ਉੱਤਰਾਖੰਡ : ਰਾਵਤ ਦੇ ਬਦਲੇ ਰਾਵਤ

03/12/2021 4:25:59 AM

ਡਾ. ਵੇਦਪ੍ਰਤਾਪ ਵੈਦਿਕ
ਉੱਤਰਾਖੰਡ ’ਚ ਭਾਜਪਾ ਨੇ ਆਪਣੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਕਿਉਂ ਬਦਲਿਆ? ਉਨ੍ਹਾਂ ਦੀ ਥਾਂ ਤੀਰਥ ਸਿੰਘ ਰਾਵਤ ਨੂੰ ਮੁੱਖ ਮੰਤਰੀ ਕਿਉਂ ਬਣਾਇਆ? ਤੀਰਥ ਸਿੰਘ ਵਿਧਾਇਕ ਵੀ ਨਹੀਂ ਹਨ, ਸੰਸਦ ਮੈਂਬਰ ਹਨ, ਫਿਰ ਵੀ ਉਨ੍ਹਾਂ ਨੂੰ ਕਿਉਂ ਲਿਆਂਦਾ ਗਿਆ। ਇਕ ਰਾਵਤ ਦੀ ਥਾਂ ਦੂਸਰੇ ਰਾਵਤ ਨੂੰ ਕਿਉਂ ਲਿਆਂਦਾ ਗਿਆ? ਇਨ੍ਹਾਂ ਸਵਾਲਾਂ ਦੇ ਜਵਾਬ ਜਦੋਂ ਅਸੀਂ ਲੱਭਾਂਗੇ ਤਾਂ ਉਨ੍ਹਾਂ ’ਚੋਂ ਭਾਜਪਾ ਹੀ ਨਹੀਂ, ਦੇਸ਼ ਦੀਆਂ ਸਾਰੀਆਂ ਪਾਰਟੀਆਂ ਦੇ ਚੋਟੀ ਦੇ ਨੇਤਾਵਾਂ ਲਈ ਕਈ ਸਬਕ ਨਿਕਲਣਗੇ।

ਸਭ ਤੋਂ ਪਹਿਲਾ ਸਬਕ ਤਾਂ ਇਹੀ ਹੈ ਕਿ ਕਿਸੇ ਵੀ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਨੂੰ ਇਹ ਨਹੀਂ ਸਮਝ ਬੈਠਣਾ ਚਾਹੀਦਾ ਕਿ ਉਹ ਹਾਕਮ ਹੈ ਭਾਵ ਉਹ ਬਾਦਸ਼ਾਹ ਬਣ ਗਿਆ। ਸਾਰੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਜਨਤਾ ਨੂੰ ਉਸ ਦੀ ਹੁਕਮ ਅਦੂਲੀ ਕਰਨੀ ਹੀ ਹੈ। ਮੋਦੀ ਨੇ ਪ੍ਰਧਾਨ ਮੰਤਰੀ ਬਣਦੇ ਹੀ ਖੁਦ ਨੂੰ ਦੇਸ਼ ਦਾ ਪ੍ਰਮੁੱਖ ਸੇਵਕ ਕਿਹਾ ਸੀ। ਇਹੀ ਕਸੌਟੀ ਹੈ। ਹਰ ਅਹੁਦਾਧਾਰੀ ਨੇਤਾ ਨੂੰ ਚਾਹੀਦਾ ਹੈ ਕਿ ਉਹ ਖੁਦ ਨੂੰ ਇਸੇ ਕਸੌਟੀ ’ਤੇ ਕੱਸਦਾ ਰਹੇ।

ਤ੍ਰਿਵੇਂਦਰ ਰਾਵਤ ਨੇ ਇਸ ਕਸੌਟੀ ਨੂੰ ਅੱਖੋਂ-ਪਰੋਖੇ ਕਰ ਦਿੱਤਾ। ਉਨ੍ਹਾਂ ਨੇ ਉੱਤਰਾਖੰਡ ਦੇ ਆਮ ਨਾਗਰਿਕਾਂ ਦੀ ਅਪੀਲ ’ਤੇ ਕੰਨ ਦੇਣਾ ਤਾਂ ਬੰਦ ਕਰ ਹੀ ਦਿੱਤਾ ਸੀ, ਉਹ ਭਾਜਪਾ ਦੇ ਆਪਣੇ ਵਿਧਾਇਕਾਂ ਦੀ ਅਣਦੇਖੀ ਕਰਨ ਲੱਗੇ ਸਨ। ਇਹ ਭਾਜਪਾ ਵਿਧਾਇਕ ਇਸ ਲਈ ਵੀ ਪ੍ਰੇਸ਼ਾਨ ਸਨ ਕਿ ਕਾਂਗਰਸ ’ਚੋਂ ਆਏ ਕੁਝ ਵਿਧਾਇਕਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਪਰ ਭਾਜਪਾਈ ਵਿਧਾਇਕਾਂ ਨੂੰ ਇਹ ਮੌਕਾ ਨਹੀਂ ਦਿੱਤਾ ਗਿਆ ਜਦਕਿ ਚਾਰ ਮੰਤਰੀਆਂ ਦੀਆਂ ਥਾਵਾਂ ਖਾਲੀ ਸਨ। ਇਕ ਸੰਸਦ ਮੈਂਬਰ ਨੂੰ ਭਾਜਪਾ ਨੇ ਇਸ ਲਈ ਮੁੱਖ ਮੰਤਰੀ ਬਣਾਇਆ ਹੈ ਕਿ ਉਹ ਉਸ ਨੂੰ ਵਿਧਾਇਕਾਂ ’ਚੋਂ ਬਣਾ ਦਿੰਦੀ ਤਾਂ ਉਨ੍ਹਾਂ ਦੀ ਆਪਸੀ ਮੁਕਾਬਲੇਬਾਜ਼ੀ ਅਤੇ ਈਰਖਾ ਸਰਕਾਰ ਨੂੰ ਲੈ ਡੁੱਬਦੀ।

