ਵਾਜਪਾਈ ਦੀ ਸਰਕਾਰ ’ਚ ਸਭ ਮੰਤਰੀ ਸਨ ਅਤੇ ਮੋਦੀ ਦੀ ਸਰਕਾਰ ’ਚ ਸਭ ਕਰਮਚਾਰੀ

07/13/2021 3:50:17 AM

ਵਰਿੰਦਰ ਕਪੂਰ

ਮੰਤਰੀ ਮੰਡਲ ’ਚ ਫੇਰ-ਬਦਲ ਨਾਲ ਭਾਜਪਾ ਨੇ ਆਪਣਾ ਨਿਸ਼ਾਨਾ ਪੇਂਡੂ ਖੇਤਰਾਂ ਵੱਲ ਲਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਾਇਤੀ ਸਿਆਸਤਦਾਨਾਂ ਦੀ ਥਾਂ ਪੇਸ਼ੇਵਰ ਲੋਕਾਂ ਨੂੰ ਪਹਿਲ ਦਿੱਤੀ ਹੈ। ਪਿਛਲੇ ਹਫਤੇ ਕੇਂਦਰੀ ਮੰਤਰੀ ਮੰਡਲ ’ਚ ਫੇਰਬਦਲ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਛਾਪ ਨੂੰ ਪ੍ਰਗਟ ਕੀਤਾ ਹੈ। ਆਪਣੇ ਇਸ ਫੇਰਬਦਲ ਰਾਹੀਂ ਉਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸਿਰਫ ਉਹ ਲੋਕ ਹੀ ਹੈਰਾਨ ਨਹੀਂ ਹੋਏ ਜਿਨ੍ਹਾਂ ਨੂੰ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਗਿਆ ਹੈ ਸਗੋਂ ਉਹ ਵੀ ਹੈਰਾਨ ਹੋਏ ਹੋਣਗੇ ਜਿਨ੍ਹਾਂ ਨੂੰ ਬੇਦਰਦੀ ਨਾਲ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ।

ਇਕ ਦਰਜਨ ਸੀਨੀਅਰ ਅਤੇ ਜੂਨੀਅਰ ਮੰਤਰੀਆਂ ਨੂੰ ਹਟਾ ਦੇਣਾ ਆਪਣੀ ਤਰ੍ਹਾਂ ਦਾ ਇਕ ਰਿਕਾਰਡ ਹੋਵੇਗਾ। ਇਕ ਤਰ੍ਹਾਂ ਨਾਲ ਇਹ ਮੰਤਰੀਆਂ ’ਤੇ ਕੀਤੀ ਗਈ ਸਰਜੀਕਲ ਸਟ੍ਰਾਈਕ ਹੀ ਹੈ। ਇਸ ਬਾਰੇ ਕਿਸੇ ਵੀ ਵਿਅਕਤੀ ਨੂੰ ਅਹਿਸਾਸ ਨਹੀਂ ਸੀ। ਜਿਸ ਤਰ੍ਹਾਂ ਨਾਲ ਵੱਡੀ ਪੱਧਰ ’ਤੇ ਹਿਲਜੁਲ ਕੀਤੀ ਗਈ, ਸਭ ਹੈਰਾਨ ਰਹਿ ਗਏ। ਕੁਝ ਸਮੇਂ ਤੋਂ ਮੰਤਰੀਆਂ ਦੇ ਅਹੁਦੇ ਖਾਲੀ ਪਏ ਸਨ। ਅਜਿਹਾ ਭਾਜਪਾ ਦੇ ਸਹਿਯੋਗੀਆਂ ਦੇ ਬਾਹਰ ਹੋਣ ਪਿਛੋਂ ਹੋਇਆ ਸੀ। ਕੁਝ ਮੰਤਰੀਆਂ ਕੋਲ ਤਾਂ ਦੋਹਰੇ ਜਾਂ ਫਿਰ ਤੀਹਰੇ ਚਾਰਜ ਵੀ ਸਨ।

