ਸੱਚ ਅਤੇ ਝੂਠ, ਵਿਗਿਆਨਕ ਅਤੇ ਗੈਰ-ਵਿਗਿਆਨਕ ਸੋਚ ਦਰਮਿਆਨ ‘ਜੰਗ’
Thursday, Nov 14, 2024 - 06:35 PM (IST)
ਭਾਰਤ ਅੰਦਰ ਅੱਜ ਹਰ ਖੇਤਰ ’ਚ ਵਿਚਾਰਧਾਰਾ ਦੀਆਂ ਦੋ ਪ੍ਰਸਪਰ ਵਿਰੋਧੀ ਧਾਰਾਵਾਂ ਕਾਰਜਸ਼ੀਲ ਹਨ। ਉਂਝ ਇਹ ਵਰਤਾਰਾ ਭਾਵੇਂ ਸੰਸਾਰ ਵਿਆਪੀ ਹੈ, ਪ੍ਰੰਤੂ ਸਾਡੇ ਮੁਲਕ ’ਚ ਇਨ੍ਹਾਂ ਧਾਰਾਵਾਂ ਦਾ ਸੁਭਾਅ ਤੇ ਨਿਸ਼ਾਨਾ ਵਧੇਰੇ ਸਪੱਸ਼ਟ ਨਜ਼ਰ ਆਉਂਦਾ ਹੈ। ਇਨ੍ਹਾਂ ਦੋਨਾਂ ਧਾਰਾਵਾਂ ਨੂੰ ਸਮਝਣ ਲਈ ਇਕ ਹੱਦ ਤੱਕ ਰਾਜਨੀਤਿਕ ਪਾਰਟੀਆਂ ਦੀ, ਭਾਜਪਾ ਤੇ ਗੈਰ-ਭਾਜਪਾ ਰੂਪੀ ਦੋ ਰਾਜਸੀ ਖੇਮਿਆਂ ’ਚ ਵੰਡੀ, ਮੌਜੂਦਾ ਕਤਾਰਬੰਦੀ ਵੀ ਸਹਾਈ ਸਿੱਧ ਹੁੰਦੀ ਹੈ। ਪ੍ਰੰਤੂ ਅਨੇਕਾਂ ਮਸਲਿਆਂ ’ਤੇ ਇਹ ਰਾਜਸੀ ਦਲ ਆਪਣੇ ਪਾਲੇ ਬਦਲ ਵੀ ਲੈਂਦੇ ਹਨ।
ਕਿਸੇ ਵੀ ਅਜਿਹੇ ਸਮੇਂ, ਜਦੋਂ ਰਾਜਸੀ ਪਾਰਟੀਆਂ ਦੇ ਆਗੂਆਂ ਦੀ ਸਪੱਸ਼ਟ ਦਿਸਦੀ ਸਿਰ ਵੱਢਵੀਂ ਸਿਆਸੀ ਵਿਰੋਧਤਾ ਪਲ-ਛਿਣ ’ਚ ਆਪਸੀ ਸਹਿਯੋਗ ’ਚ ਵਟ ਜਾਂਦੀ ਹੈ ਤਾਂ ਰਾਜਸੀ ਧੜਿਆਂ ਦੇ ਅਜਿਹੇ ਪੈਂਤੜੇ ਤੋਂ ਉਕਤ ਦੋ ਧਾਰਾਵਾਂ ਵਿਚਲਾ ਅੰਤਰ ਸਮਝਣਾ ਲੋਕਾਂ ਲਈ ਮੁਸ਼ਕਿਲ ਹੋ ਜਾਂਦਾ ਹੈ। ਖੱਬੇ -ਪੱਖੀ ਦਲਾਂ ਦੀ ਪਛਾਣ ਤੇ ਅਮਲ ਇਨ੍ਹਾਂ ਦੋਨਾਂ ਖੇਮਿਆਂ ਤੋਂ ਅਲੱਗ, ਲੋਕ ਹਿਤੂ ਦਿਖ ਵਾਲੇ ਹਨ।
ਆਰਥਿਕ ਖੇਤਰ ’ਚ, ਪ੍ਰਮੁੱਖ ਰਾਜਸੀ ਦਲ, ਸੰਸਾਰ ਸਾਮਰਾਜੀਆਂ ਦੇ ਦਬਾਅ ਹੇਠ ਸੰਸਾਰ ਵਪਾਰ ਸੰਸਥਾ, ਵਿਸ਼ਵ ਬੈਂਕ ਤੇ ਕੌਮਾਂਤਰੀ ਮੁਦਰਾ ਕੋਸ਼ ਵੱਲੋਂ ਨਿਰਧਾਰਤ ਕੀਤੀਆਂ ਜਾਂਦੀਆਂ ਨਵ-ਉਦਾਰਵਾਦੀ ਨੀਤੀਆਂ ਦੇ ਹੱਕ ’ਚ ਖੜ੍ਹੇ ਸਾਫ ਨਜ਼ਰ ਆਉਂਦੇ ਹਨ। ਇਹ ਨਾਮਕਰਨ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਆਦਿ ਭੁਲੇਖਾ ਪਾਊ ਸ਼ਬਦਾਂ ਦੇ ਆਧਾਰ ’ਤੇ ਕੀਤਾ ਗਿਆ ਹੈ। ਮੌਜੂਦਾ ਦੌਰ ’ਚ ਉਦਾਰੀਕਰਨ ਤੇ ਨਿੱਜੀਕਰਨ ਦੇ ਚੌਖਟੇ ਤਹਿਤ ਸਰਕਾਰੀ ਖੇਤਰ ਦਾ ਭੋਗ ਪਾ ਕੇ ਦੇਸ਼ ਦੀ ਕੁੱਲ ਸੰਪਤੀ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਸੌਂਪੀ ਜਾ ਰਹੀ ਹੈ।
ਜਦੋਂ ਸਾਰਾ ਕਾਰੋਬਾਰ ਤੇ ਸਮਾਜਿਕ ਸੇਵਾਵਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਹੋ ਜਾਣਗੀਆਂ ਤਾਂ ਪੱਕੀ ਨੌਕਰੀ ਦੀ ਜਗ੍ਹਾ ਠੇਕਾ ਭਰਤੀ, ਕੰਮ ਦੇ ਘੰਟਿਆਂ ’ਚ ਵਾਧਾ ਅਤੇ ਅਸਲ ਆਮਦਨੀ, ਕਿਰਤੀ ਅਧਿਕਾਰਾਂ ਤੇ ਭੱਤਿਆਂ ’ਚ ਕਟੌਤੀ ਦੇ ਨਾਲ-ਨਾਲ ਬੇਰੁਜ਼ਗਾਰੀ, ਮਹਿੰਗਾਈ ਤੇ ਭੁਖਮਰੀ ਦਾ ਬੇਰੋਕ ਫੈਲਾਅ ਹੋਣਾ ਵੀ ਲਾਜ਼ਮੀ ਹੈ।
ਕਾਰਪੋਰੇਟ ਲੋਟੂਆਂ ਦਾ ਉਦੇਸ਼ ‘ਲੋਕ ਸੇਵਾ’ ਨਹੀਂ, ਬਲਕਿ ਪੂੰਜੀ ਦੇ ਅਸੀਮ ਭੰਡਾਰ ਇਕੱਤਰ ਕਰਨਾ ਹੁੰਦਾ ਹੈ। ਪੂੰਜੀ ਦੀ ਇਹ ਭੁੱਖ ਕਦੀ ਵੀ ਪੂਰੀ ਨਹੀਂ ਹੁੰਦੀ। ਜਦਕਿ, ਸਵੈ-ਨਿਰਭਰ ਆਰਥਿਕ ਵਿਕਾਸ ਤੇ ਸਾਮਰਾਜੀ ਲੁੱਟ ਦੇ ਖਾਤਮੇ ਵਾਲਾ ਲੋਕ-ਪੱਖੀ ਵਿਕਾਸ ਮਾਡਲ ਇਸ ਲੁਟੇਰੀ ਵਿਵਸਥਾ ਦੇ ਐਨ ਵਿਪਰੀਤ ਹੈ।
