਂ ਸਰਦਾਰ ਪਟੇਲ ਨੂੰ ਭੇਜਿਆ ਗਿਆ, ਜਿਸ ਵਿਚ ਇਹ ਲਿਖਿਆ, ‘‘ਕੀ ਤੁਸੀਂ ਕ੍ਰਿਪਾ ਕਰਕੇ ਪੰ. ਜਵਾਹਰ ਲਾਲ ਨਹਿਰੂ ਨੂੰ ਆਪਣੀ ਇਜਾਜ਼ਤ ਬਾਰੇ ਸਿੱਧੇ ਤੌਰ ’ਤੇ ਦੱਸੋਗੇ। ਉਹ ਸ਼ੇਖ ਅਬਦੁੱਲਾ ਨੂੰ ਇਹ ਲੈਟਰ ਜਾਰੀ ਕਰਨਗੇ ਪਰ ਉਸ ਤੋਂ ਪਹਿਲਾਂ ਤੁਹਾਡੀ ਮਨਜ਼ੂਰੀ ਮਿਲਣੀ ਚਾਹੀਦੀ ਹੈ।’’ ਆਓ, ਇਸ ਲੈਟਰ ਬਾਰੇ ਵਿਚਾਰ ਕਰੀਏ। ਇਸ ਲੈਟਰ ਵਿਚ ਕਿਹਾ ਗਿਆ ਹੈ ਕਿ ਨਹਿਰੂ ਸ਼ੇਖ ਅਬਦੁੱਲਾ ਨੂੰ ਇਹ ਦੱਸਣਗੇ ਕਿ ਉਨ੍ਹਾਂ ਦਾ ਕਸ਼ਮੀਰ ਮੁੱਦਿਆਂ ’ਤੇ ਆਰਟੀਕਲ-370 ਸਮੇਤ ਇਕ ਸਮਝੌਤਾ ਅਤੇ ਉਸ ਦੀਆਂ ਧਾਰਾਵਾਂ ਤੈਅ ਹੋਈਆਂ ਹਨ, ਜੋ ਪਟੇਲ ਦੇ ਨਾਲ ਸਮਝੌਤੇ ਤੋਂ ਬਾਅਦ ਲਿਖਿਆ ਗਿਆ ਹੈ। ਇਸ ਤਰ੍ਹਾਂ ਪਟੇਲ ਨੂੰ ਇਕ ਵੀਟੋ ਮਿਲ ਗਿਆ। ਜੇ ਪਟੇਲ ਇਹ ਕਹਿੰਦੇ ਕਿ ਉਹ ਨਹਿਰੂ ਤੋਂ ਖੁਸ਼ ਨਹੀਂ ਤਾਂ ਉਨ੍ਹਾਂ ਨੇ ਸ਼ੇਖ ਨੂੰ ਆਪਣੀ ਮਨਜ਼ੂਰੀ ਬਾਰੇ ਇਹ ਲਿਖਿਆ ਨਾ ਹੁੰਦਾ। ਮੇਰਾ ਮੰਨਣਾ ਹੈ ਕਿ ਕਿਉਂ ਰਾਘਵਨ ਨੇ ਟੈਲੀਗ੍ਰਾਫ (13 ਅਗਸਤ 2019) ਨੂੰ ਦੱਸਿਆ ਕਿ ਆਰਟੀਕਲ-370 ਸਰਦਾਰ ਪਟੇਲ ਦੇ ਸੂਤਰੀਕਰਨ ਵਲੋਂ ਹੀ ਤੈਅ ਹੋਇਆ ਸੀ। ਰਾਘਵਨ ਦਾ ਕਹਿਣਾ ਹੈ ਕਿ ਪਟੇਲ ਨੇ ਹੀ ਕਾਂਗਰਸ ਲੈਜਿਸਲੇਟਿਵ ਪਾਰਟੀ (ਸੀ. ਐੱਲ. ਪੀ.) ਨੂੰ ਆਰਟੀਕਲ-370 ਨੂੰ ਮੰਨਣ ਲਈ ਜ਼ੋਰ ਪਾਇਆ ਸੀ ਕਿਉਂਕਿ 1949 ’ਚ ਉਹ ਬਹੁਮਤ ਵਿਚ ਸੀ, ਇਸ ਦਾ ਮਤਲਬ ਹੈ ਕਿ ਪਟੇਲ ਨੇ ਅਸੈਂਬਲੀ ਨੂੰ ਇਸ ਨੂੰ ਮੰਨਣ ਲਈ ਸਮਝਾਇਆ।