ਮੀਡੀਆ ਨੇ ਵੀ ਅਸ਼ਨਵੀ ਵੈਸ਼ਣਵ ਦੇ ਮੰਤਰੀ ਮੰਡਲ ’ਚ ਸ਼ਾਮਲ ਹੋਣ ’ਤੇ ਵਧੇਰੇ ਧਿਆਨ ਦਿੱਤਾ ਕਿਉਂਕਿ ਉਨ੍ਹਾਂ ਨੇ ਸੂਚਨਾ ਟੈਕਨਾਲੌਜੀ, ਸੰਚਾਰ ਅਤੇ ਰੇਲਵੇ ਦਾ ਅਹੁਦਾ ਸੰਭਾਲਿਆ ਹੈ। ਰਵੀਸ਼ੰਕਰ ਪ੍ਰਸਾਦ ਦੀ ਥਾਂ ’ਤੇ ਉਨ੍ਹਾਂ ਨੂੰ ਲਿਆਂਦਾ ਗਿਆ ਜੋ ਘੱਟ ਬੋਲਦੇ ਹਨ ਪਰ ਉਨ੍ਹਾਂ ਕੋਲੋਂ ਵੱਡੇ ਕੰਮਾਂ ਦੀ ਉਮੀਦ ਕੀਤੀ ਜਾਂਦੀ ਹੈ।

ਆਪਣੀ ਪਾਰਟੀ ’ਚ ਰਵਾਇਤੀ ਸਿਆਸਤਦਾਨਾਂ ਨਾਲੋਂ ਵਧ ਮੋਦੀ ਪੇਸ਼ੇਵਰ ਲੋਕਾਂ ’ਚ ਵਧੇਰੇ ਭਰੋਸਾ ਰੱਖਦੇ ਹਨ। ਵੈਸ਼ਣਵ ਇਕ ਸਾਬਕਾ ਆਈ. ਏ. ਐੱਸ. ਅਧਿਕਾਰੀ ਰਹੇ ਹਨ। ਉਸ ਤੋਂ ਬਾਅਦ ਉਹ ਇਕ ਪ੍ਰਾਈਵੇਟ ਉੱਦਮੀ ਬਣੇ। ਇਸ ਦੌਰਾਨ ਉਨ੍ਹਾਂ ਵੱਕਾਰੀ ਵਾਹਰਟਨ ਸਕੂਲ ਆਫ ਮੈਨੇਜਮੈਂਟ ਤੋਂ ਡਿਗਰੀ ਹਾਸਲ ਕੀਤੀ।

ਉਨ੍ਹਾਂ ਨੇ ਪ੍ਰਭਾਵੀ ਰੂਪ ਨਾਲ ਟਵਿਟਰ ਦੇ ਨਾਲ ਪੈਦਾ ਹੋਏ ਡੈੱਡਲਾਕ ਨੂੰ ਨਿਪਟਾਉਣਾ ਹੈ ਪਰ ਕੀ ਉਹ ਰੇਲਵੇ ’ਚ ਵੀ ਇਕ ਤਬਦੀਲੀ ਲਿਆਉਣਗੇ ਅਤੇ ਸੂਚਨਾ, ਟੈਕਨਾਲੌਜੀ ਅਤੇ ਸੰਚਾਰ ’ਚ ਇਕ ਪ੍ਰਮੁੱਖ ਕਾਰੋਬਾਰੀ ਘਰਾਨੇ ਦਾ ਅਸਰ ਬੇਅਸਰ ਕਰਨਗੇ?

ਵੈਸ਼ਣਵ ਦੇ ਨਾਲ-ਨਾਲ ਮੰਤਰੀ ਮੰਡਲ ’ਚ ਅੱਧੀ ਦਰਜਨ ਅਜਿਹੇ ਮੰਤਰੀ ਵੀ ਹਨ ਜਿਨ੍ਹਾਂ ਦਾ ਪਿਛੋਕੜ ਨੌਕਰਸ਼ਾਹੀ ਵਾਲਾ ਰਿਹਾ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਰਾਸ਼ਟਰ ਨੂੰ ਪੇਸ਼ ਆ ਰਹੀਆਂ ਵਿਸ਼ਾਲ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਆਪਣੀ ਸਮਰਥਾ ’ਤੇ ਪੂਰਾ ਭਰੋਸਾ ਹੈ। ਉਹ ਇਕ ਪ੍ਰਮੁੱਖ ਕਾਰਜਕਾਰੀ ਅਧਿਕਾਰੀ ਵਾਂਗ ਦੇਸ਼ ਦੇ ਮਾਮਲਿਆਂ ਦਾ ਪ੍ਰਬੰਧ ਕਰਨਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਅਹਿਮ ਅਹੁਦਿਆਂ ’ਤੇ ਸਾਬਕਾ ਨੌਕਰਸ਼ਾਹਾਂ ਦੀ ਗਿਣਤੀ ਵਧੇਰੇ ਹੈ। 140 ਕਰੋੜ ਤੋਂ ਵੱਧ ਲੋਕਾਂ ਦੀ ਆਬਾਦੀ ਵਾਲੇ ਇਕ ਦੇਸ਼ ’ਚ ਵੰਨ-ਸੁਵੰਨੇ ਅਤੇ ਉਲਝੇ ਹੋਏ ਹਿਤ ਹਨ। ਘੱਟ ਸੋਮਿਆਂ ’ਤੇ ਇਕ ਕਾਰੋਬਾਰੀ ਅਦਾਰੇ ਵਾਂਗ ਉਨ੍ਹਾਂ ’ਤੇ ਦਾਅਵਾ ਨਹੀਂ ਕੀਤਾ ਜਾ ਸਕਦਾ।