ਇਸ ਮਾਡਲ ਤਹਿਤ ਕਿਸੇ ਵੀ ਦੇਸ਼ ਨਾਲ ਦੁਵੱਲਾ ਵਪਾਰ ਕਰਦਿਆਂ ਕੌਮੀ ਹਿੱਤਾਂ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਦੇਸ਼ ਦੀਆਂ ਤਮਾਮ ਖੱਬੀਆਂ ਪਾਰਟੀਆਂ ਇਸੇ ਵਿਕਾਸ ਮਾਡਲ ਦੀਆਂ ਹਮਾਇਤੀ ਹਨ। ਰਾਜਨੀਤੀ ਦੇ ਖੇਤਰ ’ਚ, ਸੱਤਾ ’ਤੇ ਬਿਰਾਜਮਾਨ, ਆਰ.ਐੱਸ.ਐੱਸ. ਦੀ ਵਿਚਾਰਧਾਰਾ ਦੀ ਪੱਕੀ ਅਨੁਆਈ ਭਾਜਪਾ, ਦੇਸ਼ ਦੇ ਮੌਜੂਦਾ ਧਰਮ-ਨਿਰਪੱਖ, ਲੋਕਰਾਜੀ ਤੇ ਸੰਘਾਤਮਕ ਢਾਂਚੇ ਨੂੰ ਤਹਿਸ-ਨਹਿਸ ਕਰ ਕੇ ਇਸ ਦੀ ਥਾਂ ਧਰਮ ’ਤੇ ਆਧਾਰਤ ਅਜਿਹਾ ਕੱਟੜ ਰਾਸ਼ਟਰ ਕਾਇਮ ਕਰਨ ਲਈ ਹਰ ਹੀਲਾ ਵਰਤ ਰਹੀ ਹੈ, ਜੋ ਪੂਰੀ ਤਰ੍ਹਾਂ ਨਾਲ ਗੈਰ-ਲੋਕਰਾਜੀ ਤੇ ਏਕਾਤਮਕ ਤਰਜ਼ ਦਾ ਹੋਵੇਗਾ।
ਕੋਈ ਵੀ ਧਰਮ ਜਦੋਂ ਰਾਜਨੀਤੀ ਦੀ ਵਾਗਡੋਰ ਸੰਭਾਲਦਾ ਹੈ ਤਾਂ ਬਹੁਗਿਣਤੀ ਧਰਮ ਨਾਲ ਸਬੰਧਤ ਵਸੋਂ ਸਮੇਤ ਧਾਰਮਿਕ ਘੱਟ ਗਿਣਤੀਆਂ, ਦਲਿਤ, ਔਰਤਾਂ ਤੇ ਵਿਗਿਆਨਕ ਵਿਚਾਰਧਾਰਾ ਵਾਲੇ ਲੋਕਾਂ ਪ੍ਰਤੀ ਅਨਿਆਂ, ਵਿਤਕਰਿਆਂ ਤੇ ਜ਼ਿਆਦਤੀਆਂ ਦਾ ਦੌਰ ਜ਼ਰੂਰ ਹੀ ਤੇਜ਼ ਹੁੰਦਾ ਹੈ। ਕੋਈ ਵੀ ਧਰਮ ਆਧਾਰਤ ਰਾਜਸੀ ਢਾਂਚਾ, ਸਭ ਨਾਗਰਿਕਾਂ ਨੂੰ ਲਿਖਣ-ਬੋਲਣ ਤੇ ਹੋਰ ਢੰਗਾਂ ਰਾਹੀਂ ਵਿਚਾਰ ਪ੍ਰਗਟਾਉਣ ਤੇ ਸਰਕਾਰੀ ਨੀਤੀਆਂ ਦਾ ਵਿਰੋਧ ਕਰਨ ਦੇ ਅਧਿਕਾਰਾਂ ਤੋਂ ਲਾਜ਼ਮੀ ਵੰਚਿਤ ਕਰਦਾ ਹੈ।
‘ਹਿੰਦੂਤਵੀ’ ਵਿਚਾਰਧਾਰਾ ਨਾਲ ਮੇਚਵੀਂ ਇਸੇ ਨਵੀਂ ਵਿਵਸਥਾ ਅਨੁਸਾਰ ਢਾਲੇ ਗਏ ਸੰਵਿਧਾਨ ’ਚ ਸਾਰੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਕਦਾਚਿਤ ਹਾਸਲ ਨਹੀਂ ਹੋ ਸਕਣਗੇ। ਦੇਸ਼ ਦਾ ਇਤਿਹਾਸ, ਵਿਦਿਅਕ ਸਿਲੇਬਸ, ਰਸਮੋ-ਰਿਵਾਜ਼ ਸਭ ਮਨੂੰਵਾਦੀ ਵਿਵਸਥਾ ਅਧੀਨ, ਸਨਾਤਨੀ ਵਿਚਾਰਧਾਰਾ ਦੀਆਂ ਸੇਧਾਂ ਅਨੁਸਾਰ ਤੈਅ ਕੀਤੇ ਜਾਣਗੇ। ਇਸੇ ਨੂੰ ਹੀ ਹਿੰਦੂ ਧਰਮ ਦੇ ‘ਪੁਨਰ ਜਾਗਰਣ’ ਦਾ ਨਾਂ ਦਿੱਤਾ ਜਾ ਰਿਹਾ ਹੈ।