ਤੀਰਥ ਸਿੰਘ ਰਾਵਤ ਨੂੰ ਇਹ ਮੌਕਾ ਇਸ ਲਈ ਮਿਲਿਆ ਹੈ ਕਿ ਉਹ ਸ਼ਤਰੂਹੀਣ ਹਨ, ਉਹ ਨਿਮਰ ਅਤੇ ਬਹੁਤ ਵਧੀਆ ਵਿਅਕਤੀ ਹਨ। ਉਹ ਜਨਤਾ ਨਾਲ ਜੁੜੇ ਹੋਏ ਹਨ। ਉੱਤਰਾਖੰਡ ਦੇ 70 ਵਿਧਾਇਕਾਂ ’ਚੋਂ 30 ਗੜਵਾਲ ਦੇ ਹੁੰਦੇ ਹਨ। ਤੀਰਥ ਗੜਵਾਲੀਆਂ ਲਈ ਹਰਮਨਪਿਆਰੇ ਨੇਤਾ ਹਨ। ਉਹ ਅਫਸਰਾਂ ਦੇ ਹੱਥਾਂ ਦੀ ਕਠਪੁਤਲੀ ਨਹੀਂ ਹਨ।

ਨੇਤਾਵਾਂ ਅਤੇ ਨੌਕਰਸ਼ਾਹਾਂ ’ਚ ਜੇਕਰ ਉਹ ਠੀਕ ਢੰਗ ਨਾਲ ਤਾਲਮੇਲ ਬਿਠਾ ਸਕੇ ਤਾਂ 2022 ਦੀਆਂ ਚੋਣਾਂ ’ਚ ਭਾਜਪਾ ਦੁਬਾਰਾ ਜਿੱਤ ਸਕਦੀ ਹੈ। ਤੀਰਥ ਸਿੰਘ ਰਾਵਤ ਨੂੰ ਆਪਣੀ ਯੋਗਤਾ ਦੀ ਪ੍ਰੀਖਿਆ ਲਈ ਸਿਰਫ ਇਕ-ਡੇਢ ਸਾਲ ਹੀ ਮਿਲਿਆ ਹੈ। ਇਸ ਥੋੜ੍ਹੀ ਜਿਹੀ ਮਿਆਦ ’ਚ ਉੱਤਰਾਖੰਡ ਦੇ ਵਿਕਾਸ ਲਈ ਕੁਝ ਚਮਤਕਾਰੀ ਕਦਮ ਚੁੱਕਣਾ ਅਤੇ ਪਾਰਟੀ ਏਕਤਾ ਬਣਾਈ ਰੱਖਣੀ, ਇਹ ਵੱਡੀਆਂ ਚੁਣੌਤੀਆਂ ਉਨ੍ਹਾਂ ਦੇ ਸਾਹਮਣੇ ਹਨ। ਉਹ ਉੱਤਰਾਖੰਡ ਦੀ ਭਾਜਪਾ ਦੇ ਪ੍ਰਧਾਨ ਰਹੇ ਹਨ ਅਤੇ ਬਚਪਨ ਤੋਂ ਰਾਸ਼ਟਰੀ ਸਵੈਮਸੇਵਕ ਸੰਘ ਦੇ ਪ੍ਰਚਾਰਕ ਰਹੇ ਹਨ। ਕੇਂਦਰੀ ਨੇਤਾਵਾਂ ਨਾਲ ਵੀ ਉਨ੍ਹਾਂ ਦੇ ਸਬੰਧ ਗੂੜ੍ਹੇ ਹਨ। ਇਸ ਚੁਣਾਵੀ ਚੁਣੌਤੀ ਦੇ ਦੌਰ ’ਚ ਕੋਈ ਭਾਜਪਾ ਵਿਧਾਇਕ ਵੀ ਉਨ੍ਹਾਂ ਦਾ ਵਿਰੋਧ ਨਹੀਂ ਕਰ ਸਕੇਗਾ। ਅਗਲੀਆਂ ਚੋਣਾਂ ਦੇ ਬਾਅਦ ਉੱਤਰਾਖੰਡ ਦੀ ਭਾਜਪਾ ’ਚ ਕਈ ਅਜਿਹੇ ਸੀਨੀਅਰ ਨੇਤਾ ਹਨ ਜੋ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਹੋਣਾ ਚਾਹੁਣਗੇ। ਤ੍ਰਿਵੇਂਦਰ ਸਿੰਘ ਰਾਵਤ ਵੀ ਗੜਵਾਲੀ ਹਨ। ਉਹ ਆਪਣੀ ਸਮੇਂ ਤੋਂ ਪਹਿਲਾਂ ਅਹੁਦਾ ਮੁਕਤੀ ਨੂੰ ਕੀ ਚੁੱਪਚਾਪ ਸਹਿਣ ਕਰ ਲੈਣਗੇ? ਉਹ ਭਾਵੇਂ ਜੋ ਕਰਨ ਪਰ ਉਨ੍ਹਾਂ ਦੀ ਅਹੁਦਾ ਮੁਕਤੀ ਨੇ ਦੇਸ਼ ਦੇ ਸਾਰੇ ਅਹੁਦਾਧਾਰੀ ਨੇਤਾਵਾਂ ਨੂੰ ਤਕੜਾ ਸਬਕ ਸਿਖਾ ਦਿੱਤਾ ਹੈ।


Bharat Thapa

Content Editor

Related News