ਵੱਖ-ਵੱਖ ਜਾਤਾਂ ਦੀ ਭਾਈਵਾਲੀ ਅਤੇ ਖੇਤਰੀ ਹਿੱਤਾਂ ਨੂੰ ਦੇਖਣਾ ਇਕ ਲੋੜ ਸੀ। ਇਸ ਲਈ ਅਜਿਹੀਆਂ ਗੱਲਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਛੱਡ ਦਿੱਤਾ ਗਿਆ ਜੋ ਮੰਤਰੀਆਂ ਦੀ ਲਾਟਰੀ ’ਚ ਜੇਤੂ ਨੂੰ ਇਕੱਲੇ ਹੀ ਚੁਣ ਸਕਦੇ ਹਨ। ਇਹ ਦੱਸਣਯੋਗ ਹੈ ਕਿ ਸੱਤਾਧਾਰੀ ਪਾਰਟੀ ਦੇ ਪ੍ਰਬੰਧਕਾਂ ਨੇ ਉਸ ਤੱਥ ਨੂੰ ਉਜਾਗਰ ਕੀਤਾ ਕਿ 27 ਓ. ਬੀ. ਸੀ., 12 ਅਨੁਸੂਚਿਤ ਜਾਤੀ ਅਤੇ 8 ਅਨੁਸੂਚਿਤ ਜਨਜਾਤੀ ਲੋਕਾਂ ਨੂੰ ਮੋਦੀ ਟੀਮ ’ਚ ਸ਼ਾਮਲ ਕੀਤਾ।

ਬਿਨਾਂ ਸ਼ੱਕ ਇਨ੍ਹਾਂ ਲੋਕਾਂ ਦਾ ਮੰਤਰੀ ਮੰਡਲ ’ਚ ਸ਼ਾਮਲ ਹੋਣਾ ਇਕ ਜ਼ਰੂਰੀ ਚੋਣ ਮਜਬੂਰੀ ਵੀ ਸੀ। ਸਭ ਤੋਂ ਵੱਡੀ ਚੋਣ ਲੜਾਈ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੰਜਾਬ ਆਦਿ ਸੂਬਿਆਂ ’ਚ ਅਗਲੇ ਸਾਲ ਚੱਲਣ ਵਾਲੀ ਹੈ। ਰਾਜ ਸਭਾ ’ਚ ਸੀਟਾਂ ਨੂੰ ਵਧਾਉਣ ਦੇ ਲਈ ਯੂ. ਪੀ. ’ਤੇ ਪਕੜ ਰੱਖਣੀ ਬਹੁਤ ਜ਼ਰੂਰੀ ਹੈ। ਹਿੰਦੀ ਦੇ ਗੜ੍ਹ ’ਚ ਵੋਟਰਾਂ ਦੀ ਹਮਾਇਤ ਹਾਸਲ ਕਰਨੀ ਜ਼ਰੂਰੀ ਹੈ।

ਯੂ.ਪੀ. ਵਰਗੇ ਵੱਡੇ ਸੂਬੇ ’ਚ ਜਾਤੀ ਅਤੇ ਖੇਤਰ ਮਹੱਤਵਪੂਰਨ ਪਹਿਲੂ ਹਨ। ਅਹਿਮ ਡੰਗ ਨਾਲ ਗੈਰ-ਯਾਦਵ ਓ.ਬੀ.ਸੀ. ਸੂਚੀ ’ਚ ਆਪਣਾ ਪ੍ਰਭਾਵ ਰੱਖ ਰਹੇ ਹਨ ਜਦੋਂ ਕਿ ਅਨਸੂਚਿਤ ਜਾਤੀਆਂ ਅਤੇ ਜਨਜਾਤੀਆਂ ਦਰਮਿਆਨ ਛੋਟੀਆਂ ਜਾਤੀਆਂ ’ਤੇ ਵੀ ਧਿਆਨ ਨਾਲ ਨਿਸ਼ਾਨਾ ਰੱਖਿਆ ਗਿਆ ਹੈ।