ਕਸ਼ਮੀਰ ਨੂੰ ਵਿਸ਼ੇਸ਼ ਦਰਜਾ

ਆਓ, ਮੈਂ ਤੁਹਾਨੂੰ ਪਟੇਲ ਦੇ ਆਰਟੀਕਲ-370 ਪ੍ਰਤੀ ਰਵੱਈਏ ਨੂੰ ਇਕ ਹੋਰ ਸ੍ਰੋਤ ਨਾਲ ਸਮਝਾਉਂਦਾ ਹਾਂ। ਮੈਨੂੰ ਰਾਜਮੋਹਨ ਗਾਂਧੀ ਦੀ ਕਿਤਾਬ ‘ਪਟੇਲ ਕਾਲਡ ਪਟੇਲ : ਏ ਲਾਈਫ’ ਦਾ ਜ਼ਿਕਰ ਕਰਨਾ ਪਵੇਗਾ। ਇਥੇ ਪਟੇਲ ਦੇ 1949 ਵਿਚ ਲਏ ਗਏ ਫੈਸਲੇ ਬਾਰੇ ਗਾਂਧੀ ਨੇ ਜੋ ਕਿਹਾ ਹੈ, ਉਹ ਵੀ ਮਹੱਤਵ ਰੱਖਦਾ ਹੈ। ਨਹਿਰੂ ਉਸ ਸਮੇਂ ਵਿਦੇਸ਼ ਵਿਚ ਸਨ, ਜਦ ਸੰਵਿਧਾਨਿਕ ਸਭਾ ਕਸ਼ਮੀਰ ’ਤੇ ਗੱਲਬਾਤ ਕਰ ਰਹੀ ਸੀ। ਸਰਦਾਰ ਪਟੇਲ, ਜੋ ਉਸ ਸਮੇਂ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਤੌਰ ’ਤੇ ਕੰਮ ਕਰ ਰਹੇ ਸਨ, ਨੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੱਤੇ ਜਾਣ ਦੀ ਗੱਲ ਚੁੱਪਚਾਪ ਮੰਨ ਲਈ, ਜਿਸ ਵਿਚ ਕਸ਼ਮੀਰ ਨੂੰ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਵੀ ਸ਼ਾਮਿਲ ਸਨ, ਜੋ ਪੰ. ਜਵਾਹਰ ਲਾਲ ਨਹਿਰੂ ਦੇ ਵਿਦੇਸ਼ ਜਾਣ ਤੋਂ ਪਹਿਲਾਂ ਮੰਨ ਲਈਆਂ ਗਈਆਂ ਸਨ। ਗਾਂਧੀ ਨੇ ਲਿਖਿਆ ਹੈ ਕਿ ਅਬਦੁੱਲਾ ਨੇ ਇਨ੍ਹਾਂ ਰਿਆਇਤਾਂ ਲਈ ਦਬਾਅ ਪਾਇਆ ਅਤੇ ਸਰਦਾਰ ਪਟੇਲ ਉਨ੍ਹਾਂ ਦੇ ਰਸਤੇ ਵਿਚ ਖੜ੍ਹੇ ਨਹੀਂ ਹੋ ਸਕੇ। ਪਟੇਲ ਨੇ ਮੰਨਿਆ ਕਿ ਇਹ ਰਿਆਇਤਾਂ ਨਹਿਰੂ ਦੀਆਂ ਕਾਮਨਾਵਾਂ ਨੂੰ ਪੇਸ਼ ਕਰਦੀਆਂ ਹਨ, ਜਿਨ੍ਹਾਂ ਦਾ ਉਹ ਆਪਣੀ ਗੈਰ-ਹਾਜ਼ਰੀ ਵਿਚ ਤਿਆਗ ਨਹੀਂ ਕਰਨਾ ਚਾਹੁੰਦੇ ਸਨ।

ਇਕ ਵਾਰ ਫਿਰ ਇਹ ਸੋਚਣ ਵਾਲੀ ਗੱਲ ਹੈ। ਪਹਿਲੀ ਇਹ ਕਿ ਪਟੇਲ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਚੁੱਪਚਾਪ ਢੰਗ ਨਾਲ ਦੇਣਾ ਚਾਹੁੰਦੇ ਸਨ, ਜੋ ਜਵਾਹਰ ਲਾਲ ਨਹਿਰੂ ਦੇ ਮੰਨਣ ਤੋਂ ਪਰ੍ਹੇ ਸੀ। ਦੂਜਾ, ਇਹ ਕਿ ਪਟੇਲ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਮੰਨਿਆ ਹੋਵੇਗਾ ਕਿ ਇਹ ਨਹਿਰੂ ਦੀ ਹੀ ਇੱਛਾ ਹੋਵੇਗੀ। ਪਟੇਲ ਨੇ ਸਖਤ ਤੌਰ ’ਤੇ ਅਜਿਹੀਆਂ ਰਿਆਇਤਾਂ ਨਾਲ ਅਸਹਿਮਤੀ ਨਹੀਂ ਜਤਾਈ।