ਭਾਰਤੀ ਸਮਾਜ ਤੇ ਰਾਜਨੀਤੀ ’ਚ ਵੀ ਇਕ ਧੜਾ ਐਸਾ ਹੈ, ਜੋ ਮਿਹਨਤ ਤੇ ਵਿਗਿਆਨਕ ਸੋਚ ਦੇ ਆਧਾਰ ’ਤੇ ਦੇਸ਼ ਨੂੰ ਵਿਕਾਸ ਦੀਅਾਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਯਤਨਸ਼ੀਲ ਹੈ ਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਦੇ ਪ੍ਰਬੰਧ ਦਾ ਖਾਤਮਾ ਕਰ ਕੇ ਬਰਾਬਰੀ ਦੇ ਅਸੂਲਾਂ ’ਤੇ ਆਧਾਰਤ ਸਰਵਸਾਂਝਾ ਸਮਾਜ ਸਿਰਜਣ ਲਈ ਯਤਨਸ਼ੀਲ ਹੈ। ਇਹ ਧੜਾ, ਬੇਰੋਜ਼ਗਾਰੀ-ਮਹਿੰਗਾਈ, ਕੁਪੋਸ਼ਨ, ਗਰੀਬੀ-ਭੁੱਖਮਰੀ ਵਰਗੇ ਮੁੱਦਿਆਂ ਦੁਆਲੇ ਰਾਜਸੀ ਏਜੰਡਾ ਤੈਅ ਕਰਨ ਅਤੇ ਇਤਿਹਾਸ ਦੀਆਂ ਸੁਚੱਜੀਆਂ ਪ੍ਰੰਪਰਾਵਾਂ ਤੇ ਰੀਤੀ-ਰਿਵਾਜਾਂ ਦਾ ਅਨੁਸਰਨ ਕਰਦਾ ਹੋਇਆ ਜਨ ਸਾਧਾਰਨ ਨੂੰ ਅੰਧ-ਵਿਸ਼ਵਾਸਾਂ, ਪਿਛਾਖੜੀ ਰਸਮਾਂ ਰਿਵਾਜਾਂ, ਕਰਮਕਾਂਡੀ ਧਾਰਨਾਵਾਂ ਤੇ ਊਚ-ਨੀਚ ਵਾਲੀ ਜਾਤੀ-ਪਾਤੀ ਵਿਵਸਥਾ ਤੋਂ ਛੁਟਕਾਰਾ ਦਿਵਾਉਣ ਲਈ ਸੰਘਰਸ਼ਸ਼ੀਲ ਹੈ।
ਇਸ ਦੇ ਵਿਪਰੀਤ ਇਕ ਦੂਸਰੀ ਧਾਰਾ ਵੀ ਹੈ, ਜੋ ਲੋਕਾਂ ਦੇ ਹਕੀਕੀ ਮੁੱਦਿਆਂ ਨੂੰ ਅਣਡਿੱਠ ਕਰਦੀ ਹੋਈ ਦੇਸ਼ ਨੂੰ ਮੱਧ ਯੁਗ ਦੇ ਹਨ੍ਹੇਰੇ ਵੱਲ ਧੱਕ ਕੇ ਸਮਾਜ ਨੂੰ ਝੂਠ, ਵਹਿਮਾਂ-ਭਰਮਾਂ ਤੇ ਹਨੇਰ ਬਿਰਤੀਵਾਦੀ ਵਰਤਾਰਿਆਂ ਦੇ ਮੱਕੜ ਜਾਲ ’ਚ ਫਸਿਆ ਦੇਖਣਾ ਚਾਹੁੰਦੀ ਹੈ।
