ਭਾਰਤ ਦੇ ਅੰਦਰੂਨੀ ਇਲਾਕਿਆਂ ’ਚ ਕੋਵਿਡ-19 ਵਿਰੁੱਧ ਜੰਗ

04/08/2020 2:12:26 AM

ਅਮਿਤਾਭ ਕਾਂਤ, ਰਾਜੇਸ਼ਵਰੀ ਸਹਾਏ

ਝਾਰਖੰਡ ਦੇ ਅੰਦਰੂਨੀ ਹਿੱਸੇ ’ਚ ਚੱਲਣ ਵਾਲੇ ਸਪਿਰਟ ਦੇ ਇਕ ਕਾਰਖਾਨੇ ਦਾ ਯੋਗਦਾਨ ਬਹੁਤ ਛੋਟਾ ਪਰ ਵਿਸ਼ਵ ਮਹਾਮਾਰੀ ਕੋਵਿਡ-19 ਨਾਲ ਨਜਿੱਠਣ ਦੇ ਭਾਰਤ ਦੇ ਯਤਨਾਂ ਦੀ ਦਿਸ਼ਾ ਵਿਚ ਕਾਫੀ ਅਹਿਮ ਹੈ। ਝਾਰਖੰਡ ਦੇ ਖਾਹਿਸ਼ੀ ਜ਼ਿਲੇ ਬੋਕਾਰੋ ਦੇ ਬਾਲਾਡੀਹ ਉਦਯੋਗਿਕ ਖੇਤਰ ਵਿਚ ਸਥਿਤ ਇਸ ਕਾਰਖਾਨੇ ਨੇ ਕਰੀਬ 10,000 ਲਿਟਰ ਸੈਨੇਟਾਈਜ਼ਰ ਦਾ ਨਿਰਮਾਣ ਕੀਤਾ ਹੈ। ਸਮਾਈਲਿੰਗ ਬੋਕਾਰੋ ਨਾਂ ਦਾ ਇਹ ਸੈਨੇਟਾਈਜ਼ਰ ਵਿਸ਼ਵ ਸਿਹਤ ਸੰਗਠਨ ਦੇ ਮਿਆਰਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਤਿਆਰ ਕੀਤਾ ਗਿਆ ਹੈ ਅਤੇ ਇਹ ਜ਼ਿਲੇ ਦੇ ਵਸਨੀਕਾਂ ਲਈ 210 ਰੁਪਏ ਪ੍ਰਤੀ ਲਿਟਰ ਦੀ ਕੀਮਤ ’ਤੇ ਮੁਹੱਈਆ ਹੈ। ਬੋਕਾਰੋ ਤੋਂ ਚਾਰ ਘੰਟਿਆਂ ਦੀ ਦੂਰੀ ’ਤੇ ਸਥਿਤ ਝਾਰਖੰਡ ਦਾ ਇਕ ਹੋਰ ਜ਼ਿਲਾ ਦੁਮਕਾ ਹੈ। ਦੁਮਕਾ ਪ੍ਰਸ਼ਾਸਨ ਆਨਲਾਈਨ ਗੇਮ ਅਤੇ ਮੁਕਾਬਲਿਆਂ ਦਾ ਆਯੋਜਨ ਕਰ ਕੇ ਲੋਕਾਂ ਦਾ ਘਰਾਂ ਵਿਚ ਰਹਿਣਾ ਯਕੀਨੀ ਬਣਾ ਰਿਹਾ ਹੈ। ‘ਡੈਜ਼ਲਿੰਗ’ ਦੁਮਕਾ ਨਾਂ ਦੇ ਟਵਿਟਰ ਅਕਾਊਂਟ ਅਤੇ ਫੇਸਬੁੱਕ ਪੇਜ ’ਤੇ ਨਿਵਾਸੀ ਵੱਖ-ਵੱਖ ਮੁਹਾਰਤ ਅਾਧਾਰਿਤ ਮੁਕਾਬਲਿਆਂ ਲਈ ਆਪਣੀਆਂ ਐਂਟਰੀਆਂ ਅਪਲੋਡ ਕਰ ਸਕਦੇ ਹਨ। ਕੋਰੋਨਾ ਵਿਚ ‘ਕੁਛ ਕਰੋ ਨਾ’ ਨਾਂ ਦੀ ਪਹਿਲ ਦਾ ਮਕਸਦ ਲਾਕਡਾਊਨ ਦੌਰਾਨ ਵਸਨੀਕਾਂ ਨੂੰ ਆਪਣੇ ਸ਼ੌਕ ਜਾਣਨ ਲਈ ਪ੍ਰੇਰਿਤ ਕਰਨਾ ਹੈ। 