ਈਮਾਨਦਾਰੀ ਨਾਲ ਰਾਜਮੋਹਨ ਗਾਂਧੀ ਨੇ ਅਜਿਹਾ ਰਿਕਾਰਡ ਕੀਤਾ ਹੈ ਕਿ ਪਟੇਲ ਨੇ ਮੁਸ਼ਕਿਲ ਦੀ ਭਵਿੱਖਬਾਣੀ ਕੀਤੀ ਹੋਵੇਗੀ ਕਿ ਜਵਾਹਰ ਲਾਲ ਨਹਿਰੂ ਰੋਵੇਗਾ। ਗਾਂਧੀ ਨੇ ਕਿਹਾ ਕਿ ਸ਼ਾਇਦ ਨਹਿਰੂ ਆਰਟੀਕਲ-370 ਉੱਤੇ ਪਛਤਾਉਂਦੇ ਹੋਣਗੇ ਪਰ ਪਟੇਲ ਹੀ ਸਨ, ਜਿਨ੍ਹਾਂ ਨੇ ਇਹ ਯਕੀਨੀ ਬਣਾਇਆ ਅਤੇ ਇਸ ਨੂੰ ਸੰਵਿਧਾਨ ਵਿਚ ਰੱਖਿਆ। ਉਨ੍ਹਾਂ ਨੇ ਇਹ ਵੀ ਇੰਤਜ਼ਾਰ ਨਹੀਂ ਕੀਤਾ ਕਿ ਕੀ ਨਹਿਰੂ ਅਸਲ ਵਿਚ ਅਜਿਹਾ ਚਾਹੁੰਦੇ ਹੋਣਗੇ। ਉਨ੍ਹਾਂ ਸਿਰਫ ਇਹੀ ਮੰਨਿਆ ਕਿ ਨਹਿਰੂ ਨੇ ਸ਼ਾਇਦ ਅਜਿਹਾ ਹੀ ਸੋਚਿਆ ਹੋਵੇਗਾ।

ਇਤਿਹਾਸ ਦੀਆਂ ਅਜਿਹੀਆਂ ਗੱਲਾਂ ਤੋਂ ਕੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਰਟੀਕਲ-370 ਪਟੇਲ ਦਾ ਅਧੂਰਾ ਸੁਪਨਾ ਸੀ? ਕੀ ਪਟੇਲ ਆਪਣੇ ਆਪ ਨੂੰ ਗੌਰਵਹੀਣ ਸਮਝ ਰਹੇ ਹੋਣਗੇ ਕਿ ਆਰਟੀਕਲ-370 ਦਾ ਹਟਣਾ ਉਨ੍ਹਾਂ ਦੀਆਂ ਯਾਦਾਂ ਨੂੰ ਸਮਰਪਿਤ ਹੈ।

ਮੈਨੂੰ ਦੋ ਹੋਰ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪੈਣਗੀਆਂ। ਰਾਜਮੋਹਨ ਗਾਂਧੀ ਦੀ ਜੀਵਨੀ ਦੇ ਪੰਨਾ ਨੰ. 517 ’ਚ ਇਹ ਖੁਲਾਸਾ ਹੋਇਆ ਹੈ ਕਿ ਇਹ ਪਟੇਲ ਹੀ ਸਨ, ਜਿਨ੍ਹਾਂ ਨੇ ਮਹਾਰਾਜਾ ਹਰੀ ਸਿੰਘ ਨੂੰ ਕਸ਼ਮੀਰ ਛੱਡਣ ਲਈ ਕਿਹਾ। ਹਰੀ ਸਿੰਘ ਨੇ ਇਹ ਗੱਲ ਮੰਨ ਲਈ, ਜਦੋਂ ਨਹਿਰੂ ਨੇ ਪਟੇਲ ’ਤੇ ਦਬਾਅ ਪਾਇਆ ਕਿ ਮਹਾਰਾਜਾ ਕਸ਼ਮੀਰ ਨੂੰ ਛੱਡ ਜਾਣ। ਗਾਂਧੀ ਨੇ ਮਹਾਰਾਜਾ ਹਰੀ ਸਿੰਘ ਦੇ ਬੇਟੇ ਕਰਣ ਸਿੰਘ ਦਾ ਵੀ ਜ਼ਿਕਰ ਕੀਤਾ ਹੈ, ਜੋ ਇਸ ਦੇ ਸਮਰਥਨ ਵਿਚ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਰਦਾਰ ਨੇ ਮੇਰੇ ਪਿਤਾ ਨੂੰ ਸਲੀਕੇ ਨਾਲ ਕਿਹਾ। ਇਸ ਤੋਂ ਬਾਅਦ ਮੇਰੇ ਪਿਤਾ ਹੈਰਾਨ ਰਹਿ ਗਏ। ਹਰੀ ਸਿੰਘ ਮੀਟਿੰਗ ’ਚੋਂ ਉੱਠ ਕੇ ਖੜ੍ਹੇ ਹੋ ਗਏ, ਜਦਕਿ ਮੇਰੀ ਮਾਂ ਆਪਣੇ ਹੰਝੂਆਂ ਨੂੰ ਰੋਕ ਨਾ ਸਕੀ।