ਵਿਗਿਅਨਕ ਇਜ਼ਾਦਾਂ ਦੀਆਂ ਸੁਵਿਧਾਵਾਂ ਨੂੰ ਮਾਣਦੇ ਹੋਏ ਵੀ ਇਹ ਲੋਕ ਆਪਣੇ ਪ੍ਰਵਚਨਾਂ ਰਾਹੀਂ ਇਨ੍ਹਾਂ ਲੱਭਤਾਂ ਖਿਲਾਫ਼ ਨਿਖੇਧਾਤਮਕ ਪ੍ਰਚਾਰ ਕਰਦੇ ਹਨ ਤੇ ਪੁਰਾਤਨਵਾਦੀ ਮਿੱਥਾਂ ਨੂੰ ਹਕੀਕਤ ਦੱਸਦੇ ਹਨ। ਇਹ ਧਾਰਾ, ਕੁਸੱਤ ਤੇ ਮਨੋ ਕਲਪਿਤ ਗੈਰ ਕੁਦਰਤੀ ਮਿਥਿਹਾਸਕ ਘਟਨਾਵਾਂ ਜਾਂ ਕਹਾਣੀਆਂ ਨੂੰ ਚਮਤਕਾਰ ਦੇ ਨਾਮ ’ਤੇ ਵਿਗਿਆਨ ਤੋਂ ਵੀ ਉੱਤਮ ਸੱਚ ਦੱਸ ਕੇ ਜਨਤਾ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਹ ਕੂੜ ਪ੍ਰਚਾਰ ਫੈਲਾਉਣ ’ਚ ਪ੍ਰਚਾਰ ਸਾਧਨਾਂ, ਖਾਸ ਕਰ ਇਲੈਕਟ੍ਰਾਨਿਕ ਮੀਡੀਆ, ਸੋਸ਼ਲ ਮੀਡੀਆ ਦਾ ਉਹ ਵੱਡਾ ਹਿੱਸਾ ਵੀ ਪੂਰੀ ਤਰ੍ਹਾਂ ਭਾਗੀਦਾਰ ਹੈ ਜਿਸ ਨੂੰ ਮੌਜੂਦਾ ਸੱਤਾ ਦੀ ਪੂਰੀ ਪੂਰੀ ਹਮਾਇਤ ਹੈ।
ਦੋ ਵਿਰੋਧੀ ਧਾਰਾਵਾਂ ਵਿਚਕਾਰ ਇਨ੍ਹਾਂ ਵਖਰੇਵਿਆਂ ਨੂੰ ਸੱਚ ਤੇ ਝੂਠ, ਹਕੀਕਤ ਤੇ ਖਾਮ ਖਿਆਲੀ, ਵਿਗਿਆਨਕ ਤੇ ਅਣਵਿਗਿਆਨਕ ਸੋਚ ਵਿਚਕਾਰ ‘ਯੁੱਧ’ ਕਿਹਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਮੌਜੂਦਾ ਸੱਤਾਧਾਰੀ, ਆਪਣੀ ਕਿਸੇ ਚੁਣਾਵੀ ਵਿਰੋਧੀ ਰਾਜਸੀ ਧਿਰ ਨਾਲੋਂ ਕਈ ਗੁਣਾ ਜ਼ਿਆਦਾ ਵਿਗਿਆਨਕ ਤੇ ਅਗਾਂਹਵਧੂ ਵਿਚਾਰਧਾਰਾ ਦੀਆਂ ਹਾਮੀ ਤੇ ਇਸ ਦੁਆਲੇ ਲੋਕ ਲਾਮਬੰਦੀ ਕਰ ਰਹੀਆਂ ਖੱਬੀਆਂ ਪਾਰਟੀਆਂ ਤੇ ਤਰਕਸ਼ੀਲ ਵਿਦਵਾਨਾਂ ਦੀਆਂ ਲਿਖਤਾਂ ਦੇ ਕੱਟੜ ਵਿਰੋਧੀ ਹਨ। ਇਸ ਮੌਜੂਦਾ ਸੰਘਰਸ਼ ’ਚ ਹਕੀਕੀ ਦੇਸ਼ ਭਗਤੀ ਤੇ ਮਾਨਵੀ ਅਮਲਾਂ ਦੀ ਪਛਾਣ ਵੀ ਹੋਵੇਗੀ, ਜੋ ਅੰਤ ਨੂੰ ਉੱਜਲੇ ਭਾਰਤ ਲਈ ਇਕ ਵਰਦਾਨ ਸਿੱਧ ਹੋਵੇਗੀ।
ਮੰਗਤ ਰਾਮ ਪਾਸਲਾ