ਸੱਤਾ ਸੰਭਾਲਦੇ ਹੀ ਵਿਵਾਦਗ੍ਰਸਤ ਕਾਰਵਾਈਆਂ ਕਰਕੇ ਟਰੰਪ ਕਰ ਰਹੇ ਆਪਣੇ ਅਕਸ ਨੂੰ ਖਰਾਬ
Saturday, Feb 08, 2025 - 01:57 AM (IST)
![ਸੱਤਾ ਸੰਭਾਲਦੇ ਹੀ ਵਿਵਾਦਗ੍ਰਸਤ ਕਾਰਵਾਈਆਂ ਕਰਕੇ ਟਰੰਪ ਕਰ ਰਹੇ ਆਪਣੇ ਅਕਸ ਨੂੰ ਖਰਾਬ](https://static.jagbani.com/multimedia/2025_2image_11_30_030765805trump.jpg)
ਹਾਲਾਂਕਿ 20 ਜਨਵਰੀ, 2025 ਨੂੰ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਡੋਨਾਲਡ ਟਰੰਪ ਨੇ ‘ਹਮਾਸ’ ਅਤੇ ‘ਇਜ਼ਰਾਈਲ’ ’ਚ ਜੰਗਬੰਦੀ ਕਰਵਾਉਣ ਦਾ ਸਿਹਰਾ ਹਾਸਲ ਕੀਤਾ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਵੇਂ ਕਾਰਜਕਾਲ ਦੀ ਸ਼ੁਰੂਆਤ ’ਚ ਕਈ ਵਿਵਾਦਗ੍ਰਸਤ ਕਾਰਜਕਾਰੀ ਹੁਕਮਾਂ ’ਤੇ ਦਸਤਖਤ ਕੀਤੇ ਹਨ।
ਇਨ੍ਹਾਂ ’ਚ ਵਪਾਰ, ਇਮੀਗ੍ਰੇਸ਼ਨ, ਟਰਾਂਸਜੈਂਡਰਾਂ ਦੇ ਅਧਿਕਾਰ ਵਾਪਸ ਲੈਣ ਅਤੇ ਗਾਜ਼ਾਪੱਟੀ ਤੋਂ ਫਿਲਸਤੀਨੀਆ ਨੂੰ ਜ਼ਬਰਦਸਤੀ ਤਬਦੀਲ ਕਰ ਕੇ ਗਾਜ਼ਾ ਨੂੰ ‘ਰੀ-ਡਿਵੈਲਪ’ ਕਰਨ ਲਈ ਆਪਣੇ ਕਬਜ਼ੇ ’ਚ ਲਿਆਉਣ ਦਾ ਮਤਾ ਵਰਗੇ ਵਿਸ਼ੇ ਸ਼ਾਮਲ ਹਨ।
ਡੈਮੋਕ੍ਰੇਟਾਂ ਨੇ ਉਨ੍ਹਾਂ ਦੇ ਫੈਸਲਿਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਡੋਨਾਲਡ ਟਰੰਪ ਦੇ ਵਿਰੁੱਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਇਸੇ ਕੜੀ ’ਚ ਟਰੰਪ ਦੇ ਵਿਰੁੱਧ ਪੂਰੇ ਦੇਸ਼ ’ਚ ਪ੍ਰਦਰਸ਼ਨ ਕਰਨ ਲਈ ਚਲਾਈ ਗਈ ਇਕ ਆਨਲਾਈਨ ਮੁਹਿੰਮ ਤਹਿਤ 5 ਫਰਵਰੀ ਨੂੰ ਅਮਰੀਕਾ ਦੇ ਫਿਲਾਡੇਲਫੀਆ, ਕੈਲੀਫੋਰਨੀਆ, ਮਿਨੇਸੋਟਾ, ਮਿਸ਼ੀਗਨ, ਟੈਕਸਾਸ, ਵਿਸਕਾਂਸਿਨ, ਇੰਡੀਆਨਾ ਆਦਿ ਸ਼ਹਿਰਾਂ ’ਚ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਵਿਰੁੱਧ ਪੋਸਟਰ ਲਹਿਰਾਏ।
ਇਸ ਦੌਰਾਨ ਅਨੇਕ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਵੀ ਲਿਆ ਗਿਆ। ਸੋਸ਼ਲ ਮੀਡੀਆ ’ਤੇ ‘ਫਾਸ਼ੀਵਾਦ ਨੂੰ ਨਾਮਨਜ਼ੂਰ ਕਰੋ’ ਅਤੇ ‘ਸਾਡੇ ਲੋਕਤੰਤਰ ਦੀ ਰੱਖਿਆ ਕਰੋ’ ਵਰਗੇ ਸੰਦੇਸ਼ ਪ੍ਰਸਾਰਿਤ ਕੀਤੇ ਗਏ।
ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਆਯੋਵਾ ਦੇ ‘ਡੇਸ ਮੋਈਨੇਸ’ ’ਚ ਟਰੰਪ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਇਕ ਕੰਜ਼ਰਵੇਟਿਵ ਗਰੁੱਪ ‘ਮਾਮਜ਼ ਫਾਰ ਲਿਬਰਟੀ’ ਦੇ ਪ੍ਰੋਗਰਾਮ ’ਚ ਦਾਖਲ ਹੋ ਕੇ ਨਾਅਰੇਬਾਜ਼ੀ ਕੀਤੀ। ਉਹ ਲਗਭਗ 15 ਮਿੰਟਾਂ ਤੱਕ ਰੋਟੁੰਡਾ (ਗੋਲਾਕਾਰ ਹਾਲ) ’ਚ ਟਰੰਪ ਵਿਰੋਧੀ ਨਾਅਰੇ ਲਗਾਉਂਦੇ ਰਹੇ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਉਥੋਂ ਬਾਹਰ ਕੱਢ ਦਿੱਤਾ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ।
ਡੋਨਾਲਡ ਟਰੰਪ ਨੇ ਅਜੇ ਹਾਲ ਹੀ ’ਚ ਇਕ ਕਾਰਜਕਾਰੀ ਹੁਕਮ ’ਤੇ ਦਸਤਖਤ ਕਰ ਕੇ ਲਿੰਗ ਦੀ ਪਰਿਭਾਸ਼ਾ ਨੂੰ ਸਿਰਫ ਮਰਦ ਅਤੇ ਔਰਤ ਤੱਕ ਸੀਮਤ ਕਰ ਦਿੱਤਾ ਹੈ। ਇਸ ਸੰਬੰਧ ’ਚ ਇਕ ਪ੍ਰਦਰਸ਼ਨਕਾਰੀ ਨੇ ਭਾਸ਼ਣ ਦਿੰਦੇ ਹੋਏ ਕਿਹਾ ਕਿ, ‘‘ਰਾਸ਼ਟਰਪਤੀ ਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਬਹੁਤ ਤਾਕਤ ਹੈ ਪਰ ਉਨ੍ਹਾਂ ਕੋਲ ਆਪਣੀ ਲਿੰਗਕ ਪਛਾਣ ਤੈਅ ਕਰਨ ਦੀ ਸ਼ਕਤੀ ਨਹੀਂ ਹੈ।’’
ਪ੍ਰਦਰਸ਼ਨਕਾਰੀਆਂ ਨੇ ਜਿੱਥੇ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਦੀ ਨਿੰਦਾ ਕੀਤੀ ਅਤੇ ‘ਨਫਰਤ ਨਹੀਂ, ਡਰ ਨਹੀਂ, ਪ੍ਰਵਾਸੀ ਇੱਥੇ ਸਵਾਗਤਯੋਗ ਹਨ’ ਵਰਗੇ ਨਾਅਰੇ ਲਗਾਏ, ਉੱਥੇ ਹੀ ਟਰੰਪ ਦੀ ਜਿੱਤ ’ਚ ਵੱਡੀ ਭੂਮਿਕਾ ਨਿਭਾਉਣ ਵਾਲੇ ਐਲਨ ਮਸਕ, ਜਿਨ੍ਹਾਂ ਨੂੰ ਟਰੰਪ ਨੇ ਆਪਣੇ ‘ਸਰਕਾਰੀ ਕਾਬਲੀਅਤ ਵਿਭਾਗ’ ਦਾ ਮੁਖੀ ਬਣਾਇਆ ਹੈ, ਦਾ ਵੀ ਵਿਰੋਧ ਕੀਤਾ ਅਤੇ ‘ਐਲਨ ਮਸਕ ਨੂੰ ਡਿਪੋਰਟ ਕਰੋ’ (ਦੇਸ਼ ਵਿਚੋਂ ਕੱਢੋ) ਵਰਗੇ ਨਾਅਰੇ ਲਗਾਏ।
ਇਕ ਪ੍ਰਦਰਸ਼ਨਕਾਰੀ ਦਾ ਕਹਿਣਾ ਸੀ ਕਿ ਵਿੱਤ ਵਿਭਾਗ ਦੇ ਡਾਟਾ ਤੱਕ ਮਸਕ ਦੀ ਪਹੁੰਚ ਚਿੰਤਾਜਨਕ ਹੈ। ਇਕ ਪ੍ਰਦਰਸ਼ਨਕਾਰੀ ਦੇ ਹੱਥ ’ਚ ਫੜੇ ਪੋਸਟਰ ’ਚ ਮਸਕ ਵਲੋਂ ਟਰੰਪ ਨੂੰ ਕਠਪੁਤਲੀ ਵਾਂਗ ਨੱਚਦੇ ਹੋਏ ਦਿਖਾਇਆ ਗਿਆ।
