ਟਰੰਪ ਦਾ ਬਿਆਨ ਪਾਕਿਸਤਾਨ ਦੀ ਡਿਪਲੋਮੈਟਿਕ ਅਸਫਲਤਾ

08/29/2019 6:33:53 AM

ਵਿਪਿਨ ਪੱਬੀ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਹ ਕਹਿਣ ਲਈ ਇਕ ਮਹੀਨੇ ਤੋਂ ਵੀ ਵੱਧ ਸਮਾਂ ਲੱਗ ਗਿਆ ਕਿ ਬਿਹਤਰ ਹੋਵੇਗਾ ਕਿ ਦੋ ਗੁਆਂਢੀਆਂ ਵਿਚਾਲੇ ਕਸ਼ਮੀਰ ਦੇ ਮੁੱਦੇ ਨੂੰ ਸੁਲਝਾਉਣ ਦਾ ਮਾਮਲਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਛੱਡ ਦਿੱਤਾ ਜਾਵੇ। ਟਰੰਪ ਨੇ ਹਾਲੀਆ ਸਮੇਂ ਦੌਰਾਨ ਘੱਟੋ-ਘੱਟ ਦੋ ਵਾਰ ਇਸ ਗੱਲ ਦਾ ਸੰਕੇਤ ਦਿੱਤਾ ਕਿ ਵਿਚੋਲਗੀ ਕਰਨ ਲਈ ਦੋਵਾਂ ਦੇਸ਼ਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਉਹ ਅਜਿਹਾ ਕਰਨ ਲਈ ਤਿਆਰ ਹਨ।

ਭਾਰਤ ਦਾ ਹਮੇਸ਼ਾ ਤੋਂ ਹੀ ਇਹ ਸਟੈਂਡ ਰਿਹਾ ਹੈ ਕਿ ਇਹ ਇਕ ਦੁਵੱਲਾ ਮਾਮਲਾ ਹੈ ਅਤੇ ਟਰੰਪ ਵਲੋਂ ਕੀਤਾ ਜਾ ਰਿਹਾ ਦਾਅਵਾ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ। ਭਾਰਤ ਸਰਕਾਰ ਨੇ ਜ਼ੋਰਦਾਰ ਢੰਗ ਨਾਲ ਇਸ ਗੱਲ ਦਾ ਖੰਡਨ ਕੀਤਾ ਹੈ ਕਿ ਇਸ ਨੇ ਕਦੇ ਵਿਚੋਲਗੀ ਲਈ ਰਾਸ਼ਟਰਪਤੀ ਟਰੰਪ ਨਾਲ ਸੰਪਰਕ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਟਰੰਪ ਵਲੋਂ ਇਕ ਹੀ ਮੰਚ ਤੋਂ ਇਹ ਕਹੇ ਜਾਣ ’ਤੇ ਕਿ ਭਾਰਤ ਅਤੇ ਪਾਕਿਸਤਾਨ ਨੂੰ ਆਪਸ ’ਚ ਇਹ ਮੁੱਦਾ ਸੁਲਝਾਉਣਾ ਚਾਹੀਦਾ ਹੈ, ਕਿਸੇ ਦੇ ਵੀ ਮਨ ’ਚ ਇਹ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਅਮਰੀਕਾ ਪਾਕਿਸਤਾਨ ਦਾ ਸਮਰਥਨ ਕਰ ਸਕਦਾ ਹੈ।