ਇਸ ਲਈ ਯੂ. ਪੀ. ਤੋਂ ਦਲਿਤ, ਕੁਰਮੀ, ਲੋਧ ਓ.ਬੀ.ਸੀ., ਕੋਰੀ ਸ਼ਾਮਲ ਕੀਤੇ ਗਏ ਹਨ। ਇਸੇ ਤਰ੍ਹਾਂ ਬਿਹਾਰ ਤੋਂ ਵੀ ਸਵ. ਰਾਮ ਵਿਲਾਸ ਪਾਸਵਾਨ ਦੇ ਛੋਟੇ ਭਰਾ ਪਸ਼ੂਪਤੀ ਕੁਮਾਰ ਪਾਰਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਕ ਅਹਿਮ ਘਟਨਾਚੱਕਰ ਜਿਸ ਵੱਲ ਧਿਆਨ ਨਹੀਂ ਦਿੱਤਾ ਗਿਆ, ਉਹ ਆਰ. ਐੱਸ.ਐੱਸ. - ਭਾਜਪਾ ਦੇ ਚੋਣ ਖੇਤਰ ’ਚ ਯਕੀਨੀ ਤਬਦੀਲੀ ਹੈ। ਵਾਜਪਾਈ ਅਡਵਾਨੀ ਦੇ ਸਮੇਂ ਤੋਂ ਹੀ ਸੰਘ ਪਰਿਵਾਰ ਦੇ ਰਵਾਇਤੀ ਸਮਰਥਨ ਆਧਾਰ ’ਤੇ ਅਜੇ ਵੀ ਨਿਸ਼ਾਨਾ ਰੱਖਿਆ ਜਾ ਰਿਹਾ ਹੈ। ਇਹ ਬ੍ਰਾਹਮਣ, ਬਾਣੀਆ ਅਤੇ ਸ਼ਹਿਰੀ ਦਰਮਿਆਨੇ ਵਰਗ ਦੇ ਰੂਪ ’ਚ ਹੈ।

ਤੁਸੀਂ ਸ਼ਾਇਦ ਹੀ ਸ਼ਹਿਰੀ ਭਾਰਤ ’ਚ ਦਰਮਿਆਨੀ ਸ਼੍ਰੇਣੀ ਦੀਆਂ ਕਾਲੋਨੀਆਂ ’ਚ ਆਰ.ਐੱਸ.ਐੱਸ. ਦੀ ਕੋਈ ਸ਼ਾਖਾ ਦੇਖੋਗੇ ਪਰ ਇਨ੍ਹਾਂ ਨੂੰ ਤਾਮਿਲਨਾਡੂ ਅਤੇ ਪੰਜਾਬ ਵਰਗੇ ਸੂਬਿਆਂ ਨੂੰ ਛੱਡ ਕੇ ਪੇਂਡੂ ਖੇਤਰਾਂ ’ਚ ਵੱਡੀ ਗਿਣਤੀ ’ਚ ਦੇਖਿਆ ਜਾ ਸਕਦਾ ਹੈ। ਮੋਦੀ ਨੇ ਮੰਤਰੀਆਂ ਨੂੰ ਆਪਣੇ ਸੰਬੰਧਤ ਦਫਤਰਾਂ ’ਚ ਸਮੇਂ ’ਤੇ ਰਿਪੋਰਟ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਵਾਜਪਾਈ ਦੀ ਸਰਕਾਰ ’ਚ ਸਭ ਮੰਤਰੀ ਸਨ ਅਤੇ ਮੋਦੀ ਸਰਕਾਰ ’ਚ ਸਭ ਕਰਮਚਾਰੀ ਹਨ। ਸਿਹਤ, ਆਈ.ਟੀ. ਅਤੇ ਕਿਰਤ ਮੰਤਰਾਲਾ ਦੇ ਮੰਤਰੀਆਂ ਨੂੰ ਹਟਾਉਣਾ ਸਰਕਾਰ ਨੂੰ ਦੋਸ਼ਮੁਕਤ ਨਹੀਂ ਕਰਦਾ। ਪੀ. ਐੱਮ. ਓ. ਹਰੇਕ ਕਦਮ ਦੀ ਨਿਗਰਾਨੀ ਕਰਦਾ ਹੈ।


Bharat Thapa

Content Editor

Related News