200 ਤੋਂ ਵੱਧ ਲੋਕ ਹੁਣ ਤੱਕ ਆਪਣੀਆਂ ਐਂਟਰੀਆਂ ਭੇਜ ਚੁੱਕੇ ਹਨ। ਡੀ. ਸੀ. ਦੁਮਕਾ ਰਾਜੇਸ਼ਵਰੀ ਦਾ ਕਹਿਣਾ ਹੈ, ‘‘ਅਸੀਂ ਸਥਾਨਕ ਕੇਬਲ ਨੈੱਟਵਰਕ ਨਾਲ ਵੀ ਭਾਈਵਾਲੀ ਕੀਤੀ ਹੈ ਅਤੇ ਫਿਲਮਾਂ ਦਿਖਾਉਣੀਆਂ ਸ਼ੁਰੂ ਕਰ ਿਦੱਤੀਆਂ ਹਨ, ਤਾਂ ਕਿ ਲੋਕ ਸਮਾਜਿਕ ਸਮੱਸਿਆਵਾਂ ਪ੍ਰਤੀ ਚੌਕਸ ਰਹਿਣ ਤੇ ਨਾਲ ਹੀ ਉਸ ਦੌਰਾਨ ਉਨ੍ਹਾਂ ਕੋਲ ਕਰਨ ਲਈ ਕੁਝ ਹੋਵੇ।’’ਭਾਰਤ ਵਲੋਂ ਸਮਾਜਿਕ ਦੂਰੀ ਆਸਾਨ ਬਣਾਉਣ ਲਈ ਰਾਸ਼ਟਰਵਿਆਪੀ ਸਖਤ ਲਾਕਡਾਊਨ ਨਾਲ ਕੋਵਿਡ-19 ਵਿਰੁੱਧ ਆਪਣੀ ਜੰਗ ਨੂੰ ਅੱਗੇ ਵਧਾਉਂਦੇ ਹੀ ਦੇਸ਼ ਦੇ 112 ਖਾਹਿਸ਼ੀ ਜ਼ਿਲਿਆਂ ਵਿਚੋਂ ਕਈ ਇਸ ਵਿਚ ਭਾਈਵਾਲ ਬਣਨ ਲਈ ਅਤੇ ਦੇਸ਼ ਦੇ ਯਤਨਾਂ ਨੂੰ ਮਜ਼ਬੂਤ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ। ਝਾਰਖੰਡ ਦੁਆਰਾ ਅਜਿਹੀਆਂ ਕਈ ਪ੍ਰਸ਼ੰਸਾਯੋਗ ਪਹਿਲਾਂ ਕੀਤੀਆਂ ਜਾ ਰਹੀਆਂ ਹਨ। ਕੋਯਲ ਨਦੀ ਦੇ ਕੰਢੇ ’ਤੇ ਸਥਿਤ ਪਾਲਮੂ ਜ਼ਿਲਾ ਝਾਰਖੰਡ ਦਾ ਇਕ ਐੱਲ. ਡਬਲਿਊ. ਈ. ਪ੍ਰਭਾਵਿਤ ਜ਼ਿਲਾ ਹੈ, ਜਿਸ ਦੇ ਕਾਫੀ ਵੱਡੇ ਹਿੱਸੇ ’ਚ ਸੰਘਣੇ ਜੰਗਲ ਹਨ। ਭੂਗੋਲਿਕ ਰੁਕਾਵਟਾਂ ਦੇ ਬਾਵਜੂਦ ਜ਼ਿਲੇ ਨੇ ਸਾਰੇ ਵਸਨੀਕਾਂ ਦੇ ਘਰਾਂ ਤਕ ਜ਼ਰੂਰੀ ਵਸਤਾਂ ਦੀ ਸਪਲਾਈ ਦੇ ਸਾਂਝੇ ਯਤਨ ਕੀਤੇ ਹਨ। ਪ੍ਰਸ਼ਾਸਨ ਨੇ ਗਾਹਕਾਂ ਦੀਆਂ ਆਨ ਕਾਲ ਡਿਮਾਂਡਜ਼ ਪੂਰੀਆਂ ਕਰਨ ਲਈ 7 ਵਿਕਰੇਤਾਵਾਂ ਨੂੰ ਅਧਿਕਾਰਤ ਕੀਤਾ ਹੈ। ਵਸਤਾਂ ਦੀ ਸਪਲਾਈ ਵਿਚ ਲੱਗੇ ਕਰਮਚਾਰੀ ਸੰਪਰਕ ਰਹਿਤ ਵੰਡ ਪ੍ਰੋਟੋਕੋਲ ਦੀ ਪਾਲਣਾ ਕਰ ਰਹੇ ਹਨ, ਹਰ ਟੱਚ ਪੁਆਇੰਟ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਸਾਰੇ ਲੋੜਵੰਦਾਂ ਨੂੰ ਦੋ ਘੰਟੇ ਅੰਦਰ ਮੁਫਤ ਰਾਸ਼ਨ ਦੇ ਪੈਕੇਟ ਮੁਹੱਈਆ ਕਰਵਾ ਰਿਹਾ ਹੈ। ਝਾਰਖੰਡ ਦੀ ਰਾਜਧਾਨੀ ਰਾਂਚੀ ਨੇ ਰੋਜ਼ਾਨਾ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਨਾਗਰਿਕਾਂ ਨੂੰ ਸਮਝਾਉਣ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਇਕ ‘ਮਾਨਸਿਕ ਸਿਹਤ ਹੈਲਪਲਾਈਨ’ ਸ਼ੁਰੂ ਕੀਤੀ ਹੈ। ਰਾਂਚੀ ਦੇ ਡੀ. ਐੱਮ. ਰਾਏ ਮਹੀਪਤ ਰੇਅ ਦਾ ਕਹਿਣਾ ਹੈ, ‘‘ਇਹ ਯਕੀਨੀ ਬਣਾਉਣਾ ਸਾਡਾ ਮਕਸਦ ਹੈ ਕਿ ਇਸ ਲਾਕਡਾਊਨ ਦੌਰਾਨ ਕਮਜ਼ੋਰ ਵਰਗਾਂ ਲਈ ਪੱਕੇ ਹੋਏ ਭੋਜਨ ਅਤੇ ਸੁੱਕੇ ਰਾਸ਼ਨ ਤੋਂ ਲੈ ਕੇ ਸਾਡੇ ਸੀਨੀਅਰ ਨਾਗਰਿਕਾਂ ਲਈ ਸਮਰਪਿਤ ਸਹਾਇਤਾ ਤੱਕ-ਸਮਾਜ ਦੇ ਕਿਸੇ ਵੀ ਵਰਗ ਦੀ ਅਣਦੇਖੀ ਨਾ ਹੋਵੇ। ਸਾਡੇ ਸਮਾਜਿਕ ਸੰਗਠਨਾਂ ਤੋਂ ਵੀ ਵਧੀਆ ਪ੍ਰਤੀਕਿਰਿਆ ਹਾਸਲ ਹੋਈ ਹੈ।’’ ਗੁਆਂਢੀ ਸੂਬੇ ਬਿਹਾਰ ਵਿਚ ਡੀ. ਐੱਮ. ਨਵਾਦਾ ਵਲੋਂ ਮੋਬਾਇਲ ਐਪ ‘ਗੋ ਕੋਰੋਨਾ, ਚੌਕਸੀ ਹੀ ਬਚਾਅ’ ਨੂੰ ਲਾਂਚ ਕੀਤਾ ਗਿਆ ਹੈ। ਜ਼ਿਲਾ ਤੇਜ਼ ਟ੍ਰੈਕਿੰਗ ਅਤੇ ਤੁਰੰਤ ਇਲਾਜ ਉਪਲੱਬਧ ਕਰਵਾਉਣ ਦੇ ਟੀਚੇ ਨੂੰ ਸਾਹਮਣੇ ਰੱਖ ਰਿਹਾ ਹੈ। ਉੱਥੋਂ ਪੱਛਮ ਵੱਲ ਕੁਝ ਘੰਟਿਆਂ ਦੀ ਦੂਰੀ ਉੱਤੇ ਸਥਿਤ ਗਯਾ ਅਤੇ ਔਰੰਗਾਬਾਦ ਵਿਚ ਸਮਾਜਿਕ ਦੂਰੀ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਬਾਜ਼ਾਰਾਂ ਵਿਚ ਉਡੀਕ ਕਰਦੇ ਸਮੇਂ ਵਿਅਕਤੀਆਂ ਨੂੰ ਕਤਾਰਾਂ ਵਿਚ ਇਕ ਦੂਜੇ ਤੋਂ ਘੱਟ ਤੋਂ ਘੱਟ 6 ਫੁੱਟ ਦੀ ਦੂਰੀ ਉੱਤੇ ਖੜ੍ਹਾ ਕੀਤਾ ਜਾਣਾ ਯਕੀਨੀ ਬਣਾਉਣ ਲਈ ਸਾਰੇ ਸਥਾਨਾਂ ਨੂੰ ਦਰਸਾਇਆ ਗਿਆ ਹੈ। ਛੱਤੀਸਗੜ੍ਹ ਵਿਚ ਦੰਤੇਵਾੜਾ ਮੁੱਖ ਤੌਰ ’ਤੇ ਇਕ ਜਨਜਾਤੀ ਜ਼ਿਲਾ ਹੈ ਅਤੇ ਇਸ ਨੂੰ ਭਾਰਤ ਵਿਚ ਸਭ ਤੋਂ ਪੁਰਾਣੇ ਵਸੇ ਸਥਾਨਾਂ ’ਚੋਂ ਇਕ ਮੰਨਿਆ ਜਾਂਦਾ ਹੈ। ਪ੍ਰਸ਼ਾਸਨ ਨੇ ਸਭ ਤੋਂ ਵੱਧ ਲੋੜਵੰਦ 241 ਨਿਵਾਸੀਆਂ–ਖਾਨਾਬਦੋਸ਼ਾਂ, ਭਿਖਾਰੀਆਂ, ਕਚਰਾ ਚੁੱਕਣ ਵਾਲਿਆਂ ਅਤੇ ਘੱਟ ਸਹੂਲਤਾਂ ਪ੍ਰਾਪਤ ਸੀਨੀਅਰ ਨਾਗਰਿਕਾਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਤੱਕ ਭੋਜਨ ਦੇ ਪੈਕੇਟ ਲਗਾਤਾਰ ਸਪਲਾਈ ਕਰਨਾ ਯਕੀਨੀ ਬਣਾਇਆ ਗਿਆ ਹੈ। ਛੱਤੀਸਗੜ੍ਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦੰਤੇਵਾੜਾ ਐੱਸ. ਏ. ਐੱਮ. (ਗੰਭੀਰ ਤੀਬਰ ਕੁਪੋਸ਼ਣ) ਅਤੇ ਐੱਮ. ਏ. ਐੱਮ. (ਦਰਮਿਆਨਾ ਤੀਬਰ ਕੁਪੋਸ਼ਣ) ਤੋਂ ਪੀੜਤ ਬੱਚਿਆਂ ਲਈ ‘ਟੇਕ ਹੋਮ ਰਾਸ਼ਨ’ ਦੀ ਵੰਡ ਯਕੀਨੀ ਬਣਾਈ ਜਾ ਰਹੀ ਹੈ। ਅਾਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਨਵੰਬਰ 2019 ਵਿਚ ਗੋਲਪਾੜਾ ਜ਼ਿਲੇ ਵਿਚ ਆਰ. ਐੱਸ. ਈ. ਪੀ. ਆਈ. (ਦਿਹਾਤੀ ਸਵੈ-ਰੋਜ਼ਗਾਰ ਟ੍ਰੇਨਿੰਗ ਸੰਸਥਾਵਾਂ) ਵਿਚ ਦਿਵਿਆਂਗਾਂ ਦੇ ਇਕ ਗਰੁੱਪ ਨੂੰ ਟ੍ਰੇਨਿੰਗ ਪ੍ਰਦਾਨ ਕਰਨ ਲਈ ਇਕ ਯੋਜਨਾ ਸ਼ੁਰੂ ਕੀਤੀ ਸੀ। ਇਸ ਗਰੁੱਪ ਨੂੰ ਪਲਾਸਟਿਕ ਦੇ ਬਦਲ ਦੇ ਰੂਪ ਵਿਚ ਕੱਪੜੇ ਦੇ ਸ਼ਾਪਿੰਗ ਬੈਗ ਬਣਾਉਣ ਲਈ ਟ੍ਰੇਂਡ ਕੀਤਾ ਗਿਆ ਸੀ। ਅੱਜ ਉਹੋ ਗਰੁੱਪ ਸਰਗਰਮ ਤੌਰ ’ਤੇ ਚੰਗੀ ਗੁਣਵੱਤਾ ਵਾਲੇ ਮਾਸਕ ਬਣਾ ਰਿਹਾ ਹੈ ਅਤੇ ਜ਼ਿਲਾ ਪ੍ਰਸ਼ਾਸਨ ਇਨ੍ਹਾਂ ਮਾਸਕਾਂ ਦੀ ਵਿਕਰੀ ਯਕੀਨੀ ਬਣਾ ਰਿਹਾ ਹੈ ਅਤੇ ਨਾਲ ਹੀ ਲਾਕਡਾਊਨ ਦੀ ਮਿਆਦ ਦੌਰਾਨ ਇਨ੍ਹਾਂ ਮਜ਼ਦੂਰਾਂ ਨੂੰ ਆਮਦਨ ਦਾ ਜ਼ਰੀਆ ਹਾਸਲ ਕਰਨ ਵਿਚ ਵੀ ਸਮਰੱਥ ਬਣਾ ਰਿਹਾ ਹੈ। ਗੋਲਪਾੜਾ ਦੀਆਂ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸਿਹਤ ਸਹੂਲਤਾਂ ਵਿਚ 85 ਤੋਂ ਵੱਧ ਆਈਸੋਲੇਸ਼ਨ ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਕੁਆਰੰਟਾਈਨ ਸਹੂਲਤਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਸਾਫ-ਸੁਥਰੀ ਹਾਲਤ ਵਿਚ ਰੱਖਿਆ ਗਿਆ ਹੈ ਅਤੇ ਨਾਲ ਹੀ ਇਨ੍ਹਾਂ ਇਮਾਰਤਾਂ ਦੇ ਇੰਚਾਰਜ ਵੀ ਬਣਾ ਦਿੱਤੇ ਗਏ ਹਨ। ਆਸ਼ਾ ਵਰਕਰਾਂ ਦੀ ਆਵਾਜਾਈ ਨੂੰ ਰਿਕਾਰਡ ਅਤੇ ਟਰੈਕ ਕਰਨ ਲਈ ਵੱਡੇ ਪੈਮਾਨੇ ’ਤੇ ਗੂਗਲ ਸਪ੍ਰੈੱਡਸ਼ੀਟ ਦੀ ਵਰਤੋਂ ਕੀਤੀ ਜਾ ਰਹੀ ਹੈ। ਹਸਪਤਾਲ ਦੇ ਬਿਸਤਰੇ ਅਤੇ ਹੋਰ ਮੈਡੀਕਲ ਸਹੂਲਤਾਂ ਦੀ ਉਪਲੱਬਧਤਾ ਵਧਾਉਣ ਲਈ ਸਥਾਨਕ ਸਰੋਤਾਂ ਦੀ ਕਾਰਜ ਸਮਰੱਥਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਵਰਣਾਲੀਡੈਕਾ ਡੀ. ਸੀ. ਗੋਲਪਾੜਾ ਅਨੁਸਾਰ, ‘‘ਤੁਹਾਨੂੰ ਜੀਵਨ ਵਿਚ ਇਕ ਹੋਰ ਮੌਕਾ ਨਹੀਂ ਮਿਲੇਗਾ, ਘਰਾਂ ਵਿਚ ਰਹੋ ਅਤੇ ਸੁਰੱਖਿਅਤ ਰਹੋ।’’ ਕੋਵਿਡ-19 ਸੰਕਟ ਨੇ ਭਵਿੱਖ ਵਿਚ ਇਸ ਤਰ੍ਹਾਂ ਦੇ ਹਾਲਾਤ ਲਈ ਬਿਹਤਰ ਪੱਧਰ ਦੀਆਂ ਤਿਆਰੀਆਂ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਹੈ। ਇਹ ਮਹਾਮਾਰੀ ਭਾਰਤ ਲਈ ਆਪਣੀਆਂ ਹੰਗਾਮੀ ਪ੍ਰਬੰਧਾਂ ਦੀਆਂ ਸਮਰੱਥਾਵਾਂ ਦਾ ਜਾਇਜ਼ਾ ਲੈਣ ਅਤੇ ਉਨ੍ਹਾਂ ਵਿਚ ਸੁਧਾਰ ਲਿਆਉਣ ਦਾ ਇਕ ਅਹਿਮ ਮੌਕਾ ਹੈ। ਡਿਜੀਟਲ ਦਖਲਅੰਦਾਜ਼ੀਆਂ-ਅਾਨਲਾਈਨ ਰਿਸਕ ਮੁਲਾਂਕਣ ਪਲੇਟਫਾਰਮ, ਟ੍ਰੈਕਿੰਗ ਐਪਲੀਕੇਸ਼ਨ, ਭਾਈਚਾਰਕ ਸਿਹਤ ਵਰਕਰਾਂ ਦੀ ਬਿਹਤਰ ਟ੍ਰੇਨਿੰਗ, ਪੁਲਸ ਅਤੇ ਨੀਮ ਫੌਜੀ ਬਲਾਂ ਨੂੰ ਵਧੇਰੇ ਸੰਵੇਦਨਸ਼ੀਲ ਬਣਾਉਣਾ ਅਤੇ ਵਾਂਝਿਆਂ ਦੀ ਸੁਰੱਖਿਆ ਅਤੇ ਸਹਾਇਤਾ ਲਈ ਪਹਿਲਾਂ ਤੋਂ ਸਮਾਜਿਕ, ਆਰਥਿਕ ਉਪਾਅ ਕਰਨ ਨੂੰ ਕੋਵਿਡ-19 ਸੰਕਟ ਦਾ ਹੱਲ ਹੋ ਜਾਣ ਤੋਂ ਬਾਅਦ ਵੀ ਪਹਿਲ ਨੂੰ ਬਣਾਈ ਰੱਖਿਆ ਜਾਣਾ ਚਾਹੀਦਾ ਹੈ। ਇਸ ਜੰਗ ਵਿਚ ਅਸਲ ਸੰਘਰਸ਼ ਸਾਡੇ ਨਾਗਰਿਕਾਂ ਨੂੰ ਸੁਰੱਖਿਅਤ, ਪ੍ਰੇਰਿਤ ਅਤੇ ਆਸ਼ਾਵਾਦੀ ਬਣਾਈ ਰੱਖਣ ਦਾ ਹੈ। ਜ਼ਮੀਨੀ ਪੱਧਰ ਨਾਲ ਜੁੜੀਆਂ ਹੌਸਲਾ ਵਧਾਉਣ ਵਾਲੀਆਂ ਇਹ ਕਹਾਣੀਆਂ ਇਸ ਵਿਸ਼ਵ ਪੱਧਰੀ ਮਹਾਮਾਰੀ ਨੂੰ ਵੇਖਦੇ ਹੋਏ ਭਾਰਤੀਆਂ ਦੀ ਅਟੁੱਟ ਦਲੇਰੀ ਦਾ ਸਬੂਤ ਹਨ। ਇਹ ਸਰਬੋਤਮ ਪ੍ਰਣਾਲੀਆਂ ਭਾਰਤ ਦੇ ਕਝ ਸਭ ਤੋਂ ਅਵਿਕਸਿਤ ਸੂਬਿਆਂ ਤੋਂ ਸਾਹਮਣੇ ਆ ਰਹੀਆਂ ਹਨ ਅਤੇ ਹੋਰ ਸੂਬਿਆਂ ਵਲੋਂ ਕੀਤੇ ਜਾ ਰਹੇ ਇਸ ਸੰਕਟ ਵਿਚ ਕਮੀ ਲਿਆਉਣ ਦੇ ਯਤਨਾਂ ਵਿਚ ਉਨ੍ਹਾਂ ਲਈ ਅਹਿਮ ਟੱਚ ਪੁਆਇੰਟਸ ਦੀ ਭੂਮਿਕਾ ਨਿਭਾ ਸਕਦੀਆਂ ਹਨ। ਭਾਰਤ ਦੇ ਖਾਹਿਸ਼ੀ ਜ਼ਿਲੇ ਭਾਰਤ ਦੀ ਕੁਲ ਆਬਾਦੀ ਦਾ 18 ਫੀਸਦੀ ਹਨ ਅਤੇ ਦੇਸ਼ ਦੀ ਵਿਕਾਸ ਕਹਾਣੀ ਲਈ ਅਹਿਮ ਹਨ। ਇਹ ਪੋਸ਼ਣ, ਸਿਹਤ ਅਤੇ ਸਿੱਖਿਆ ਦੇ ਪ੍ਰਮੁੱਖ ਮਾਪਦੰਡਾਂ ਉੱਤੇ ਸਭ ਤੋਂ ਕਠਿਨ ਅਤੇ ਸਭ ਤੋਂ ਪੱਛੜੇ ਜ਼ਿਲਿਆਂ ’ਚੋਂ ਹਨ। ਬਹੁ-ਗਿਣਤੀ ਸਫਲ ਕਦਮਾਂ ਅਤੇ ਜ਼ਮੀਨੀ ਸਰਗਰਮੀਆਂ ਨਾਲ ਇਹ ਜ਼ਿਲੇ ਨੋਵਲ ਕੋਰੋਨਾ ਵਾਇਰਸ ਵਿਰੁੱਧ ਭਾਰਤ ਦੀ ਅਣਥੱਕ ਲੜਾਈ ’ਚ ਉਸ ਦੀ ਅਗਵਾਈ ਕਰ ਰਹੇ ਹਨ।

(ਅਮਿਤਾਭ ਕਾਂਤ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹਨ ਅਤੇ ਰਾਜੇਸ਼ਵਰੀ ਸਹਾਏ ਇਕ ਨੌਜਵਾਨ ਪ੍ਰੋਫੈਸ਼ਨਲ ਹਨ। ਪ੍ਰਗਟਾਏ ਗਏ ਵਿਚਾਰ ਉਨ੍ਹਾਂ ਦੇ ਨਿੱਜੀ ਹਨ)\\\


Bharat Thapa

Content Editor

Related News