ਭਾਰਤ ਦੀ ਕੂਟਨੀਤਿਕ ਜਿੱਤ

ਇਹ ਭਾਰਤ ਲਈ ਬਹੁਤ ਕੂਟਨੀਤਿਕ ਜਿੱਤ ਹੈ ਕਿਉਂਕਿ ਟਰੰਪ ਜੋ ਜ਼ਾਹਿਰਾ ਤੌਰ ’ਤੇ ਅਜਿਹੇ ਕਦਮ ਚੁੱਕ ਕੇ, ਜਿਵੇਂ ਕਿ ਉੱਤਰ ਕੋਰੀਆ ਨਾਲ ਗੱਲ ਕਰਨਾ, ਨੇ ਨੋਬਲ ਸ਼ਾਂਤੀ ਪੁਰਸਕਾਰ ’ਤੇ ਨਜ਼ਰਾਂ ਗੱਡੀਆਂ ਹੋਈਆਂ ਹਨ ਅਤੇ ਉਹ ਆਪਣੀ ਭੂਮਿਕਾ ਨਿਭਾਉਣ ਦਾ ਯਤਨ ਕਰ ਰਹੇ ਸਨ ਜਿਸ ਲਈ ਭਾਰਤ ਤਿਆਰ ਨਹੀਂ ਸੀ। ਸੰਯੁਕਤ ਪ੍ਰੈੱਸ ਕਾਨਫਰੰਸ ਦੌਰਾਨ ਮੋਦੀ ਅਤੇ ਟਰੰਪ ਵਿਚਾਲੇ ਖੁਸ਼ਮਿਜ਼ਾਜੀ ਵੀ ਚਿੱਤਰਾਂ ’ਚ ਬੁਰੀ ਤਰ੍ਹਾਂ ਨਾਲ ਪ੍ਰਤੀਬਿੰਬਿਤ ਹੋਈ ਜਿੱਥੇ ਦੋਵੇਂ ਨੇਤਾ ਹੱਸਦੇ ਹੋਏ ਅਤੇ ਮੋਦੀ ਹਾਸੇ ’ਚ ਟਰੰਪ ਦੇ ਹੱਥ ’ਤੇ ਹੱਥ ਮਾਰਦੇ ਟਿਕਾਉਂਦੇ ਹੋਏ ਦਿਖਾਈ ਦੇ ਰਹੇ ਹਨ। ਰਿਪੋਰਟਾਂ ਅਨੁਸਾਰ ਟਰੰਪ ਨੇ ਮੀਡੀਆ ਦੇ ਸਾਹਮਣੇ ਟਿੱਪਣੀ ਕੀਤੀ ਕਿ ਮੋਦੀ ਜੋ ਹਿੰਦੀ ’ਚ ਸਵਾਲਾਂ ਦੇ ਜਵਾਬ ਦੇ ਰਹੇ ਸਨ, ਕੁਝ ਮੁੱਦਿਆਂ ’ਤੇ ਟਿੱਪਣੀ ਕਰਨਾ ਨਹੀਂ ਚਾਹੁਣਗੇ ਅਤੇ ਇਸੇ ਲਈ ਉਹ ਹਿੰਦੀ’ਚ ਬੋਲ ਰਹੇ ਹਨ, ‘‘ਇਸ ਦੇ ਬਾਵਜੂਦ ਕਿ ਉਹ ਅੰਗਰੇਜ਼ੀ ’ਚ ਚੰਗਾ ਬੋਲ ਸਕਦੇ ਹਨ।’’

ਅਮਰੀਕਾ ਵਲੋਂ ਲਿਆ ਗਿਆ ਨਵਾਂ ਸਪੱਸ਼ਟ ਸਟੈਂਡ ਨਿਸ਼ਚਿਤ ਤੌਰ ’ਤੇ ਪਾਕਿਸਤਾਨ ਲਈ ਇਕ ਵੱਡੀ ਨਾਕਾਮਯਾਬੀ ਹੈ। ਵਿਸ਼ੇਸ਼ ਤੌਰ ’ਤੇ ਇਸ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ, ਜੋ ਇਸ ਨੂੰ ਇਕ ਕੌਮਾਂਤਰੀ ਮੁੱਦਾ ਬਣਾਉਣ ਲਈ ਹਰ ਤਰ੍ਹਾਂ ਦਾ ਯਤਨ ਕਰ ਰਹੇ ਸਨ। ਕੋਈ ਹੈਰਾਨੀ ਨਹੀਂ ਕਿ ਉਨ੍ਹਾਂ ਨੇ ਦੇਸ਼ ਨੂੰ ਸੰਬੋਧਨ ਕੀਤਾ ਅਤੇ ਸਾਰੇ ਕੌਮਾਂਤਰੀ ਮੰਚਾਂ ’ਤੇ ਮੁੱਦੇ ਨੂੰ ਉਠਾਉਣ ਦਾ ਸੰਕਲਪ ਲਿਆ। ਇਹ ਇਸ ਤੱਥ ਦੇ ਬਾਵਜੂਦ ਹੈ ਕਿ ਪਾਕਿਸਤਾਨ ਦਾ ਇਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਲਿਜਾਣ ਦਾ ਯਤਨ ਵੀ ਅਸਫਲ ਹੋ ਗਿਆ ਸੀ। ਇਥੋਂ ਤਕ ਪਾਕਿਸਤਾਨ ਦਾ ਕਰੀਬੀ ਸਹਿਯੋਗੀ ਚੀਨ ਵੀ ਇਸ ਦੇ ਸਮਰਥਨ ’ਤੇ ਜ਼ੋਰ ਦੇਣ ਤੋਂ ਬਚ ਰਿਹਾ ਹੈ। ਇਸ ਦੀਆਂ ਟਿੱਪਣੀਆਂ ’ਚ ਨਰਮੀ ਆ ਗਈ ਹੈ।

ਪਾਕਿਸਤਾਨ ਨੂੰ ਇਕ ਹੋਰ ਝਟਕਾ

ਪਾਕਿਸਤਾਨ ਨੂੰ ਇਕ ਹੋਰ ਝਟਕਾ ਉਦੋਂ ਲੱਗਾ ਜਦੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਜੋ ਪਾਕਿਸਤਾਨ ਦਾ ਸਮਰਥਕ ਅਤੇ ਵੱਡੀ ਸਹਾਇਤਾ ਦੇਣ ਵਾਲਾ ਹੈ, ਨੇ ਆਪਣਾ ਸਰਵਉੱਚ ਨਾਗਰਿਕ ਸਨਮਾਨ, ‘ਆਰਡਰ ਆਫ ਜਾਇਦ’ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ। ਇਸ ਕੰਮ ਤੋਂ ਚਿੜੇ ਪਾਕਿਸਤਾਨ ਨੇ ਆਪਣੇ ਸੀਨੇਟ ਚੇਅਰਮੈਨ ਦੇ ਯੂ. ਏ. ਈ. ਦੇ ਦੌਰੇ ਨੂੰ ਰੱਦ ਕਰ ਦਿੱਤਾ।

ਇਸ ਤਰ੍ਹਾਂ ਪਾਕਿਸਤਾਨ ਇਸ ਮੁੱਦੇ ’ਤੇ ਖੁਦ ਨੂੰ ਅਲੱਗ-ਥਲੱਗ ਦੇਖ ਰਿਹਾ ਹੈ। ਇਮਰਾਨ ਖਾਨ ਨੇ ਟੈਲੀਵਿਜ਼ਨ ’ਤੇ ਪ੍ਰਸਾਰਿਤ ਆਪਣੇ ਭਾਸ਼ਣ ’ਚ ਕਿਹਾ ਕਿ ਉਹ ਹੋਰਨਾ ਦੇਸ਼ਾਂ ਨਾਲ ਮੁੱਦੇ ਨੂੰ ਉਠਾਉਣਾ ਜਾਰੀ ਰੱਖਣਗੇ ਅਤੇ ਇਸ ਨੂੰ ਸੰਯੁਕਤ ਰਾਸ਼ਟਰ ਆਮ ਸਭਾ ’ਚ ਵੀ ਉਠਾਉਣਗੇ।

ਚੰਗੀ ਤਰ੍ਹਾਂ ਨਾਲ ਜਾਣਦੇ ਹੋਏ ਕਿ ਉਹ ਕੌਮਾਂਤਰੀ ਪੱਧਰ ’ਤੇ ਅਲੱਗ-ਥਲੱਗ ਪੈ ਗਿਆ ਹੈ ਅਤੇ ਇਸ ਦੀ ਫੌਜ ਭਾਰਤੀ ਫੌਜ ਦਾ ਮੁਕਾਬਲਾ ਨਹੀਂ ਕਰ ਸਕਦੀ, ਇਮਰਾਨ ਖਾਨ ਨੇ ਇਕ ਵਾਰ ਫਿਰ ਆਪਣੇ ਬ੍ਰਹਮਸਤਰ ‘ਪ੍ਰਮਾਣੂ ਬੰਬ’ ਦੀ ਗੱਲ ਕੀਤੀ। ਉਨ੍ਹਾਂ ਨੇ ਭਾਰਤ ਅਤੇ ਵਿਸ਼ਵ ਨੂੰ ਯਾਦ ਦਿਵਾਇਆ ਕਿ ਦੋਵੇਂ ਪ੍ਰਮਾਣੂ ਸਮਰੱਥਾ ਸੰਪੰਨ ਦੇਸ਼ ਹਨ ਅਤੇ ਦੋਵਾਂ ਵਿਚਾਲੇ ਜੰਗ ਭੜਕ ਉੱਠਣ ਦਾ ਦੋਵਾਂ ਦੇਸ਼ਾਂ ’ਤੇ ਹੀ ਨਹੀਂ ਸਗੋਂ ਪੂਰੇ ਵਿਸ਼ਵ ’ਤੇ ਅਸਰ ਪੈ ਸਕਦਾ ਹੈ। ਇਹ ਸ਼ਾਇਦ ਭਾਰਤ ਲਈ ਇਕ ਚਿਤਾਵਨੀ ਵੀ ਸਮਝੀ ਜਾ ਸਕਦੀ ਹੈ ਕਿ ਭਾਰਤ ਆਪਣੇ ਬਲ ਨਾਲ ਪਾਕਿਸਤਾਨੀ ਮਕਬੂਜਾ ਕਸ਼ਮੀਰ ’ਤੇ ਕਬਜ਼ਾ ਕਰਨ ਦਾ ਯਤਨ ਨਾ ਕਰੇ ਜੋ ਦੇਸ਼ ਲਈ ਮੌਜੂਦਾ ਸਮੇਂ ਸਭ ਤੋਂ ਵੱਡੀ ਚਿੰਤਾ ਹੈ।

ਇਸੇ ਕਾਰਨ ਇਮਰਾਨ ਖਾਨ ਨੇ ਫੌਜ ਮੁਖੀ ਕਮਰ ਬਾਜਵਾ ਨੂੰ ਤਿੰਨ ਸਾਲ ਦਾ ਸੇਵਾ ਵਿਸਤਾਰ ਦਿੱਤਾ ਹੈ। ਇਹ ਸਭ ਨੂੰ ਪਤਾ ਹੀ ਹੈ ਕਿ ਪਾਕਿਸਤਾਨ ’ਚ ਸਿਵਲੀਅਨ ਸਰਕਾਰ ਆਪਣੀ ਫੌਜ ਦੀ ਮਨਜ਼ੂਰੀ ਤੋਂ ਬਿਨਾਂ ਕੁਝ ਵੀ ਨਹੀਂ ਕਰਦੀ ਅਤੇ ਬਿਨਾਂ ਸ਼ੱਕ ਜਨਰਲ ਬਾਜਵਾ ਨੂੰ ਸੇਵਾ ਵਿਸਤਾਰ ਦੇਣ ਦਾ ਹੁਕਮ ਖੁਦ ਫੌਜ ਨੇ ਦਿੱਤਾ ਹੋਵੇਗਾ।

ਅੰਤਿਮ ਪ੍ਰੀਖਿਆ

ਭਾਵੇਂ ਹੁਣ ਜਦੋਂ ਟਰੰਪ ਨੇ ਮਾਮਲੇ ਤੋਂ ਖੁਦ ਨੂੰ ਦੂਰ ਕਰ ਲਿਆ ਹੈ ਅਤੇ ਕੌਮਾਂਤਰੀ ਭਾਈਚਾਰੇ ਨੇ ਦਖਲ ਨਾ ਦੇਣ ਦਾ ਫੈਸਲਾ ਕੀਤਾ ਹੈ, ਭਾਰਤ ਚੁੱਪਚਾਪ ਮੂਕਦਰਸ਼ਕ ਬਣਿਆ ਨਹੀਂ ਰਹਿ ਸਕਦਾ। ਭਾਰਤ ਸਰਕਾਰ ਦੀ ਅੰਤਿਮ ਪ੍ਰੀਖਿਆ ਇਹ ਹੋਵੇਗੀ ਕਿ ਕਿਵੇਂ ਇਹ ਸ਼ਾਂਤੀਪੂਰਵਕ ਅਤੇ ਛੇਤੀ ਇਸ ਮੁੱਦੇ ਨੂੰ ਸੁਲਝਾਉਂਦੀ ਹੈ।