ਦੂਜੀ ਅੰਦਰੂਨੀ ਗੱਲ ਵੀ ਦੱਸਣੀ ਲਾਜ਼ਮੀ ਹੈ। ਅਸੀਂ ਫਿਰੋਜ਼ ਵਿਨਸੈਂਟ ਦੇ ਆਰਟੀਕਲ, ਜੋ 13 ਅਗਸਤ ਨੂੰ ‘ਟੈਲੀਗ੍ਰਾਫ’ ਵਿਚ ਛਪਿਆ, ਦਾ ਜ਼ਿਕਰ ਕਰਦੇ ਹਾਂ। ਇਹ ਜਨਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਬਾਰੇ ਹੈ, ਜਿਸ ਤੋਂ ਭਾਜਪਾ ਨੇ ਜਨਮ ਲਿਆ। 7 ਅਗਸਤ 1952 ਨੂੰ ਲੋਕ ਸਭਾ ਵਿਚ ਮੁਖਰਜੀ ਨੇ ਕਿਹਾ ਕਿ ਇਹ ਕਿਹਾ ਜਾ ਰਿਹਾ ਹੈ ਕਿ ਮੈਂ ਪਾਰਟੀ ਵਿਚ ਸੀ, ਜਦੋਂ ਕਸ਼ਮੀਰ ਮੁੱਦਾ ਯੂ. ਐੱਨ. ਓ. ਵਿਚ ਲਿਜਾਣ ਬਾਰੇ ਫੈਸਲਾ ਲਿਆ ਗਿਆ। ਇਹ ਪਤਾ ਨਹੀਂ ਲੱਗਦਾ ਕਿ ਉਸ ਸਮੇਂ ਮੁਖਰਜੀ ਨਹਿਰੂ ਦੀ ਕੈਬਨਿਟ ਦੇ ਮੈਂਬਰ ਸਨ ਜਾਂ ਨਹੀਂ। ਉਨ੍ਹਾਂ ’ਚ ਮਤਭੇਦ ਸਨ, ਤਾਂ ਹੀ ਤਾਂ 1952 ਵਿਚ 2 ਵਰ੍ਹਿਆਂ ਬਾਅਦ ਉਹ ਨਹਿਰੂ ਤੋਂ ਵੱਖ ਹੋ ਗਏ ਅਤੇ ਇਕ ਸਾਲ ਬਾਅਦ ਉਨ੍ਹਾਂ ਨੇ ਭਾਰਤੀ ਜਨਸੰਘ ਦਾ ਗਠਨ ਕੀਤਾ ਤਾਂ ਹੀ ਤਾਂ ਉਨ੍ਹਾਂ ਨੇ ਲੋਕ ਸਭਾ ਵਿਚ ਕਿਹਾ ਕਿ ਮੇਰਾ ਕੋਈ ਅਧਿਕਾਰ ਨਹੀਂ ਅਤੇ ਮੈਂ ਉਨ੍ਹਾਂ ਗੱਲਾਂ ਨੂੰ ਦੱਸਣਾ ਨਹੀਂ ਚਾਹੁੰਦਾ, ਜਿਸ ਦੇ ਤਹਿਤ ਇਹ ਫੈਸਲਾ ਲਿਆ ਗਿਆ। ਮਹਾਨ ਲੋਕ ਹੀ ਇਤਿਹਾਸ ਰਚਦੇ ਹਨ। ਨੇਪੋਲੀਅਨ ਨੇ ਇਤਿਹਾਸ ਨੂੰ ਰੱਦ ਕਰਦਿਆਂ ਇਸ ਨੂੂੰ ਇਕ ਕਲਪਨਾ ਹੀ ਮੰਨਿਆ ਪਰ ਭਾਰਤ ’ਚ ਮਹਾਨ ਵਿਅਕਤੀ ਇਤਿਹਾਸ ਨੂੰ ਲਿਖ ਸਕਦੇ ਹਨ।

(karanthapar@itvindia.net)


Bharat Thapa

Content Editor

Related News