ਇਹੀ ਨਹੀਂ, ਟਰੰਪ ਦੇ ਗਾਜ਼ਾ ਨੂੰ ‘ਰੀ-ਡਿਵੈਲਪ’ ਕਰਨ ਲਈ ਆਪਣੇ ਕਬਜ਼ੇ ’ਚ ਲੈਣ ਦੇ ਪ੍ਰਸਤਾਵ ਦਾ ਵਿਰੋਧ ਸਾਊਦੀ ਅਰਬ, ਜਾਰਡਨ, ਮਿਸਰ ਅਤੇ ਈਰਾਨ ਵਲੋਂ ਕੀਤਾ ਜਾ ਰਿਹਾ ਹੈ। ਟਰੰਪ ਨੇ ਇਹ ਹੈਰਾਨੀਜਨਕ ਐਲਾਨ ਉਸ ਸਮੇਂ ਕੀਤਾ ਜਦ ਦੋਹਾ ’ਚ ਗਾਜ਼ਾ ’ਚ ਜੰਗਬੰਦੀ ਦੇ ਦੂਜੇ ਪੜਾਅ ’ਤੇ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਸੀ ਅਤੇ ਇਸ ਐਲਾਨ ਦਾ ਚਰਚਾ ’ਚ ਸ਼ਾਮਲ ਸਾਰੇ ਦੇਸ਼ਾਂ ਨੇ ਵਿਰੋਧ ਕੀਤਾ।
ਉੱਧਰ ਟਰੰਪ ਪ੍ਰਸ਼ਾਸਨ ਵਲੋਂ ਅਣਮਨੁੱਖੀ ਢੰਗ ਨਾਲ ਭਾਰਤ ਅਤੇ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਨੂੰ ਲੈ ਕੇ ਵੀ ਨਾਰਾਜ਼ਗੀ ਫੈਲੀ ਹੈ। ਕੋਲੰਬੀਆ ਦੇ ਰਾਸ਼ਟਰਪਤੀ ਨੇ ਆਪਣਾ ਜਹਾਜ਼ ਭੇਜ ਕੇ ਉੱਥੋਂ ਆਪਣੇ ਨਾਗਰਿਕਾਂ ਨੂੰ ਵਾਪਸ ਸੱਦਿਆ ਹੈ ਪਰ 7 ਫਰਵਰੀ ਨੂੰ ਅਮਰੀਕਾ ਪ੍ਰਸ਼ਾਸਨ ਨੇ ਕੁਝ ਪ੍ਰਵਾਸੀਆਂ ਨੂੰ ਬਦਨਾਮ ‘ਗਵਾਂਟੇਨਾਮਾ’ ਜੇਲ ’ਚ ਭੇਜ ਦਿੱਤਾ ਹੈ ਅਤੇ ਅਗਲੇ 30 ਦਿਨਾਂ ’ਚ ਵੈਨੇਜ਼ੁਏਲਾ ਦੇ ਪ੍ਰਵਾਸੀਆਂ ਨੂੰ ਭੇਜਣ ਦੀ ਉਨ੍ਹਾਂ ਦੀ ਯੋਜਨਾ ਹੈ।
ਜਿੱਥੇ ਡੋਨਾਲਡ ਟਰੰਪ ਵਲੋਂ ਸਿਹਤ ਅਤੇ ਫੌਜ ਨੂੰ ਛੱਡ ਕੇ ਹੋਰ ਸਾਰੇ ਸੰਘੀ ਕਰਮਚਾਰੀਆਂ ਨੂੰ ਵਾਲੰਟੀਅਰੀ ਰਿਟਾਇਰਮੈਂਟ ਲੈਣ ਦੇ ਨੋਟਿਸ ਭੇਜਣ ਨਾਲ ਨਾਰਾਜ਼ਗੀ ਫੈਲੀ ਹੈ, ਉੱਥੇ ਹੀ ਟਰੰਪ ‘ਪੈਰਿਸ ਜਲਵਾਯੂ ਸਮਝੌਤੇ’ ਅਤੇ ‘ਿਵਸ਼ਵ ਸਿਹਤ ਸੰਗਠਨ’ ਨੂੰ ਆਰਥਿਕ ਮਦਦ ਦੇ ਸਮਝੌਤੇ ਤੋਂ ਵੀ ਪਿੱਛੇ ਹਟ ਗਏ ਹਨ।
ਕੁੱਲ ਮਿਲਾ ਕੇ ਜਿੱਥੇ ਡੋਨਾਲਡ ਟਰੰਪ ਤੋਂ ਦੁਨੀਆ ਨੂੰ ਸਕਾਰਾਤਮਕ ਕਦਮ ਚੁੱਕਣ ਦੀਆਂ ਉਮੀਦਾਂ ਜਾਗੀਆਂ ਸਨ ਪਰ ਉਨ੍ਹਾਂ ਨੇ ਤਾਂ ਸਾਰੇ ਨਕਾਰਾਤਮਕ ਕਦਮ ਉਠਾ ਦਿੱਤੇ ਅਤੇ ਵਿਵਾਦਗ੍ਰਸਤ ਨੀਤੀਆਂ ਅਪਣਾ ਕੇ ਅਤੇ ਕਾਰਵਾਈਆਂ ਕਰ ਕੇ ਵਿਸ਼ਵ ਦੀ ਵਿਵਸਥਾ ਨੂੰ ਹਿਲਾ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦਾ ਅਕਸ ਖਰਾਬ ਹੋ ਰਿਹਾ ਹੈ।
-ਵਿਜੇ ਕੁਮਾਰ