ਇਸ ਨਾਲ ਵਿਸ਼ਵ ਦਾ ਧਿਆਨ ਦੂਸਰੇ ਪਾਸੇ ਕਰਨ ’ਚ ਮਦਦ ਮਿਲੇਗੀ ਜੋ ਕਸ਼ਮੀਰ ਵਾਦੀ ’ਚ ਆਮ ਸਥਿਤੀਆਂ ਬਹਾਲ ਕਰਨ ਲਈ ਪ੍ਰਭਾਵੀ ਕਦਮ ਨਾ ਚੁੱਕੇ ਜਾਣ ਦੀ ਸੂਰਤ ’ਚ ਸਾਡੇ ਵਲ ਹੋਰ ਵਧੇਗਾ। ਹੁਣ ਤਿੰਨ ਹਫਤਿਆਂ ਤੋਂ ਵਧ ਸਮਾਂ ਹੋ ਚੁੱਕਾ ਹੈ ਕਿ ਵਾਦੀ ’ਚ ਪਾਬੰਦੀਆਂ ਲਾਗੂ ਹਨ ਜਿਨ੍ਹਾਂ ਦੇ ਅਧੀਨ ਲੋਕਾਂ ਦੀ ਆਮ ਆਵਾਜਾਈ ’ਤੇ ਰੋਕ ਹੈ, ਇੰਟਰਨੈੱਟ ਅਤੇ ਸਮਾਚਾਰ ਮੀਡੀਆ ’ਤੇ ਪਾਬੰਦੀ ਹੈ ਅਤੇ ਸਾਰੀਆਂ ਸੰਸਥਾਵਾਂ ਬੰਦ ਹਨ। ਵਿਸ਼ੇਸ਼ ਤੌਰ ’ਤੇ ਮੀਡੀਆ ਦੇ ਪਾਬੰਦੀ ਦੇ ਕਾਰਨ ਅਫਵਾਹਾਂ ਅਤੇ ਝੂਠ ਚਲ ਰਿਹਾ ਹੈ ਜੋ ਭਾਵਨਾਵਾਂ ਨੂੰ ਭੜਕਾ ਸਕਦਾ ਹੈ। ਸਰਕਾਰ ਨੂੰ ਜਿੰਨੀ ਜਲਦੀ ਹੋ ਸਕੇ ਆਮ ਹਾਲਾਤ ਬਹਾਲ ਕਰਨ ਲਈ ਵਿਸਥਾਰਪੂਰਵਕ ਯੋਜਨਾ ਬਣਾਉਣੀ ਹੋਵੇਗੀ ਨਹੀਂ ਤਾਂ ਲੰਬੇ ਸਮੇਂ ਤਕ ਸਭ ਕੁਝ ਬੰਦ ਰਹਿਣ ਅਤੇ ਰਾਜਨੇਤਾਵਾਂ ਨੂੰ ਵਿਰਾਸਤ ’ਚ ਰੱਖਣ ਲਈ ਇਸ ਨੂੰ ਮਨੁੱਖੀ ਅਧਿਕਾਰ ਉਲੰਘਣਾ ਲਈ ਕੌਮਾਂਤਰੀ ਦੇਖ-ਰੇਖ ਦਾ ਸਾਹਮਣਾ ਕਰਨਾ ਪਏਗਾ। ਵੱਡੀ ਪੱਧਰ ’ਤੇ ਕਿਸੇ ਹਿੰਸਾ ਦਾ ਭੜਕਣਾ ਵੀ ਕੌਮਾਂਤਰੀ ਪੱਧਰ ’ਤੇ ਧਿਆਨ ਆਕਰਸ਼ਿਤ ਕਰੇਗਾ। ਇਸ ਲਈ ਇਹ ਮਹੱਤਵਪੂਰਣ ਹੈ ਕਿ ਜਿੰਨੀ ਛੇਤੀ ਹੋ ਸਕੇ ਆਮ ਹਾਲਾਤ ਵਾਪਸ ਲਿਆਉਣ ਲਈ ਰਾਜਨੇਤਾਵਾਂ ਨਾਲ ਗੱਲਬਾਤ ਅਤੇ ਪਾਬੰਦੀਆਂ ਹਟਾਉਣ ਸਮੇਤ ਸਰਗਰਮ ਕਦਮ ਚੁੱਕੇ ਜਾਣ।

Email : vipinpubby@gmail.com
 


Bharat Thapa

Content Editor

Related News